‘ਈਸਾਈ ਬਾਬੇ’ ਨਾਟਕ ਰਚਾ ਕੇ ਧਰਮ ਦਾ ਸਰਵਨਾਸ਼ ਕਰਨਗੇ ਜਾਂ ਪ੍ਰਚਾਰ?
ਉਨ੍ਹਾਂ ਅੰਦਰ ਨਾਬਰਾਬਰੀ ਹੋਰ ਤਰ੍ਹਾਂ ਦੀ ਹੈ ਪਰ ਹੈ ਜ਼ਰੂਰ!
ਇਕ ਵੀਡੀਉ ਸੋਸ਼ਲ ਮੀਡੀਆ ’ਤੇ ਚਲ ਰਿਹਾ ਹੈ ਜਿਥੇ ਇਕ ਸ਼ਖ਼ਸ ਜੋ ਅਪਣੇ ਆਪ ਨੂੰ ਪਾਦਰੀ ਆਖਦਾ ਹੈ, ਸਾਹਮਣੇ ਬੈਠੇ ਸ਼ਰਧਾਲੂਆਂ ਨੂੰ ਅਪਣੇ ਆਪ ਨੂੰ ਈਸਾ ਮਸੀਹ ਨੂੰ ਸਮਰਪਣ ਕਰਨ ਵਾਸਤੇ ਪ੍ਰੇਰਿਤ ਕਰ ਰਿਹਾ ਹੈ। ਇਹ ਨਾਟਕ ਇਕ ਬੈਰੀਕੇਡ ਦੇ ਅੰਦਰ ਰਚਿਆ ਗਿਆ ਤੇ ਬਾਹਰ ਇਕ ਵੱਡਾ ਇਕੱਠ ਇਨ੍ਹਾਂ ਨੂੰ ਵੇਖ ਰਿਹਾ ਸੀ। ਇਸ ਪਾਦਰੀ ਦੇ ਸਾਹਮਣੇ ਕਈ ਨੌਜਵਾਨ ਮੁੰਡੇ-ਕੁੜੀਆਂ ਅਜੀਬ ਤਰੀਕੇ ਨਾਲ ਤੜਫ਼ ਰਹੇ ਹਨ ਤੇ ਅਜੀਬ ਢੰਗ ਨਾਲ ਲੱਤਾਂ ਬਾਹਵਾਂ ਮਾਰਦੇ ਹੋਏ ਜ਼ਮੀਨ ’ਤੇ ਲੰਮੇ ਪਏ ਸਨ।
ਇਸ ਵੀਡੀਉ ਵਿਚ ਕੁੱਝ ਦਸਤਾਰ ਸਜਾਈ ਨੌਜਵਾਨ ਵੀ ਸਨ ਜਿਨ੍ਹਾਂ ਵਲ ਵੇਖ ਕੇ ਸਿੱਖ ਸਮਾਜ ਵਿਚ ਗੁੱਸਾ ਵਧਿਆ ਹੈ ਪਰ ਗੁੱਸਾ ਤੇ ਖ਼ੌਫ ਅੱਜ ਨਾ ਸਿਰਫ਼ ਸਿੱਖਾਂ ਜਾਂ ਹਿੰਦੂਆਂ ਨੂੰ ਹੋਣਾ ਚਾਹੀਦਾ ਹੈ ਬਲਕਿ ਈਸਾਈ ਜਗਤ ਵਿਚ ਵੀ ਹੋਣਾ ਚਾਹੀਦਾ ਹੈ। ਇਸ ਵੀਡੀਉ ਰਾਹੀਂ ਧਰਮ ਪ੍ਰਚਾਰ ਨਹੀਂ ਹੋ ਸਕਦਾ, ਅੰਧ-ਵਿਸ਼ਵਾਸ ਤੇ ਧਰਮ ਦੇ ਨਾਂ ਤੇ ਠੱਗੀ ਦਾ ਪ੍ਰਚਾਰ ਹੀ ਹੋਵੇਗਾ ਜਿਸ ਲਈ ਭਾਰਤੀ ਨਕਲੀ ਬਾਬੇ ਪਹਿਲਾਂ ਹੀ ਜਾਣੇ ਜਾਂਦੇ ਹਨ। ਧਰਮ ਪ੍ਰਚਾਰ, ਫ਼ਲਸਫ਼ੇ ਅਤੇ ਗਿਆਨ ਦੀ ਗੰਭੀਰ ਚਰਚਾ ਨਾਲ ਹੁੰਦਾ ਹੈ, ਨਾਟਕੀ ਪਖੰਡਵਾਦ ਨਾਲ ਨਹੀਂ।
