ਪੜ੍ਹਾਈ ’ਚ ਮੁੰਡੇ ਪਿਛੇ ਕਿਉਂ ਰਹਿ ਰਹੇ ਨੇ ਤੇ ਕੁੜੀਆਂ ਕਿਉਂ ‘IELTS’ ਕਰ ਕੇ ਵਿਦੇਸ਼ ਭੱਜ ਜਾਂਦੀਆਂ..
ਪੰਜਾਬ ਦੀ ਸੱਭ ਤੋਂ ਵਡੀ ਚਿੰਤਾ ਹੀ ਨਿਰਾਸ਼ਾ ਵਿਚ ਡੁਬਦੀ ਜਾ ਰਹੀ ਨਵੀਂ ਪੀੜ੍ਹੀ ਹੈ ਜਾਂ ਨਸ਼ੇ ਵਿਚ ਰੁਲਦੀ ਜਾ ਰਹੀ ਨੌਜਵਾਨੀ ਹੈ।
ਅੱਜ ਪੰਜਾਬ ਦੀ ਹਰ ਸਿਆਸੀ ਪਾਰਟੀ ਅਪਣੇ ਚੋਣ ਮੈਨੀਫ਼ੈਸਟੋ ਵਿਚ ਨੌਜਵਾਨ ਵਰਗ ਨੂੰ ਅੱਗੇ ਰੱਖਣ ਦੀਆਂ ਯੋਜਨਾਵਾਂ ਬਣਾਉਣ ਦੇ ਐਲਾਨ ਕਰ ਰਹੀ ਹੈ। ਜਿਹੜੇ ਮੁੱਦੇ ਹਰ ਸਿਆਸੀ ਮੰਚ ਤੋਂ ਚੁੱਕੇ ਜਾ ਰਹੇ ਹਨ, ਉਹ ਹਨ ਸਿਖਿਆ, ਬੇਰੋਜ਼ਗਾਰੀ ਤੇ ਨਸ਼ੇ ਦੇ ਮੁੱਦੇ। ਹਰ ਮੈਨੀਫ਼ੈਸਟੋ ਇਨ੍ਹਾਂ ਬਾਰੇ ਹੀ ਗੱਲ ਕਰ ਰਿਹਾ ਹੈ। ਇਹੀ ਵਜ੍ਹਾ ਹੈ ਕਿ ਸੋਸ਼ਲ ਮੀਡੀਆ ਵੀ ਅਪਣੀ ਆਵਾਜ਼ ਚੁਕਦਾ ਆ ਰਿਹਾ ਹੈ। ਪੰਜਾਬ ਦੀ ਸੱਭ ਤੋਂ ਵਡੀ ਚਿੰਤਾ ਹੀ ਨਿਰਾਸ਼ਾ ਵਿਚ ਡੁਬਦੀ ਜਾ ਰਹੀ ਨਵੀਂ ਪੀੜ੍ਹੀ ਹੈ ਜਾਂ ਨਸ਼ੇ ਵਿਚ ਰੁਲਦੀ ਜਾ ਰਹੀ ਨੌਜਵਾਨੀ ਹੈ।
ਪਰ ਦੂਜੇ ਪਾਸੇ ਅਜਿਹੇ ਅੰਕੜੇ ਵੀ ਸਾਹਮਣੇ ਆ ਰਹੇ ਹਨ ਜੋ ਦਰਸਾਉਂਦੇ ਹਨ ਕਿ ਕੋਈ ਸੁਧਾਰ ਲਿਆਣਾ ਚਾਹੇ ਤਾਂ ਤਸਵੀਰ ਇੰਨੀ ਧੁੰਦਲੀ ਵੀ ਨਹੀਂ। ਇਸ ਵਾਰ 10 ਲੱਖ ਨਵਾਂ ਵੋਟਰ ਚੋਣਾਂ ਵਿਚ ਸ਼ਾਮਲ ਹੋਣ ਯੋਗ ਹੋ ਗਿਆ ਹੈ ਪਰ ਉਸ ’ਚੋਂ ਸਿਰਫ਼ 30 ਫ਼ੀ ਸਦੀ ਹੀ ਅਪਣੀ ਵੋਟ ਦੇਣ ਵਾਸਤੇ ਰਜਿਸਟਰ ਹੋਏ ਹਨ। ਇਸੇ ਤਰ੍ਹਾਂ 20-29 ਸਾਲ ਉਮਰ ਦੀ 59 ਲੱਖ ਆਬਾਦੀ ’ਚੋਂ ਸਿਰਫ਼ 67.7 ਫ਼ੀ ਸਦੀ ਰਜਿਸਟਰ ਹੋਏ ਹਨ। 2019 ਦੀਆਂ ਲੋਕ ਸਭਾ ਚੋਣਾਂ ਵਿਚ ਵੀ ਸਿਰਫ਼ 47 ਫ਼ੀ ਸਦੀ ਨੌਜਵਾਨਾਂ ਨੇ ਅਪਣੀ ਵੋਟ ਪਾਈ ਸੀ।
