ਮਹਾਰਾਸ਼ਟਰ ਵਿਚ ਦੋ ਭਰਾਵਾਂ ਦੀ ਲੜਾਈ ਨੇ ਸ਼ਿਵ ਸੈਨਾ ਨੂੰ ਕਮਜ਼ੋਰ ਕੀਤਾ......

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਪੰਜਾਬ ਵਿਚ ਇਕ ਪ੍ਰਵਾਰ ਦੇ ਕਬਜ਼ੇ ਦੀ ਰੁਚੀ ਨੇ ਅਕਾਲੀ ਦਲ ਨੂੰ ਤਬਾਹ ਕਰ ਦਿਤਾ...

photo

 

ਬਾਲ ਠਾਕਰੇ ਮਹਾਰਾਸ਼ਟਰ ਦੇ ਇਤਿਹਾਸ ਦਾ ਅਟੁਟ ਹਿੱਸਾ ਸਨ ਤੇ ਜਿਸ ਤਰ੍ਹਾਂ ਦਾ ਮਹਾਰਾਸ਼ਟਰ ਅੱਜ ਹੈ, ਉਹ ਉਨ੍ਹਾਂ ਬਗ਼ੈਰ ਹੋਂਦ ਵਿਚ ਨਹੀਂ ਸੀ ਆ ਸਕਦਾ। ਇਕ ਮਹਾਂਨਗਰੀ ਵਿਚ ਬੜੀਆਂ ਸਮਾਜਕ ਪਰਤਾਂ ਹੁੰਦੀਆਂ ਹਨ ਤੇ ਉਨ੍ਹਾਂ ਨੂੰ ਇਕ ਦੂਜੇ ਨਾਲ ਦੂਰੀਆਂ ਵੀ ਬਣਾਉਣੀਆਂ ਪੈਂਦੀਆਂ ਹਨ ਪਰ ਇਕ ਦੂਜੇ ਦਾ ਸਮਰਥਨ ਵੀ ਕਰਨਾ ਹੁੰਦਾ ਹੈ। ਬਾਲ ਠਾਕਰੇ ਸਾਹਿਬ ਨੇ ਮੁੰਬਈ ਦੀ ਮਹਾਂਨਗਰੀ ਦੀਆਂ ਪਰਤਾਂ ਨੂੰ ਬਰਕਰਾਰ ਰਖਦੇ ਹੋਏ ਕਦੇ ਵੀ ਅਪਣੇ ਆਪ ਨੂੰ ਮੁੰਬਈ ਦੇ ਆਮ ਇਨਸਾਨ ਤੋਂ ਅਲੱਗ ਨਹੀਂ ਕੀਤਾ। ਪਰ ਦੋ ਭਰਾਵਾਂ ਦੀ ਲੜਾਈ ਨੇ ਉਹਨਾਂ ਦੀ ਬਣਾਈ ਸ਼ਿਵ ਸੈਨਾ ਨੂੰ ਅੱਜ ਖ਼ਤਰੇ ਵਿਚ ਪਾ ਦਿਤਾ ਹੈ। ਚੋਣ ਕਮਿਸ਼ਨ ਵਲੋਂ ਸ਼ਿਵ ਸੈਨਾ ਦਾ ਚੋਣ ਨਿਸ਼ਾਨ ਏਕਨਾਥ ਸ਼ਿੰਦੇ ਨੂੰ ਦੇ ਦਿਤਾ ਗਿਆ ਹੈ ਭਾਵੇਂ ਅਜੇ ਤੱਥਾਂ ਮੁਤਾਬਕ ਇਹ ਫ਼ੈਸਲਾ ਸਹੀ ਨਹੀਂ ਜਾਪਦਾ। 

ਹੁਣ ਨਾ ਸਿਰਫ਼ ਚੋਣ ਨਿਸ਼ਾਨ ਹੀ ਗਿਆ ਹੈ ਸਗੋਂ ਸ਼ਿਵ ਸੈਨਾ ਭਵਨ ਵੀ ਜਾਂਦਾ ਦਿਸਦਾ ਹੈ ਤੇ ਸ਼ਿਵ ਸੈਨਾ ਦੇ ਵਰਕਰ ਵੀ ਵੰਡੇ ਜਾਣਗੇ। ਕੁੱਝ ਬਾਲਾ ਸਾਹਿਬ ਦੇ ਪ੍ਰਵਾਰ ਨਾਲ ਰਹਿਣਗੇ, ਕੁੱਝ ਚੋਣ ਨਿਸ਼ਾਨ ਨਾਲ ਤੇ ਕੁੱਝ ਇਹਨਾਂ ਦੋਵਾਂ ਦੀ ਲੜਾਈ ਤੋਂ ਦੁਖੀ ਹੋ ਕੇ ਸ਼ਿਵ ਸੈਨਾ ਹੀ ਛੱਡ ਦੇਣਗੇ। ਪਰ ਸੱਭ ਤੋਂ ਵੱਡਾ ਨੁਕਸਾਨ ਕਿਸ ਦਾ ਹੋਵੇਗਾ? ਇਹ ਲੜਾਈ ਸ਼ਿੰਦੇ ਅਤੇ ਠਾਕਰੇ ਦੀ ਨਹੀਂ ਬਲਕਿ ਮਹਾਰਾਸ਼ਟਰ ਦੇ ਲੋਕਾਂ ਦੀ ਹੈ ਜਿਨ੍ਹਾਂ ਦੀ ਆਵਾਜ਼ ਵਿਚੋਂ ਬਾਲਾ ਸਾਹਿਬ ਠਾਕਰੇ ਉਭਰੇ ਸਨ। ਅੱਜ ਜੋ ਸ਼ਿੰੰਦੇ ਹੈ, ਉਹ ਬਾਲਾ ਸਾਹਿਬ ਦੀ ਆਵਾਜ਼ ਜਾਂ ਮਹਾਰਾਸ਼ਟਰ ਦੀ ਸੰਪੂਰਨ ਆਵਾਜ਼ ਨਹੀਂ ਬਣ ਸਕਦਾ ਕਿਉਂਕਿ ਉਹ ਕੇਂਦਰ ਦੇ ਅਧੀਨ ਹੈ ਤੇ ਰਹੇਗਾ ਵੀ। ਕੇਂਦਰ ਵਿਚ ਭਾਵੇਂ ਕੋਈ ਵੀ ਪਾਰਟੀ ਅੱਜ ਜਾਂ ਕਲ ਨੂੰ ਆ ਜਾਵੇਗੀ, ਉਹ ਰਾਸ਼ਟਰੀ ਸੋਚ ਲੈ ਕੇ ਹੀ ਆਵੇਗੀ, ਜੋ ਸਾਡੇ ਸੰਘੀ ਢਾਂਚੇ ਵਾਸਤੇ ਸਹੀ ਸਾਬਤ ਨਹੀਂ ਹੁੰਦੀ।

 

