ਸੁਮੇਧ ਸੈਣੀ ਦੀ ਦੋ ਪਲਾਂ ਦੀ ਗ੍ਰਿਫ਼ਤਾਰੀ ਤੇ ਰਿਹਾਈ ਜੋ ਸ਼ਾਇਦ ਉਸ ਦਾ ਅਪਣਾ ਰਚਿਆ ਡਰਾਮਾ ਹੀ ਸੀ
ਸਵਾਲ ਸਿਰਫ਼ ਇਕ ਪ੍ਰਵਾਰ ਜਾਂ ਇਕ ਡੀਜੀਪੀ ਨਹੀਂ ਹੈ ਬਲਕਿ ਸਵਾਲ ਇਹ ਹੈ ਕਿ ਪੁਲਿਸ ਅਪਣੇ ਨਿਰਦੋਸ਼ ਨਾਗਰਿਕਾਂ ਨੂੰ ਨਹੀਂ ਮਾਰ ਸਕਦੀ।
ਆਖ਼ਰਕਾਰ ਪੰਜਾਬ ਪੁਲਿਸ ਦੀ ਹਿਰਾਸਤ ਵਿਚ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਆ ਹੀ ਗਏ ਤੇ ਹਾਈ ਕੋਰਟ ਨੇ ਅਗਲੇ ਹੀ ਦਿਨ, ਕੱਢ ਵੀ ਦਿਤੇ। ਪਰ ਜੇ ਪਕੜ ਵਿਚ ਆਏ ਵੀ ਤਾਂ ਇਹ ਪੁਲਿਸ ਦੀ ‘ਪ੍ਰਾਪਤੀ’ ਸੀ ਜਾਂ ਸੁਮੇਧ ਸੈਣੀ ਦੀ ਇਕ ਚਾਲ ਜਾਂ ਖੇਡ ਹੀ? ਇਸ ਬਾਰੇ ਅਜੇ ਕਿਆਸੇ ਹੀ ਲਾਏ ਜਾ ਰਹੇ ਹਨ, ਭਾਵੇਂ ਛੇਤੀ ਹੀ ਸਥਿਤੀ ਸਪੱਸ਼ਟ ਹੋ ਜਾਵੇਗੀ।
ਖ਼ਬਰਾਂ ਹਨ ਕਿ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਨੂੰ ਨਾ ਤਾਂ ਬਰਗਾੜੀ ਵਿਚ ਨਿਹੱਥੇ ਸਿੱਖਾਂ ਤੇ ਗੋਲੀ ਚਲਾਉਣ ਦੇ ਹੁਕਮਾਂ ਕਾਰਨ ਹਿਰਾਸਤ ਵਿਚ ਲਿਆ ਗਿਆ ਤੇ ਨਾ ਹੀ ਮੁਲਤਾਨੀ ਕੇਸ ਵਿਚ ਪੰਜਾਬ ਪੁਲਿਸ ਉਨ੍ਹਾਂ ਨੂੰ ਫੜ ਸਕੀ। ਅਸਲੀਅਤ ਤਾਂ ਇਹ ਹੈ ਕਿ ਪੈਸੇ ਦੇ ਘਪਲੇ ਦੇ ਦੋਸ਼ ਨੂੰ ਬਹਾਨਾ ਬਣਾ ਕੇ ਸੁਮੇਧ ਸੈਣੀ ਨੇ ਅਪਣੇ ਆਪ ਅਪਣੀ ਗ੍ਰਿਫ਼ਤਾਰੀ ਦਿਤੀ। ਜਿਸ ਸਮੇਂ ਸੁਮੇਧ ਸੈਣੀ ਵਿਜੀਲੈਂਸ ਦੇ ਗੇਟ ਤੇ ਆਏ, ਕਿਸੇ ਅਫ਼ਸਰ ਨੂੰ ਉਨ੍ਹਾਂ ਦੇ ਆਉਣ ਦੀ ਜਾਣਕਾਰੀ ਹੀ ਨਹੀਂ ਸੀ ਤੇ ਉਨ੍ਹਾਂ ਦੇ ਉਥੇ ਪਹੁੰਚਣ ਤੋਂ ਬਾਅਦ ਹੀ ਵਿਜੀਲੈਂਸ ਹਰਕਤ ਵਿਚ ਆਈ।
