ਮੀਡੀਆ ਉਤੇ ਨਾਜਾਇਜ਼ ਦਬਾਅ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਅਕਾਲੀਆਂ ਦੀ ਪਟਿਆਲਾ ਰੈਲੀ ਵਿਚ ਅਕਾਲੀ ਲੀਡਰਾਂ ਵਲੋਂ 'ਸਪੋਕਸਮੈਨ' ਅਖ਼ਬਾਰ, ਸਪੋਕਸਮੈਨ ਟੀ.ਵੀ. ਤੇ ਜ਼ੀ ਟੀ.ਵੀ. ਦੇ ਬਾਈਕਾਟ ਦਾ ਜੋ ਸੱਦਾ ਦਿਤਾ ਗਿਆ ਹੈ...........

Spokesman Reader

ਅਕਾਲੀਆਂ ਦੀ ਪਟਿਆਲਾ ਰੈਲੀ ਵਿਚ ਅਕਾਲੀ ਲੀਡਰਾਂ ਵਲੋਂ 'ਸਪੋਕਸਮੈਨ' ਅਖ਼ਬਾਰ, ਸਪੋਕਸਮੈਨ ਟੀ.ਵੀ. ਤੇ ਜ਼ੀ ਟੀ.ਵੀ. ਦੇ ਬਾਈਕਾਟ ਦਾ ਜੋ ਸੱਦਾ ਦਿਤਾ ਗਿਆ ਹੈ ਅਤੇ ਇਨ੍ਹਾਂ ਵਿਰੁਧ ਜੋ ਜ਼ਹਿਰ ਸਟੇਜ ਤੋਂ ਉਗਲਿਆ ਗਿਆ ਹੈ, ਉਹ ਮੀਡੀਏ ਦੇ ਆਧੁਨਿਕ ਦੌਰ ਵਿਚ ਬਹੁਤ ਹੀ ਮੰਦਭਾਗਾ, ਅਫ਼ਸੋਸਜਨਕ ਤੇ ਨਿੰਦਣਯੋਗ ਹੈ। ਕੀ ਇਨ੍ਹਾਂ ਆਗੂਆਂ ਨੂੰ ਏਨੀ ਵੀ ਗੱਲ ਸਮਝ ਨਹੀਂ ਆਉਂਦੀ ਕਿ ਅੱਜ ਦੇਸ਼ ਵਿਚ ਡੈਮੋਕਰੇਸੀ ਹੈ ਤੇ ਜਿਹੜੇ ਲੀਡਰ ਡੈਮੋਕਰੇਸੀ ਵਿਚ ਵੀ ਡਿਕਟੇਟਰਾਂ ਵਾਂਗ ਅਪਣੇ ਜਾਇਜ਼ ਨਾਜਾਇਜ਼ ਹੁਕਮ ਮੰਨਣ ਲਈ ਮੀਡੀਆ ਦੀ ਬਾਂਹ ਮਰੋੜਨ ਦੀ ਲਾਲਸਾ ਮਨ ਵਿਚ ਪਾਲਦੇ ਹਨ, ਉਨ੍ਹਾਂ ਦਾ ਭਵਿੱਖ ਕਦੇ ਉਜਵਲ ਨਹੀਂ ਹੋਵੇਗਾ।

ਜਿਹੜਾ ਕੰਧ ਤੇ ਲਿਖਿਆ ਵੀ ਨਹੀਂ ਪੜ੍ਹ ਸਕਦਾ, ਉਸ ਦਾ ਰੱਬ ਹੀ ਰਾਖਾ ਹੈ। ਉਂਜ ਤਾਂ ਅਕਾਲੀ ਦਲ ਵਿਚ ਵੀ ਵਧੀਆ ਸੋਚ ਰੱਖਣ ਵਾਲੇ ਕਈ ਮਹਾਨ ਆਗੂ ਹਨ, ਉਨ੍ਹਾਂ ਨੂੰ 'ਸਪੋਕਸਮੈਨ' ਤੇ ਜ਼ੀ ਟੀ.ਵੀ. ਪ੍ਰਤੀ ਘਟੀਆ ਸ਼ਬਦਾਵਲੀ ਵਰਤਣ ਵਾਲੇ ਅਪਣੇ ਲੀਡਰਾਂ ਨੂੰ ਆਤਮ ਚਿੰਤਨ ਕਰਨ ਲਈ ਖੁੱਲ੍ਹ ਕੇ ਕਹਿਣਾ ਚਾਹੀਦਾ ਹੈ। 'ਸਪੋਕਸਮੈਨ' ਤੇ ਜ਼ੀ ਟੀ.ਵੀ. ਦੇ ਪਾਠਕ, ਸਰੋਤੇ ਕਰੋੜਾਂ ਦੀ ਗਿਣਤੀ ਵਿਚ ਹਨ, ਜੋ ਮਤਭੇਦਾਂ ਦੇ ਬਾਵਜੂਦ ਲੰਮੇ ਸਮੇਂ ਤੋਂ ਇਨ੍ਹਾਂ ਦੇ ਪ੍ਰਸ਼ੰਸਕ ਹਨ। ਕਈ ਦਿਨਾਂ ਤੋਂ ਦੂਜੀਆਂ ਪਾਰਟੀਆਂ ਦੇ ਲੀਡਰ, ਲੇਖਕ, ਕਵੀ, ਵਿਦਵਾਨ, ਰਾਗੀ ਢਾਡੀ ਤੇ ਧਾਰਮਕ ਜਥੇਬੰਦੀਆਂ ਦੇ ਮੁਖੀ, ਤੁਹਾਡੇ ਇਸ 'ਕਾਰਨਾਮੇ' ਦੀ ਨਿਖੇਧੀ ਕਰ ਰਹੇ ਹਨ।

