Editorial: ਵੋਟਾਂ ਪਾਉਣ ਲਈ ਲੋਕਾਂ ਦੀ ਘੱਟ ਰਹੀ ਦਿਲਚਸਪੀ ਅੰਤ ਕੀ ਨਤੀਜੇ ਕੱਢੇਗੀ?
ਕੀ ਆਮ ਲੋਕਾਂ ਵਲੋਂ ਵੋਟ ਪਾਉਣ ਵਿਚ ਵਿਖਾਈ ਜਾ ਰਹੀ ਘੱਟ ਦਿਲਚਸਪੀ ਸਰਕਾਰਾਂ ਨੂੰ ਕੋਈ ਵੱਡਾ ਸੰਕੇਤ ਦੇ ਰਹੀ ਹੈ
Editorial: ਚੋਣਾਂ ਦਾ ਹਰ ਗੇੜ ਇਕ ਗੱਲ ਚੀਕ ਚੀਕ ਕੇ ਦਸ ਰਿਹਾ ਹੈ ਕਿ ਆਮ ਜਨਤਾ ਇਸ ਪ੍ਰਕਿਰਿਆ ਤੋਂ ਨਿਰਾਸ਼ ਹੋ ਚੁੱਕੀ ਹੈ। ਚੋਣ ਕਮਿਸ਼ਨ ਤੋਂ ਲੈ ਕੇ ਸਿਆਸਤਦਾਨ ਤੇ ਅਫ਼ਸਰਸ਼ਾਹੀ, ਲੋਕਾਂ ਨੂੰ ਵੋਟਾਂ ਪਾਉਣ ਵਾਸਤੇ ਉਤਸ਼ਾਹਤ ਕਰਨ ਦੇ ਯਤਨ ਕਰ ਰਹੀ ਹੈ ਪਰ ਫਿਰ ਵੀ ਲੋਕਾਂ ਦਾ ਉਤਸ਼ਾਹ ਘਟਦਾ ਹੀ ਜਾ ਰਿਹਾ ਹੈ। ਸਿਰਫ਼ ਇਕ ਸੂਬਾ ਹੈ ਜਿਸ ਵਿਚ ਗਿਣਤੀ ਵਧੀ ਹੈ ਤੇ ਉਹ ਹੈ ਜੰਮੂ-ਕਸ਼ਮੀਰ, ਜਿਥੇ ਇਸ ਵਾਰ 65.8% ਵੋਟ ਪਈ ਹੈ ਜੋ 2019 ਤੋਂ 7.73% ਵੱਧ ਬਣਦੀ ਹੈ।
ਇਸ ਵਾਰ ਪਛਮੀ ਬੰਗਾਲ ਵਿਚ ਸੱਭ ਤੋਂ ਵੱਧ ਵੋਟ ਪਈ ਹੈ ਅਰਥਾਤ 77.57 ਫ਼ੀ ਸਦੀ ਜੋ ਕਿ ਪਿਛਲੀ ਵਾਰ ਤੋਂ 6.22% ਘੱਟ ਹੈ। ਲਕਸ਼ਦੀਪ ਵਿਚ ਭਾਵੇਂ ਹਾਲ ਹੀ ਵਿਚ ਪ੍ਰਧਾਨ ਮੰਤਰੀ ਨੇ ਆਪ ਜਾ ਕੇ ਸੂਬੇ ਦੀ ਪ੍ਰੀਸ਼ਦ ਬਣਾਉਣ ਦੀ ਜ਼ਿੰਮੇਵਾਰੀ ਲਈ ਪਰ ਉਸ ਮਗਰੋਂ ਮਾਲਦੀਪ ਨਾਲ ਰਿਸ਼ਤਿਆਂ ਵਿਚ ਐਨੀ ਗਿਰਾਵਟ ਆਈ ਕਿ ਮਾਲਦੀਪ ਨੇ ਚੀਨ ਦਾ ਸਾਥ ਲੈ ਕੇ ਭਾਰਤੀ ਸੈਨਾ ਨੂੰ ਦੇਸ਼ ਨਿਕਾਲਾ ਦੇ ਦਿਤਾ। ਇਸ ਸੱਭ ਕੁੱਝ ਸਦਕਾ, ਵੋਟਾਂ ਵਿਚ 25.95 ਕਮੀ ਆਈ। ਨਾਗਾਲੈਂਡ ਵਿਚ ਇਸ ਵਾਰ 2019 ਦੇ ਮੁਕਾਬਲੇ 29.3% ਘੱਟ ਵੋਟਾਂ ਪਈਆਂ।
