‘ਆਪ’ ਪਾਰਟੀ ਨੇ ਰਾਜ ਸਭਾ ਵਿਚ ਪੰਜਾਬ ਦਾ ਪੱਖ ਪੇਸ਼ ਕਰ ਸਕਣ ਵਾਲਾ ਇਕ ਵੀ ਮੈਂਬਰ ਨਾ ਭੇਜਿਆ
ਇਹ ਪਹਿਲੀ ਵਾਰ ਹੈ ਕਿ ਮੀਡੀਆ ਤੋਂ ਕੋਈ ਨਾਮ ਰਾਜ ਸਭਾ ਲਈ ਨਹੀਂ ਭੇਜਿਆ ਗਿਆ।
‘ਆਪ’ ਸਰਕਾਰ ਨੇ ਰਾਜ ਸਭਾ ਚੋਣਾਂ ਲਈ ਅਪਣੇ ਪੰਜ ਉਮੀਦਵਾਰ ਨਾਮਜ਼ਦ ਕਰ ਦਿਤੇ ਹਨ ਤੇ ਉਨ੍ਹਾਂ ਨੇ ਨਾਮਜ਼ਦਗੀ ਦੇ ਪੱਤਰ ਦਾਖ਼ਲ ਕਰ ਦਿਤੇ ਹਨ। ਰਾਘਵ ਚੱਢਾ ਦਾ ਰਾਜ ਸਭਾ ਵਿਚ ਜਾਣਾ ਤੈਅ ਸੀ ਤੇ ਹੁਣ ਸਿਰਫ਼ ਰਾਜ ਸਭਾ ਵਿਚ ਹੀ ਨਹੀਂ, ਪੰਜਾਬ ਦੀ ਸਿਆਸਤ ਵਿਚ ਵੀ ਉਨ੍ਹਾਂ ਦਾ ਕੰਮ ਵਧੇਗਾ। ਪਰਦੇ ਪਿਛੇ ਪਾਰਟੀ ਲਈ ਕੰਮ ਕਰਦੇ ਸੰਦੀਪ ਪਾਠਕ ਨੂੰ ਅੱਗੇ ਲਿਆ ਕੇ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਪੰਜਾਬ ਚੋਣਾਂ ਦੀ ਰਣਨੀਤੀ ਬਣਾਉਣ ਬਦਲੇ ਉਸ ਦੀ ਤਾਰੀਫ਼ ਕੀਤੀ ਸੀ। ਉਦੋਂ ਹੀ ਅੰਦਾਜ਼ਾ ਲੱਗ ਗਿਆ ਸੀ ਕਿ ਪਾਠਕ ਨੂੰ ਵੀ ਰਾਜ ਸਭਾ ਵਿਚ ਭੇਜਿਆ ਜਾਵੇਗਾ।
ਕ੍ਰਿਕਟ ਤੋਂ ਸਨਿਆਸ ਲੈ ਚੁੱਕੇ ਹਰਭਜਨ ਸਿੰਘ ਦਾ ਨਾਮ ਵੀ ਲਿਆ ਜਾ ਰਿਹਾ ਸੀ ਅਤੇ ਉਸ ਬਾਰੇ ਲਗਾਏ ਜਾ ਰਹੇ ਅੰਦਾਜ਼ੇ ਵੀ ਸਹੀ ਸਾਬਤ ਹੋਏ। ਪੰਜਾਬ ਦੀ ਸੱਭ ਤੋਂ ਵੱਡੀ ਯੂਨੀਵਰਸਿਟੀ ਐਲ.ਪੀ.ਯੂ. ਦੇ ਬਾਨੀ ਅਸ਼ੋਕ ਮਿੱਤਲ ਦੇ ਨਾਮ ਨਾਲ ਆਖ਼ਰੀ ਨਾਮ ਸੰਜੀਵ ਅਰੋੜਾ ਦਾ ਰਿਹਾ ਜੋ ਕਿ ਜਨਮੇ ਲੁਧਿਆਣਾ ਵਿਚ ਸਨ ਪ੍ਰੰਤੂ ਅੱਜ ਦੇਸ਼ ਭਰ ਵਿਚ ਉਦਯੋਗ ਚਲਾਉਂਦੇ ਹਨ ਤੇ ਹੁਣ ਉਹ ਗੁਰੂਗ੍ਰਾਮ (ਗੁੜਗਾਉਂ, ਹਰਿਆਣਾ) ਵਿਚ ਰਹਿੰਦੇ ਹਨ। ਇਹ ਪਹਿਲੀ ਵਾਰ ਹੈ ਕਿ ਮੀਡੀਆ ਤੋਂ ਕੋਈ ਨਾਮ ਰਾਜ ਸਭਾ ਲਈ ਨਹੀਂ ਭੇਜਿਆ ਗਿਆ।
Navjot Sidhu, Harbhajan Singh