ਇਕ ਪਾਸੇ ਇਹ ਹਾਲ ਹੈ ਕਿ ਅੱਜ ਕਈ ਲੋਕ ਈਸਾਈ ਧਰਮ ਨੂੰ ਅਪਣਾ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਭਾਰਤ ਦੀ ਧਰਤੀ ਤੇ, ਜੋ ਬਰਾਬਰੀ ਦਾ ਰੁਤਬਾ ਅਪਣੇ ਧਰਮ ਵਿਚ ਨਹੀਂ ਮਿਲਦਾ, ਉਹ ਈਸਾਈ ਧਰਮ ਵਿਚ ਮਿਲ ਜਾਂਦਾ ਹੈ। ਭਾਵੇਂ ਸਿੱਖ ਧਰਮ ਵਿਚ ਜ਼ਾਤ-ਪਾਤ ਨਹੀਂ ਹੈ, ਧਰਮ ਦੇ ਠੇਕੇਦਾਰਾਂ ਨੇ ਜ਼ਾਤ ਦੇ ਨਾਂ ’ਤੇ ਗੁਰੂਧਾਮਾਂ ਤੋਂ ਲੈ ਕੇ ਸ਼ਮਸ਼ਾਨਘਾਟ ਤਕ ਜਾਤ ਅਧਾਰਤ ਦੂਰੀਆਂ ਬਣਾ ਕੇ ਅੱਜ ਸਿੱਖ ਨੂੰ ਵੀ ਈਸਾਈ ਬਾਬਿਆਂ (ਠੱਗਾਂ) ਦੇ ਦਰਵਾਜ਼ੇ ਵਲ ਧੱਕ ਦਿਤਾ ਹੈ ਭਾਵੇਂ ਕਿ ਅਜਿਹੇ ‘ਨਵੇਂ ਈਸਾਈ’ ਇਹ ਨਹੀਂ ਜਾਣਦੇ ਕਿ ਈਸਾਈ ਜਗਤ ਜਾਤ-ਪਾਤ ਤੋਂ ਵੀ ਵੱਡੇ ਕੋਹੜ ਰੰਗ-ਭੇਦ ਤੋਂ ਪੀੜਤ ਹੈ ਤੇ ਕਾਲੇ ਰੰਗ ਵਾਲਿਆਂ ਨੂੰ ਉਥੇ ਵੀ ਬਰਾਬਰੀ ਨਹੀਂ ਮਿਲਦੀ। ਅਮਰੀਕਾ ਦੇ ਨੀਗਰੋਆਂ ਤੇ ਉਥੇ ਰਹਿੰਦੇ ਭਾਰਤੀਆਂ ਨੂੰ ਪੁਛ ਸਕਦੇ ਹਾਂ। ਆਰਥਕ ਨਾਬਰਾਬਰੀ ਵੀ ਈਸਾਈ ਜਗਤ ਵਿਚ ਸੱਭ ਤੋਂ ਜ਼ਿਆਦਾ ਹੈ ਤੇ ਦੁਨੀਆਂ ਨੂੰ ਖੱਬੂ-ਸੱਜੂ ਵਿਚ ਉਨ੍ਹਾਂ ਨੇ ਹੀ ਵੰਡਿਆ ਹੈ। ਘਰਾਂ ਵਿਚ ‘ਗ਼ੁਲਾਮ’ ਬਣਾ ਕੇ ਮਨੁੱਖਾਂ ਨੂੰ ਜਾਨਵਰਾਂ ਵਾਂਗ ਰੱਖਣ ਦੀ ਗ਼ੁਲਾਮੀ ਦੀ ਪ੍ਰਥਾ ਵੀ ਈਸਾਈ ਜਗਤ ਵਿਚ ਹੀ ਸ਼ੁਰੂ ਹੋਈ ਸੀ।