ਮਹਾਰਾਸ਼ਟਰ ਵਿਚ ਵੀ ਘੱਟ ਵੋਟਾਂ ਅਖਰਦੀਆਂ ਰਹੀਆਂ ਪਰ ਸੱਭ ਤੋਂ ਵੱਧ ਹੈਰਾਨ ਕਰ ਦਿਤਾ ਬਿਹਾਰ ਤੇ ਉੱਤਰ ਪ੍ਰਦੇਸ਼ ਨੇ ਜਿਥੇ 5.98 ਤੇ 6.27 ਫ਼ੀਸਦੀ ਵੋਟ ਘਟੀ। ਇਸ ਪ੍ਰਕਿਰਿਆ ਵਿਚ ਔਰਤਾਂ ਦੀ ਹਿੱਸੇਦਾਰੀ ਦੇ ਨਾਲ ਨਾਲ ਸ਼ਹਿਰੀ ਵੋਟਰਾਂ ਅਤੇ ਨੌਜੁਆਨਾਂ ਦੀ ਹਿੱਸੇਦਾਰੀ ਵੀ ਘੱਟ ਰਹੀ। ਚੋਣ ਨਤੀਜਿਆਂ ਦੇ ਨਾਲ ਨਾਲ ਇਸ ਦਾ ਅਸਰ ਚੋਣ ਭਾਸ਼ਣਾਂ ਵਿਚ ਨਜ਼ਰ ਆਇਆ। ਖ਼ਾਸ ਕਰ ਕੇ ਗੱਲ ਕਰੀਏ ਤਾਂ ਪ੍ਰਧਾਨ ਮੰਤਰੀ ਦੇ ਭਾਸ਼ਣਾਂ ਵਿਚ ਤਾਂ ਜ਼ਬਰਦਸਤ ਤਬਦੀਲੀ ਵੇਖਣ ਨੂੰ ਮਿਲੀ।
ਜਿਥੇ ਪਹਿਲੇ ਗੇੜ ਦੇ ਭਾਸ਼ਣਾਂ (17 ਮਾਰਚ, ਅਪ੍ਰੈਲ 5) ਵਿਚ ਪ੍ਰਧਾਨ ਮੰਤਰੀ ਨੇ ਕਾਂਗਰਸ ਦਾ ਨਾਮ ਸਿਰਫ਼ 10 ਵਾਰ ਲਿਆ, ਔਰਤਾਂ ਦਾ 9 ਵਾਰ, ਰਾਮ ਮੰਦਰ ਦਾ 6 ਵਾਰ, ਉਥੇ 6 ਅਪ੍ਰੈਲ ਤੇ 20 ਅਪ੍ਰੈਲ ਦੇ ਭਾਸ਼ਣਾਂ ਵਿਚ ਕਾਂਗਰਸ ਦਾ 33 ਵਾਰ, ਰਾਮ ਮੰਦਰ ਦਾ 26 ਵਾਰ ਤੇ 21 ਅਪ੍ਰੈਲ ਤੋਂ 15 ਮਈ ਦੇ ਭਾਸ਼ਣਾਂ ਵਿਚ ਕਾਂਗਰਸ ਦਾ 63 ਵਾਰ, ਔਰਤਾਂ ਦਾ ਬਿਲਕੁਲ ਨਹੀਂ, ਰਾਮ ਮੰਦਰ-ਬਿਲਕੁਲ ਨਹੀਂ, ਹਿੰਦੂ-ਮੁਸਲਿਮ 60 ਵਾਰ। ਭਾਸ਼ਣਾਂ ਦੀ ਗਿਣਤੀ ਵੀ ਵੱਧ ਰਹੀ ਹੈ ਤੇ ਨਾਲੋ ਨਾਲ ਤਿੱਖੀ ਤੇ ਹਿੰਦੂ, ਮੁਸਲਿਮ ਨੂੰ ਦੋ ਕੌਮਾਂ ਮੰਨਣ ਵਾਲੀ ਸ਼ਬਦਾਵਲੀ ਦੀ ਵਰਤੋਂ ਵੀ ਵੱਧ ਰਹੀ ਹੈ।
