ਅਨਿਲ ਅੰਬਾਨੀ 500 ਕਰੋੜ ਬਦਲੇ ਜੇਲ੍ਹ ਜਾਏਗਾ ਜਦਕਿ ਵੱਡਾ ਭਰਾ ਦੁਨੀਆਂ ਦੇ 10 ਅਮੀਰਾਂ ਵਿਚੋਂ ਇਕ!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਜਦੋਂ ਧੀਰੂ ਭਾਈ ਅੰਬਾਨੀ ਨੇ 500 ਰੁਪਏ ਦੇ ਨਿਗੂਣੇ ਕਾਰੋਬਾਰ ਨੂੰ ਅਰਬਾਂ ਦਾ ਮਹਾਂ-ਵਪਾਰ ਬਣਾ ਕੇ ਅਪਣੇ ਪੁੱਤਰਾਂ ਦੇ ਹਵਾਲੇ ਕੀਤਾ ਤਾਂ ਉਨ੍ਹਾਂ ਕਦੇ ਸੋਚਿਆ ਵੀ ਨਹੀਂ...

Anil Ambani

ਅਨਿਲ ਅੰਬਾਨੀ ਕੋਲ ਦੂਰਅੰਦੇਸ਼ੀ ਵਾਲੀ ਸੋਚ ਸੀ ਜਿਸ ਸਦਕਾ ਉਹ 2ਜੀ ਨੂੰ ਸਮੇਂ ਸਿਰ ਭਾਰਤ ਵਿਚ ਲਿਆ ਸਕਦਾ ਤਾਂ ਅੱਜ ਭਾਰਤ ਇਸ ਤਕਨੀਕ ਨਾਲ ਲੈਸ ਹੋ ਕੇ ਦੂਜਿਆਂ ਤੋਂ ਇਕ ਸਾਲ ਅੱਗੇ ਹੁੰਦਾ। ਇਸ ਨਾਲ ਨੌਕਰੀਆਂ ਮਿਲਦੀਆਂ। ਪਰ ਇਹ ਵਪਾਰ ਸਿਆਸਤ ਦੀ ਵੇਦੀ ਤੇ ਚੜ੍ਹਾ ਕੇ ਕੁਰਬਾਨ ਕਰ ਦਿਤਾ ਗਿਆ ਅਤੇ 2014 ਤੋਂ ਬਾਅਦ ਸਾਰਾ ਫ਼ਾਇਦਾ ਉਸ ਦੇ ਵੱਡੇ ਭਰਾ ਦੀ ਕੰਪਨੀ ਨੂੰ ਮਿਲ ਗਿਆ ਜਿਸ ਨੇ ਅਨਿਲ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿਤਾ।

ਜਦੋਂ ਧੀਰੂ ਭਾਈ ਅੰਬਾਨੀ ਨੇ 500 ਰੁਪਏ ਦੇ ਨਿਗੂਣੇ ਕਾਰੋਬਾਰ ਨੂੰ ਅਰਬਾਂ ਦਾ ਮਹਾਂ-ਵਪਾਰ ਬਣਾ ਕੇ ਅਪਣੇ ਪੁੱਤਰਾਂ ਦੇ ਹਵਾਲੇ ਕੀਤਾ ਤਾਂ ਉਨ੍ਹਾਂ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਉਨ੍ਹਾਂ ਦਾ ਇਕ ਬੇਟਾ 500 ਕਰੋੜ ਰੁਪਏ ਖ਼ਾਤਰ ਸਲਾਖਾਂ ਪਿੱਛੇ ਜਾਣ ਵਾਲਾ ਹੋ ਜਾਵੇਗਾ। ਅੰਬਾਨੀ ਪ੍ਰਵਾਰ ਦੇ ਧੀਰੂ ਭਾਈ ਦੀ ਕਹਾਣੀ ਬਾਰੇ ਇਕ ਫ਼ਿਲਮ ਵੀ ਬਣ ਚੁੱਕੀ ਹੈ ਪਰ ਦੋਹਾਂ ਭਰਾਵਾਂ ਦੀ ਕਹਾਣੀ ਇਕ ਆਮ ਪ੍ਰਵਾਰਕ ਨਾਟਕ ਵਾਂਗ ਹੈ। ਭਰਾਵਾਂ ਦੀਆਂ ਪਤਨੀਆਂ ਦੇ ਦਰਾਣੀ-ਜੇਠਾਣੀ ਵੈਰ ਵਿਰੋਧ ਕਰ ਕੇ ਸਿਆਸਤ ਦੀ ਖੇਡ ਸ਼ੁਰੂ ਹੋਈ ਅਤੇ ਫਿਰ ਦੋ ਭਰਾਵਾਂ 'ਚੋਂ ਇਕ ਦੀ ਤਬਾਹੀ। 