ਰਾਜ ਸਭਾ ਲਈ ਭੇਜੇ ਗਏ ਸਾਰੇ ਨਾਮ ‘ਆਪ’ ਦੇ ‘ਖ਼ਾਸ ਲੋਕਾਂ’ ਦੇ ਹਨ ਤੇ ਹਰਭਜਨ ਸਿੰਘ ਦੀ ਅਪਣੀ ਇੱਛਾ ਸੀ ਕਿ ਉਹ ਸਿਆਸਤ ਵਿਚ ਜਾਣ ਤੇ ਉਨ੍ਹਾਂ ਬਾਰੇ ਚਰਚਾਵਾਂ ਉਦੋਂ ਸ਼ੁਰੂ ਹੋਈਆਂ ਸਨ ਜਦ ਉਹ ਨਵਜੋਤ ਸਿੰਘ ਸਿੱਧੂ ਨਾਲ ਤਸਵੀਰ ਖਿਚਵਾ ਕੇ ਸਿਆਸਤ ਵਿਚ ਅਪਣੇ ਦਾਖ਼ਲੇ ਦੀ ਇੱਛਾ ਬਾਰੇ ਅਫ਼ਵਾਹਾਂ ਨੂੰ ਬਲ ਦੇ ਰਹੇ ਸਨ।
ਪੰਜਾਬ ਦੇ ਸਾਹਿਤਕਾਰਾਂ ਤੇ ਕਲਾਕਾਰਾਂ ਨੂੰ ਵੀ ਮੁੱਖ ਮੰਤਰੀ ਭਗਵੰਤ ਮਾਨ ਤੇ ਅਪਣੇ ਵਿਚੋਂ ਇਕ ਨਾਮ ਚੁਣੇ ਜਾਣ ਦੀ ਬੜੀ ਆਸ ਸੀ ਪਰ ਉਹ ਨਿਰਾਸ਼ ਹੀ ਹੋਏ ਹਨ। ਵਿਰੋਧੀ ਧਿਰ ਦੇ ਪ੍ਰਤੀਕਰਮ ’ਚੋਂ ਤਾਂ ਨਿਰਾਸ਼ਾ ਝਲਕਣੀ ਹੀ ਸੀ, ਪੂਰਾ ਪੰਜਾਬ ਵੀ ਨਿਰਾਸ਼ ਹੈ ਕਿਉਂਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਰਾਜ ਸਭਾ ਵਿਚ ਕੋਈ ਵੀ ਪੰਜਾਬ ਦੇ ਮੁੱਦੇ ਚੁਕਣ ਵਾਲਾ ਮੈਂਬਰ ਉਥੇ ਨਹੀਂ ਭੇਜਿਆ ਗਿਆ। ਪੰਜਾਬ ’ਚੋਂ ਨਾਮਜ਼ਦ ਕੀਤੇ ਗਏ ਪੰਜਾਂ ਵਿਚੋਂ ਦੋ ਹੀ ਪੰਜਾਬੀ ਹਨ। ਭਾਵੇਂ ਕਾਂਗਰਸ ਰਾਸ਼ਟਰੀ ਪਾਰਟੀ ਸੀ, ਉਹ ਸੂਬਿਆਂ ਦੇ ਪ੍ਰਤੀਨਿਧ ਚੁਣਦੇ ਸਮੇਂ ਥੋਕ ਵਿਚ ਬਾਹਰਲੇ ਬੰਦੇ ਸ਼ਾਇਦ ਹੀ ਕਦੇ ਭੇਜਦੀ ਸੀ।
‘ਆਪ’ ਵਲੋਂ ਅਜਿਹੀ ਪਿਰਤ ਪਾਉਣ ਤੋਂ ਇਹ ਤਾਂ ਸਾਫ਼ ਹੋ ਗਈ ਹੈ ਕਿ ਉਹ ਪੰਜਾਬ ਦੇ ਹਿਤਾਂ ਨੂੰ ਬਹੁਤਾ ਮਹੱਤਵ ਕਦੇ ਨਹੀਂ ਦੇਵੇਗੀ ਪਰ ਹੈਰਾਨੀ ਹੈ ਕਿ ਜਿਸ ਸੂਬੇ ਵਿਚੋਂ ਉਨ੍ਹਾਂ ਨੂੰ 42 ਫ਼ੀ ਸਦੀ ਵੋਟਾਂ ਮਿਲੀਆਂ ਹੋਣ, ਉਥੇ ਉਨ੍ਹਾਂ ਨੂੰ ਪੰਜਾਬ ਦਾ ਪੱਖ ਰੱਖ ਸਕਣ ਵਾਲੇ ਪੰਜ ਪੰਜਾਬੀ ਵੀ ਰਾਜ ਸਭਾ ਵਿਚ ਭੇਜਣ ਵਾਸਤੇ ਨਹੀਂ ਮਿਲੇ।
ਇਕ ਹੋਰ ਗੱਲ ਨੂੰ ਲੈ ਕੇ ਵੀ ਪੰਜਾਬ ਵਿਚ ਨਿਰਾਸ਼ਾ ਉਪਜੀ ਹੈ ਕਿ ਸਿੱਖ ਪ੍ਰਦੇਸ਼ ਹੋਣ ਦੇ ਨਾਤੇ, ਦਸਤਾਰਧਾਰੀ ਚਿਹਰਾ ਪੰਜਾਬ ਵਿਚੋਂ ਭੇਜਣਾ ਸਿੱਖ ਅਪਣਾ ਹੱਕ ਸਮਝਦੇ ਸਨ।
