ਖੱਟਰ ਦੇ ਸਰਟੀਫ਼ੀਕੇਟ ਦੇ ਬਾਵਜੂਦ ਅਕਾਲੀਆਂ ਦੇ ਬੀ.ਜੇ.ਪੀ.-ਪ੍ਰੇਮ ਦਾ ਕੀ ਮਤਲਬ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਚੋਣਾਂ ਖ਼ਤਮ ਹੋ ਗਈਆਂ ਅਤੇ ਨਤੀਜਿਆਂ ਨਾਲ ਪੰਜਾਬ ਦੀ ਤਾਜ਼ਾ ਸਥਿਤੀ ਉਤੇ ਬਹੁਤਾ ਫ਼ਰਕ ਨਹੀਂ ਪੈਣ ਲੱਗਾ ਪਰ ਪੈਣਾ ਚਾਹੀਦਾ ਜ਼ਰੂਰ ਹੈ, ਖ਼ਾਸ ਕਰ ਕੇ ਅਕਾਲੀ-ਭਾਜਪਾ ਗਠਜੋੜ...

After Manohar Lal Khattar certificate, what does mean about Akali-BJP love

ਚੋਣਾਂ ਖ਼ਤਮ ਹੋ ਗਈਆਂ ਅਤੇ ਨਤੀਜਿਆਂ ਨਾਲ ਪੰਜਾਬ ਦੀ ਤਾਜ਼ਾ ਸਥਿਤੀ ਉਤੇ ਬਹੁਤਾ ਫ਼ਰਕ ਨਹੀਂ ਪੈਣ ਲੱਗਾ ਪਰ ਪੈਣਾ ਚਾਹੀਦਾ ਜ਼ਰੂਰ ਹੈ, ਖ਼ਾਸ ਕਰ ਕੇ ਅਕਾਲੀ-ਭਾਜਪਾ ਗਠਜੋੜ ਦੀ ਇਕਮੁਠਤਾ ਵਿਚ ਕੁੱਝ ਤਾਂ ਫ਼ਰਕ ਜ਼ਰੂਰ ਹੀ ਪਵੇਗਾ। ਇਹ ਇਸ ਕਰ ਕੇ ਕਿਉਂਕਿ ਇਸ ਨਾਲ ਪਤਾ ਲੱਗ ਜਾਵੇਗਾ ਕਿ ਅਕਾਲੀ ਦਲ ਵਿਚ ਕਿਸੇ ਤਰ੍ਹਾਂ ਦੀ ਅਣਖ ਬਾਕੀ ਹੈ ਵੀ ਹੈ ਜਾਂ ਨਹੀਂ। ਹਰਿਆਣਾ ਵਿਚ ਅਕਾਲੀ ਦਲ ਅਤੇ ਭਾਜਪਾ ਨੇ ਵੱਖ ਵੱਖ ਹੋ ਕੇ ਚੋਣਾਂ ਲੜੀਆਂ, ਇਕ-ਦੂਜੇ ਦੇ ਉਮੀਦਵਾਰਾਂ ਨੂੰ ਤੋੜ ਕੇ ਅਪਣੀ ਪਾਰਟੀ ਵਿਚ ਸ਼ਾਮਲ ਕੀਤਾ, ਨਿਕੰਮੀ ਵਰਗੇ ਵਿਸ਼ੇਸ਼ਣਾਂ ਨਾਲ ਸੰਬੋਧਨ ਕੀਤਾ। ਭਾਈਵਾਲ ਪਾਰਟੀ ਵਲੋਂ ਵਿਰੋਧਤਾ ਕਰਨ ਤੇ ਇਤਰਾਜ਼ ਵੀ ਪ੍ਰਗਟਾਇਆ ਗਿਆ ਅਤੇ ਅੰਤ 'ਚ ਦੋਹਾਂ ਪਾਸਿਆਂ ਤੋਂ ਸ਼ਿਸ਼ਟਾਚਾਰ ਭੰਗ ਕਰਨ ਵੇਲੇ ਵੀ ਹੱਦਾਂ ਪਾਰ ਕਰ ਦਿਤੀਆਂ ਗਈਆਂ।

