ਲੀਡਰਾਂ ਨੂੰ ਦੋ ਦੋ ਸੌ ਗਾਰਡਾਂ ਦੀ ਸੁਰੱਖਿਆ ਦੀ ਲੋੜ ਕਿਉਂ ਪੈਂਦੀ ਹੈ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਬੀ.ਜੇ.ਪੀ. ਅਨੁਸਾਰ, ਦੇਸ਼ ਦੀ ਸੇਵਾ ਵਿਚ ਤਾਂ ਇਕ ਸੰਸਦ ਮੈਂਬਰ ਤੋਂ ਸਿਵਾ ਉਨ੍ਹਾਂ ਕੋਈ ਖ਼ਾਸ ਕਿਰਦਾਰ ਨਹੀਂ ਨਿਭਾਇਆ।

Why do leaders need safety of two hundred guards?

ਕਾਂਗਰਸ ਦੇ ਗਾਂਧੀ ਪ੍ਰਵਾਰ ਦਾ ਸੁਰੱਖਿਆ ਕਵਚ ਵਿਸ਼ੇਸ਼ ਸੁਰੱਖਿਆ ਦਸਤੇ ਐਸ.ਪੀ.ਜੀ. ਤੋਂ ਹਟਾ ਕੇ ਆਮ ਸੁਰੱਖਿਆ ਕਰ ਦਿਤਾ ਗਿਆ ਹੈ ਜਿਸ ਵਿਰੁਧ ਪਾਰਲੀਮੈਂਟ ਵਿਚ ਕਾਂਗਰਸ ਪਾਰਟੀ ਦੇ ਸੰਸਦ ਮੈਂਬਰਾਂ ਵਲੋਂ ਖ਼ੂਬ ਹੰਗਾਮਾ ਕੀਤਾ ਗਿਆ। ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੋਂ ਤਾਂ ਐਸ.ਪੀ.ਜੀ. ਦਾ ਕਵਚ ਪਹਿਲਾਂ ਹੀ ਹਟਾ ਦਿਤਾ ਗਿਆ ਸੀ।  ਦੂਜੇ ਪਾਸੇ, ਇਕ ਬਲਾਤਕਾਰੀ, ਕਾਤਲ ਅਤੇ ਬਹਿਰੂਪੀਏ ਸੌਦਾ ਸਾਧ, ਜੋ ਅਪਣੇ ਆਪ ਨੂੰ 'ਰੱਬ ਦਾ ਦੂਤ' ਅਖਵਾ ਕੇ ਗ਼ਰੀਬਾਂ ਨੂੰ ਲੁਟਦਾ ਸੀ ਅਤੇ ਅੱਜ 20 ਸਾਲਾਂ ਵਾਸਤੇ ਜੇਲ ਦੀ ਸਜ਼ਾ ਭੋਗ ਰਿਹਾ ਹੈ, ਨੂੰ ਖ਼ਾਸ ਸੁਰੱਖਿਆ ਦਿਤੀ ਜਾ ਰਹੀ ਹੈ।

ਅਜਿਹੇ ਇਨਸਾਨ ਦੀ ਸੁਰੱਖਿਆ ਵਾਸਤੇ ਤਿੰਨ ਡਿਪਟੀ ਸੂਪਰਡੈਂਟਾਂ ਨੂੰ ਤੈਨਾਤ ਕੀਤਾ ਗਿਆ ਹੈ। ਹਵਾਈ ਹਮਲੇ ਤੋਂ ਬਚਣ ਵਾਸਤੇ 10 ਮੁਲਾਜ਼ਮ 24 ਘੰਟੇ ਸੁਰੱਖਿਆ ਦੇਣਗੇ ਅਤੇ ਹੁਣ ਜੇ ਬਾਕੀ ਚਲ ਰਹੇ ਕੇਸਾਂ ਵਿਚ ਸਜ਼ਾ ਮਿਲੇਗੀ ਤੇ ਕੈਦ ਦਾ ਸਮਾਂ ਵੱਧ ਜਾਵੇਗਾ ਤਾਂ ਓਨੇ ਸਾਲ ਸੌਦਾ ਸਾਧ ਨੂੰ ਸਹੂਲਤਾਂ ਦੇਣ ਦਾ ਖ਼ਰਚਾ ਆਮ ਇਨਸਾਨ ਵਲੋਂ ਦਿਤੇ ਟੈਕਸਾਂ ਵਿਚੋਂ ਤਾਰਿਆ ਜਾਵੇਗਾ। ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ ਨੇ ਗਾਂਧੀ ਪ੍ਰਵਾਰ ਦੀ ਸੁਰੱਖਿਆ ਵਾਪਸ ਲੈਣ ਨੂੰ ਸਹੀ ਕਦਮ ਦਸਿਆ ਹੈ ਕਿਉਂਕਿ ਉਨ੍ਹਾਂ ਅਨੁਸਾਰ, ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਦਾ ਸੱਭ ਤੋਂ ਵੱਡਾ ਯੋਗਦਾਨ ਇਹੀ ਤਾਂ ਹੈ ਕਿ ਉਹ ਨਹਿਰੂ ਦੇ ਖ਼ਾਨਦਾਨੀ ਖ਼ੂਨ ਨੂੰ ਇਸ ਸਦੀ ਵਿਚ ਲੈ ਕੇ ਆਏ ਹਨ।