ਇਕ ਗੱਲ ਤਾਂ ਸਾਫ਼ ਹੈ ਕਿ ਰਾਮ ਮੰਦਰ ਨਿਰਮਾਣ ਨਾਲ ਭਾਜਪਾ ਨੂੰ ਉਸ ਤਰ੍ਹਾਂ ਦਾ ਫ਼ਾਇਦਾ ਹੁੰਦਾ ਨਜ਼ਰ ਨਹੀਂ ਆ ਰਿਹਾ ਜਿੰਨਾ ਹੋਣ ਦੀ ਉਮੀਦ ਸੀ। ਉੱਤਰ ਪ੍ਰਦੇਸ਼ ਵਿਚ ਤਾਂ ਰਾਮ ਮੰਦਰ ਤੋਂ ਬਾਅਦ ਲੋਕਾਂ ਦਾ ਹੜ੍ਹ ਆਉਣਾ ਚਾਹੀਦਾ ਸੀ ਪਰ ਕਿਥੇ ਹੈ ਉਹ ਹੜ੍ਹ? ਸੀਏਏ, ਰਾਮ ਮੰਦਰ ਦੋ ਵੱਡੇ ਮੁੱਦੇ ਸਨ ਪਰ ਲੋਕਾਂ ਦਾ ਮੱਠਾ ਜੋਸ਼ ਵੇਖ ਕੇ ਪ੍ਰਧਾਨ ਮੰਤਰੀ ਦੇ 21 ਅਪ੍ਰੈਲ ਤੋਂ ਮਈ 15 ਦੇ ਭਾਸ਼ਣਾਂ ਵਿਚ 60 ਵਾਰ ਹਿੰਦੂ-ਮੁਸਲਿਮ ਵਿਰੋਧ ਦਾ ਜ਼ਿਕਰ ਹੋਇਆ ਹੈ ਪਰ ਉਸ ਦੇ ਬਾਵਜੂਦ ਵੀ ਲੋਕ ਵੋਟਾਂ ਪਾਉਣ ਲਈ ਅੱਗੇ ਨਹੀਂ ਆਏ।
ਕੀ ਆਮ ਲੋਕਾਂ ਵਲੋਂ ਵੋਟ ਪਾਉਣ ਵਿਚ ਵਿਖਾਈ ਜਾ ਰਹੀ ਘੱਟ ਦਿਲਚਸਪੀ ਸਰਕਾਰਾਂ ਨੂੰ ਕੋਈ ਵੱਡਾ ਸੰਕੇਤ ਦੇ ਰਹੀ ਹੈ ਜਿਸ ਦਾ ਅਸਰ ਅਸੀ ਪ੍ਰਧਾਨ ਮੰਤਰੀ ਦੇ ਭਾਸ਼ਣਾਂ ਵਿਚ ਵੇਖ ਰਹੇ ਹਾਂ? ਇਨਸਾਨੀ ਫ਼ਿਤਰਤ ਐਸੀ ਹੈ ਕਿ ਅੰਦਾਜ਼ੇ ਲਗਾਉਣਾ ਅਸਲ ਤੋਂ ਜ਼ਿਆਦਾ ਅਨੰਦ ਦੇਂਦਾ ਹੈ ਤੇ ਇਹ ਅਨੰਦ ਪੰਜਾਬੀ ਵੋਟਰ ਵੀ ਲੈ ਰਿਹਾ ਹੈ। ਜਿਥੇ ਪ੍ਰਧਾਨ ਮੰਤਰੀ ਤੇਜ਼ ਹੋ ਰਹੇ ਹਨ, ਉਥੇ ਹੀ ਕਾਂਗਰਸ ਦਾ ਅਪਣੀ ਜਿੱਤ ਬਾਰੇ ਨਿਸ਼ਚਾ ਮਜ਼ਬੂਤ ਹੋ ਰਿਹਾ ਹੈ ਜਾਂ ਅਜਿਹਾ ਵਿਖਾਵਾ ਕੀਤਾ ਜਾ ਰਿਹਾ ਹੈ। ਇਕ ਗੱਲ ਤਾਂ ਸਾਫ਼ ਹੈ ਕਿ 400 ਪਾਰ ਵੀ ਨਹੀਂ ਹੋਣ ਲੱਗਾ ਪਰ ਕੀ ਹੋਵੇਗਾ, ਉਹ ਵੀ ਸਾਫ਼ ਨਹੀਂ ਭਾਵੇਂ ਇਸ ਬਾਰੇ ਘਬਰਾਹਟ ਜ਼ਰੂਰ ਵਧੀ ਜਾ ਰਹੀ ਹੈ। 4 ਜੂਨ ਦਾ ਇੰਤਜ਼ਾਰ ਕਰਨਾ ਹੀ ਹੋਵੇਗਾ। - ਨਿਮਰਤ ਕੌਰ