ਹੁਣ ਜੇ ਨੌਜਵਾਨਾਂ ਨੂੰ ਪੁਛਿਆ ਜਾਵੇ ਕਿ ਉਹ ਕਿਉਂ ਅਪਣੀ ਵੋਟ ਦੀ ਤਾਕਤ ਦਾ ਇਸਤੇਮਾਲ ਨਹੀਂ ਕਰਨਾ ਚਾਹੁੰਦੇ ਤਾਂ ਉਹ ਕਹਿਣਗੇ ਕਿ ਪੰਜਾਬ ਵਿਚ ਕੀ ਰਖਿਆ ਹੈ? ਪੰਜਾਬ ਵਿਚ ਤਾਂ ਨਸ਼ੇ ਹਨ। ਪੰਜਾਬ ਦੀ ਸਿਆਸਤ ਖ਼ਰਾਬ ਹੈ ਤੇ ਹੋਰ ਵੀ ਬਹੁਤ ਕੁੱਝ। ਮਾਹਰ ਆਖਣਗੇ ਪੰਜਾਬ ਦੀ ਜਵਾਨੀ ਨਿਰਾਸ਼ ਹੈ ਤੇ ਵਿਦੇਸ਼ਾਂ ਵਲ ਭੱਜ ਰਹੀ ਹੈ ਕਿਉਂਕਿ ਸਾਡਾ ਸਿਸਟਮ ਹੀ ਖ਼ਰਾਬ ਹੈ। ਪਰ ਤੁਹਾਨੂੰ ਜਾਹਨ.ਐਫ਼ ਕੈਨੇਡੀ ਦੇ ਲਫ਼ਜ਼ ਯਾਦ ਕਰਵਾਉਂਦੇ ਹਾਂ, ‘‘ਇਹ ਨਾ ਪੁੱਛੋ ਕਿ ਦੇਸ਼ ਤੁਹਾਡੇ ਵਾਸਤੇ ਕੀ ਕਰ ਸਕਦਾ ਹੈ, ਇਹ ਪੁੱਛੋ ਕਿ ਤੁਸੀਂ ਦੇਸ਼ ਵਾਸਤੇ ਕੀ ਕਰ ਸਕਦੇ ਹੋ।’’
ਤੇ ਇਹੀ ਸੋਚ ਅੱਜ ਤੋਂ 100 ਸਾਲ ਪਹਿਲਾਂ ਪੰਜਾਬ ਦੇ ਨੌਜਵਾਨਾਂ ਵਿਚ ਵੀ ਉਠੀ। ਉਹ ਆਖਦੇ ਸਨ ਕਿ ਅਸੀਂ ਅਪਣੀ ਜਾਨ ਕੁਰਬਾਨ ਕਰ ਕੇ ਵੀ ਦੇਸ਼ ਵਾਸਤੇ ਆਜ਼ਾਦੀ ਲੈ ਕੇ ਆਵਾਂਗੇ। ਫਾਂਸੀ ਚੜ੍ਹਨ ਵਾਲਿਆਂ ਨੇ ਇਹ ਨਹੀਂ ਆਖਿਆ ਸੀ ਕਿ ਸਾਡੇ ਪ੍ਰਵਾਰਾਂ ਨੂੰ ਸਰਕਾਰੀ ਨੌਕਰੀ ਦੇ ਦੇਣੀ ਜਾਂ ਮੰਤਰੀ ਬਣਾ ਦੇਣਾ। ਸਾਡੇ ਅੱਜ ਦੇ ਨੌਜਵਾਨ ਅਪਣੇ ਹੱਕ ਵਾਸਤੇ ਲੜਨ ਲਗਿਆਂ ਵੀ ਸਰਕਾਰੀ ਨੌਕਰੀ ਪਹਿਲਾਂ ਮੰਗਦੇ ਹਨ। ਅੱਜ ਸਿਖਿਆ ਨੂੰ ਲੈ ਕੇ ਬੜੀ ਚਰਚਾ ਹੋ ਰਹੀ ਹੈ। ਮੰਨ ਲਿਆ ਕਿ ਸਿਖਿਆ ਦਾ ਮਿਆਰ ਅਮਰੀਕਾ ਵਰਗਾ ਨਹੀਂ ਪਰ ਅਮਰੀਕਾ ਨੂੰ ਆਜ਼ਾਦੀ 17ਵੀਂ ਸਦੀ ਤੋਂ ਮਿਲੀ ਹੋਈ ਹੈ।
