ਭਗਵੰਤ ਮਾਨ ਨੇ ਸ਼ਰਾਬ ਛੱਡੀ!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

'ਆਪ' ਦੀ ਬਰਨਾਲਾ ਰੈਲੀ ਵਿਚ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਅਪਣੀ ਮਾਂ ਦਾ ਨਾਂ ਲੈਂਦਿਆਂ ਸ਼ਰਾਬ ਛੱਡਣ ਦੀ ਸਹੁੰ ਖਾਧੀ ਹੈ। ਕੇਜਰੀਵਾਲ ਨੇ ਇਸ ਨੂੰ ਕੁਰਬਾਨੀ ਆਖਿਆ.....

Bhagwant Maan

'ਆਪ' ਦੀ ਬਰਨਾਲਾ ਰੈਲੀ ਵਿਚ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਅਪਣੀ ਮਾਂ ਦਾ ਨਾਂ ਲੈਂਦਿਆਂ ਸ਼ਰਾਬ ਛੱਡਣ ਦੀ ਸਹੁੰ ਖਾਧੀ ਹੈ। ਕੇਜਰੀਵਾਲ ਨੇ ਇਸ ਨੂੰ ਕੁਰਬਾਨੀ ਆਖਿਆ ਪਰ ਇਸ ਕੁਰਬਾਨੀ ਦੀ ਜ਼ਰੂਰਤ ਕਿਉਂ ਪਈ? ਅੱਜ ਭਗਵੰਤ ਮਾਨ ਨੂੰ ਸਿਆਸਤ ਵਿਚ ਆਏ ਨੂੰ ਪੰਜ ਸਾਲ ਹੋ ਚੁੱਕੇ ਹਨ। ਉਨ੍ਹਾਂ ਨੂੰ ਮੌਕਾ ਮਿਲਿਆ ਹੈ ਅਤੇ ਹੁਣ ਮਾਂ ਜਾਂ ਜਜ਼ਬਾਤ ਨੂੰ ਨਹੀਂ ਸਗੋਂ ਉਨ੍ਹਾਂ ਦਾ ਕੀਤਾ ਕੰਮ ਬੋਲਣਾ ਚਾਹੀਦਾ ਹੈ। ਮਾਂ ਦਾ ਸਹਾਰਾ ਬੱਚੇ ਲੈਂਦੇ ਹਨ। ਮਾਂ ਦੀ ਗੋਦ ਵਿਚ ਮੂੰਹ ਲੁਕਾਉਂਦੇ ਹਨ ਪਰ ਇਕ ਸਮਾਂ ਆਉਣਾ ਚਾਹੀਦਾ ਹੈ

ਜਦ ਉਹ ਇਨਸਾਨ, ਖ਼ਾਸ ਕਰ ਕੇ ਇਕ ਸਿਆਸਤਦਾਨ, ਏਨਾ ਵੱਡਾ ਹੋ ਜਾਵੇ ਕਿ ਉਹ ਅਪਣੇ ਕੰਮ ਦੇ ਸਿਰ ਤੇ ਲੋਕਾਂ ਦਾ ਸਾਹਮਣਾ ਕਰ ਸਕੇ। ਜਦੋਂ ਮੋਦੀ ਜੀ ਨੇ ਅਪਣੀ ਮਾਂ ਨੂੰ ਨੋਟਬੰਦੀ ਵੇਲੇ ਬੈਂਕ ਦੀ ਕਤਾਰ ਵਿਚ ਖੜਾ ਕਰ ਦਿਤਾ ਸੀ, ਤਾਂ ਵੀ ਲੋਕ ਨਾਰਾਜ਼ ਹੋਏ ਸਨ। ਮਾਂ ਨੇ ਪਾਲ-ਪੋਸ ਕੇ ਵੱਡਾ ਕਰ ਦਿਤਾ, ਹੁਣ ਤਾਂ ਮਾਂ ਦਾ ਸਹਾਰਾ ਛੱਡ ਦੇਵੋ। ਭਗਵੰਤ ਮਾਨ ਨੇ ਲੋਕ ਸਭਾ ਵਿਚ ਵਿਰੋਧੀ ਧਿਰ ਵਿਚ ਹੁੰਦੇ ਹੋਏ ਅਪਣੀ ਅਦਾਕਾਰੀ ਵਿਚਲੇ ਤਜਰਬੇ ਦੇ ਸਹਾਰੇ ਅਪਣੀ ਆਵਾਜ਼ ਬੁਲੰਦ ਕੀਤੀ ਹੈ। ਪੰਜਾਬ ਦੇ ਮੁੱਦਿਆਂ ਉਤੇ ਰੌਸ਼ਨੀ ਪਾਈ ਹੈ।

ਉਨ੍ਹਾਂ ਨੇ ਅਪਣੇ ਐਮ.ਪੀ.ਐਲ.ਏ. ਫ਼ੰਡ ਦੀ ਪੂਰੀ ਵਰਤੋਂ ਕਰ ਕੇ ਅਪਣੀ ਪੂਰੀ ਸਮਰੱਥਾ ਨਾਲ ਸੰਸਦ ਮੈਂਬਰ ਦਾ ਕੰਮ ਕੀਤਾ ਹੈ। ਉਨ੍ਹਾਂ ਦੀ ਕਾਰਗੁਜ਼ਾਰੀ ਕਈ ਅਜਿਹੇ ਸੀਨੀਅਰ ਸੰਸਦ ਮੈਂਬਰਾਂ ਤੋਂ ਕਿਤੇ ਵਧੀਆ ਸਾਬਤ ਹੋਈ ਹੈ ਜੋ ਪਾਰਲੀਮੈਂਟ ਵਿਚ ਅਪਣਾ ਮੂੰਹ ਤਕ ਨਹੀਂ ਖੋਲ੍ਹਦੇ। ਇਨ੍ਹਾਂ ਹਾਲਾਤ ਵਿਚ ਮਾਨ ਨੇ ਅਪਣੀ ਸ਼ਰਾਬ ਦੀ ਆਦਤ ਨੂੰ ਛਡਣਾ ਜ਼ਰੂਰੀ ਕਿਉਂ ਸਮਝਿਆ, ਮਾਂ ਦੇ ਸਹਾਰੇ ਦੀ ਲੋੜ ਕਿਉਂ ਪਈ? ਕੀ 'ਆਪ' ਇਸ ਵਾਰ ਲੋਕਾਂ ਦੇ ਦਿਲ ਦੀ ਨਿਰਾਸ਼ਾ ਤੋਂ ਜਾਣੂ ਹੈ ਜਿਸ ਕਾਰਨ ਇਸ ਤਰ੍ਹਾਂ ਦੇ ਭਾਵੁਕ ਢੰਗ ਤਰੀਕੇ ਅਪਣਾ ਰਹੀ ਹੈ?  - ਨਿਮਰਤ ਕੌਰ