... ਤੇ ਫਿਰ ਇਵੇਂ ਹੀ ਕੀਤੀ ਅਰਦਾਸ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਅਖ਼ੀਰ ਸਾਡੇ ਪਿੰਡ ਵਿਚ ਬਣੀ ਸੁਹਿਰਦ ਯਾਦਗਾਰੀ ਲਾਇਬ੍ਰੇਰੀ ਵਿਚੋਂ ਸੈਂਚੀ ਦੀ ਪ੍ਰਾਪਤੀ ਹੋਈ। ਬੜੀ ਸ਼ਰਧਾ ਨਾਲ ਘਰ ਲਿਜਾ ਕੇ ਮੈਂ ਇਹ ਲੜਕੀ ਨੂੰ ਸੌਂਪੀ।

ardas

ਖ਼ਾਲਸਾ ਕਾਲਜ ਅੰਮ੍ਰਿਤਸਰ ਵਿਚਲੇ ਗੁਰਦਵਾਰੇ ਵਿਚ ਅਪਣੀ ਐਮ.ਐਸ.ਸੀ. ਐਗਰੀਕਲਚਰ ਦੀ ਪੜ੍ਹਾਈ ਦੇ ਅਖ਼ੀਰਲੇ ਸਾਲ 2012-13 ਸੈਸ਼ਨ ਸਮੇਂ ਸਾਡੀ ਬੇਟੀ ਨੇ ਅਪਣੀ ਸਹੇਲੀ ਸਮੇਤ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨਾ ਆਰੰਭ ਕੀਤਾ। ਪੇਪਰਾਂ ਸਮੇਂ ਤਕ ਉਨ੍ਹਾਂ ਦੋਹਾਂ ਨੇ ਮੱਧ ਤਕ ਦਾ ਪਾਠ ਕਰ ਲਿਆ ਸੀ। ਪਿੰਡ ਆ ਕੇ ਉਸ ਨੇ ਜਲਦੀ ਪਾਠ ਪੂਰਾ ਕਰਨ ਦਾ ਨਿਸ਼ਚਾ ਕੀਤਾ। ਇਸ ਸਬੰਧ ਵਿਚ ਮੈਂ ਸਾਡੇ ਪਿੰਡ ਦੇ ਨੌਵੀਂ ਪਾਤਸ਼ਾਹੀ ਦੇ ਗੁਰਦਵਾਰੇ ਗੁਰੂਸਰ ਸਾਹਿਬ ਵਿਖੇ ਰਹਿੰਦੇ ਪਾਠੀ ਦੀ ਸੈਂਚੀ ਪ੍ਰਾਪਤ ਕਰਨ ਲਈ ਪ੍ਰਬੰਧਕ ਕੋਲ ਗਿਆ। ਇਹ ਉਹ ਗੁਰਦਵਾਰਾ ਹੈ ਜਿਥੇ ਗੁਰੂ ਤੇਗ ਬਹਾਦਰ ਨੇ 'ਕਾਹੇ ਰੇ ਬਨ ਖੋਜਨ ਜਾਈ' ਸ਼ਬਦ ਉਚਾਰਿਆ ਸੀ (ਹਵਾਲਾ ਮਹਾਨਕੋਸ਼)। 40 ਕਿੱਲੇ ਜ਼ਮੀਨ ਇਸ ਇਤਿਹਾਸਕ ਸਥਾਨ ਦੀ ਮਾਲਕੀ ਅਧੀਨ ਹੈ। ਆਲੀਸ਼ਾਨ ਇਮਾਰਤ ਹੈ। 
