ਕਿਸਾਨ ਲੀਡਰਸ਼ਿਪ ਦਾ ਹਰ ਹੁਕਮ ਮੰਨ ਕੇ ਹੀ ਸਫ਼ਲਤਾ ਪ੍ਰਾਪਤ ਕੀਤੀ ਜਾ ਸਕਦੀ ਹੈ

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਇਹ ਆਮ ਭਾਰਤੀ ਦੇ ਸੰਘਰਸ਼ ਤੇ ਕੁਰਬਾਨੀ ਦੀ ਦਾਸਤਾਨ ਹੈ ਜੋ 700 ਤੋਂ ਵੱਧ ਸ਼ਹਾਦਤਾਂ ਵੀ ਦੇ ਚੁਕੀ ਹੈ

Success can only be achieved by obeying every command of the peasant leadership

 

ਕਿਸਾਨੀ ਸੰਘਰਸ਼ ਵਿਚ ਨਵਾਂ ਮੋੜ ਆ ਗਿਆ ਹੈ। ਕੁੱਝ ਤਸਵੀਰਾਂ ਤੇ ਜਾਣਕਾਰੀ ਸਾਹਮਣੇ ਆਈ ਹੈ ਜਿਸ ਵਿਚ ਨਿਹੰਗ ਬਾਬਾ ਅਮਨ ਸਿੰਘ ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ, ਕੇਂਦਰੀ ਰਾਜ ਮੰਤਰੀ ਕੈਲਾਸ਼ ਚੌਧਰੀ, ਪੰਜਾਬ ਦਾ ਇਕ ਸਾਬਕਾ ਪੁਲਿਸ ਅਫ਼ਸਰ ਜਿਸ ਦੀ ਡੀ.ਜੀ.ਪੀ. ਸੈਣੀ ਨਾਲ ਲੜਾਈ ਵਿਚ ਕਾਫ਼ੀ ਸਿੰਘ ਪੁਲਿਸ ਵਲੋਂ ਚੁਕੇ ਤੇ ਮਾਰੇ ਜਾਣ ਦੇ ਪ੍ਰਗਟਾਵੇ ਹੋਏ, ਭਾਜਪਾ ਆਗੂ ਸੁਖਮਿੰਦਰ ਗਰੇਵਾਲ ਸਮੇਤ ਖੜੇ ਹਨ। ਮੰਤਰੀ ਨਰਿੰਦਰ ਤੋਮਰ ਵਲੋਂ ਨਿਹੰਗ ਬਾਬਾ ਅਮਨ ਸਿੰਘ ਨੂੰ ਸਿਰੋਪਾ ਵੀ ਪਾਇਆ ਗਿਆ ਅਤੇ ਇਕ ਬੈਠਕ ਦੀਆਂ ਤਸਵੀਰਾਂ ਹਨ ਜਿਥੇ ਕਿਸਾਨੀ ਮੁੱਦੇ ਨੂੰ ਹੱਲ ਕਰਨ ਦੀਆਂ ਗੱਲਾਂ ਹੋਈਆਂ ਸਨ।

 

 

ਇਹ ਜਾਣਕਾਰੀ ਮਿਲਣ ਤੋਂ ਬਾਅਦ ਚਰਚਾਵਾਂ ਸ਼ੁਰੂ ਹੋ ਗਈਆਂ ਕਿ ਜਿਸ ਤਰ੍ਹਾਂ ਲਖਬੀਰ ਸਿੰਘ ਦਾ ਕਤਲ ਹੋਇਆ, ਕੀ ਉਹ ਸੰਘਰਸ਼ ਨੂੰ ਨੁਕਸਾਨ ਪਹੁੰਚਾਉਣ ਅਤੇ ਕਿਸਾਨਾਂ ਨੂੰ ਝੁਕਾਉਣ ਦੀ ਇਕ ਸਾਜ਼ਸ਼ ਦਾ ਹਿੱਸਾ ਤਾਂ ਨਹੀਂ ਸੀ? ਲਖਬੀਰ ਸਿੰਘ ਦੇ ਕਤਲ ਤੇ ਬਹੁਤ ਸਵਾਲ ਚੁਕੇ ਜਾ ਰਹੇ ਹਨ, ਖ਼ਾਸ ਕਰ ਕੇ ਸਬੂਤਾਂ ਬਾਰੇ ਤੇ ਇਹ ਵੀ ਕਿ ਕਬੂਲਨਾਮੇ ਦਾ ਵੀਡੀਉ ਕਿਉਂ ਨਹੀਂ ਬਣਾਇਆ ਗਿਆ ਜਦਕਿ ਬਾਕੀ ਹਰ ਛੋਟੇ ਵੱਡੇ ਕਾਰੇ ਦਾ ਵੀਡੀਉ ਬਣਾ ਲਿਆ ਜਾਂਦਾ ਸੀ? ਕੁੱਝ ਨਿਹੰਗ ਸਿੰਘਾਂ ਵਲੋਂ ਆਖ ਦਿਤਾ ਗਿਆ ਕਿ ਉਹ ਅਜੇ ਸਾਜ਼ਸ਼ ਬਾਰੇ ਕੁੱਝ ਨਹੀਂ ਆਖਣਗੇ।