ਕੋਈ ਸਲਾਹ ਦੇਣੀ 'ਛੋਟਾ ਮੂੰਹ ਵੱਡੀ ਬਾਤ' ਹੋ ਜਾਵੇਗੀ ਕਿਉਂਕਿ ਨਾ ਮੈਂ ਤਿੰਨ ਵਿਚ ਹਾਂ, ਨਾ ਤੇਰਾਂ ਵਿਚ ਪਰ ਫਿਰ ਵੀ ਅਕਾਲੀ ਦਲ ਦੇ ਸ਼ਾਨਾਂਮੱਤੇ ਇਤਿਹਾਸ ਦੀ ਅਜੋਕੀ ਹਾਲਤ ਵੇਖ ਕੇ ਕਹਿਣਾ ਚਾਹਾਂਗਾ ਕਿ 'ਸਪੋਕਸਮੈਨ' ਅਕਾਲੀ ਦਲ ਦਾ ਤਾਂ ਕੀ, ਕਿਸੇ ਵੀ ਪਾਰਟੀ ਦਾ ਬੁਰਾ ਚਾਹਣ ਵਾਲਾ ਨਹੀਂ ਹੈ। ਇਸ ਦਾ ਉਦੇਸ਼ ਹੀ 'ਸਚੁ ਸੁਣਾਇਸੀ ਸਚ ਕੀ ਬੇਲਾ' ਹੈ ਸੋ ਸੱਭ ਨੂੰ ਸਮੇਂ ਸਿਰ ਹੀ ਸੱਚ ਸੁਣਾ ਦਿੰਦਾ ਹੈ। ਜੇਕਰ ਕਿਸੇ ਦਾ ਇਸ ਨਾਲ ਅੱਜ ਤਕ ਕੁੱਝ ਵੀ ਬੁਰਾ ਹੋਇਆ ਹੋਵੇ ਤਾਂ ਦਸਿਉ। ਯਕੀਨ ਕਰਿਉ ਸਮੇਂ ਦੀ ਰਾਣੀ ਨੂੰ 'ਰਾਣੀਏ ਅੱਗਾ ਢੱਕ' ਕਹਿਣ ਵਾਲਾ ਕੋਈ ਐਰਾ-ਗੈਰਾ ਨੱਥੂ ਖ਼ੈਰਾ ਨਹੀਂ ਹੋ ਸਕਦਾ।

ਨਾਲੇ ਜਿਸ ਨੇ ਤੁਹਾਥੋਂ ਕੁੱਝ ਲੈਣਾ ਹੀ ਨਹੀਂ, ਉਹੀ ਅਪਣੀ ਗੱਲ ਬੇਬਾਕੀ ਨਾਲ ਕਰ ਸਕੇਗਾ। ਪ੍ਰਸ਼ੰਸਾ ਤਾਂ ਹਰ ਇਕ ਨੂੰ ਹੀ ਚੰਗੀ ਲਗਦੀ ਹੈ, ਆਲੋਚਨਾ ਕਿਸੇ ਵਿਰਲੇ ਨੂੰ ਹੀ, ਭਾਵੇਂ ਉਹ ਕਿੰਨੀ ਵੀ ਸਾਰਥਕ ਕਿਉਂ ਨਾ ਹੋਵੇ। ਰਹੀ ਗੱਲ ਬਾਈਕਾਟ ਦੀ ਤਾਂ ਸੱਭ ਜਾਣਦੇ ਹਨ ਕਿ ਪਹਾੜ ਜਾਂ ਬੱਦਲ ਜਿੰਨਾ ਚਿਰ ਸੂਰਜ ਨੂੰ ਛੁਪਾ ਸਕਦੇ ਹਨ, ਚਾਪਲੂਸੀ ਵੀ ਸਚਾਈ ਨੂੰ ਓਨਾ ਕੁ ਚਿਰ ਹੀ ਢੱਕ ਸਕਦੀ ਹੈ। ਔਰੰਗਜ਼ੇਬ ਨੇ ਵੀ ਰਾਗ ਨੂੰ ਬਹੁਤ ਡੂੰਘਾ ਦਫ਼ਨਾਇਆ ਸੀ ਪਰ ਸੱਭ ਦੇ ਸਾਹਮਣੇ ਰਾਗ ਅੱਜ ਵੀ ਦੁਨੀਆਂ ਵਿਚ ਗੂੰਜ ਰਿਹਾ ਹੈ। ਔਰੰਗਜ਼ੇਬ ਨੂੰ ਉਸ ਦਿਨ ਤੋਂ ਅੱਜ ਤਕ ਲਾਹਨਤਾਂ ਪੈਂਦੀਆਂ ਆ ਰਹੀਆਂ ਹਨ ਤੇ ਰਹਿੰਦੀ ਦੁਨੀਆਂ ਤਕ ਪੈਂਦੀਆਂ ਰਹਿਣਗੀਆਂ। 

-ਦਰਸ਼ਨ ਸਿੰਘ 'ਪਸਿਆਣਾ', ਸੰਪਰਕ : 97795-85081