ਨਸ਼ਾ ਤਸਕਰੀ 'ਚ ਪੰਜਾਬੀਆਂ ਦਾ ਨਾਂ ਵਾਰ-ਵਾਰ ਗੂੰਜਦਾ ਵੇਖ ਸ਼ਰਮ ਸਾਰੇ ਪੰਜਾਬੀਆਂ ਨੂੰ ਆਉਣ ਲਗਦੀ ਹੈ....

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਕਾਂਗਰਸ ਵਲੋਂ ਇਕ ਖ਼ਾਸ ਐਸ.ਟੀ.ਪੀ. ਬਣਾ ਕੇ ਨਸ਼ਾ ਵਪਾਰੀਆਂ ਪ੍ਰਤੀ ਸਖ਼ਤੀ ਵੀ ਵਿਖਾਈ ਗਈ ਸੀ ਅਤੇ ਨਸ਼ਾ ਕਰਨ ਵਾਲਿਆਂ ਨੂੰ ਨਸ਼ੇ ਤੋਂ ਦੂਰ ਕਰਨ ਦਾ ਯਤਨ ਵੀ ਕੀਤਾ ਗਿਆ ਸੀ।

Drug

ਬੁਧਵਾਰ ਨੂੰ ਦੋ ਥਾਵਾਂ ਤੇ ਨਸ਼ਿਆਂ ਦਾ ਵਪਾਰ ਕਰਨ ਵਾਲਿਆਂ ਉਤੇ ਛਾਪੇ ਪਏ ਜੋ ਸਫ਼ਲ ਵੀ ਹੋਏ ਪਰ ਅਫ਼ਸੋਸ ਕਿ ਭਾਵੇਂ ਦੋਵੇਂ ਥਾਵਾਂ ਇਕ ਦੂਜੇ ਤੋਂ ਹਜ਼ਾਰਾਂ ਮੀਲ ਦੂਰ ਹਨ ਪਰ ਦੋਹੀਂ ਥਾਈਂ, ਸਾਡੇ ਪੰਜਾਬੀ ਵੱਡੀ ਗਿਣਤੀ ਵਿਚ ਸ਼ਾਮਲ ਮਿਲੇ। ਇਕ ਪਾਸੇ, ਪੰਜਾਬ ਵਿਚ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਜਗੀਰ ਕੌਰ ਦੀ ਕਰੀਬੀ, ਇਸਤਰੀ ਵਿੰਗ ਦੀ ਆਗੂ ਗ੍ਰਿਫ਼ਤਾਰ ਹੋਈ ਅਤੇ ਦੂਜੇ ਪਾਸੇ ਅਪ੍ਰੇਸ਼ਨ ‘ਚੀਤਾ’ ਵਿਚ ਕੈਨੇਡਾ ਦੀ ਧਰਤੀ ਤੇ 25 ਨਸ਼ਾ ਤਸਕਰ, ਜਿਨ੍ਹਾਂ ਵਿਚ ਬਹੁਤੇ ਸਿੱਖ ਹਨ, ਅਰਬਾਂ ਦੇ ਨਸ਼ੇ ਦੇ ਵਪਾਰ ਵਿਚ ਗ੍ਰਿਫ਼ਤਾਰ ਹੋਏ।