ਜਦ ਅਕਾਲੀ ਦਲ ਵਲੋਂ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਮੰਤਰੀ ਲਗਾਇਆ ਗਿਆ ਤਾਂ ਇਹ ਨਰਾਜ਼ਗੀ ਅਕਾਲੀ ਦਲ ਨੂੰ ਵੀ ਝਲਣੀ ਪਈ ਕਿਉਂਕਿ ਸਿੱਖਾਂ ਦੀ ਪਹਿਚਾਣ ਵਿਚ ਦਸਤਾਰ ਅੱਜ ਦੇ ਦਿਨ ਬਹੁਤ ਅਹਿਮ ਹੈ। ਹਰਭਜਨ ਸਿੰਘ ਇਕ ਵਧੀਆ ਵੱਡੇ ਖਿਡਾਰੀ ਹਨ ਪਰ ਉਨ੍ਹਾਂ ਨੂੰ ਸਿੱਖਾਂ ਦੀ ਆਵਾਜ਼ ਨਹੀਂ ਮੰਨਿਆ ਜਾਂਦਾ। ਅੱਜ ਜਦ ਘੱਟ ਗਿਣਤੀਆਂ ਉਤੇ ਖ਼ਤਰੇ ਵੱਧ ਰਹੇ ਹਨ, ਸਿੱਖਾਂ ਦੀ ਆਵਾਜ਼ ਚੁਕਣ ਵਾਲੇ ਘਟਦੇ ਜਾ ਰਹੇ ਹਨ। ਇਸੇ ਕਰ ਕੇ ਵਾਰ ਵਾਰ ਅਸੀ ਅਪਣੇ ਕਿਰਦਾਰ ਵਲ ਧਿਆਨ ਦੇਣ ਨੂੰ ਆਖਦੇ ਆਏ ਹਾਂ - ਸਿੱਖ ਫ਼ਲਸਫ਼ੇ ’ਤੇ ਟਿਕਿਆ ਕਿਰਦਾਰ ਜਿਸ ਤੇ ਲਾਲਚ, ਮਾਫ਼ੀਆ ਤੇ ਸਿਆਸਤ ਦੇ ਦਾਗ਼ ਨਾ ਹੋਣ। ਵੈਸੇ ਤਾਂ ਭਗਵੰਤ ਮਾਨ ਆਪ ਕਦੇ ਬੀਬੀ ਖਾਲੜਾ ਨੂੰ ਰਾਜ ਸਭਾ ਵਿਚ ਭੇਜਣ ਦੀ ਗੱਲ ਆਖਦੇ ਹੁੰਦੇ ਸਨ
ਪਰ ਸਿੱਖਾਂ ਦੇ ਦਰਦ ਤੋਂ ਆਪ ਹੀ ਅਣਜਾਣ ਹੋ ਗਏ। ਪਰ ਪੰਜਾਬ ਜਾਣਦਾ ਸੀ ਕਿ ਉਸ ਨੇ ਕੇਜਰੀਵਾਲ ਨੂੰ ਹੋਰ ਕੁੱਝ ਨਹੀਂ, ਕੇਵਲ ਏਨਾ ਸੋਚ ਕੇ ਹੀ ਇਕ ਮੌਕਾ ਦਿਤਾ ਸੀ ਕਿ ਉਸ ਨੂੰ ਅਪਣੇ ਕਿਸੇ ਆਗੂ ਤੇ ਵਿਸ਼ਵਾਸ ਨਹੀਂ ਰਿਹਾ। ਸੋ ਉਨ੍ਹਾਂ ਨੂੰ ਕੇਜਰੀਵਾਲ ਦੇ ਦਰਬਾਰ ਵਿਚ ਇਕ ਸੱਚੇ ਸਿੱਖ ਦੀ ਗ਼ੈਰ ਮੌਜੂਦਗੀ ਵੇਖ ਕੇ ਨਰਾਜ਼ਗੀ ਵੀ ਨਹੀਂ ਹੋਵੇਗੀ। ਪਰ ਕੀ ਇਹ ਸਿੱਖ ਜਗਤ ਨੂੰ ਅਪਣੀ ਨੌਜਵਾਨ ਪੀੜ੍ਹੀ ਨੂੰ ਸਮਰੱਥ ਤੇ ਕਾਬਲ ਬਣਾਉਣ ਵਲ ਧਿਆਨ ਦੇਵੇਗੀ ਜਾਂ ਹੁਣ ਸਿੱਖਾਂ ਦਾ, ਰਾਜ ਭਾਗ ਵਿਚ ਅਪਣੀ ਮਜ਼ਬੂਤ ਆਵਾਜ਼ ਗੂੰਜਦੀ ਰੱਖਣ ਦਾ ਚਾਅ ਹੀ ਖ਼ਤਮ ਹੋ ਗਿਆ ਹੈ?
- ਨਿਮਰਤ ਕੌਰ