ਬੇਅਦਬੀ, ਗੁੱਸਾ ਤੇ ਰੋਹ ਜਾਇਜ਼ ਪਰ ਹੋਸ਼ ਵੀ ਕਾਇਮ ਰਖਣੀ ਜ਼ਰੂਰੀ ਤਾਂਕਿ ਸਾਰੇ ਸਬੂਤ ਹੀ ਨਾ ਮਿਟ ਜਾਣ!

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਇਕ ਨਿਹੱਥੇ ਅਪਰਾਧੀ ਨੂੰ ਮਾਰ ਦੇਣ ਦੀ ਸੋਚ ਤੇ ਅਮਲ ਕਰਨ ਵਾਲੇ ਲੋਕ ਹੀ ਹਨ ਤਾਂ ਸਿੱਖਾਂ ਦੀ ਛਵੀ ਕੀ ਬਣੇਗੀ?

file photo

 

ਦਿੱਲੀ ਬਾਰਡਰ ਤੇ ਚਲਦੇ ਕਿਸਾਨੀ ਸੰਘਰਸ਼ ਦੌਰਾਨ ਇਕ ਸ਼ਖ਼ਸ ਵਲੋਂ ਇਕ ਧਾਰਮਕ ਪੁਸਤਕ ਨੂੰ ਹੱਥ ਲਾਉਣ ਦੇ ‘ਪਾਪ’ ਨੂੰ ਬੇਅਦਬੀ ਕਹਿ ਕੇ ਉਸ ਨੂੰ ਇਕ ਬਕਰੇ ਵਾਂਗ ਹਲਾਲ ਕਰ ਦਿਤਾ ਗਿਆ। ਅਜੇ ਉਹ ਤਸਵੀਰਾਂ ਮਨ ਦੇ ਪਰਦੇ ਤੋਂ ਹਟੀਆਂ ਨਹੀਂ ਸਨ ਕਿ ਹੁਣ ਦਰਬਾਰ ਸਾਹਿਬ ਵਿਚ ਇਕ 22 ਸਾਲ ਦੇ ਨੌਜਵਾਨ ਨੇ ਗੁਰੂ ਗ੍ਰੰਥ ਸਾਹਿਬ ਉਤੇ ਹਮਲਾ ਕਰਨ ਦਾ ਕੋਝਾ ਯਤਨ ਕਰ ਦਿਤਾ। ਉਹ ਕਾਮਯਾਬ ਤਾਂ ਨਾ ਹੋਇਆ ਪਰ ਗ੍ਰੰਥੀਆਂ ਵਲੋਂ ਫੜ ਲਿਆ ਗਿਆ ਅਤੇ ਦਰਬਾਰ ਸਾਹਿਬ ਦੇ ਅਣਪਛਾਤੇ ਗ੍ਰੰਥੀਆਂ ਤੇ ਸੇਵਾਦਾਰਾਂ ਨੇ ਉਸ ਨੂੰ ਸ਼੍ਰੋਮਣੀ ਕਮੇਟੀ ਦੇ ਇਕ ਕਮਰੇ ਵਿਚ ਲਿਜਾ ਕੇ ਕੁਟ ਕੁਟ ਕੇ ਮਾਰ ਦਿਤਾ।

ਕੁੱਝ ਘੰਟਿਆਂ ਬਾਅਦ ਹੀ ਇਕ ਗ਼ਰੀਬ ਚੋਰ, ਜੋ ਸ਼ਕਲ ਤੋਂ ਕੋਈ 16-18 ਸਾਲ ਦੀ ਉਮਰ ਦਾ ਲਗਦਾ ਸੀ, ਕਪੂਰਥਲਾ ਦੇ ਗੁਰਦਵਾਰੇ ਵਿਚ ਫੜਿਆ ਗਿਆ। ਦੋਸ਼ ਸੀ ਕਿ ਉਸ ਨੇ ਨਿਸ਼ਾਨ ਸਾਹਿਬ ਨੂੰ ਸ਼ਾਇਦ ਹੱਥ ਲਾਇਆ। ਉਸ ਨੂੰ ਕੁਟਦੇ ਦਾ ਵੀਡੀਉ ਸਾਹਮਣੇ ਆਇਆ ਤੇ ਉਸ ਨੂੰ ਚਾੜਿ੍ਹਆ ਗਿਆ ਕੁਟਾਪਾ ਪੁਲਿਸ ਦੀ ਤੀਜੀ ਡਿਗਰੀ ਵਾਲੀ ਜ਼ਾਲਮਾਨਾ ਮਾਰ ਤੋਂ ਘੱਟ ਨਹੀਂ ਸੀ। ਸੰਗਤਾਂ ਭਾਵੁਕ ਹੋ ਗਈਆਂ ਤੇ ਕ੍ਰਿਪਾਨਾਂ ਕੱਢੀਆਂ ਗਈਆਂ ਤੇ ਉਹ ਵੀ ਮੌਤ ਦੇ ਘਾਟ ਉਤਾਰ ਦਿਤਾ ਗਿਆ।
ਹੁਣ ਤਿੰਨ ਅਪਰਾਧੀ ਫੜੇ ਗਏ ਹਨ। ਪਹਿਲਾਂ 2015 ਦੀ ਬੇਅਦਬੀ ਦੇ ਅਪਰਾਧੀ ਜੇਲ ਵਿਚ ਡੱਕ ਦਿਤੇ ਗਏ ਸਨ