ਜਦੋਂ ਧੀਰੂ ਭਾਈ ਦੀ ਦੌਲਤ ਵੰਡੀ ਗਈ ਸੀ ਤਾਂ ਅਨਿਲ ਅੰਬਾਨੀ ਤੋਂ ਜ਼ਿਆਦਾ ਉਮੀਦਾਂ ਸਨ ਜਿਸ ਕੋਲ 2ਜੀ ਮੋਬਾਈਲ ਨੈੱਟਵਰਕ ਵਰਗਾ ਨਵੇਂ ਯੁਗ ਦਾ ਨਵਾਂ ਵਪਾਰ ਸੀ। ਜੇ ਕਾਂਗਰਸ ਦੇ ਸਮੇਂ 2ਜੀ ਘਪਲੇ ਦੀ ਗੱਲ ਨਾ ਸ਼ੁਰੂ ਹੋਈ ਹੁੰਦੀ ਤਾਂ ਅੱਜ ਮੁਕੇਸ਼ ਅੰਬਾਨੀ ਦੀ ਥਾਂ ਅਨਿਲ ਅੰਬਾਨੀ ਦੁਨੀਆਂ ਦਾ ਸੱਭ ਤੋਂ ਅਮੀਰ ਆਦਮੀ ਹੋਣਾ ਸੀ। ਪਰ 2ਜੀ ਘਪਲਾ ਜਦੋਂ ਤਕ ਅਦਾਲਤ ਵਲੋ ਖ਼ਾਰਜ ਹੋਇਆ, ਅਨਿਲ ਅੰਬਾਨੀ ਕਰਜ਼ੇ ਵਿਚ ਡੁੱਬ ਚੁੱਕਾ ਸੀ। ਪਿਛਲੇ ਸਾਲ ਤੋਂ ਉਨ੍ਹਾਂ ਲਈ ਐਰਿਕਸਨ ਕੰਪਨੀ ਨੂੰ ਦਿਤੀ ਜਾਣ ਵਾਲੀ 550 ਕਰੋੜ ਰੁਪਏ ਦੀ ਰਕਮ ਦੇਣੀ ਪਹਾੜ ਜਿੱਡੀ ਗੱਲ ਬਣੀ ਹੋਈ ਹੈ ਅਤੇ ਹੁਣ ਅਖ਼ੀਰਲੇ ਚਾਰ ਹਫ਼ਤੇ ਦਾ ਸਮਾਂ ਮਿਲਿਆ ਹੈ