 

 

ਨਿਹੰਗ ਸਿੰਘਾਂ ਨੇ 27 ਨੂੰ ਕਿਸਾਨ ਆਗੂਆਂ ਨਾਲ ਵੀ ਖੁਲ੍ਹੀ ਗੱਲਬਾਤ ਕਰ ਕੇ ਉਨ੍ਹਾਂ ਨੂੰ ਇਕ ਚੁਨੌਤੀ ਵੀ ਦਿਤੀ ਹੈ ਕਿਉਂਕਿ ਕਿਸਾਨੀ ਸੰਘਰਸ਼ ਦੇ ਆਗੂ ਚਾਹੁੰਦੇ ਹਨ ਕਿ ਕੋਈ ਉਹ ਸ਼ਖ਼ਸ ਜੋ ਸੱਚ ਦੇ ਰਾਹ ਤੇ ਨਹੀਂ ਚਲ ਸਕਦਾ, ਉਹ ਦਿੱਲੀ ਦੇ ਬਾਰਡਰ ਉਤੇ ਨਾ ਬੈਠੇ। ਉਨ੍ਹਾਂ ਦਾ ਕਹਿਣਾ ਹੈ ਕਿ ਲੜਾਈ ਸਿਰਫ਼ ਤੇ ਸਿਰਫ਼ ਕਿਸਾਨਾਂ ਦੇ ਹੱਕਾਂ ਦੀ ਹੈ। ਇਸੇ ਕਰ ਕੇ 26 ਜਨਵਰੀ ਨੂੰ ਜੋ ਨੌਜਵਾਨ ਆਗੂ ਜਿਵੇਂ ਦੀਪ ਸਿੱਧੂ ਜੋ ਕਿਸਾਨੀ ਸੰਘਰਸ਼ ਰਾਹੀਂ ਅਪਣੀ ਸਿਆਸਤ ਦੀ ਲੜਾਈ ਚਲਾਉਣਾ ਚਾਹੁੰਦੇ ਸਨ, ਨੂੰ ਬਾਹਰ ਕੱਢ ਦਿਤਾ ਗਿਆ। ਉਹ ਵੀ ਸਹੀ ਫ਼ੈਸਲਾ ਸੀ ਕਿਉਂਕਿ ਕਿਸਾਨ ਤਾਂ ਅਕਾਲੀ ਦਲ ਨਾਲ ਖੇਤੀ ਕਾਨੂੰਨਾਂ ਦੇ ਘੜਨ ਵਿਚ ਅਪਣਾ ਯੋਗਦਾਨ ਪਾਉਣ ਕਰ ਕੇ ਨਾਰਾਜ਼ ਹਨ ਜਦਕਿ ਦੀਪ ਸਿੱਧੂ ਅਕਾਲੀ ਦਲ ਨੂੰ ਹੀ ਪੰਜਾਬ ਦੀ ਉਮੀਦ ਮੰਨਦੇ ਹਨ। ਉਹ ਉਨ੍ਹਾਂ ਦੀ ਸਿਆਸੀ ਵਿਚਾਰਧਾਰਾ ਹੈ ਪਰ ਇਸ ਸਮੇਂ ਕਿਸਾਨ, ਸਿਆਸਤ ਤੋਂ ਦੂਰ ਰਹਿਣਾ ਚਾਹੁੰਦੇ ਹਨ। 

 

 