ਇਹ ਵੀ ਆਖਿਆ ਜਾ ਸਕਦਾ ਹੈ ਕਿ ਜਿਥੇ ਜ਼ਿਆਦਾਤਰ ਸਿੱਖ ਚੰਗੇ ਕੰਮ ਕਰ ਰਹੇ ਹਨ, ਸੌਖੀ ਅਮੀਰੀ ਵੇਖਣ ਦੇ ਚਾਹਵਾਨ ਕੁੱਝ ਕੁ ਭਟਕੇ ਹੋਏ ਲੋਕ ਗ਼ਲਤ ਰਾਹ ਵੀ ਪੈ ਸਕਦੇ ਹਨ। ਪਰ ਜਦ ਵਾਰ-ਵਾਰ ਕੈੈਨੇਡਾ ਦੀ ਧਰਤੀ ਤੇ ਪੰਜਾਬੀਆਂ ਦਾ ਨਾਂ, ਨਸ਼ਾ ਤਸਕਰਾਂ ਦੇ ਵੱਡੇ ਨਾਵਾਂ ਵਿਚ ਆਉਂਦਾ ਹੈ ਤਾਂ ਸ਼ਰਮ ਵੀ ਆਉਂਦੀ ਹੈ, ਖ਼ਾਸ ਤੌਰ ਤੇ ਜਦ ਪੰਜਾਬ ਵਿਚ ਵੀ ਇਕ ਪੰਥਕ ਪਾਰਟੀ ਦੀ ਮਹਿਲਾ ਆਗੂ ਇਕ ਆਮ ਨਸ਼ਾ ਤਸਕਰ ਵਾਂਗ ਗ੍ਰਿਫ਼ਤਾਰ ਹੁੰਦੀ ਹੈ।

ਜਿਹੜਾ ਅਪ੍ਰੇਸ਼ਨ ‘ਚੀਤਾ’ ਕੈਨੇਡਾ ਵਿਚ ਸਫ਼ਲ ਹੋਇਆ ਹੈ, ਉਸ ਵਿਚ ਪੰਜਾਬ ਪੁਲਿਸ ਨਾਰਕਾਟਿਕ ਕੌਂਸਲ ਬਿਊਰੋ ਦੀ ਕੈਨੇਡਾ ਪੁਲਿਸ ਨੂੰ ਮਦਦ ਹਾਸਲ ਸੀ ਪਰ ਅਜੇ ਇਹ ਨਹੀਂ ਪਤਾ ਕਿ ਲੁਧਿਆਣਾ ਦੀ ਗ੍ਰਿਫ਼ਤਾਰੀ ਇਸ ਅੰਤਰਰਾਸ਼ਟਰੀ ਨਸ਼ਾ ਤਸਕਰੀ ਦਾ ਹਿੱਸਾ ਹੈ ਜਾਂ ਨਹੀਂ। ਕੈਨੇਡਾ ਤੋਂ ਜਿਹੜੀ ਰੀਪੋਰਟ ਆ ਰਹੀ ਹੈ, ਉਸ ਮੁਤਾਬਕ ਨਸ਼ਾ ਪੰਜਾਬ ਤੋਂ ਕੈਨੇਡਾ ਜਾ ਰਿਹਾ ਸੀ ਤੇ ਇਸ ਨੂੰ ਭੇਜਣ ਲਈ ਧਾਮਰਕ ਗ੍ਰੰਥ (ਸ਼ਾਇਦ ਗੁਰੂ ਗ੍ਰੰਥ ਸਾਹਿਬ) ਦਾ ਵੀ ਇਸਤੇਮਾਲ ਕੀਤਾ ਜਾਂਦਾ ਸੀ। ਕੈਨੇਡਾ ਵਿਚ ਮਾਰੇ ਗਏ ਛਾਪਿਆਂ ਵਿਚ ਹੈਰੋਇਨ ਯਾਨੀ ਚਿੱਟਾ, ਬੰਦੂਕਾਂ, ਪੈਸੇ ਤੇ ਵੱਡੀਆਂ ਮਹਿੰਗੀਆਂ ਚੀਜ਼ਾਂ ਪ੍ਰਾਪਤ ਹੋਈਆਂ ਹਨ, ਠੀਕ ਉਸੇ ਤਰ੍ਹਾਂ ਜਿਵੇਂ ਸਾਬਕਾ ਸਰਪੰਚ ਰਾਣੂੰ ਦੇ ਘਰ ਵਿਚੋਂ ਇਹੀ ਸੱਭ ਕੁੱਝ ਮਿਲਿਆ ਸੀ। 