ਜਿਹੜਾ ਪੱਖ ਇਸ ਵੀਡੀਉ ਵਿਚ ਵਿਖਾਇਆ ਜਾ ਰਿਹਾ ਹੈ, ਉਸ ਨਾਲ ਈਸਾਈ ਧਰਮ ਵਾਲਿਆਂ ਨੂੰ ਵੀ ਤਕਲੀਫ਼ ਹੋਣੀ ਚਾਹੀਦੀ ਹੈ ਕਿਉਂਕਿ ਇਹ ਵੀਡੀਉ ਮਨੁੱਖ ਨੂੰ ਧਰਮ ਨਾਲ ਨਹੀਂ, ਬਲਕਿ ਧਰਮ ਨੂੰ ਠੱਗਾਂ ਨਾਲ ਜੋੜਦੀ ਹੈ। ਬੈਰੀਅਰ ਦੇ ਅੰਦਰ ਵੱਖ-ਵੱਖ ਧਰਮਾਂ ਦੇ ਮੁੰਡੇ-ਕੁੜੀਆਂ ਆਸ-ਪਾਸ ਖੜੇ ਵੇਖਦੇ ਹੋਏ ਲੋਕਾਂ ਲਈ ਨਾਟਕ ਖੇਡ ਰਹੇ ਹਨ। ਇਸ ਤਰ੍ਹਾਂ ਈਸਾ ਮਸੀਹ ਜਾਂ ਰੱਬ ਦੇ ਕਿਸੇ ਰੂਪ ਦਾ ਰਸਤਾ ਨਹੀਂ ਮਿਲਣਾ ਪਰ ਇਹ ਲੋਕ ਧਰਮ ਦਾ ਨਾਂ ਲੈ ਕੇ, ਅਪਣੇ ਦਰਸ਼ਕਾਂ ਵਾਸਤੇ ਇਕ ਨਾਟਕ ਰਚਣ ਦੀ ਕੁਚਾਲ ਹੀ ਖੇਡ ਰਹੇੇ ਹੁੰਦੇ ਹਨ। ਉਦਾਹਰਣ ਵਜੋਂ ਜਦ ਇਕ ਦਸਤਾਰ ਸਜਿਆ ਮੁੰਡਾ ਇਸ ਤਰ੍ਹਾਂ ਗਿੜ-ਗਿੜਾਉਂਦਾ ਹੈ ਤੇ ਆਖਦਾ ਹੈ ਕਿ ਹੁਣ ਮੈਂ ਠੀਕ ਹੋ ਗਿਆ ਹਾਂ ਜਾਂ ਮੈਨੂੰ ਨੌਕਰੀ ਮਿਲ ਗਈ ਹੈ ਤਾਂ ਉਹ ਨਾਟਕ ਦੇ ਦਰਸ਼ਕਾਂ ਲਈ ਇਕ ਇਸ਼ਤਿਹਾਰ ਵਾਂਗ ਕੰਮ ਕਰਦਾ ਹੈ।
ਆਲੀਆ ਭੱਟ ਕਦੇ ਮਿੱਠਾ ਨਹੀਂ ਖਾਂਦੀ ਪਰ ਇਸ਼ਤਿਹਾਰ ਵਾਸਤੇ ਉਹ ਚਾਕਲੇਟ ਮਜ਼ੇ ਨਾਲ ਖਾਂਦੀ ਵਿਖਾਈ ਜਾਂਦੀ ਹੈ ਤਾਂ ਚਾਕਲੇਟ ਦੀ ਵਿਕਰੀ ਵੱਧ ਜਾਂਦੀ ਹੈ। ਤੇ ਜਦ ਨਿਰਾਸ਼ ਤੇ ਉਦਾਸ ਲੋਕ ਕਿਸੇ ਬਹਿਰੂਪੀਏ ਅੱਗੇ ਮੱਥਾ ਟੇਕਦੇ ਹਨ ਤਾਂ ਨਾਟਕੀ ਢੰਗ ਨਾਲ ਉਨ੍ਹਾਂ ਦੀ ਗੋਲਕ ਵਿਚ ਧਨ ਆ ਜਾਂਦਾ ਹੈ। ਆਸਾ ਰਾਮ, ਰਾਧੇ ਮਾਂ, ਸੌਧਾ ਸਾਧ ਵਾਂਗ ਹੁਣ ਈਸਾਈ ਬਾਬੇ ਜਾਂ ਬਹਿਰੂਪੀਆਂ ਨੇ ਇਕ ਨਵਾਂ ਕਾਰੋਬਾਰ ਸ਼ੁਰੂ ਕੀਤਾ ਹੈ। ਕਰਦੇ ਇਹ ਲੋਕ ਵੀ ਉਹੀ ਕੁੱਝ ਹਨ ਜੋ ਬਾਕੀ ਕਰਦੇ ਸਨ, ਬਸ ਇਹ ਨਵਾਂ ਰੂਪ ਧਾਰ ਕੇ ਤੇ ਨਵੀਂ ਨਾਟਕੀ ਤਕਨੀਕ ਨਾਲ ਲੈਸ ਹੋ ਕੇ ਆਏ ਹਨ, ਭਾਵੇਂ ਧਰਮ ਦੇ ਨਾਂ ’ਤੇ ਇਹ ਭੋਲੇ ਭਾਲੇ ਲੋਕਾਂ ਨੂੰ ਮੂਰਖ ਉਸ ਤਰ੍ਹਾਂ ਹੀ ਬਣਾਉਂਦੇ ਹਨ ਜਿਸ ਤਰ੍ਹਾਂ ਸਦੀਆਂ ਤੋਂ ਬਹਿਰੂਪੀਏ ਧਰਮੀ ਬਾਬੇ ਕਰਦੇ ਆਏ ਹਨ।
ਧਰਮ ਦੇ ਪ੍ਰਚਾਰ ਦੇ ਨਾਂ ਤੇ, ਭਾਰਤੀ ਬਾਬਿਆਂ ਦੀ ਤਰ੍ਹਾਂ ਹੀ, ਧਰਮ ਦਾ ਸਰਵਨਾਸ਼ ਕਰਨ ਦੇ ਇਹ ਮਾਹਰ ਹਨ। ਪਰ ਕਿਉਂਕਿ ਅਸੀ ਭਾਰਤੀ ਬਾਬਾਵਾਦ ਦੇ ਵਪਾਰ ਨੂੰ ਬੰਦ ਨਹੀਂ ਕਰ ਸਕੇ, ਇਸੇ ਲਈ ਇਹ ਸੋਚਦੇ ਹਨ ਕਿ ਪਛਮੀ ਤਕਨੀਕਾਂ ਵਰਤ ਕੇ ਇਹ ਵੀ ਕਾਮਯਾਬ ਹੋ ਹੀ ਜਾਣਗੇ। ਧਰਮ ਪ੍ਰਚਾਰ, ਵਿਚਾਰਧਾਰਾ ਤੇ ਫ਼ਲਸਫ਼ੇ ਦਾ ਨਵਾਂਪਨ ਦਸ ਕੇ ਹੁੰਦਾ ਹੈ, ਝੂਠੇ ਨਾਟਕ ਕਰ ਕੇ ਧਰਮ ਪ੍ਰਚਾਰ ਨਹੀਂ ਹੁੰਦਾ। ਅੰਧ-ਵਿਸ਼ਵਾਸ ਦਾ ਨਵਾਂ ਰੂਪ ਪੇਸ਼ ਕਰ ਕੇ ਧਰਮ ਦਾ ਸਤਿਆਨਾਸ ਹੀ ਕੀਤਾ ਜਾ ਸਕਦਾ ਹੈ, ਜੋ ਪਹਿਲਾਂ ਹੀ ਬਹੁਤ ਹੋ ਰਿਹਾ ਹੈ।
- ਨਿਮਰਤ ਕੌਰ