ਪਹਿਲਾਂ ਸੁਖਬੀਰ ਸਿੰਘ ਬਾਦਲ ਵਲੋਂ ਆਖਿਆ ਗਿਆ ਕਿ ਭਾਜਪਾ ਦੀ ਕੋਈ ਲਹਿਰ ਹੀ ਨਹੀਂ ਚਲ ਰਹੀ ਅਤੇ ਭਾਜਪਾ ਦੀ ਸਰਕਾਰ ਮੁੜ ਤੋਂ ਨਹੀਂ ਬਣਨ ਵਾਲੀ। ਪਰ ਇਸ ਦੇ ਜਵਾਬ ਵਿਚ ਜੋ ਕੁੱਝ ਹਰਿਆਣਾ ਦੇ ਮੁੱਖ ਮੰਤਰੀ ਖੱਟਰ ਨੇ ਆਖ ਦਿਤਾ, ਉਸ ਤੋਂ ਬਾਅਦ ਵੀ ਅਕਾਲੀ ਦਲ ਵਲੋਂ ਚੁੱਪੀ ਧਾਰਨੀ ਹੈਰਾਨੀਜਨਕ ਹੈ। ਖੱਟਰ ਨੇ ਮੰਚ ਉਤੇ ਖੜੇ ਹੋ ਕੇ ਆਖਿਆ ਕਿ ਅਕਾਲੀ ਦਲ ਨਾਲ ਟੁਟਣੀ ਹੀ ਸੀ ਕਿਉਂਕਿ ਉਨ੍ਹਾਂ ਦੀ 'ਨਸ਼ੇ ਦੇ ਵਪਾਰੀਆਂ' ਨਾਲ ਪੁਗਣੀ ਔਖੀ ਸੀ। ਇਸ ਤੋਂ ਬਾਅਦ ਅਕਾਲੀ ਦਲ ਦੇ ਚੀਮਾ ਜੀ ਵਲੋਂ ਕਹਿ ਦਿਤਾ ਗਿਆ ਕਿ ਹਰਿਆਣਾ ਵਿਚ ਜੋ ਕੁੱਝ ਹੋ ਰਿਹਾ ਹੈ, ਉਸ ਦਾ ਪੰਜਾਬ ਦੇ ਗਠਜੋੜ ਉਤੇ ਕੋਈ ਅਸਰ ਨਹੀਂ ਹੋਵੇਗਾ ਅਤੇ ਇਥੇ ਸੱਭ ਠੀਕ ਹੈ। ਯਾਨੀ ਹਰਿਆਣਾ ਦਾ ਬੀ.ਜੇ.ਪੀ. ਮੁਖ ਮੰਤਰੀ ਅਕਾਲੀ ਦਲ ਉਤੇ ਜਿੰਨੇ ਮਰਜ਼ੀ ਸੰਗੀਨ ਇਲਜ਼ਾਮ ਲਾ ਲਵੇ, ਅਕਾਲੀ, ਬੀ.ਜੇ.ਪੀ. ਦਾ ਸਾਥ ਨਹੀਂ ਛੱਡਣਗੇ।