ਬੀ.ਜੇ.ਪੀ. ਅਨੁਸਾਰ, ਦੇਸ਼ ਦੀ ਸੇਵਾ ਵਿਚ ਤਾਂ ਇਕ ਸੰਸਦ ਮੈਂਬਰ ਤੋਂ ਸਿਵਾ ਉਨ੍ਹਾਂ ਕੋਈ ਖ਼ਾਸ ਕਿਰਦਾਰ ਨਹੀਂ ਨਿਭਾਇਆ। ਪਰ ਭਾਜਪਾ ਇਸ ਕਰ ਕੇ ਨਹੀਂ, ਸਿਰਫ਼ ਅਪਣੀ ਰੰਜਿਸ਼ ਪੂਰੀ ਕਰਨ ਵਾਸਤੇ ਸੁਰੱਖਿਆ ਹਟਾ ਰਹੀ ਹੈ ਕਿਉਂਕਿ ਜੇ ਦੇਸ਼ ਦੀ ਸੇਵਾ ਕਰਨ ਵਾਲਿਆਂ ਨੂੰ ਹੀ ਸੁਰੱਖਿਆ ਮਿਲਦੀ ਤਾਂ ਸੌਦਾ ਸਾਧ ਨੂੰ ਨਾ ਮਿਲਦੀ। ਜੇ ਸੌਦਾ ਸਾਧ ਨੂੰ ਖ਼ਤਰਾ ਜਾਪਦਾ ਹੈ ਤਾਂ ਕਾਲ ਕੋਠੜੀ ਵਿਚ ਇਕੱਲਾ ਰੱਖ ਦਿਉ। ਉਸ ਦੀ ਵਿਸ਼ੇਸ਼ ਪ੍ਰਕਾਰ ਦੀ ਰਾਖੀ ਕਿਉਂ ਕਰਨੀ ਹੋਈ ਜਿਸ ਨੇ ਪਿਤਾ ਬਣ ਕੇ ਕੁੜੀਆਂ ਦੀ ਇੱਜ਼ਤ ਲੁੱਟੀ ਹੋਵੇ? ਇਹ ਤਾਂ ਉਸ ਕਾਨੂੰਨ ਦੀ ਵੀ ਤੌਹੀਨ ਹੈ ਜਿਸ ਨੇ ਇਸ ਆਦਮੀ ਨੂੰ ਸਜ਼ਾ ਭੋਗਣ ਲਈ ਜੇਲ ਵਿਚ ਭੇਜਿਆ।

ਸਜ਼ਾ ਦਾ ਮਤਲਬ ਹੈ ਕਿ ਉਹ ਤੜਫ਼ੇ ਅਤੇ ਇਹ ਉਨ੍ਹਾਂ ਪੀੜਤ ਕੁੜੀਆਂ, ਉਨ੍ਹਾਂ ਮਰਦਾਂ ਜਿਨ੍ਹਾਂ ਨੂੰ ਨਪੁੰਸਕ ਬਣਾਇਆ ਗਿਆ ਸੀ ਤੇ ਉਸ ਪੱਤਰਕਾਰ ਦੇ ਪ੍ਰਵਾਰ ਨਾਲ ਨਿਆਂ ਤਾਂ ਹੀ ਹੋਵੇਗਾ ਜੇ ਉਹ ਇਸ ਨੂੰ ਜੇਲ ਵਿਚ ਤੜਫਦਾ ਵੇਖ ਸਕਣ। ਪਰ ਜੇ ਇਕ ਗੰਭੀਰ ਅਪ੍ਰਾਧ ਦੇ ਦੋਸ਼ੀ ਨੂੰ ਅਦਾਲਤ ਵਲੋਂ ਅਪ੍ਰਾਧੀ ਠਹਿਰਾਏ ਜਾਣ ਮਗਰੋਂ ਸਹੂਲਤਾਂ ਨਾਲ ਜੇਲ ਵਿਚ ਹੀ ਖ਼ਾਸ ਜ਼ਿੰਦਗੀ ਜੀਣ ਦਾ ਹੱਕ ਦੇ ਦਿਤਾ ਤਾਂ ਫਿਰ ਇਹ ਸਜ਼ਾ ਤਾਂ ਨਾ ਹੋਈ। ਭਾਜਪਾ ਅਤੇ ਕਾਂਗਰਸ ਜਾਂ ਕਿਸੇ ਵੀ ਹੋਰ ਪਾਰਟੀ ਦੀ ਸੋਚ ਵਿਚ ਫ਼ਰਕ ਹੀ ਕੋਈ ਨਹੀਂ। ਇਸ ਦੇਸ਼ ਵਿਚ ਖ਼ਾਸਮ-ਖ਼ਾਸ ਲੋਕਾਂ ਨੂੰ ਸੁਰੱਖਿਅਤ ਰਖਿਆ ਜਾਂਦਾ ਹੈ ਜੋ ਤਾਕਤਵਰ ਹੋਵੇ, ਜੋ ਵੋਟਾਂ ਦਿਵਾ ਸਕੇ ਅਤੇ ਜੋ ਸੱਤਾ ਵਿਚ ਹੋਵੇ।

