ਗੁਰੂ ਤੇਗ਼ ਬਹਾਦਰ ਜੀ ਦੇ ਸ਼ਤਾਬਦੀ ਸਮਾਰੋਹ ਉਸੇ ਦਿੱਲੀ 'ਚ ਜਿਥੇ ਦੂਜੀ ਘੱਟ-ਗਿਣਤੀ 'ਤੇ ਬੁਲਡੋਜ਼ਰ ਚਲਾਏ ਜਾ ਰਹੇ ਹਨ? 

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਅੱਜ ਜੇ ਗੁਰੂ ਤੇਗ਼ ਬਹਾਦਰ ਜੀ ਦੀ ਕੁਰਬਾਨੀ ਦੀ ਗੱਲ ਕਰੀਏ ਤਾਂ ਉਹ ਕਮਜ਼ੋਰ ਦੇ ਨਾਲ ਸਨ, ਨਾਕਿ ਕਿਸੇ ਦੇ ਵੀ ਵਿਰੋਧੀ ਸਨ |

Guru Tegh Bahadur's birth anniversary celebrations in the same Delhi where bulldozers are being used on minorities?

ਅੱਜ ਜੇ ਗੁਰੂ ਤੇਗ਼ ਬਹਾਦਰ ਜੀ ਦੀ ਕੁਰਬਾਨੀ ਦੀ ਗੱਲ ਕਰੀਏ ਤਾਂ ਉਹ ਕਮਜ਼ੋਰ ਦੇ ਨਾਲ ਸਨ, ਨਾਕਿ ਕਿਸੇ ਦੇ ਵੀ ਵਿਰੋਧੀ ਸਨ | ਜੇ ਉਸ ਸਮੇਂ ਔਰੰਗਜ਼ੇਬ ਦੀ ਥਾਂ ਕੋਈ ਹਿੰਦੂ ਰਾਜਾ ਕਿਸੇ ਮੁਸਲਮਾਨ ਦੇ ਧਰਮ ਤੇ ਹਮਲਾਵਰ ਹੋਇਆ ਹੁੰਦਾ ਤਾਂ ਗੁਰੂ ਤੇਗ਼ ਬਹਾਦਰ ਜੀ ਉਸ ਸਮੇਂ ਵੀ ਉਹੀ ਕਰਦੇ ਜੋ ਉਨ੍ਹਾਂ ਕਸ਼ਮੀਰੀ ਪੰਡਤਾਂ ਵਾਸਤੇ ਕੀਤਾ | ਪਰ ਅੱਜ ਦਾ ਸਿੱਖ ਮੁਸਲਮਾਨਾਂ ਨਾਲ ਹੋ ਰਹੇ ਧੱਕੇ ਨੂੰ  ਵੇਖ ਕੇ ਚੁੱਪ ਕਿਉਂ ਹੈ? ਅੱਜ ਜੇ ਗੁਰੂ ਤੇਗ਼ ਬਹਾਦਰ ਜੀ ਨੂੰ  ਸੱਚੀ ਸ਼ਰਧਾਂਜਲੀ ਦੇਣੀ ਹੈ ਤਾਂ ਭਾਰਤ ਵਿਚ ਮੁਸਲਮਾਨਾਂ ਵਿਰੁਧ ਨਫ਼ਰਤ ਬੰਦ ਕਰਵਾਉਣੀ ਚਾਹੀਦੀ ਹੈ | ਕਿਸੇ ਹੋਰ ਦੇ ਜਨਾਜ਼ੇ ਸਾਹਮਣੇ ਸਿੱਖਾਂ ਦਾ ਜਸ਼ਨ ਦਿਲ ਨੂੰ  ਨਹੀਂ ਜਚਦਾ | ਜਦ ਇਕ ਘੱਟ-ਗਿਣਤੀ ਨੂੰ  ਦਿੱਲੀ ਵਿਚ ਨਫ਼ਰਤ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੋਵੇ ਤਾਂ ਦੂਜੀ ਘੱਟ-ਗਿਣਤੀ ਨੂੰ  ਜਸ਼ਨ ਨਹੀਂ ਮਨਾਉਣੇ ਚਾਹੀਦੇ |