ਕਾਫ਼ੀ ਦੇਰ ਤੋਂ ਪੁਲਿਸ ਇਹ ਆਖ ਰਹੀ ਸੀ ਕਿ ਸਾਬਕਾ ਡੀ.ਜੀ.ਪੀ. ਨੂੰ ਫੜਨ ਵਾਸਤੇ ਛਾਪੇਮਾਰੀ ਕੀਤੀ ਜਾ ਰਹੀ ਸੀ ਪਰ ਜਿਸ ਸਮੇਂ ਉਹ ਗ੍ਰਿਫ਼ਤਾਰ ਹੋਏ, ਉਸ ਸਮੇਂ ਵੀ ਉਨ੍ਹਾਂ ਨਾਲ ਉਨ੍ਹਾਂ ਦਾ ਪੰਜਾਬ ਪੁਲਿਸ ਦਾ ਸੁਰੱਖਿਆ ਕਰਮਚਾਰੀ ਮੌਜੂਦ ਸੀ ਤੇ ਇਸ ਸਾਰੇ ਸਮੇਂ ਵਿਚ ਉਹ ਪੰਜਾਬ ਪੁਲਿਸ ਦੀ ਸੁਰੱਖਿਆ ਹੇਠ ਸਨ। ਸੋ ਇਨ੍ਹਾਂ ਤੱਥਾਂ ਦੇ ਹੁੰਦਿਆਂ, ਇਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਦੇ ਸਥਾਨਕ ਪੁਲਿਸ ਅਫ਼ਸਰਾਂ ਸਾਹਮਣੇ ਅੱਜ ਵੀ ਸਾਬਕਾ ਡੀਜੀਪੀ ਜ਼ਿਆਦਾ ਤਾਕਤਵਰ ਹਨ ਤੇ ਉਨ੍ਹਾਂ ਨੇ ਅਪਣੇ ਪੁਰਾਣੇ ਕਰਮਚਾਰੀਆਂ ਤੇ ਤਰਸ ਖਾ ਕੇ ਅਪਣੇ ਆਪ ਨੂੰ ਜਾਣ ਬੁੱਝ ਕੇ ਅਤੇ ਪੂਰੀ ਯੋਜਨਾਬੰਦੀ ਕਰ ਕੇ ਹਿਰਾਸਤ ਵਿਚ ਦਿਤਾ ਜਦਕਿ ਪ੍ਰਚਾਰ ਇਹ ਕੀਤਾ ਜਾ ਰਿਹਾ ਹੈ ਕਿ ਸਾਬਕਾ ਡੀ.ਜੀ.ਪੀ. ਨੂੰ ਕੈਦ ਕਰਵਾ ਕੇ ਵਾਅਦਾ ਪੂਰਾ ਕੀਤਾ ਗਿਆ ਹੈ।
ਹੁਣ ਜਾਂ ਤਾਂ ਇਕ ਰਾਤ ਦੀ ਹਿਰਾਸਤ ਵੇਖ ਕੇ ਦੋ ਤਾੜੀਆਂ ਮਾਰ ਲਈਆਂ ਜਾਣ ਜਾਂ ਅਸਲੀਅਤ ਵਲ ਧਿਆਨ ਦਿਤਾ ਜਾਵੇ। ਇਸ ਪਿਛੇ ਵੱਡਾ ਕਾਰਨ ਕਾਂਗਰਸ ਸਰਕਾਰ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਿਚ ਚਲ ਰਹੀ ਲੜਾਈ ਹੈ ਤੇ ਅੱਜ ਹਰ ਕੰਮ ਸਿਰਫ਼ ਸੁਰਖ਼ੀਆ ਬਟੋਰਨ ਨੂੰ ਧਿਆਨ ਵਿਚ ਰੱਖ ਕੇ ਹੋ ਰਿਹਾ ਹੈ ਪਰ ਅਸਲ ਮੁੱਦਿਆਂ ਬਾਰੇ ਕੋਈ ਵੀ ਗੰਭੀਰ ਨਹੀਂ ਲਗਦਾ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪੰਜਾਬ ਸਰਕਾਰ ਦੇ ਮੁਕਾਬਲੇ ਤੇ ਇਕ ਹੋਰ ‘ਸਰਕਾਰ’ ਬਣ ਗਈ ਹੈ ਜਿਥੇ ਉਨ੍ਹਾਂ ਸਾਰਿਆਂ ਨੂੰ ਵਜ਼ੀਰਾਂ ਵਰਗੀਆਂ ਚੌਧਰਾਂ ਦਿਤੀਆਂ ਜਾ ਰਹੀਆਂ ਹਨ ਜੋ ਕੈਪਟਨ ਅਮਰਿੰਦਰ ਸਿੰਘ ਨਾਲ ਨਰਾਜ਼ ਹਨ। ਇਕ ਦੂਜੇ ਨੂੰ ਨੀਵਾਂ ਵਿਖਾਉਣ ਵਾਸਤੇ ਇਕ ਕਾਹਲ ਵਿਚ ਅਧੂਰੇ ਕੰਮ ਕਰ ਰਿਹਾ ਹੈ ਤੇ ਦੂਜਾ ਗਰਮ ਗਰਮ ਭਾਸ਼ਣ ਦੇ ਕੇ ਆਉਣ ਵਾਲੀ ਸਰਕਾਰ ਵਿਚ ਅਪਣੇ ਵਾਅਦੇ ਪੂਰੇ ਕਰਨ ਦੀਆਂ ਗੱਲਾਂ ਕਰ ਰਿਹਾ ਹੈ। ਇਸ ਸਾਰੀ ਹਲਚਲ ਵਿਚ ਕਾਂਗਰਸ ਵਿਧਾਇਕ ਕੁਲਜੀਤ ਨਾਗਰਾ ਜੋ ਕਿ ਅਪਣੀ ਸਰਕਾਰ ਦੀ ਕਾਰਗੁਜ਼ਾਰੀ ਦੀ ਆਲੋਚਨਾ ਵੀ ਕਰਦੇ ਆ ਰਹੇ ਸਨ, ਨਵੀਂ ਕਾਂਗਰਸ ਕਮੇਟੀ ਕੋਲੋਂ ਬੜਾ ਢੁਕਵਾਂ ਸਵਾਲ ਪੁਛ ਰਹੇ ਹਨ ਕਿ ਇਹ ਸਾਰਾ ਵਿਰੋਧ, ਕੀ ਸਿਰਫ਼ ਕੁੱਝ ਪਾਸੇ ਲੱਗੇ ਕਾਂਗਰਸੀਆਂ ਨੂੰ ਕੁਰਸੀਆਂ ਦੇਣ ਤੇ ਹੀ ਕੇਂਦਰਿਤ ਹੈ?
ਇਹ ਸਾਰਾ ਵਰਤਾਰਾ ਵੇਖ ਕੇ ਤੇ ਪੰਜਾਬ ਕਾਂਗਰਸ ਨੂੰ ਇਕ ‘ਗੁਟ’ ਦਾ ਆਹਲਣਾ ਬਣਦਾ ਵੇਖ ਕੇ, ਬਹੁਤੇ ਵਿਧਾਇਕ ਫਿਰ ਕੈਪਟਨ ਅਮਰਿੰਦਰ ਸਿੰਘ ਦੇ ਖ਼ੇਮੇ ਵਿਚ ਇਕੱਠੇ ਹੋਣ ਲੱਗ ਪਏ ਹਨ। ਦੂਜੇ ਪਾਸੇ, ਭਾਰੀ ਖ਼ਤਰਾ ਸਹੇੜ ਕੇ ਵੀ, ਸੁਖਬੀਰ ਬਾਦਲ ਲੋਕਾਂ ਨੂੰ ਅਪਣੇ ਹੱਕ ਵਿਚ ਲਾਮਬੰਦ ਕਰਨ ਲਈ ਨਿਕਲ ਪਏ ਹਨ ਤੇ ‘ਆਪ’ ਵਾਲੇ ਤਾਂ ਪਹਿਲਾਂ ਹੀ ਪੰਜਾਬ ਦੇ ਚੱਪੇ ਚੱਪੇ ਉਤੇ ਝੰਡੇ ਗੱਡ ਕੇ, ਕੇਜਰੀਵਾਲ ਦਾ ਸੁਨੇਹਾ ਦੇਣ ਲੱਗੇ ਹੋਏ ਹਨ।