ਪ੍ਰਬੰਧਕਾਂ ਕੋਲ ਦੂਜੀ ਮੱਧ ਦੀ ਸੈਂਚੀ ਨਾ ਹੋਣ ਬਾਰੇ ਸੁਣ ਕੇ ਬੜਾ ਅਫ਼ਸੋਸ ਹੋਇਆ। ਅਖ਼ੀਰ ਸਾਡੇ ਪਿੰਡ ਵਿਚ ਬਣੀ ਸੁਹਿਰਦ ਯਾਦਗਾਰੀ ਲਾਇਬ੍ਰੇਰੀ ਵਿਚੋਂ ਸੈਂਚੀ ਦੀ ਪ੍ਰਾਪਤੀ ਹੋਈ। ਬੜੀ ਸ਼ਰਧਾ ਨਾਲ ਘਰ ਲਿਜਾ ਕੇ ਮੈਂ ਇਹ ਲੜਕੀ ਨੂੰ ਸੌਂਪੀ। ਜਿੰਨੇ ਦਿਨ ਘਰ ਵਿਚ ਪਾਠ ਹੁੰਦਾ ਰਿਹਾ ਅਸੀ ਸੱਭ ਨੇ ਘਰੇਲੂ ਮਾਹੌਲ ਨੂੰ ਪੂਰੀ ਸ਼ੁੱਧਤਾ ਵਾਲਾ ਬਣਾ ਕੇ ਰੱਖਣ ਦਾ ਯਤਨ ਕੀਤਾ। ਸਾਰਾ ਪ੍ਰਵਾਰ ਸਮੇਂ-ਸਮੇਂ ਤੇ ਪਾਠ ਸੁਣਦਾ ਰਿਹਾ। ਪਾਠ ਦੀ ਸੰਪੂਰਨਤਾ ਹੋਣ ਤੇ ਉਸੇ ਗੁਰਦਵਾਰਾ ਸਾਹਿਬ ਜਾ ਕੇ ਅਰਦਾਸ ਕਰਵਾਉਣ ਦੀ ਸੋਚੀ। 
ਮਿੱਥੇ ਸਮੇਂ ਅਨੁਸਾਰ ਮੈਂ ਦੇਗ ਦੀ ਸਮੱਗਰੀ ਗੁਰਦਵਾਰੇ ਪਹੁੰਚਾਈ। ਘਰ ਦੇ ਜੀਆਂ ਤੋਂ ਇਲਾਵਾ ਕੁੱਝ ਆਂਢ-ਗੁਆਂਢ ਨੂੰ ਵੀ ਇਸ ਸ਼ੁੱਭ ਮੌਕੇ ਹਾਜ਼ਰ ਹੋਣ ਲਈ ਬੇਨਤੀ ਕੀਤੀ ਗਈ। ਗੁਰਦਵਾਰੇ ਪਹੁੰਚ ਕੇ ਸਾਨੂੰ ਪਤਾ ਲਗਿਆ ਕਿ ਪ੍ਰਬੰਧਕਾਂ ਵਿਚੋਂ ਅਰਦਾਸ ਕਰਨ ਵਾਲਾ ਕੋਈ ਵੀ ਅਰਦਾਸੀਆ ਹਾਜ਼ਰ ਨਹੀਂ ਸੀ। ਉਹ ਸਾਰੇ ਕਿਸੇ ਹੋਰ ਸੱਜਣ ਦੇ ਘਰ ਪਾਠ ਪ੍ਰਕਾਸ਼ ਕਰਨ ਗਏ ਹੋਏ ਸਨ। ਉਥੇ ਕੋਈ ਵੀ ਨਹੀਂ ਸੀ।
ਬੜੀ ਅਜੀਬ ਸਥਿਤੀ ਪੈਦਾ ਹੋ ਗਈ। ਹੁਣ ਕੀ ਕੀਤਾ ਜਾਵੇ? ਸੱਭ ਨੇ ਲੜਕੀ ਨੂੰ ਕਿਹਾ ਉਹ ਖ਼ੁਦ ਹੀ ਅਰਦਾਸ ਕਰੇ ਕਿਉਂਕਿ ਉਸ ਨੇ ਹੀ ਸੰਪੂਰਨ ਪਾਠ ਕਰਨ ਦੀ ਸੇਵਾ ਲਈ ਸੀ। ਉਹ ਕਹਿੰਦੀ ਮੈਨੂੰ ਤਾਂ ਸਹੀ ਅਰਦਾਸ ਪੂਰੀ ਤਰ੍ਹਾਂ ਯਾਦ ਹੀ ਨਹੀਂ, ਸੋ ਇਹ ਅਵੱਗਿਆ ਮੈਥੋਂ ਨਾ ਕਰਵਾਉ। ਗੁਰੂ ਗ੍ਰੰਥ ਸਾਹਿਬ ਅੱਗੇ ਮੈਂ ਜਾਣੇ ਅਣਜਾਣੇ ਕੋਈ ਗ਼ਲਤੀ ਨਹੀਂ ਕਰਨਾ ਚਾਹੁੰਦੀ। 
