ਬੇਧਿਆਨੀ ਵਿਚ ਪੜ੍ਹੀ ਨਮਾਜ਼ ਪ੍ਰਵਾਨ ਨਹੀਂ ਪਰ ਦੂਰ ਬੈਠ ਕੇ ਕਰਵਾਇਆ ਅਖੰਡ ਪਾਠ ਪ੍ਰਵਾਨ ਹੈ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਮਾਜ਼ ਤਾਂ ਉਹੀ ਪ੍ਰਵਾਨ ਹੈ ਜੋ ਮਨ ਨਾਲ ਪੜ੍ਹੀ ਜਾਵੇ। 

Namaz 

ਸਾਡੇ ਸਿੱਖੀ ਦੇ ਪ੍ਰਚਾਰਕ ਹਰ ਥਾਂ ਤੇ ਗੁਰਮਤਿ ਦੀ ਗੱਲ ਬੜੀ ਖੁੱਲ੍ਹ ਕੇ ਕਰਦੇ ਹਨ ਤੇ ਸਾਹਮਣੇ ਬੈਠੀ ਸੰਗਤ ਵੀ ਬੜੇ ਧਿਆਨ ਨਾਲ ਸੁਣਦੀ ਹੈ ਤੇ ਸੁਣ ਕੇ ਫਿਰ ਸੰਗਤ ਕਹਿੰਦੀ ਹੈ ਕਿ ਗੱਲ ਤਾਂ ਤੁਹਾਡੀ ਵੀ ਠੀਕ ਹੈ।

ਬਾਬਾ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਵਸ ਦੇ ਸਬੰਧ ਵਿਚ ਗੁਰਪੁਰਬ ਸਮਾਗਮ ਦੀਆਂ ਵੀਚਾਰਾਂ ਹੋ ਰਹੀਆਂ ਸਨ। ਸੰਗਤਾਂ ਨੂੰ ਗੁਰੂ ਪਾਤਸ਼ਾਹ ਨਾਲ ਸਬੰਧਤ ਸਾਖੀ ਸੁਣਾਈ ਗਈ ਕਿ ਕਿਸ ਤਰ੍ਹਾਂ ਬਾਬਾ ਜੀ ਨੂੰ ਕਾਜ਼ੀ ਤੇ ਨਵਾਬ ਨੇ ਮਸਜਿਦ ਵਿਚ ਨਮਾਜ਼ ਪੜ੍ਹਨ ਲਈ ਕਿਹਾ

ਅਤੇ ਗੁਰੂ ਸਾਹਿਬ ਨਮਾਜ਼ ਪੜ੍ਹਨ ਗਏ ਤੇ ਨਮਾਜ਼ ਦੀ ਸਮਾਪਤੀ ਤੋਂ ਬਾਅਦ ਬਾਬਾ ਜੀ ਨੇ ਕਾਜ਼ੀ ਅਤੇ ਨਵਾਬ ਨੂੰ ਉਪਦੇਸ਼ ਦਿਤਾ ਕਿ ਕਾਜ਼ੀ ਸਾਹਬ ਆਪ ਮੂੰਹ ਨਾਲ ਭਾਵੇਂ ਨਮਾਜ਼ ਪੜ੍ਹ ਰਹੇ ਸੀ ਪਰ ਤੁਹਾਡਾ ਧਿਆਨ ਘਰ ਵਿਚ ਘੁੰਮ ਰਿਹਾ ਸੀ ਤੇ ਨਵਾਬ ਸਾਹਬ ਨੂੰ ਕਿਹਾ ਤੁਸੀ ਨਮਾਜ਼ ਪੜ੍ਹ ਰਹੇ ਸੀ ਪਰ ਤੁਹਾਡਾ ਧਿਆਨ ਘੋੜੇ ਖ਼ਰੀਦ ਰਿਹਾ ਸੀ। ਏਸ ਤਰ੍ਹਾਂ ਪੜ੍ਹੀ ਨਮਾਜ਼ ਕਬੂਲ ਨਹੀਂ ਹੁੰਦੀ। ਨਮਾਜ਼ ਤਾਂ ਉਹੀ ਪ੍ਰਵਾਨ ਹੈ ਜੋ ਮਨ ਨਾਲ ਪੜ੍ਹੀ ਜਾਵੇ। 

ਪਰ ਹੈਰਾਨੀ ਉਦੋਂ ਹੁੰਦੀ ਹੈ ਜਦੋਂ ਤੁਸੀ ਕੈਨੇਡਾ, ਅਮਰੀਕਾ ਜਾਂ ਕਿਸੇ ਹੋਰ ਥਾਂ ਰਹਿੰਦੇ  ਹੋ ਪਰ ਪਾਖੰਡੀ ਸਾਧਾਂ ਦੇ ਡੇਰਿਆਂ ’ਚ ਆਖੰਡਪਾਠ ਕਰਵਾਈ ਜਾ ਰਹੇ ਹੋ ਤੇ ਆਪ ਤੁਸੀ ਸ਼ਾਮਲ ਨਹੀਂ ਹੁੰਦੇ। ਸਿਰਫ਼ ਪਾਠ ਕਰਵਾਉਣ ਵਾਲੇ ਦੇ ਨਾਮ ਦੀ ਅਰਦਾਸ ਹੁੰਦੀ ਹੈ।

ਕੀ ਇਹੋ ਜਹੇ ਕਰਵਾਏ ਪਾਠ ਪ੍ਰਵਾਨ ਹੋਣਗੇ? ਕਾਜ਼ੀ ਅਤੇ ਨਵਾਬ ਹਾਜ਼ਰ ਹੋ ਕੇ ਨਮਾਜ਼ ਪੜ੍ਹ ਰਹੇ ਸੀ। ਗੁਰੂ ਪਾਤਸ਼ਾਹ ਨੇ ਕਿਹਾ ਕਿ ਤੁਹਾਡੀ ਪੜ੍ਹੀ ਹੋਈ ਨਮਾਜ਼ ਪ੍ਰਵਾਨ ਨਹੀਂ ਹੋਈ ਪਰ ਦੂਰ ਦੁਰਾਡੇ ਰਹਿੰਦੇ ਸਿੱਖ ਪੈਸੇ ਭੇਜ ਕੇ ਅਖੰਡਪਾਠ ਕਰਵਾਉਂਦੇ ਹਨ ਤੇ ਆਪ ਸ਼ਾਮਲ ਵੀ ਨਹੀਂ ਹੁੰਦੇ।

ਕੀ ਉਹ ਪ੍ਰਵਾਨ ਹੋਣਗੇ? ਸਾਰੀ ਵੀਚਾਰ ਚਰਚਾ ਤੋਂ ਬਾਅਦ ਸੰਗਤਾਂ ਵਿਚੋਂ ਇਕ ਵੀਰ ਬਾਹਰ ਮਿਲ ਕੇ ਕਹਿਣ ਲੱਗਾ ਵੀਰ ਜੀ ਅਸੀ ਤਾਂ ਆਪ ਦੇ ਵੀਚਾਰਾਂ ਨਾਲ ਸਹਿਮਤ ਹਾਂ ਕਿ ਅਖੰਡਪਾਠ ਆਪ ਸੁਣੋ ਨਹੀਂ ਤਾਂ ਪਾਠ ਕਰਾਉਣ ਦਾ ਕੋਈ ਲਾਭ ਨਹੀਂ। ਗੱਲ ਤਾਂ ਆਪ ਜੀ ਦੀ ਠੀਕ ਹੈ ਪਰ...।
                                                                                                 -ਸਾਰੰਗਪ੍ਰੀਤ ਸਨੌਰੀਆ, ਸਨੌਰ (ਪਟਿਆਲਾ) ਪੰਜਾਬ।