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ 'ਤੇ ਅੱਜ ਹਿਟਲਰ ਦੇ ਜਰਮਨੀ ਦਾ ਚੇਤਾ ਆ ਗਿਆ | ਹਿਟਲਰ ਦੇ ਸਮੇਂ ਵੀ ਕੁੱਝ ਖ਼ਾਸਮ ਖ਼ਾਸ ਸਨ ਜਿਨ੍ਹਾਂ ਨੂੰ  ਕਿਸੇ ਸਰਕਾਰੀ ਰੰਜਸ਼ ਦਾ ਸ਼ਿਕਾਰ ਨਹੀਂ ਹੋਣਾ ਪੈਂਦਾ ਸੀ | ਜਦ ਹਿਟਲਰ ਨੇ ਪੋਲੈਂਡ, ਯੂਕਰੇਨ ਆਦਿ ਦੇ ਲੋਕਾਂ ਨੂੰ  ਮਾਰਨਾ ਸ਼ੁਰੂ ਕੀਤਾ ਤਾਂ ਜਰਮਨੀ ਵਿਚ ਰਹਿਣ ਵਾਲੇ ਯਹੂਦੀ ਵੀ ਖ਼ਾਸ ਹੀ ਸਨ ਤੇ ਸੁਰੱਖਿਅਤ ਸਨ | ਯੂਕਰੇਨ ਵਿਚ ਜਦ ਯਹੂਦੀਆਂ ਨੂੰ  ਭੁੱਖ ਨਾਲ ਤੜਫਾ ਤੜਫਾ ਕੇ ਮਾਰਿਆ ਗਿਆ ਤਾਂ ਰੂਸ ਵਿਚ ਗਏ ਜਰਮਨ ਫ਼ੌਜੀਆਂ ਨੂੰ  ਤੋਹਫ਼ੇ ਦਿਤੇ ਗਏ | ਉਸ ਮਗਰੋਂ ਸਾਰੇ ਪਾਸੇ ਯਹੂਦੀਆਂ ਨੂੰ  ਨਫ਼ਰਤ ਦਾ ਪਾਤਰ ਬਣਾ ਦਿਤਾ ਗਿਆ ਸੀ | ਭਾਰਤ ਨੇ ਵੀ ਇਸ ਨਫ਼ਰਤ ਦੀ ਲਹਿਰ ਦਾ ਸੇਕ ਹੰਢਾਇਆ ਜਦ ਬੋਧੀ ਧਰਮ ਦੀ ਚੜ੍ਹਤ ਤੋਂ ਪ੍ਰੇਸ਼ਾਨ ਲੋਕਾਂ ਨੇ ਇਸ ਧਰਮ ਨੂੰ  ਜ਼ੋਰ ਜਬਰ ਤੇ ਹਿੰਸਾ ਨਾਲ ਦੇਸ਼ 'ਚੋਂ ਬਾਹਰ ਕੱਢ ਦੇਣ ਦਾ ਨਿਰਣਾ ਕੀਤਾ | 

