Editorial: ਪੰਜਾਬ ਨੂੰ ਬਚਾਉਣ ਲਈ ਸੱਚੇ-ਸੁੱਚੇ ਆਗੂ ਦੀ ਲੋੜ
Editorial: ਪੰਜਾਬ ਦੀ ਤ੍ਰਾਸਦੀ ਹੈ ਕਿ ਪਿਛਲੇ ਦਹਾਕਿਆਂ ਵਿਚ ਅਜਿਹੇ ਜ਼ਖ਼ਮ ਦਿਤੇ, ਜਿਨ੍ਹਾਂ ’ਤੇ ਨਿਆਂ ਨਾ ਮਿਲਣ ਕਾਰਨ, ਉਹ ਮਸਲੇ ਇਨ੍ਹਾਂ ਆਲਸੀ ਸਿਆਸਤਦਾਨਾਂ ..
A true leader is needed to save Punjab Editorial: ਪਿਛਲੇ ਦੋ ਦਿਨਾਂ ਤੋਂ ਮੰਚਾਂ ’ਤੇ ਚੜ੍ਹ ਕੇ ਪੰਜਾਬ ਦੇ ਸਿਆਸਤਦਾਨ ਅਪਣੇ ਆਪ ਨੂੰ ਸੱਚਾ ਅਤੇ ਦੂਜਿਆਂ ਨੂੰ ਝੂਠਾ ਸਿੱਧ ਕਰਨ ਵਿਚ ਲੱਗੇ ਹੋਏ ਹਨ। ਇਸ ਸਮੇਂ ਲੜਾਈ ਇਹ ਚੱਲ ਰਹੀ ਹੈ ਕਿ ਅਸਲੀ ‘ਪੰਥਕ’ ਕੌਣ ਹੈ? ਕੋਈ ਪਹਿਰਾਵੇ ਨਾਲ ਪੰਥਕ ਹੋਣ ਦਾ ਦਾਅਵਾ ਕਰਦਾ ਹੈ ਤੇ ਕੋਈ ਅਪਣੇ ਪਿਛੋਕੜ ਦੇ ਸਹਾਰੇ ਅਪਣੇ-ਆਪ ਨੂੰ ਪੰਥਕ ਹੋਣ ਦਾ ਖ਼ਿਤਾਬ ਅਤੇ ਕਬਜ਼ਾ ਕਰਨ ਦੀ ਗੱਲ ਕਰਦਾ ਹੈ।
ਆਖਿਆ ਜਾ ਰਿਹਾ ਹੈ ਕਿ ਪੰਜਾਬ ਦੇ ਹਿਤਾਂ ਵਾਸਤੇ ਪੰਥਕ ਹੋਣਾ ਜ਼ਰੂਰੀ ਹੈ ਪਰ ਸ਼ਾਇਦ ਪਹਿਲਾਂ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਕ ਪੰਥਕ ਸੋਚ ਵਾਲਾ ਸਿਆਸੀ ਆਗੂ ਕਿਸ ਤਰ੍ਹਾਂ ਦਾ ਹੁੰਦਾ ਹੈ। ਅਪਣੇ ਇਤਿਹਾਸ ’ਚੋਂ ਸਬਕ ਸਿਖਣਾ ਚਾਹੀਦਾ ਹੈ ਕਿ ਸਿੱਖੀ ਵਿਚ ਸੱਚਾ ਆਗੂ ਕਦੇ ਵੀ ਪੰਥ ਵਾਸਤੇ ਇਕੱਠੇ ਕੀਤੇ ਪੈਸੇ ਅਪਣੇ ਆਰਾਮ ਵਾਸਤੇ ਨਹੀਂ ਵਰਤੇਗਾ। ਨਾ ਹੀ ਸਿੱਖੀ ਨੂੰ ਮੰਨਣ ਵਾਲਾ ਆਗੂ ਅਪਣੀ ਕੁਰਸੀ ਦੀ ਤਾਕਤ ਸਹਾਰੇ ਅਪਣਾ ਨਿੱਜੀ ਉਦਯੋਗ ਵਧਾਉਣ ਦੀ ਸੋਚ ਰੱਖੇਗਾ। ਇਕ ਸਿੱਖ ਆਗੂ ਦਾ ਸਿਰ ਸਿਰਫ਼ ਅਪਣੇ ਗੁਰੂ ਸਾਹਮਣੇ ਝੁਕੇਗਾ ਤੇ ਹੱਥ ਵੀ ਉਥੇ ਹੀ ਮੰਗਣ ਵਾਸਤੇ ਜੁੜਨਗੇ। ਪ੍ਰੰਤੂ ਜਿਹੜੇ ਬਲਾਤਕਾਰੀ, ਕਾਤਲ ਬਾਬਿਆਂ ਸਾਹਮਣੇ ਵੋਟਾਂ ਵਾਸਤੇ ਝੁਕਦੇ ਹਨ, ਉਹ ਕਿਸ ਤਰ੍ਹਾਂ ਅਪਣੇ ਆਪ ਨੂੰ ਪੰਥਕ ਅਖਵਾ ਸਕਦੇ ਹਨ?