ਜਿਥੇ ਕਿਸਾਨ ਸਿਰਫ਼ ਖੇਤੀ ਕਾਨੂੰਨਾਂ ਤੇ ਗੱਲ ਕਰਨਾ ਚਾਹੁੰਦੇ ਹਨ, ਬਾਕੀ ਲੋਕਾਂ ਦੇ ਮਨਾਂ ਵਿਚ ਕਈ ਹੋਰ ਮਸਲੇ ਵੀ ਹੁੰਦੇ ਹਨ। ਜਿਵੇਂ ਦੀਪ ਸਿੱਧੂ ਪੰਜਾਬ ਦੀ ਸਿਆਸਤ ਵਿਚ ਥਾਂ ਬਣਾਉਣ ਦੀ ਤਲਾਸ਼ ਵਿਚ ਹੈ ਤੇ ਸ਼ਾਇਦ ਨਿਹੰਗ ਬਾਬੇ ਵੀ ਕਿਸੇ ਹੋਰ ਇਰਾਦੇ ਨਾਲ ਭਾਜਪਾ ਦੇ ਆਗੂਆਂ ਨੂੰ ਮਿਲ ਰਹੇ ਹਨ। ਦਰਅਸਲ ਅੱਜ ਤਕ ਦੁਨੀਆਂ ਦੇ ਇਤਿਹਾਸ ਵਿਚ ਇਸ ਤਰ੍ਹਾਂ ਦਾ ਅੰਦੋਲਨ ਨਹੀਂ ਹੋਇਆ। ਇਸ ਦੀ ਸਫ਼ਲਤਾ ਦੀ ਕਹਾਣੀ ਅਜੇ ਲਿਖੀ ਜਾਣੀ ਹੈ ਭਾਵੇਂ ਅਜੇ ਕਾਨੂੰਨ ਰੱਦ ਹੋਣ ਦਾ ਟੀਚਾ ਸਰ ਨਹੀਂ ਹੋਇਆ। ਇਹ ਦੁਨੀਆਂ ਦਾ ਇਕਲੌਤਾ ਮਹਾਂਅੰਦੋਲਨ ਹੈ ਜਿਸ ਵਿਚ ਸਿਆਸਤਦਾਨਾਂ ਦਾ ਕੋਈ ਯੋਗਦਾਨ ਨਹੀਂ ਤੇ ਇਹ ਪੂਰੀ ਤਰ੍ਹਾਂ ਆਮ ਕਿਸਾਨ ਤੇ ਨਿਰਭਰ ਹੋ ਕੇ ਚਲ ਰਿਹਾ ਹੈ।

 

ਇਹ ਆਮ ਭਾਰਤੀ ਦੇ ਸੰਘਰਸ਼ ਤੇ ਕੁਰਬਾਨੀ ਦੀ ਦਾਸਤਾਨ ਹੈ ਜੋ 700 ਤੋਂ ਵੱਧ ਸ਼ਹਾਦਤਾਂ ਵੀ ਦੇ ਚੁਕੀ ਹੈ ਅਤੇ ਇਸ ਦਾ ਇਤਿਹਾਸਕ ਮਹੱਤਵ ਤੇ ਕਿਸਾਨ ਦੀ ਜ਼ਿੰਦਗੀ ਉਤੇ ਇਸ ਦੇ ਅਸਰ ਨੂੰ ਵੇਖ ਕੇ ਜ਼ਰੂਰੀ ਬਣ ਜਾਂਦਾ ਹੈ ਕਿ ਅੱਜ ਤੋਂ ਕੋਈ ਵੀ ਧੜਾ ਵਖਰਿਆਂ ਹੋ ਕੇ, ਸਰਕਾਰ ਨਾਲ ਖੇਤੀ ਕਾਨੂੰਨਾਂ ਬਾਰੇ ਗੱਲਬਾਤ ਨਾ ਕਰੇ। ਜੇ ਕਿਸੇ ਦਾ ਸਰਕਾਰ ਨਾਲ ਲਾਗਾ-ਦੇਗਾ ਜ਼ਰੂਰੀ ਹੈ ਤਾਂ ਫਿਰ ਉਹ ਸੰਘਰਸ਼ ਦਾ ਹਿੱਸਾ ਨਾ ਬਣਿਆ ਰਹੇ। ਨਿਹੰਗਾਂ ਵਲੋਂ ਕਿਸੇ ਸਾਜ਼ਸ਼ ਵਿਚ ਸ਼ਾਮਲ ਨਾ ਹੋਣ ਦੀ ਸੰਭਾਵਨਾ ਜ਼ਿਆਦਾ ਹੈ ਪਰ ਹੁਣ ਇਹ ਤਸਵੀਰਾਂ ਲੋਕਾਂ ਦੇ ਮਨਾਂ ਵਿਚ ਸ਼ੰਕਾਵਾਂ ਜ਼ਰੂਰ ਖੜੀਆਂ ਕਰ ਦੇਣਗੀਆਂ ਜਿਸ ਨਾਲ ਆਪਸੀ ਦਰਾੜਾਂ ਵਧਦੀਆਂ ਹਨ। ਸਾਰੇ ਹੀ ਕਿਸਾਨੀ ਸੰਘਰਸ਼ ਦੀ ਜਿੱਤ ਚਾਹੁੰਦੇ ਹਨ ਤੇ ਇਸੇ ਕਰ ਕੇ ਲੋੜ ਹੈ ਕਿ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਨੂੰ 100 ਫ਼ੀ ਸਦੀ ਤਕ ਕਬੂਲ ਕਰ ਕੇ ਉਸ ਦੀਆਂ ਹਦਾਇਤਾਂ ਨੂੰ ਹਰ ਹਾਲ ਵਿਚ ਮੰਨਿਆ ਜਾਵੇ।                                          -ਨਿਮਰਤ ਕੌਰ