ਜਿਸ ਤੋਂ ਬਾਅਦ ਉਹ ਸਹਾਰਾ ਦੇ ਸੁਬਰਾਤਾ ਰਾਉ ਵਾਂਗ ਸਲਾਖ਼ਾਂ ਪਿੱਛੇ ਹੋਣਗੇ। ਮੁਕੇਸ਼ ਅੰਬਾਨੀ ਨੇ ਅਪਣੇ ਛੋਟੇ ਭਰਾ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਅਨਿਲ ਦੀ ਕੰਪਨੀ ਖ਼ਰੀਦਣੀ ਚਾਹੀ ਪਰ ਕਰਜ਼ਾ ਬਹੁਤਾ ਹੋਣ ਕਰ ਕੇ ਇਹ ਸੌਦਾ ਸਿਰੇ ਨਾ ਚੜ੍ਹ ਸਕਿਆ। ਇਹ ਵਖਰੀ ਗੱਲ ਹੈ ਕਿ 1000 ਕਰੋੜ ਰੁਪਿਆ ਸੰਤਾਨ ਦੇ ਵਿਆਹ ਉਤੇ ਖ਼ਰਚਣ ਵਾਲੇ ਇਨਸਾਨ ਦਾ ਅਪਣੇ ਭਰਾ ਨੂੰ 500 ਕਰੋੜ, ਬਿਨਾਂ ਸੌਦੇ ਤੋਂ, ਦੇਣ ਲਗਿਆਂ ਦਿਲ ਘਬਰਾਉਂਦਾ ਹੈ। ਸ਼ਾਇਦ ਜਿਸ ਪ੍ਰਵਾਰਕ ਸਭਿਆਚਾਰ ਦਾ ਭਾਰਤ ਅਪਣੇ-ਆਪ ਨੂੰ ਪ੍ਰਤੀਨਿਧ ਮੰਨਦਾ ਹੈ, ਉਹ ਅਮੀਰਾਂ ਉਤੇ ਲਾਗੂ ਨਹੀਂ ਹੁੰਦਾ ਜਾਂ ਸਿਰਫ਼ ਵਿਖਾਵੇ ਮਾਤਰ ਹੈ ਜੋ ਪੈਸੇ ਸਾਹਮਣੇ ਹਾਰ ਜਾਂਦਾ ਹੈ।

 ਅਨਿਲ ਅੰਬਾਨੀ ਨੂੰ ਬਚਾਉਣ ਲਈ ਵੱਡੇ ਭਰਾ ਦੇ ਕਹਿਣ ਤੇ ਹੀ ਸ਼ਾਇਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕੋਸ਼ਿਸ਼ ਕੀਤੀ ਅਤੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਖ਼ਤਰੇ ਵਿਚ ਪਾ ਕੇ ਐਚ.ਏ.ਐਲ. ਤੋਂ ਰਾਫ਼ੇਲ ਸੌਦਾ ਖੋਹ ਕੇ ਅਨਿਲ ਅੰਬਾਨੀ ਨੂੰ ਫੜਾਇਆ। ਪਰ ਹੁਣ ਜੇ ਅਨਿਲ ਅੰਬਾਨੀ ਜੇਲ ਵਿਚ ਪਹੁੰਚ ਜਾਣਗੇ ਤਾਂ ਰਾਫ਼ੇਲ ਦੇ ਸੌਦੇ ਤੋਂ ਵੀ ਮੁਨਾਫ਼ਾ ਨਹੀਂ ਕਮਾ ਸਕਣਗੇ। ਅਨਿਲ ਅੰਬਾਨੀ ਕੋਲ ਦੂਰਅੰਦੇਸ਼ੀ ਵਾਲੀ ਸੋਚ ਸੀ ਜਿਸ ਸਦਕਾ ਉਹ 2ਜੀ ਨੂੰ ਸਮੇਂ ਸਿਰ ਭਾਰਤ ਵਿਚ ਲਿਆ ਸਕਦਾ ਤਾਂ ਅੱਜ ਭਾਰਤ ਇਸ ਤਕਨੀਕ ਨਾਲ ਲੈਸ ਹੋ ਕੇ ਦੂਜਿਆਂ ਨਾਲੋਂ ਇਕ ਸਾਲ ਅੱਗੇ ਹੁੰਦਾ। ਇਸ ਨਾਲ ਨੌਕਰੀਆਂ ਮਿਲਦੀਆਂ।