ਇਹ ਮਾਮਲਾ ਪਹਿਲਾਂ ਹੀ ਪੰਜਾਬ ਵਿਚ ਕਾਂਗਰਸੀ ਆਗੂ ਜਿਵੇਂ ਕਿ ਰਵਨੀਤ ਸਿੰਘ ਬਿੱਟੂ ਤੇ ਨਵਜੋਤ ਸਿੰਘ ਚੁਕਦੇ ਆ ਰਹੇ ਹਨ ਕਿ ਆਖ਼ਰਕਾਰ ਨਸ਼ਾ ਤਸਕਰੀ ਦਾ ਪੂਰਾ ਸੱਚ ਸਾਹਮਣੇ ਕਿਉਂ ਨਹੀਂ ਆ ਰਿਹਾ? ਇਨ੍ਹਾਂ ਵਲੋਂ ਹਰਪ੍ਰੀਤ ਸਿੰਘ ਸਿੱਧੂ, ਐਸ.ਟੀ.ਆਈ.ਮੁਖੀ ਵਲੋਂ ਦਰਜ ਕੀਤੀ ਰੀਪੋਰਟ ਨੂੰ ਜਨਤਕ ਨਾ ਕੀਤੇ ਜਾਣ ਬਾਰੇ ਸਵਾਲ ਚੁਕੇ ਗਏ ਹਨ। ਚਿੱਟੇ ਦੇ ਵਪਾਰ ਦਾ ਜ਼ਿਕਰ ਪੰਜਾਬ ਵਿਚ ਅੱਜ ਤੋਂ 7-8 ਸਾਲ ਪਹਿਲਾਂ ਆਉਣਾ ਸ਼ੁਰੂ ਹੋ ਗਿਆ ਸੀ ਜਦ ਸੰਯੁਕਤ ਰਾਸ਼ਟਰ ਵਲੋਂ ਪੰਜਾਬ ਵਿਚ ਨਸ਼ੇ ਦੇ ਵਪਾਰ ਬਾਰੇ ਆਵਾਜ਼ ਚੁਕੀ ਗਈ ਸੀ।

ਇਹ ਮੁੱਦਾ 2017 ਦੀਆਂ ਚੋਣਾਂ ਵਿਚ ਵੀ ਚੁਕਿਆ ਗਿਆ ਸੀ ਤੇ ਕਾਂਗਰਸ ਵਲੋਂ ਇਕ ਖ਼ਾਸ ਐਸ.ਟੀ.ਪੀ. ਬਣਾ ਕੇ ਨਸ਼ਾ ਵਪਾਰੀਆਂ ਪ੍ਰਤੀ ਸਖ਼ਤੀ ਵੀ ਵਿਖਾਈ ਗਈ ਸੀ ਅਤੇ ਨਸ਼ਾ ਕਰਨ ਵਾਲਿਆਂ ਨੂੰ ਨਸ਼ੇ ਤੋਂ ਦੂਰ ਕਰਨ ਦਾ ਯਤਨ ਵੀ ਕੀਤਾ ਗਿਆ ਸੀ। ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਅੱਜ ਸੱਭ ਦੇ ਸਾਹਮਣੇ ਸਾਫ਼ ਹੈ ਕਿ ਨਸ਼ਾ ਪੰਜਾਬ ਵਿਚ ਵੀ ਹੈ ਤੇ ਪੰਜਾਬ ਸਿਰਫ਼ ਇਕ ਨਸ਼ੇ ਦੀ ਮਾਰਕੀਟ ਨਹੀਂ ਬਲਕਿ ਨਸ਼ੇ ਦੇ ਉਤਪਾਦਨ ਵਿਚ ਵੀ ਸ਼ਾਮਲ ਹੈ। ਕੈਨੇਡਾ ਪੁਲਿਸ ਵਲੋਂ ਚਿੱਟੇ ਦੇ ਵਪਾਰ ਬਾਰੇ ਖ਼ਾਸ ਚਿੰਤਾ ਪ੍ਰਗਟਾਈ ਗਈ ਹੈ ਕਿਉਂਕਿ ਇਹ ਚਿੱਟਾ ਨਸਲਾਂ ਬਰਬਾਦ ਕਰਨ ਵਾਲਾ ਨਸ਼ਾ ਹੈ।