ਇਹ ਪੰਜਾਬ ਦੀ ਤ੍ਰਾਸਦੀ ਹੈ ਕਿ ਪਿਛਲੇ ਦਹਾਕਿਆਂ ਵਿਚ ਅਜਿਹੇ ਜ਼ਖ਼ਮ ਦਿਤੇ ਗਏ ਹਨ, ਜਿਨ੍ਹਾਂ ’ਤੇ ਨਿਆਂ ਨਾ ਮਿਲਣ ਕਾਰਨ, ਉਹ ਮਸਲੇ ਇਨ੍ਹਾਂ ਆਲਸੀ ਸਿਆਸਤਦਾਨਾਂ ਵਾਸਤੇ ਵੋਟਾਂ ਖਿੱਚਣ ਦਾ ਜ਼ਰੀਆ ਬਣ ਗਏ ਹਨ ਕਿਉਂਕਿ ਕੇਂਦਰ ਸਰਕਾਰ ਨੇ ਇਕ ਵਕਤ ਸਿੱਖਾਂ ਨੂੰ ਨਿਆਂ ਤੋਂ ਵਾਂਝਾ ਕੀਤਾ ਤੇ ਲੱਖਾਂ ਹੀ ਅੱਜ ਵਿਦੇਸ਼ਾਂ ਵਿਚ ਰਹਿੰਦੇ ਹਨ ਤੇ ਉਨ੍ਹਾਂ ਦੀਆਂ ਭਾਵਨਾਵਾਂ ’ਤੇ ਲੱਗੀਆਂ ਸੱਟਾਂ ਨੂੰ ਇਸਤੇਮਾਲ ਕਰ ਕੇ, ਉਨ੍ਹਾਂ ਤੋਂ ਡਾਲਰ ਅਤੇ ਪੌਂਡ ਲੈਣ ਵਾਸਤੇ ਇਸਤੇਮਾਲ ਕਰਦੇ ਹਨ। ਡਾਲਰ ਦੇਣ ਵਾਲੇ ਸੋਚ ਲੈਣ ਕਿ ਕੀ ਸਿੱਖ ਬਾਬੇ ਨਾਨਕ ਵਾਂਗ ਕੋਧਰੇ ਦੀ ਰੋਟੀ ਖਾ ਕੇ ਪੇਟ ਭਰਨਗੇ ਤੇ ਮਿਹਨਤ ਨਾਲ ਪੰਜਾਬ ਨੂੰ ਉਸਾਰਨਗੇ ਜਾਂ ਫਿਰ ਲੱਖਾਂ ਦੀਆਂ ਗੱਡੀਆਂ ਵਿਚ ਸਵਾਰੀ ਕਰਨਗੇ ਤੇ ਪੰਜ ਤਾਰਾ ਹੋਟਲਾਂ ਵਿਚ ਸੰਗਤ ਦੇ ਪੈਸੇ ਨਾਲ ਐਸ਼ ਕਰਨਗੇ?