ਪਰ ਅੱਜ ਇਕ ਵੀ ਜ਼ਿੰਦਾ ਨਹੀਂ ਛਡਿਆ ਗਿਆ ਜੋ ਦਸ ਸਕੇ ਕਿ ਆਖ਼ਰ ਇਹ ਸ਼ਰਮਨਾਕ ਕਾਰਾ ਕਰਵਾ ਕੌਣ ਰਿਹਾ ਹੈ। ਸਾਜ਼ਸ਼ ਕੀਤੀ ਗਈ ਹੈ, ਇਸ ਵਿਚ ਕੋਈ ਸ਼ੱਕ ਨਹੀਂ। ਇਹ ਗ਼ਰੀਬ ਨੌਜਵਾਨ ਖ਼ੁਦਕੁਸ਼ੀ ਮਿਸ਼ਨ ਤੇ ਭੇਜੇ ਜਾਪਦੇ ਹਨ ਜਿਨ੍ਹਾਂ ਕੋੋਲੋਂ ਕੋਈ ਲਾਲਚ ਦੇ ਕੇ ਇਹ ਕੰਮ ਕਰਵਾਏ ਜਾ ਰਹੇ ਹਨ ਪਰ ਕਿਉਂਕਿ ਕੋਈ ਜ਼ਿੰਦਾ ਨਹੀਂ ਛਡਿਆ ਗਿਆ, ਇਸ ਲਈ ਸੱਚ ਸਾਹਮਣੇ ਨਹੀਂ ਆ ਸਕਦਾ। ਇਹ 2015 ਵਾਂਗ ਸੂਬੇ ਵਿਚ ਅਸ਼ਾਂਤੀ ਫੈਲਾਉਣ ਦਾ ਇਕ ਤਰੀਕਾ ਹੋ ਸਕਦਾ ਹੈ ਪਰ 2015 ਵਿਚ ਇਹ ਕਾਰਾ ਸੌਦਾ ਸਾਧ ਨੂੰ ਮਾਫ਼ੀ ਦਿਤੇ ਜਾਣ ਮਗਰੋਂ ਉਠੇ ਰੋਸ ਤੋਂ ਧਿਆਨ ਹਟਾਉਣ ਵਾਸਤੇ ਕੀਤਾ ਗਿਆ ਜਾਪਦਾ ਸੀ। ਉਸ ਵਕਤ ਕਿਸੇ ਨੇ ਸ਼ਾਂਤੀ ਦਾ ਸਾਥ ਨਹੀਂ ਛਡਿਆ ਸੀ।

ਅਸੀ ਬੜੇ ਫ਼ਖ਼ਰ ਨਾਲ ਅੱਜ ਵੀ ਆਖਦੇ ਹਾਂ ਕਿ ਦੋ ਨਿਹੱਥੇ, ਵਾਹਿਗੁਰੂ ਦਾ ਨਾਮ ਜਪਦੇ ਨੌਜਵਾਨਾਂ ਤੇ ਪੁਲਿਸ ਨੇ ਗੋਲੀ ਚਲਾਈ ਸੀ ਅਤੇ ਇਸ ਕਾਰੇ ਵਿਚ ਇਕ ਉਂਗਲ ਵੀ ਸਿੱਖਾਂ ਤੇ ਨਹੀਂ ਸੀ ਉਠੀ। ਇਸੇ ਤਰ੍ਹਾਂ ਕਿਸਾਨੀ ਸੰਘਰਸ਼ ਦੀ ਤਾਕਤ ਸਿੱਖ ਫ਼ਲਸਫ਼ਾ ਸੀ ਤੇ ਆਖ਼ਰ ਦੇਸ਼ ਦਾ ਹਰ ਕਿਸਾਨ ਆਖਦਾ ਸੀ ਕਿ ਇਹ ਜਿੱਤ ਬਾਬਾ ਨਾਨਕ ਕਰ ਕੇ ਹੋਈ ਕਿਉਂਕਿ ਇਹ ਸੰਘਰਸ਼ ਉਨ੍ਹਾਂ ਦੀ ਸਿਖਿਆ ਅਨੁਸਾਰ ਚਲਾਇਆ ਗਿਆ। ਅੱਜ ਕਿਸਾਨੀ ਸੰਘਰਸ਼ ਦੀ ਜਿੱਤ ਕਾਰਨ ਦਸਤਾਰ ਦੀ ਇੱਜ਼ਤ ਦੁਨੀਆਂ ਵਿਚ ਵੱਧ ਰਹੀ ਹੈ। ਪਰ ਜਦ ਇਹ ਤਸਵੀਰ ਬਾਹਰ ਜਾਵੇਗੀ ਕਿ ਸਿੱਖ ਵੀ ਅਪਣੇ ਘਰ ਵਿਚ ਇਕ ਫ਼ਿਰਕੂ ਭੀੜ ਵਾਂਗ ਇਕ ਨਿਹੱਥੇ ਅਪਰਾਧੀ ਨੂੰ ਮਾਰ ਦੇਣ ਦੀ ਸੋਚ ਤੇ ਅਮਲ ਕਰਨ ਵਾਲੇ ਲੋਕ ਹੀ ਹਨ ਤਾਂ ਸਿੱਖਾਂ ਦੀ ਛਵੀ ਕੀ ਬਣੇਗੀ?