ਦੇਗ ਵੰਡਣ ਦੀ ਸੇਵਾ ਕਰਨ ਵਾਲਾ ਸਿੰਘ ਵੀ ਅਰਦਾਸ ਕਰਨ ਤੋਂ ਅਣਜਾਣ ਸੀ। ਸੱਭ ਚੁੱਪਚਾਪ ਬੈਠ ਕੇ ਇਕ-ਦੂਜੇ ਦੇ ਮੂੰਹ ਵਲ ਵੇਖ ਰਹੇ ਸਨ। ਹੁਣ ਦੋ ਹੀ ਹੱਲ ਸਨ। ਪਹਿਲਾ ਪਾਠ ਪ੍ਰਕਾਸ਼ ਕਰਨ ਗਏ ਸਿੰਘ ਦੀ ਵਾਪਸੀ ਤਕ ਉਡੀਕ ਕੀਤੀ ਜਾਵੇ, ਦੂਜਾ ਸਾਡੇ ਵਿਚੋਂ ਹੀ ਕੋਈ ਸਿੱਧੀ ਸਾਦੀ ਅਰਦਾਸ ਕਰਨ ਲਈ ਅੱਗੇ ਆਵੇ। ਅਰਦਾਸੀਏ ਸਿੰਘ ਦੀ ਉਡੀਕ ਕਰਨ ਦੀ ਕਿਸੇ ਵਿਚ ਵੀ ਜੀਰਾਂਦ ਨਹੀਂ ਸੀ ਕਿਉਂਕਿ ਦਿਨ ਕਾਫ਼ੀ ਚੜ੍ਹ ਆਇਆ ਸੀ। ਸਾਰੇ ਕੰਮੀਂ ਧੰਦੇ ਜਾਣ ਲਈ ਕਾਹਲੇ ਸਨ। ਸਾਡੀ ਲੜਕੀ ਦੀ ਸਹੇਲੀ ਵੀ ਧੂਰੀ ਸ਼ਹਿਰ ਤੋਂ ਆ ਕੇ ਸਾਡੇ ਨਾਲ ਸ਼ਾਮਲ ਹੋਈ ਸੀ। ਉਹ ਵੀ ਅਰਦਾਸ ਤੋਂ ਇਨਕਾਰ ਕਰ ਗਈ। 
ਆਖ਼ਰ ਗੁਰੂ ਗ੍ਰੰਥ ਸਾਹਿਬ ਅੱਗੇ ਮੈਂ ਹੀ ਹੱਥ ਜੋੜ ਕੇ ਖਲੋ ਗਿਆ। ਬੇਨਤੀ ਕੀਤੀ, ''ਹੇ ਸੱਚੇ ਪਾਤਸ਼ਾਹ ਜੀਉ ਮੈਨੂੰ ਪ੍ਰੰਪਰਾਵਾਦੀ ਅਰਦਾਸ ਨਹੀਂ ਕਰਨੀ ਆਉਂਦੀ ਅਤੇ ਨਾ ਹੀ ਕਿਤੋਂ ਸਿਖਣ ਦੀ ਕੋਸ਼ਿਸ਼ ਕੀਤੀ ਹੈ। ਤੁਸੀ ਸੱਭ ਜਾਣੀ ਜਾਣ ਹੋ। ਲੜਕੀ ਨੇ ਬਾਣੀ ਦਾ ਜੋ ਸੰਪੂਰਨ ਪਾਠ ਕੀਤਾ ਹੈ, ਉਸ ਨੂੰ ਅਪਣੇ ਲੇਖੇ ਲਾ ਕੇ ਇਸ ਨੂੰ ਜ਼ਿੰਦਗੀ ਵਿਚ ਚੰਗੇ ਕਰਮ ਕਰਨ ਦੀ ਸੋਝੀ ਬਖ਼ਸ਼ਦੇ ਰਹਿਣਾ। ਬਾਕੀ ਇੱਥੇ ਹਾਜ਼ਰ ਪ੍ਰਾਣੀਆਂ ਦੀ ਹਾਜ਼ਰੀ ਵੀ ਕਬੂਲ ਕਰਨੀ ਗ਼ਲਤੀ ਲਈ ਸਾਨੂੰ ਮਾਫ਼ੀ ਬਖ਼ਸ਼ਣੀ।'' ਦੇਗ ਵੰਡਣ ਵਾਲੇ ਸਿੰਘ ਨੇ ਦੇਗ ਵਰਤਾ ਦਿਤੀ। ਅਸੀ ਸਾਰੇ ਗੁਰੂ ਜੀ ਦਾ ਲੱਖ-ਲੱਖ ਸ਼ੁਕਰਾਨਾ ਕਰਦੇ ਹੋਏ ਘਰਾਂ ਨੂੰ ਚੱਲ ਪਏ।                        

ਜਗਤਾਰ ਸਿੰਘ, ਕੱਟੂ 94649-03322