ਮੁਗ਼ਲ ਜਦ ਸਰਹੱਦ ਪਾਰੋਂ ਆ ਕੇ ਭਾਰਤ 'ਤੇ ਰਾਜ ਕਰਦੇ ਸਨ ਤਾਂ ਉਹ ਕਿਸੇ ਨੂੰ  ਨਹੀਂ ਬਖ਼ਸ਼ਦੇ ਸਨ | ਹਿੰਦੂ ਗ਼ੁਲਾਮ ਸੀ ਤੇ ਇਹ ਤਾਂ ਜਦ ਅਕਬਰ ਵਰਗੇ ਰਾਜੇ ਆ ਕੇ ਭਾਰਤ ਨੂੰ  ਅਪਣਾ ਦੇਸ਼ ਮੰਨਣ ਲੱਗ ਪਏ ਤਾਂ ਤਬਦੀਲੀ ਆਉਣੀ ਸ਼ੁਰੂ ਹੋਈ | ਅੰਗਰੇਜ਼ਾਂ ਨੇ ਸਾਰੇ ਭਾਰਤ ਨੂੰ  ਗ਼ੁਲਾਮ ਬਣਾ ਕੇ ਭਾਰਤ ਨੂੰ  ਰਾਸ਼ਟਰਵਾਦ ਦਾ ਪਾਠ ਪਹਿਲੀ ਵਾਰ ਸਿਖਾਇਆ | ਪਰ ਅੱਜ ਜੋ ਕੁੱਝ ਦੇਸ਼ ਵਿਚ ਹੋ ਰਿਹਾ ਹੈ, ਉਸ ਵਿਚ ਉਸੇ ਨਫ਼ਰਤ ਦੀ ਛਵੀ ਵੇਖਣ ਨੂੰ  ਮਿਲਦੀ ਹੈ ਜੋ ਕਦੇ ਹਿੰਦੂ ਨੇ ਆਪ ਅਪਣੇ ਪਿੰਡੇ 'ਤੇ ਸਹਾਰੀ ਸੀ ਜਾਂ ਕਦੇ ਯਹੂਦੀਆਂ ਨੇ ਸਹਾਰੀ ਸੀ ਪਰ ਅਜੇ ਨਿਕਟ ਭਵਿੱਖ ਵਿਚ ਸਿੱਖਾਂ ਵਾਸਤੇ ਖ਼ਤਰਾ ਸ਼ਾਇਦ ਨਹੀਂ ਬਣੇਗਾ |

ਸ਼ਾਇਦ ਇਹ ਆਰ.ਐਸ.ਐਸ. ਦੀ ਸੋਚ ਹੈ ਕਿ ਸਿੱਖ, ਹਿੰਦੂ ਧਰਮ ਦਾ ਹਿੱਸਾ ਹਨ ਜਾਂ ਅੱਜ ਦੀਆਂ ਤਾਕਤਾਂ ਸਿੱਖ ਧਰਮ ਦੇ ਅੰਦਰ ਦੀ ਤਾਕਤ ਪਹਿਚਾਣ ਗਈਆਂ ਹਨ ਜਾਂ ਮੁਸਲਮਾਨਾਂ ਨੂੰ  ਅਪਣੀ ਨਫ਼ਰਤ ਦਾ ਸ਼ਿਕਾਰ ਬਣਾਉਣ ਲਈ ਉਨ੍ਹਾਂ ਨੂੰ  ਇਕ ਘੱਟ-ਗਿਣਤੀ ਕੌਮ ਦਾ 'ਹਮਾਇਤੀ' ਹੋਣ ਦਾ ਵਿਖਾਵਾ ਕਰਨਾ ਜ਼ਰੂਰੀ ਲਗਦਾ ਹੈ | ਮੁਸਲਮਾਨ ਜੋ ਭਾਰਤ ਦਾ ਵਾਸੀ ਹੈ, ਉਸ ਦਾ ਸਰਹੱਦ ਤੋਂ ਬਾਹਰ ਕੋਈ ਵਾਲੀ ਵਾਰਸ ਨਹੀਂ ਰਹਿ ਗਿਆ ਤੇ ਉਹ ਭਾਵੇਂ ਦੁਨੀਆਂ ਦੀ ਇਕ ਵੱਡੀ ਕੌਮ ਦਾ ਹਿੱਸਾ ਹੈ, ਉਸ ਦੇ ਹੱਕ ਵਿਚ ਬੋਲਣ ਵਾਲਾ ਕੋਈ ਨਹੀਂ ਦਿਸ ਰਿਹਾ | ਉਹ ਚੁੱਪ ਚਾਪ ਭਾਰਤੀ ਸਿਆਸਤਦਾਨਾਂ ਦੀ ਨਫ਼ਰਤ ਸਹਿ ਰਿਹਾ ਹੈ | ਦਿੱਲੀ ਵਿਚ ਸੁਪ੍ਰੀਮ ਕੋਰਟ ਵੀ ਸਰਕਾਰੀ ਨਫ਼ਰਤ ਸਾਹਮਣੇ ਕਮਜ਼ੋਰ ਪੈ ਗਈ ਹੈ ਤੇ ਪਹਿਲਾਂ ਐਮ.ਪੀ. ਵਿਚ ਤੇ ਹੁਣ ਦਿੱਲੀ ਵਿਚ ਮੁਸਲਮਾਨ ਵਾਸਤੇ ਕਾਨੂੰਨ ਤੇ ਸੰਵਿਧਾਨ ਉਹ ਨਹੀਂ ਰਹੇ ਜੋ ਬਾਕੀ ਦੇ ਹਿੰਦੁਸਤਾਨੀਆਂ ਵਾਸਤੇ ਹਨ | 