ਹੁਣੇ ਜਹੇ ਪੋਪ ਨਾਲ ਇਕ ਬੱਚੇ ਨੇ ਛੇੜਛਾੜ ਕਰ ਦਿਤੀ ਤਾਂ ਪੋਪ ਨੇ ਉਸ ਨੂੰ ਹੱਸ ਕੇ ਜੱਫੀ ਪਾ ਲਈ। ਪਰ ਕੀ ਸਾਡੇ ਗ੍ਰੰਥੀ ਜਾਂ ਮੁੱਖ ਸੇਵਾਦਾਰ ਕਦੇ ਹਸਦੇ ਵੇਖੇ ਹਨ? ਕੀ ਤੁਸੀਂ ਸੋਚ ਸਕਦੇ ਹੋ ਕਿ ਪੋਪ ਦੇ ਸਾਹਮਣੇ ਰੋਮ ਵਿਚ ਇਸਾਈਆਂ ਦੇ ਮੁੱਖ ਚਰਚ ਵਿਚ ਕਦੇ ਇਸ ਤਰ੍ਹਾਂ ਦੇ ਘੋਰ ਅਪਰਾਧ ਵਾਸਤੇ ਵੀ ਕਿਸੇ ਨੂੰ ਮਾਰ ਦਿਤਾ ਜਾਵੇਗਾ? ਬਾਬਾ ਨਾਨਕ ਨੇ 500 ਸਾਲ ਪਹਿਲਾਂ ਸਿੱਖ ਫ਼ਲਸਫ਼ਾ ਦਿਤਾ ਜਿਸ ਦੀਆਂ ਨੀਹਾਂ ਵਿਚ ਪ੍ਰੇਮ ਤੇ ਸਬਰ ਨੂੰ ਰਖਿਆ। ਮੱਕੇ ਵਿਚ ਜਾ ਬਾਬਾ ਨਾਨਕ ਨੇ ਮੱਕੇ ਵਲ ਪੈਰ ਪਸਾਰ ਦਿਤੇ ਤਾਂ ਮੁਸਲਮਾਨਾਂ ਨੇ ਬਾਬਾ ਨਾਨਕ ਨੂੰ ‘ਬੇਅਦਬੀ’ ਦਾ ਦੋਸ਼ ਲਾ ਕੇ ਮਾਰਿਆ ਕੁਟਿਆ ਨਹੀਂ ਸੀ