ਅੱਜ ਇਕ ਸੂਬੇ ਦੀ ਆਵਾਜ਼ ਖ਼ਤਮ ਹੋਈ ਹੈ ਤੇ ਦੋ ਭਰਾਵਾਂ ਦੀ ਆਪਸੀ ਰੰਜਿਸ਼ ਇਸ ਦਾ ਕਾਰਨ ਬਣੀ। ਪੰਜਾਬ ਵਿਚ ਅਕਾਲੀ ਪਾਰਟੀ ਦਾ ਵੀ ਉਹੀ ਹਾਲ ਹੈ। ਪਰ ਅਕਾਲੀ ਦਲ ਤੇ ਸ਼ਿਵ ਸੈਨਾ ਵਿਚ ਅੰਤਰ ਇਹ ਹੈ ਕਿ ਭਾਵੇਂ ਦੋਵੇਂ ਪਾਰਟੀਆਂ ਸੂਬੇ ਦੀਆਂ ਆਵਾਜ਼ਾਂ ਸਨ, ਅਕਾਲੀ ਇਕ ਸ਼ਖ਼ਸ ਦੀ ਨਹੀਂ ਬਲਕਿ ਇਕ ਕੌਮ ਦੀ ਜਗੀਰ ਸੀ ਜਿਸ ਨੂੰ ਇਕ ਪ੍ਰਵਾਰ ਨੇ ਅਪਣੇ ਸ਼ਿਕੰਜੇ ਵਿਚ ਕੱਸ ਲੈਣ ਦੇ ਚੱਕਰ ’ਚ ਸਿੱਖ ਕੌਮ ਅਤੇ ਸੂਬੇ ਦੀ ਆਵਾਜ਼ ਕਮਜ਼ੋਰ ਕਰ ਦਿਤਾ ਹੈ। ਜੋ ਕੁੱਝ ਅੱਜ ਕੁਰੂਕਸ਼ੇਤਰ ਵਿਚ ਹੋ ਰਿਹਾ ਹੈ, ਉਹ ਤਾਂ ਤਕਰੀਬਨ ਹਰ ਗੁਰੂ ਘਰ ਦੀ ਕਹਾਣੀ ਹੈ ਕਿਉਂਕਿ ਧਰਮ ਦੇ ਮਸਲਿਆਂ ਨੂੰ ਗੋਲਕ ਦੇ ਪਿੱਛੇ ਧਕੇਲ ਦਿਤਾ ਗਿਆ ਹੈ ਤੇ ਅੱਜ ਪੂਰੇ ਧਾਰਮਕ ਤਾਣੇ ਬਾਣੇ ਵਿਚ ਗਿਰਾਵਟ ਆਈ ਹੋਈ ਹੈ।  ਇਹੀ ਕਾਰਨ ਹੈ ਕਿ ਸਿੱਖਾਂ ਨੇ ਵਿਦੇਸ਼ਾਂ ਵਿਚ ਵੱਡੀਆਂ ਔਕੜਾਂ ਝੱਲ ਕੇ ਗੁਰੂ ਘਰ ਬਣਾਏ ਹਨ ਪਰ ਸਿੱਖ ਨੌਜੁਆਨਾਂ ਨੂੰ ਚੰਗੀ ਸਿਖਿਆ ਦੇ ਕੇ ਕਾਬਲ ਨਾਗਰਿਕ ਨਹੀਂ ਬਣਾਇਆ। ਜੇ ਛੋਟਾ ਪੰਜਾਬ ਕੈਨੇਡਾ ਵਿਚ ਵਸ ਗਿਆ ਹੈ ਤਾਂ ਉਹ ਨਸ਼ੇ ਗੁੰਡਾਗਰਦੀ ਦਾ ਮਾਫ਼ੀਆ ਵੀ ਨਾਲ ਲੈ ਕੇ ਗਏ ਹਨ।