ਪਰ ਸਿੱਖ ਹਮੇਸ਼ਾ ਹੀ ਅਪਣੇ ਵਾਲੀ ਵਾਰਸ ਆਪ ਰਹੇ ਹਨ ਤੇ ਜਿਵੇਂ ਕਿਸਾਨੀ ਸੰਘਰਸ਼ ਵਿਚ ਵੇਖਿਆ ਗਿਆ, ਇਹ 2 ਫ਼ੀ ਸਦੀ ਲੋਕ, ਕਿਸੇ ਹੋਰ ਦੇ ਸਮਰਥਨ ਦੇ ਮੋਹਤਾਜ ਨਹੀਂ ਸਨ | ਸ਼ਾਇਦ ਇਸ ਕਰ ਕੇ ਵੀ ਅੱਜ ਦੇ ਸਿਆਸਤਦਾਨ ਸਿੱਖਾਂ ਵਲ ਦੋਸਤੀ ਦਾ ਪੈਗ਼ਾਮ ਭੇਜ ਰਹੇ ਹਨ | ਪਰ ਫਿਰ ਵੀ ਸਿੱਖਾਂ ਦੇ ਦਿਲਾਂ ਵਿਚ ਖ਼ੁਸ਼ੀ ਨਹੀਂ | ਉਸ ਦਾ ਕਾਰਨ ਇਹ ਹੈ ਕਿ ਸਿੱਖ ਦੇ ਡੀ.ਐਨ.ਏ. ਵਿਚ ਜੋ ਗੁਰੂਆਂ ਦੀ ਸੋਚ ਦੌੜਦੀ ਹੈ, ਉਸ ਕਾਰਨ ਉਹ ਦੂਜਿਆਂ ਨਾਲ ਧੱਕਾ ਹੁੰਦਾ ਵੇਖ ਤੇ  ਅਪਣਾ ਭਲਾ ਵਾਚ ਕੇ ਹੀ ਖ਼ੁਸ਼ ਹੋਣਾ ਨਹੀਂ ਜਾਣਦੇ | ਉਹ ਕਿਸੇ ਨਾਲ ਵੀ ਹੋ ਰਹੀ ਜ਼ਿਆਦਤੀ ਵੇਖ ਕੇ ਪ੍ਰੇਸ਼ਾਨ ਹੋ ਜਾਂਦੇ ਹਨ |

ਦੁਨੀਆਂ ਵਿਚ ਜਿਥੇ ਵੀ ਜ਼ੁਲਮ ਹੋ ਰਿਹਾ ਹੋਵੇ,  ਸਿੱਖ ਦਾ ਖ਼ੂਨ ਖੌਲਣ ਲਗਦਾ ਹੈ | ਦੁਨੀਆਂ ਦੇ ਦੇਸ਼ਾਂ ਦਾ ਵੀ ਤਜਰਬਾ ਇਹੀ ਹੈ ਕਿ ਉਹੀ ਦੇਸ਼ ਚੰਗਾ ਹੁੰਦਾ ਹੈ ਜਿਥੇ ਕਿਸੇ ਇਕ ਨਾਲ ਵੀ ਧੱਕਾ ਕਰਨ ਦੀ ਗੁੰਜਾਇਸ਼ ਨਹੀਂ ਛੱਡੀ ਜਾਂਦੀ ਤੇ ਧਰਮ, ਨਸਲ, ਭਾਸ਼ਾ ਦੇ ਨਾਂ 'ਤੇ ਕਿਸੇ ਨਾਲ ਵੀ ਵਿਤਕਰਾ ਨਹੀਂ ਕੀਤਾ ਜਾ ਸਕਦਾ | ਜੇ ਕਿਸੇ ਇਕ ਧਰਮ ਦੇ ਲੋਕਾਂ ਨਾਲ ਵੀ ਵਿਤਕਰਾ ਬਰਦਾਸ਼ਤ ਕਰ ਲਿਆ ਜਾਂਦਾ ਹੈ ਤਾਂ ਛੇਤੀ ਮਗਰੋਂ, ਦੂਜਿਆਂ ਨਾਲ ਵੀ ਵਿਤਕਰਾ ਸ਼ੁਰੂ ਹੋਣਾ ਲਾਜ਼ਮੀ ਹੈ |