ਮਾਮਲੇ ਦੀ ਸੰਜੀਦਗੀ ਨੂੰ ਸਮਝਦੇ ਹੋਏ ਅੱਜ ਦੀ ਸਰਕਾਰ ਨੂੰ ਹੁਣ ਇਸ ਵਪਾਰ ਦੀ ਜੜ੍ਹ ਨੂੰ ਹੱਥ ਪਾ ਲੈਣਾ ਚਾਹੀਦਾ ਹੈ। ਸਾਲਾਂ ਤੋਂ ਮਾਮਲੇ ਨੂੰ ਲੈ ਕੇ, ਸਿਆਸਤਦਾਨ ਇਕ ਦੂਜੇ ਉਤੇ ਚਿੱਕੜ ਸੁਟਣ ਲਈ ਇਸਤੇਮਾਲ ਕਰ ਰਹੇ ਹਨ। ਪਰ ਜੇ ਅੱਜ ਵੀ ਇਹ ਮਾਮਲਾ ਇਕ ਦੂਜੇ ਉਤੇ ਦੋਸ਼ ਥੋਪਣ ਤਕ ਹੀ ਸੀਮਤ ਰਿਹਾ ਤਾਂ ਅਪਣੀਆਂ ਆਉਣ ਵਾਲੀਆਂ ਨਸਲਾਂ ਦੇ ਨਾਲ-ਨਾਲ ਅਸੀ ਅਪਣੇ ਪੁਰਖਿਆਂ ਦੀ ਕਮਾਈ ਵੀ ਗਵਾ ਬੈਠਾਂਗੇ।

ਅੱਜ ਤਕ ਪੰਜਾਬ ਨੂੰ ਗੁਰੂਆਂ ਦੀ ਧਰਤੀ ਆਖਿਆ ਜਾਂਦਾ ਹੈ ਪਰ ਹੁਣ ਤੋਂ ਬਾਅਦ ਇਹ ਨਸ਼ੇ ਦਾ ਘਰ ਮੰਨਿਆ ਜਾਣ ਲੱਗੇਗਾ। ਪੰਜਾਬ ਵਿਚ ਕਾਂਗਰਸ ਸਰਕਾਰ ਦੀ ਸੱਭ ਤੋਂ ਕਮਜ਼ੋਰ ਕੜੀ ਉਨ੍ਹਾਂ ਦੀ ਅਦਾਲਤੀ ਕਾਰਵਾਈ ਰਹੀ ਹੈ ਜੋ ਕੇਸ ਹਾਰਦੀ ਆ ਰਹੀ ਹੈ ਜਾਂ ਠੰਢੇ ਬਸਤੇ ਵਿਚ ਪਾ ਛਡਦੀ ਰਹੀ ਹੈ। ਜਦ ਠੋਸ ਕਦਮ ਚੁਕ ਕੇ ਪੰਜਾਬ ਪੁਲਿਸ ਨੇ ਅਪ੍ਰੇਸ਼ਨ ‘ਚੀਤਾ’ ਵਰਗੇ ਕੰਮ ਨੂੰ ਸਫ਼ਲ ਕਰਵਾ ਦਿਤਾ, ਫਿਰ ਉਨ੍ਹਾਂ ਦੀ ਮਿਹਨਤ ਨੂੰ ਅਦਾਲਤਾਂ ਵਿਚ ਜਾ ਕੇ ਰੋਲਣ ਕਿਉਂ ਦਿਤਾ ਜਾ ਰਿਹਾ ਹੈ?   -ਨਿਮਰਤ ਕੌਰ