ਭਾਰਤ ਨੂੰ ਆਜ਼ਾਦੀ ਮਿਲਿਆਂ ਇਕ ਸਦੀ ਵੀ ਨਹੀਂ ਹੋਈ। ਦੂਜੀ ਗੱਲ ਕੁੜੀਆਂ ਜਦ ਇਨ੍ਹਾਂ ਸਕੂਲਾਂ ’ਚੋਂ ਪੜ੍ਹ ਕੇ ਜਾਂਦੀਆਂ ਹਨ ਤਾਂ ਉਹ ਆਈਲੈਟਸ ਵੀ ਕਰ ਲੈਂਦੀਆਂ ਹਨ, ਵਿਦੇਸ਼ਾਂ ਵਿਚ ਨੌਕਰੀਆਂ ਵੀ ਪ੍ਰਾਪਤ ਕਰ ਲੈਂਦੀਆਂ ਹਨ, ਪਰ ਸਾਡੇ ਮੁੰਡੇ ਆਈਲੈਟਸ ਵੀ ਨਹੀਂ ਕਰ ਪਾਉਂਦੇ ਤੇ ਵਿਦੇਸ਼ ਜਾਣ ਵਾਸਤੇ ਕੁੜੀਆਂ ਦਾ ਸਹਾਰਾ ਲਭਦੇ ਫਿਰਦੇ ਹਨ ਤੇ ਉਥੇ ਜਾ ਕੇ ਜ਼ਿਆਦਾਤਰ ਮੁੰਡੇ ਟੈਕਸੀਆਂ ਤੇ ਟਰੱਕ ਹੀ ਚਲਾਉਂਦੇ ਫਿਰਦੇ ਹਨ। ਜੇ ਕੁੜੀਆਂ ਉਸੇ ਸਿਸਟਮ ’ਚ ਲੱਗ ਕੇ ਕੁੱਝ ਵਖਰਾ ਕਰ ਜਾਂਦੀਆਂ ਹਨ ਤਾਂ ਨੌਜਵਾਨ ਮੁੰਡੇ ਕਿਉਂ ਨਹੀਂ ਕਰ ਸਕਦੇ? ਫਿਰ ਕਮਜ਼ੋਰੀ ਸਿਰਫ਼ ਸਿਖਿਆ ਦੇ ਸਿਸਟਮ ਵਿਚ ਹੀ ਹੈ ਜਾਂ ਕੁੱਝ ਹੋਰ ਕਾਰਨ ਵੀ ਹੈ?
ਨਸ਼ੇ, ਗੁੰਡਾ ਗਰਦੀ, ਬੰਦੂਕਾਂ, ਅਸ਼ਲੀਲਤਾ, ਬਲਾਤਕਾਰ ਦੇ ਮਾਮਲਿਆਂ ਵਿਚ ਮੁੰਡੇ ਹੀ ਕਿਉਂ ਫਸਦੇ ਹਨ? ਮੁੰਡੇ ਸਰਕਾਰੀ ਨੌਕਰੀ ਹੀ ਕਿਉਂ ਪੰਸਦ ਕਰਦੇ ਹਨ ਪਰ ਅਪਣਾ ਕੰਮ ਕਰਨ ਤੋਂ ਕਤਰਾਉਂਦੇ ਕਿਉਂ ਹਨ? ਕਿਉਂ ਸਾਡੀ ਜਵਾਨੀ ਇਕ ਸੌਖਾ ਤੇ ਆਸਾਨ ਰਾਹ ਹੀ ਮੰਗਦੀ ਹੈ? ਜੇ ਉਹ ਸਿਸਟਮ ਤੋਂ ਅਪਣੇ ਲਈ ਸੁਧਾਰ ਮੰਗਦੇ ਹਨ ਤਾਂ ਉਹ ਇਕ ਵੋਟ ਪਾਉਣ ਦੀ ਜ਼ਹਿਮਤ ਵੀ ਕਿਉਂ ਨਹੀਂ ਕਰ ਸਕਦੇ?
ਸਾਡੇ ਬੱਚੇ ਜਿਮ ਜਾ ਸਕਦੇ ਹਨ, ਮਾਲ ਜਾ ਸਕਦੇ ਹਨ ਪਰ ਇਮਤਿਹਾਨ ਦੇਣ ਸਮੇਂ ਇਹ ਅਦਾਲਤ ਵਿਚ ਪਹੁੰਚ ਜਾਂਦੇ ਹਨ ਕਿ ਹੁਣ ਕੋਰੋਨਾ ਆ ਗਿਆ ਹੈ, ਇਸ ਲਈ ਪ੍ਰੀਖਿਆਵਾਂ ਨਾ ਲਈਆਂ ਜਾਣ। ਇਹ ਸਰਕਾਰੀ ਸਿਸਟਮ ਦੀ ਨਿੰਦਾ ਕਰ ਸਕਦੇ ਹਨ, ਸੋਸ਼ਲ ਮੀਡੀਆ ਤੇ ਬੇਤੁਕੇ ਕੁਮੈਂਟ ਪਾ ਸਕਦੇ ਹਨ ਪਰ ਵੋਟ ਪਾਉਣ ਵਾਸਤੇ ਅਪਣੇ ਦਿਮਾਗ਼ ਦਾ ਇਸਤੇਮਾਲ ਕਰਨ ਤੋਂ ਕਤਰਾਉਂਦੇ ਹਨ। ਸਿਰਫ਼ ਸਰਕਾਰ ਹੀ ਨਵੇਂ ਵਰਗ ਦਾ ਭਵਿੱਖ ਨਹੀਂ ਬਣਾ ਸੰਵਾਰ ਸਕਦੀ। ਸੋਚ ਬਦਲਣੀ ਪਵੇਗੀ। -ਨਿਮਰਤ ਕੌਰ