ਅੱਜ ਜੇ ਗੁਰੂ ਤੇਗ਼ ਬਹਾਦਰ ਜੀ ਦੀ ਕੁਰਬਾਨੀ ਦੀ ਗੱਲ ਕਰੀਏ ਤਾਂ ਉਹ ਕਮਜ਼ੋਰ ਦੇ ਨਾਲ ਸਨ, ਨਾਕਿ ਕਿਸੇ ਦੇ ਵੀ ਵਿਰੋਧੀ ਸਨ | ਜੇ ਉਸ ਸਮੇਂ ਔਰੰਗਜ਼ੇਬ ਦੀ ਥਾਂ ਕੋਈ ਹਿੰਦੂ ਰਾਜਾ ਕਿਸੇ ਮੁਸਲਮਾਨ ਦੇ ਧਰਮ ਤੇ ਹਮਲਾਵਰ ਹੋਇਆ ਹੁੰਦਾ ਤਾਂ ਗੁਰੂ ਤੇਗ਼ ਬਹਾਦਰ ਜੀ ਉਸ ਸਮੇਂ ਵੀ ਉਹੀ ਕਰਦੇ ਜੋ ਉਨ੍ਹਾਂ ਕਸ਼ਮੀਰੀ ਪੰਡਤਾਂ ਵਾਸਤੇ ਕੀਤਾ | ਪਰ ਅੱਜ ਦਾ ਸਿੱਖ ਮੁਸਲਮਾਨਾਂ ਨਾਲ ਹੋ ਰਹੇ ਧੱਕੇ ਨੂੰ  ਵੇਖ ਕੇ ਚੁੱਪ ਕਿਉਂ ਹੈ? ਅੱਜ ਜੇ ਗੁਰੂ ਤੇਗ਼ ਬਹਾਦਰ ਜੀ ਨੂੰ  ਸੱਚੀ ਸ਼ਰਧਾਂਜਲੀ ਦੇਣੀ ਹੈ ਤਾਂ ਭਾਰਤ ਵਿਚ ਮੁਸਲਮਾਨਾਂ ਵਿਰੁਧ ਨਫ਼ਰਤ ਬੰਦ ਕਰਵਾਉਣੀ ਚਾਹੀਦੀ ਹੈ |

ਕਿਸੇ ਹੋਰ ਦੇ ਜਨਾਜ਼ੇ ਸਾਹਮਣੇ ਸਿੱਖਾਂ ਦਾ ਜਸ਼ਨ ਦਿਲ ਨੂੰ  ਨਹੀਂ ਜਚਦਾ | ਜਦ ਇਕ ਘੱਟ-ਗਿਣਤੀ ਨੂੰ  ਦਿੱਲੀ ਵਿਚ ਨਫ਼ਰਤ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੋਵੇ ਤਾਂ ਦੂਜੀ ਘੱਟ-ਗਿਣਤੀ ਨੂੰ  ਜਸ਼ਨ ਨਹੀਂ ਮਨਾਉਣੇ ਚਾਹੀਦੇ, ਗੁਰੂ ਤੇਗ਼ ਬਹਾਦਰ ਦਾ ਨਾਂ ਲੈ ਕੇ ਤਾਂ ਬਿਲਕੁਲ ਵੀ ਨਹੀਂ | ਉਹ ਤਾਂ ਅਜਿਹੀ ਹਾਲਤ ਵੇਖ ਕੇ ਸੀਸ ਕੁਰਬਾਨ ਕਰਨ ਲਈ ਤਿਆਰ ਹੋਣ ਵਾਲੇ ਮਹਾਂਪੁਰਸ਼ ਸਨ | 

- ਨਿਮਰਤ ਕੌਰ