ਹਰਿਆਣਾ ਵਿਚ ਜੋ ਲੜਾਈ ਹੋ ਰਹੀ ਹੈ, ਉਸ ਦੀਆਂ ਜੜ੍ਹਾਂ ਪੰਜਾਬ ਦੇ ਬਾਦਲ ਘਰਾਣੇ ਦੀ ਕਬਜ਼ਾ ਕਰੂ ਰੁਚੀ ’ਚੋਂ ਲਭੀਆਂ ਜਾ ਸਕਦੀਆਂ ਹਨ। ਜਿਵੇਂ ਊਧਵ ਠਾਕਰੇ ਤੇ ਰਾਜ ਠਾਕਰੇ ਦੀ ਲੜਾਈ ਨੇ ਸ਼ਿਵ ਸੈਨਾ ਨੂੰ ਕਮਜ਼ੋਰ ਕੀਤਾ, ਇਥੇ ਬਾਦਲ ਪ੍ਰਵਾਰ ਦੇ ਸਮੂਹ ਨੇ ਐਸ.ਜੀ.ਪੀ.ਸੀ. ਤੇ ਅਕਾਲੀ ਦਲ ਉਤੇ ਕਬਜ਼ਾ ਜਮਾਈ ਰੱਖਣ ਲਈ ਅਕਾਲੀ ਦਲ ਦੇ ਟੋਟੇ ਟੋਟੇ ਕਰ ਦਿਤੇ ਹਨ। ਹਰਿਆਣਾ ਦੇ ਗੁਰਦਵਾਰਿਆਂ ਦੀ ਲੜਾਈ ਬਾਦਲ ਪ੍ਰਵਾਰ ਦਾ ਕਬਜ਼ਾ ਖ਼ਤਮ ਕਰਨ ਦੀ ਲੜਾਈ ਸੀ ਪਰ ਜਿੱਤ ਕੇ ਉਹ ਕੇਂਦਰ ਸਰਕਾਰ ਦੇ ਅਧੀਨ ਹੋ ਗਏੇ ਹਨ।

ਨੁਕਸਾਨ ਕਿਸ ਦਾ ਹੈ? ਜਦ ਅਜਿਹੀਆਂ ਲੜਾਈਆਂ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣਦੀਆਂ ਹਨ ਤਾਂ ਸਿੱਖ ਧਰਮ ਦੇ ਅਸਲੀ ਵਾਰਸ, ਜੋ ਆਮ ਨਾਗਰਿਕਾਂ ਵਾਂਗ, ਬਿਨਾਂ ਕਿਸੇ ਗੋਲਕ ਜਾਂ ਕੁਰਸੀ ਦੇ, ਸਾਰੀ ਦੁਨੀਆਂ ਵਿਚ ਵਸੇ ਹੋਏ ਹਨ, ਉਨ੍ਹਾਂ ਦਾ ਸਿਰ ਨੀਵਾਂ ਹੋ ਜਾਂਦਾ ਹੈ। ਇਹ ਲੋਕ ਸੂਬੇ ਵਾਸਤੇ ਨਹੀਂ ਬਲਕਿ ਅਪਣੀ ਕੁਰਸੀ, ਤਾਕਤ ਤੇ ਤਿਜੌਰੀ ਵਾਸਤੇ ਅਪਣੇ ਸੂਬਿਆਂ ਤੇ ਆਮ ਲੋਕਾਂ ਦਾ ਨੁਕਸਾਨ ਕਰ ਰਹੇ ਹਨ। ਸੰਘੀ ਢਾਂਚੇ ਵਿਚ ਰਹਿ ਕੇ ਵੀ ਕੇਂਦਰ ਵਾਲੇ, ਰਾਸ਼ਟਰੀ ਪਧਰ ਤੇ ਸੂਬਿਆਂ ਦੀ ਆਵਾਜ਼ ਦਾ ਗਲਾ ਘੁੱਟਣ ਵਿਚ ਲੱਗੇ ਰਹਿੰਦੇ ਹਨ। ਸੂਬਿਆਂ ਦੇ ਇਹ ਪਿਆਦੇ ਅਣਜਾਣ ਹਨ, ਨਾਅਹਿਲ ਹਨ ਜਾਂ ਵਿਕੇ ਹੋਏ ਹਨ ਪਰ ਜੇ ਆਗੂ ਸਿਆਣਾ ਨਾ ਹੋਵੇ ਤਾਂ ਉਸ ਨੂੰ ਹਟਾਉਣਾ ਹੀ ਆਖ਼ਰੀ ਹੀਲਾ ਹੁੰਦਾ ਹੈ।                                   - ਨਿਮਰਤ ਕੌਰ