'ਨਸ਼ੇ ਦੇ ਵਪਾਰੀ' ਵਾਲਾ ਇਲਜ਼ਾਮ ਉਹੀ ਹੈ ਜੋ ਕਾਂਗਰਸ ਨੇ ਅਕਾਲੀ ਦਲ ਉਤੇ ਲਾਇਆ ਸੀ ਜਿਸ ਮਗਰੋਂ ਅਕਾਲੀ ਦਲ ਨੇ ਆਖਿਆ ਸੀ ਕਿ ਪੰਜਾਬ ਦਾ ਬੜਾ ਨੁਕਸਾਨ ਹੋਇਆ ਹੈ ਕਿਉਂਕਿ ਹੁਣ ਕਾਰਖ਼ਾਨੇਦਾਰ ਨਸ਼ੇ ਦੇ ਬਾਜ਼ਾਰ ਵਿਚ ਆ ਕੇ ਕੰਮ ਨਹੀਂ ਕਰਨਾ ਚਾਹੁੰਦੇ। ਨਸ਼ੇ ਦੇ ਵਧਦੇ ਅਸਰ ਕਰ ਕੇ ਪੰਜਾਬ ਵਿਚ ਪਿਛਲੇ ਪੰਜ ਸਾਲਾਂ ਅੰਦਰ ਬਹੁਤ ਰੌਲਾ ਪਿਆ ਸੀ ਅਤੇ ਅਕਾਲੀ ਦਲ ਨੇ ਸੱਤਾ ਵਿਚ ਰਹਿੰਦਿਆਂ ਕਦੇ ਕਬੂਲ ਨਹੀਂ ਕੀਤਾ। ਅੱਜ ਦੀਆਂ ਚੋਣਾਂ ਵਿਚ ਇਹੀ ਮੁੱਦਾ ਫਿਰ ਤੋਂ ਉਠਿਆ ਹੈ ਅਤੇ ਲੋਕਾਂ ਨੇ ਵੀ ਇਲਜ਼ਾਮ ਪਿਛਲੀ ਸਰਕਾਰ ਯਾਨੀ ਕਿ ਅਕਾਲੀ ਦਲ ਉਤੇ ਲਾਇਆ। ਜੇ ਇਲਜ਼ਾਮ ਨਹੀਂ ਵੀ ਲਾਇਆ, ਇਹ ਤਾਂ ਆਖ ਹੀ ਦਿਤਾ ਕਿ ਨਸ਼ਾ ਪਿਛਲੇ 10-12 ਸਾਲਾਂ ਵਿਚ ਪੰਜਾਬ ਅੰਦਰ ਆਇਆ। ਯਾਨੀ ਕਿ ਅਕਾਲੀ ਰਾਜ ਹੇਠ ਆਇਆਂ ਇਹ ਤਾਂ ਉਨ੍ਹਾਂ ਦੀ ਹੱਡਬੀਤੀ ਹੈ ਜਿਨ੍ਹਾਂ ਦੇ ਵਿਹੜੇ ਇਸ ਚਿੱਟੇ ਨੇ ਤਬਾਹੀ ਮਚਾਈ। ਪਰ ਭਾਜਪਾ ਦੇ ਕਹਿਣ ਦਾ ਮਤਲਬ ਹੈ ਕਿ ਚਿੱਟੇ ਦੇ ਪੰਜਾਬ ਵਿਚ ਫੈਲਣ ਪਿੱਛੇ ਸਰਕਾਰ ਦੀ ਕਮਜ਼ੋਰੀ ਨਹੀਂ ਬਲਕਿ ਅਕਾਲੀ ਦਲ ਆਪ ਇਹਨੂੰ ਘਰ ਘਰ ਪਹੁੰਚਾਉਣ ਲਈ ਕੰਮ ਕਰ ਰਿਹਾ ਸੀ।

'ਨਸ਼ੇ ਦੇ ਵਪਾਰੀ' ਦਾ ਤਾਹਨਾ ਸੁਣ ਕੇ ਇਕ ਅਕਾਲੀ ਮੰਤਰੀ ਵਿਧਾਨ ਸਭਾ ਵਿਚ ਰੋ ਪਏ ਸਨ, ਪਰ ਹੁਣ ਜਦੋਂ ਭਾਜਪਾ ਨੇ ਆਖਿਆ ਤਾਂ ਉਫ਼ ਵੀ ਨਹੀਂ ਕੀਤੀ। ਹੁਣ ਕੀ ਮੰਨੀਏ ਕਿ ਸਾਡੇ ਸਿਆਸਤਦਾਨ ਇਸ ਕਦਰ ਡਿੱਗ ਗਏ ਹਨ ਕਿ ਭਾਜਪਾ ਮੰਚ ਉਤੇ ਖੜੇ ਹੋ ਕੇ ਕੁੱਝ ਵੀ ਆਖ ਸਕਦੀ ਹੈ ਅਤੇ ਫਿਰ ਨਿਜੀ ਲਾਭ ਵੇਖ ਕੇ ਸੱਭ ਕੁੱਝ ਠੀਕ ਹੋ ਜਾਂਦਾ ਹੈ। ਜਾਂ ਅਕਾਲੀ ਦਲ ਆਪ ਕੁਰਸੀ ਦੇ ਲਾਲਚ ਹੇਠ ਇਸ ਕਦਰ ਦੱਬ ਚੁੱਕਾ ਹੈ ਕਿ ਹੁਣ ਇਕ ਕੀੜੇ ਵਾਂਗ ਉਸ ਦੀ ਰੀੜ੍ਹ ਦੀ ਹੱਡੀ ਖ਼ਤਮ ਹੋ ਚੁੱਕੀ ਹੈ। 'ਨਸ਼ੇ ਦੇ ਵਪਾਰੀ' ਦਾ ਤਾਜ ਅਪਣੇ ਭਾਈਵਾਲ ਤੋਂ ਸਿਰ ਤੇ ਰਖਵਾ ਕੇ ਅਕਾਲੀ ਕੀ ਹੁਣ ਪੰਜਾਬ ਵਿਚ ਪੰਥਕ ਪਾਰਟੀ ਅਖਵਾਉਣ ਦਾ ਹੱਕ ਵੀ ਰਖਦੇ ਹਨ? ਖੱਟਰ ਨੇ ਮੰਚ ਤੋਂ ਇਹ ਵੀ ਆਖਿਆ ਕਿ ਹਰਿਆਣਾ ਵਿਚ ਗਠਜੋੜ ਇਸ ਕਰ ਕੇ ਟੁਟਿਆ ਕਿਉਂਕਿ ਭਾਜਪਾ ਅਪਣੇ ਕਿਸਾਨਾਂ ਨਾਲ ਖੜੀ ਹੈ।

ਪਰ ਕੀ ਅਕਾਲੀ ਦਲ ਇਹ ਕਹਿਣ ਦੀ ਹਿੰਮਤ ਵੀ ਕਰ ਸਕਦਾ ਹੈ ਕਿ ਉਹ ਪੰਜਾਬ ਦੇ ਕਿਸੇ ਇਕ ਵੀ ਮੁੱਦੇ ਉਤੇ ਪੰਜਾਬ ਨਾਲ ਖੜਾ ਹੈ? ਨਾ ਸਿਰਫ਼ ਸਿੱਖਾਂ ਅਤੇ ਸਿੱਖੀ ਬਲਕਿ ਪੂਰੇ ਪੰਜਾਬ ਨੂੰ ਅਪਣੀ ਕੁਰਸੀ ਦੀ ਤਾਕਤ ਬਰਕਰਾਰ ਰੱਖਣ ਵਾਸਤੇ ਕੁਰਬਾਨ ਕਰਨ ਨੂੰ ਤਿਆਰ ਹੋ ਜਾਂਦੇ ਹਨ। ਇਮਰਾਨ ਖ਼ਾਨ ਨੂੰ ਤਾਅਨੇ ਮਾਰਦੇ ਹਨ ਤਾਕਿ ਉਹ ਗੁੱਸੇ ਵਿਚ ਆ ਕੇ ਕਰਤਾਰਪੁਰ ਲਾਂਘਾ ਨਾ ਖੋਲ੍ਹ ਦੇਣ। ਪਰ ਜਿਸ ਕਿਸੇ ਨੇ ਅਪਣੀ ਇੱਜ਼ਤ ਹੀ ਕੁਰਸੀ ਅਤੇ ਦੌਲਤ ਪਿੱਛੇ ਤਾਕ ਤੇ ਦਿਤੀ ਹੋਵੇ, ਉਹ ਕਿਸੇ ਹੋਰ ਦੀ ਰਾਖੀ ਕਿਸ ਤਰ੍ਹਾਂ ਕਰੇਗਾ?  -ਨਿਮਰਤ ਕੌਰ