ਗੰਭੀਰ ਲੋਕਾਂ ਸਾਹਮਣੇ ਸਵਾਲ ਇਹ ਹੈ ਕਿ ਸਮੱਸਿਆਵਾਂ ਦਾ ਹੱਲ ਕੀ ਨਿਕਲੇਗਾ? ਸਵਾਲ ਸਿਰਫ਼ ਇਕ ਪ੍ਰਵਾਰ ਜਾਂ ਇਕ ਡੀਜੀਪੀ ਨਹੀਂ ਹੈ ਬਲਕਿ ਸਵਾਲ ਇਹ ਹੈ ਕਿ ਪੁਲਿਸ ਅਪਣੇ ਨਿਰਦੋਸ਼ ਨਾਗਰਿਕਾਂ ਨੂੰ ਨਹੀਂ ਮਾਰ ਸਕਦੀ। ਸਵਾਲ ਇਹ ਹੈ ਕਿ ਪੰਜਾਬ ਵਿਚ ਮੁਲਤਾਨੀ ਵਰਗੇ ਕਈ ਪ੍ਰਵਾਰ ਹਨ ਜੋ ਅਪਣੇ ਕਰੀਬੀਆਂ ਦੇ ਆਖ਼ਰੀ ਪਲਾਂ ਦੀ ਹਕੀਕਤ ਤੇ ਸੱਚ ਜਾਣਨਾ ਚਾਹੁੰਦੇ ਹਨ। ਮਸਲਾ ਬਾਦਲ ਪ੍ਰਵਾਰ ਦੀ ਦੌਲਤ ਦਾ ਨਹੀਂ ਬਲਕਿ ਇਹ ਹੈ ਕਿ ਸਰਕਾਰ ਦੇ ਸਿਸਟਮ ਨੂੰ ਤੋੜ ਮਰੋੜ ਕੇ, ਪੰਜਾਬ ਦੇ ਨੌਜਵਾਨਾਂ ਦਾ ਹੱਕ ਕਿਸੇ ਇਕ ਪ੍ਰਵਾਰ ਨੂੰ ਦਿਤਾ ਜਾਂਦਾ ਰਿਹਾ ਹੈ ਜਾਂ ਨਹੀਂ? ਤੇ ਜੇੇ ਉਹ ਕੀਤਾ ਗਿਆ ਸੀ ਤਾਂ ਕੀ ਅੱਜ ਬੰਦ ਹੋ ਗਿਆ ਹੈ?
ਮੁੱਦਾ ਬਿਕਰਮ ਸਿੰਘ ਮਜੀਠੀਆ ਨਹੀਂ ਬਲਕਿ ਇਹ ਹੈ ਕਿ ਪੰਜਾਬ ਵਿਚ ਨਸ਼ਾ ਸਿਆਸਤਦਾਨਾਂ ਦੀ ਨਿਗਰਾਨੀ ਵਿਚ ਵਿਕਦਾ ਰਿਹਾ ਹੈ ਜਾਂ ਨਹੀਂ ਤੇ ਕੀ ਉਹ ਰਸਤਾ ਬੰਦ ਕੀਤਾ ਗਿਆ ਹੈ ਜਾਂ ਨਹੀਂ? ਮੁੱਦੇ ਦੀ ਜੜ੍ਹ ਤਕ ਪਹੁੰਚੇ ਬਿਨਾਂ ਕਿਸੇ ਦੇ ਸਲਾਖ਼ਾਂ ਪਿਛੇ ਜਾਣ ਨਾਲ ਸੰਤੁਸ਼ਟ ਹੋਣ ਵਾਲੇ, ਸੈਣੀ ਦੀ ਗ੍ਰਿਫ਼ਤਾਰੀ ਨਾਲ ਕੁੱਝ ਪਲ ਖ਼ੁਸ਼ੀ ਤਾਂ ਮਨਾ ਸਕਦੇ ਹਨ ਪਰ ਇਸ ਨਾਲ ਕਿਸੇ ਨੂੰ ਨਿਆਂ ਨਹੀਂ ਮਿਲੇਗਾ ਤੇ ਨਾ ਹੀ ਕਿਸੇ ਸਮੱਸਿਆ ਦਾ ਹੱਲ ਹੀ ਨਿਕੇਲਗਾ। (ਨਿਮਰਤ ਕੌਰ)