ਛੋਟੀਆਂ-ਛੋਟੀਆਂ ਗੱਲਾਂ ਹਨ ਪਰ ਕਿਰਦਾਰਾਂ ਦੀਆਂ ਵੱਡੀਆਂ ਕਮਜ਼ੋਰੀਆਂ ਤੁਹਾਡੇ ਸਾਹਮਣੇ ਬੇਨਕਾਬ ਹੋ ਜਾਂਦੀਆਂ ਹਨ। ਮਾਸਟਰ ਤਾਰਾ ਸਿੰਘ ਬਾਰੇ ਦਸਿਆ ਜਾਂਦਾ ਸੀ ਕਿ ਉਹ ਅਪਣੇ ਘਰ ਦੀ ਜੇਬ ਅਤੇ ਕੌਮ ਦੀ ਜੇਬ ਵੱਖੋ-ਵੱਖ ਰਖਦੇ ਸਨ ਜੋ ਉਨ੍ਹਾਂ ਦਾ ਪੰਥਕ ਹੋਣ ਦਾ ਸਬੂਤ ਸੀ। ਹੈ ਤਾਂ ਇਹ ਛੋਟੀ ਜਿਹੀ ਗੱਲ ਕਿ ਉਹ ਦੁੱਧ ਦਾ ਪੈਕੇਟ ਵੀ ਪਾਰਟੀ ਦੇ ਪੈਸਿਆਂ ਤੋਂ ਨਹੀਂ ਸਨ ਖ਼ਰੀਦਦੇ ਪਰ ਇਹ ਉਨ੍ਹਾਂ ਦੇ ਕਿਰਦਾਰ ਬਾਰੇ ਕਿੰਨਾ ਕੁੱਝ ਬਿਆਨ ਕਰ ਗਿਆ। ਕਿਰਤੀ, ਸੱਚੇ ਆਗੂ ਭਾਵੇਂ ਸੂਟ-ਬੂਟ ਵਿਚ ਹੋਣ, ਉਹੀ ਪੰਜਾਬ ਨੂੰ ਅੱਜ ਦੇ ਹਾਲਾਤ ਵਿਚੋਂ ਕੱਢ ਸਕਦੇ ਹਨ।
ਜਿਨ੍ਹਾਂ ਨੂੰ ਪੰਜਾਬ ਦੀ ਕੁਰਸੀ, ਤਾਕਤ ਅਤੇ ਉਦਯੋਗ ਵਾਸਤੇ ਚਾਹੀਦੀ ਹੋਵੇ ਤੇ ਤੁਹਾਡੇ ਜ਼ਖ਼ਮਾਂ ਨੂੰ ਡਾਲਰਾਂ ਵਿਚ ਤੋਲਦੇ ਹੋਣ, ਉਨ੍ਹਾਂ ਨੂੰ ਪੰਥਕ ਆਖਣਾ ਸਹੀ ਨਹੀਂ। ਪੰਜਾਬ ਦੇ ਹਿਤ ਵਿਚ ਸੋਚਣ ਦੀ ਜ਼ਿੰਮੇਵਾਰੀ ਅੱਜ ਸਾਰੇ ਪੰਜਾਬ ਦੇ ਸਿਆਸਤਦਾਨਾਂ ਤੋਂ ਜ਼ਿਆਦਾ ਪੰਜਾਬੀਆਂ ਦੀ ਹੈ। ਸ਼੍ਰੋਮਣੀ ਕਮੇਟੀ ਚੋਣਾਂ ਤੇ ਪੰਚਾਇਤੀ ਚੋਣਾਂ ਵਿਚ ਤੁਸੀ ਆਗੂਆਂ ਦੇ ਕਿਰਦਾਰਾਂ ਨੂੰ ਪਰਖੋ, ਜੇ ਆਗੂ ਸੱਚਾ-ਸੁੱਚਾ ਆ ਗਿਆ ਤਾਂ ਪੰਜਾਬ ਬਚ ਜਾਵੇਗਾ ਪਰ ਭਾਵੁਕ ਹੋ ਕੇ ਜੇ ਭੀੜਾਂ ਦੀਆਂ ਗੱਲਾਂ ਵਿਚ ਆ ਗਏ ਤਾਂ ਪੰਜਾਬ ਦੇ ਆਉਣ ਵਾਲੇ ਦਿਨਾਂ ਲਈ ਤੁਸੀਂ ਸਾਰੇ ਬਰਾਬਰ ਦੇ ਜ਼ਿੰਮੇਵਾਰ ਹੋਵੋਗੇ।
- ਨਿਮਰਤ ਕੌਰ