ਸਗੋਂ ਅਪਣਾ ਨਿਸ਼ਚਾ ਹੀ ਦਸਿਆ ਸੀ ਤੇ ਬਾਬੇ ਨਾਨਕ ਨੇ ਦਲੀਲ ਨਾਲ ਉਨ੍ਹਾਂ ਨੂੰ ਨਿਰੁੱਤਰ ਕਰ ਦਿਤਾ ਸੀ ਕਿ ‘ਤੁਸੀ ਮੇਰੇ ਪੈਰ ਉਧਰ ਕਰ ਦਿਉ, ਜਿਧਰ ਤੁਹਾਨੂੰ ਲਗਦਾ ਹੈ ਕਿ ਰੱਬ ਨਹੀਂ ਵਸਦਾ।’ ਈਸਾ ਮਸੀਹ ਨੇ ਇਕ ‘ਪਾਪਣ’ ਔਰਤ ਨੂੰ ਪੱਥਰ ਮਾਰ ਰਹੀ ਭੀੜ ਨੂੰ ਇਹ ਕਹਿ ਕੇ ਰੋਕ ਦਿਤਾ ਸੀ ਕਿ ‘ਇਸ ਨੂੰ ਉਹ ਪੱਥਰ ਮਾਰੇ ਜਿਸ ਨੇ ਆਪ ਕੋਈ ਪਾਪ ਨਾ ਕੀਤਾ ਹੋਵੇ।’ ਬਾਬੇ ਨਾਨਕ ਨੂੰ ਰਾਕਸ਼ ਵਿਚ ਵੀ ਤੇ ਭਾਈ ਲਾਲੋ ਵਿਚ ਵੀ ਰੱਬ ਨਜ਼ਰ ਆਇਆ। ਕੀ ਉਹ ਇਕ ਪਲ ਵਾਸਤੇ ਵੀ ਇਸ ਤਰ੍ਹਾਂ ਦੇ ਸਲੂਕ ਨੂੰ ਪ੍ਰਵਾਨਗੀ ਦੇਣਗੇ?  ਜੇ ਤੁਸੀਂ ਬਾਬੇ ਨਾਨਕ ਦੀ ਗੱਲ ਨਹੀਂ ਹੀ ਮੰਨਣੀ ਤੇ ਅਪਣੀ ਹੀ ਚਲਾਈ ਜਾਣੀ ਹੈ ਤਾਂ ਤੁਹਾਡੀ ਮਰਜ਼ੀ। ਉਨ੍ਹਾਂ ਦੀ ਰੂਹ ਤਾਂ ਹਰ ਰੋਜ਼ ਉਨ੍ਹਾਂ ਦੀ ਲਿਖੀ ਸੋਚ ਦੀ ਬੇਅਦਬੀ ਹਰ ਸਿੱਖ ਵਲੋਂ ਝੇਲਦੀ ਹੈ।

ਕਦੇ ਜਾਤ-ਪਾਤ ਦੇ ਨਾਮ, ਕਦੀ ਔਰਤਾਂ ਨੂੰ ਛੋਟਾ ਵਿਖਾਉਣ ਤੇ ਕਦੇ ਗ਼ਰੀਬਾਂ ਦੀ ਹਾਲਤ ਪ੍ਰਤੀ ਬੇਰੁਖ਼ੀ ਵੇਖ ਕੇ, ਕਦੇ ਦਿਖਾਵੇ ਤੇ ਅੰਧ ਵਿਸ਼ਵਾਸ ਨਾਲ ਉਨ੍ਹਾਂ ਦੀ ਸੋਚ ਦੀ ਬੇਅਦਬੀ ਹਰ ਪਲ ਸਿੱਖਾਂ ਵਲੋਂ ਹੀ ਹੁੰਦੀ ਹੈ। ਉਨ੍ਹਾਂ ਕਦੇ ਕਠੋਰਤਾ ਨਹੀਂ ਵਿਖਾਈ ਤੇ ਤੁਸੀਂ ਪੁਲਸੀਆ ਪਹੁੰਚ ਅਪਣਾ ਕੇ ਉਨ੍ਹਾਂ ਤੋਂ ਹੋਰ ਦੂਰ ਹੋ ਗਏ ਹੋ। ਸਿੱਖ ਛਵੀ ਖ਼ਰਾਬ ਕਰਨ ਦੀ ਸਾਜ਼ਸ਼ ਨੂੰ ਕਾਮਯਾਬ ਕਰ ਗਏ ਹੋ। ਸੌਦਾ ਸਾਧ ਦਾ ਪਾਪ ਛੋਟਾ ਨਹੀਂ ਸੀ, ਉਸ ਨੂੰ ਤਾਂ ਮਾਫ਼ ਕਰ ਦਿਤਾ ਤੇ ਇਕ ਕਰੋੜ ਦੀ ਇਸ਼ਤਿਹਾਰਬਾਜ਼ੀ ਕਰ ਕੇ ਇਸ ਤੇ ਫ਼ਖ਼ਰ ਪ੍ਰਗਟਾਇਆ ਪਰ ਨਿਹੱਥੇ ਬੇਮਾਲੂਮੇ ਗ਼ਰੀਬ ‘ਪਾਪੀਆਂ’ ਨਾਲ ਵਖਰਾ ਸਲੂਕ ਕਿਉਂ? ਮੱਸਾ ਰੰਘੜ ਤੇ ਇਨ੍ਹਾਂ ਨਿਹੱਥਿਆਂ ਵਿਚ ਫ਼ਰਕ ਸਮਝਾਉਣ ਦੀ ਲੋੜ ਤਾਂ ਨਹੀਂ ਹੋਣੀ ਚਾਹੀਦੀ।                                                                   -ਨਿਮਰਤ ਕੌਰ