ਪਰ ਇਹ ਖ਼ਾਸਮ-ਖ਼ਾਸ ਤੇ ਤਾਕਤਵਰ ਲੋਕ ਸੁਰੱਖਿਆ ਕਿਉਂ ਮੰਗਦੇ ਹਨ, ਇਹ ਸਮਝ ਤੋਂ ਬਾਹਰ ਦੀ ਗੱਲ ਹੈ। ਜਿਵੇਂ ਕਾਂਗਰਸ ਕਮਲੀ ਹੋਈ ਸੰਸਦ ਵਿਚ ਗਾਂਧੀ ਪ੍ਰਵਾਰ ਦੀ ਸੁਰੱਖਿਆ ਵਾਸਤੇ ਰੋ ਰਹੀ ਹੈ, ਜਾਪਦਾ ਹੈ ਕਿ ਉਨ੍ਹਾਂ ਨੂੰ ਸੱਭ ਤੋਂ ਵੱਡਾ ਖ਼ਤਰਾ ਅਪਣੇ ਹੀ ਦੇਸ਼ਵਾਸੀਆਂ ਤੋਂ ਬਣਿਆ ਹੋਇਆ ਹੈ। ਇਕ ਰਾਮ ਰਹੀਮ ਹੈ ਜੋ ਅਪਣੇ ਆਪ ਨੂੰ ਰੱਬ ਦਾ ਦੂਤ ਅਖਵਾਉਂਦਾ ਹੈ ਅਤੇ ਖ਼ੁਦ ਇਨਸਾਨਾਂ ਤੋਂ ਡਰਦਾ ਹੈ! ਸਾਡੇ ਆਗੂ, ਸਾਡੇ ਖ਼ਾਸਮ ਖ਼ਾਸ ਇਸ ਕਦਰ ਕਮਜ਼ੋਰ ਕਿਉਂ ਹਨ ਕਿ ਅਪਣੇ ਹੀ ਲੋਕਾਂ ਤੋਂ ਡਰਦੇ ਹਨ, ਫ਼ਾਸਲੇ ਬਣਾਉਂਦੇ ਹਨ? ਸ਼ਾਇਦ ਉਨ੍ਹਾਂ ਨੂੰ ਡਰ ਹੈ ਕਿ ਜੇ ਉਨ੍ਹਾਂ ਅਤੇ ਆਮ ਲੋਕਾਂ ਵਿਚਕਾਰ ਫ਼ਾਸਲਾ ਨਹੀਂ ਹੋਵੇਗਾ ਤਾਂ ਲੋਕ ਉਨ੍ਹਾਂ ਦੇ ਜੁਮਲਿਆਂ ਬਾਰੇ ਉਨ੍ਹਾਂ ਨੂੰ ਪੁੱਛ ਲੈਣਗੇ ਕਿਉਂਕਿ ਜੁਮਲੇ ਸੁਟ ਕੇ ਹੀ ਤਾਂ ਹਰ ਆਗੂ ਲੋਕਾਂ ਨੂੰ ਅਪਣੇ ਪਿੱਛੇ ਲਗਾ ਰਿਹਾ ਹੈ। ਇਸੇ ਨੂੰ ਹੀ ਤਾਂ ਭਾਰਤ ਮਹਾਨ ਦਾ ਮਹਾਨ ਲੋਕ-ਰਾਜ ਕਹਿੰਦੇ ਹਨ!                                                                                                                                               -ਨਿਮਰਤ ਕੌਰ