ਪਰ ਇਹ ਵਪਾਰ, ਸਿਆਸਤ ਦੀ ਵੇਦੀ ਤੇ ਚੜ੍ਹਾ ਕੇ ਕੁਰਬਾਨ ਕਰ ਦਿਤਾ ਗਿਆ ਅਤੇ 2014 ਤੋਂ ਬਾਅਦ ਸਾਰਾ ਫ਼ਾਇਦਾ ਉਸ ਦੇ ਵੱਡੇ ਭਰਾ ਦੀ ਕੰਪਨੀ ਨੂੰ ਮਿਲ ਗਿਆ ਜਿਸ ਨੇ ਅਨਿਲ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿਤਾ। ਅੱਜ ਭਾਰਤ ਵਿਚ ਸਿਆਸਤਦਾਨ ਜਾਂ ਤਾਂ ਖ਼ੁਦ ਲਾਹੇਵੰਦ ਵਪਾਰ ਵਿਚ ਅਪਣੇ ਪ੍ਰਵਾਰ ਨੂੰ ਖੜਾ ਕਰ ਰਹੇ ਹਨ ਜਾਂ ਸਿਅਸਾਤਦਾਨਾਂ ਦੇ ਕਰੀਬੀਆਂ ਦੇ ਵਪਾਰ ਅੱਗੇ ਵੱਧ ਰਹੇ ਹਨ। ਪੰਜਾਬ ਵਿਚ ਹੀ ਵੇਖਿਆ ਜਾਵੇ ਤਾਂ ਆਰਬਿਟ ਬਸਾਂ, ਪੀ.ਟੀ.ਸੀ., ਫ਼ਾਸਟਵੇ, ਸਿਆਸਤਦਾਨਾਂ ਦੇ ਵਪਾਰ ਉਤੇ ਹਾਵੀ ਹੋਣ ਦੀਆਂ ਉਦਾਹਰਣਾਂ ਹਨ।

ਇਸ ਦਾ ਨੁਕਸਾਨ ਸੂਬੇ ਦੇ ਖ਼ਜ਼ਾਨੇ ਨੂੰ ਝੇਲਣਾ ਪੈਂਦਾ ਹੈ ਅਤੇ ਸਿਰਫ਼ 1% ਅਮੀਰ ਵਰਗ ਤਾਕਤਵਰ ਅਤੇ ਅਮੀਰ ਬਣਦਾ ਹੈ। ਭਾਰਤ ਵਿਚ ਇਕ ਉਦਯੋਗਪਤੀ ਨੂੰ ਵੱਡਾ ਵਪਾਰ ਕਰਨ ਦਾ ਮੌਕਾ ਸਿਆਸਤਾਨਾਂ ਨਾਲ ਭਾਈਵਾਲੀ ਪਾਏ ਬਿਨਾਂ ਨਹੀਂ ਮਿਲਦਾ ਅਤੇ ਨੁਕਸਾਨ ਦੇਸ਼ ਨੂੰ ਚੁਕਾਉਣਾ ਪੈਂਦਾ ਹੈ। ਇਕ ਭਰਾ ਮੁਕੇਸ਼ ਅੰਬਾਨੀ ਰਾਜਾ ਹੈ ਅਤੇ ਦੂਜਾ ਕੈਦੀ ਬਣਨ ਜਾ ਰਿਹਾ ਹੈ।

ਕਾਰਨ ਸਿਰਫ਼ ਇਹ ਕਿ ਸਿਆਸਤਦਾਨਾਂ ਨਾਲ ਉਸ ਦਾ ਠੀਕ ਢੰਗ ਨਾਲ ਵਪਾਰਕ ਗਠਜੋੜ ਨਹੀਂ ਬਣ ਸਕਿਆ। ਅਨਿਲ ਅੰਬਾਨੀ, ਵਿਜੈ ਮਾਲਿਆ ਵਰਗੇ ਉਦਯੋਗਪਤੀ, ਨੀਰਵ ਮੋਦੀ, ਲਲਿਤ ਮੋਦੀ ਵਰਗੇ ਚੋਰ ਅਤੇ ਧੋਖੇਬਾਜ਼ ਨਹੀਂ ਬਲਕਿ ਸਿਆਸੀ ਦੋਸਤੀਆਂ ਗੰਢਣ ਪੱਖੋਂ ਕਮਜ਼ੋਰ ਹਨ। ਭਾਰਤ ਨੂੰ ਸਾਫ਼ ਸੁਥਰੇ ਵਪਾਰ ਵਾਲੀ ਸੋਚ ਦੇ ਫੈਲਣ ਦਾ ਵਾਤਾਵਰਣ ਚਾਹੀਦਾ ਹੈ ਜਿਸ ਉਤੇ ਸਿਆਸਤ ਹਾਵੀ ਨਾ ਹੋ ਸਕੇ। ਪਰ ਕੀ ਇਹ ਮੁਮਕਿਨ ਵੀ ਹੈ?  -ਨਿਮਰਤ ਕੌਰ