ਕਾਂਗਰਸ ਨੂੰ ਅਪਣੇ ਗਰਮ ਖ਼ਿਆਲ ਨੌਜੁਆਨ ਆਗੂਆਂ ਲਈ ਥਾਂ ਬਣਾਉਣੀ ਪਵੇਗੀ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਕੈਪਟਨ ਅਮਰਿੰਦਰ ਸਿੰਘ, ਸ਼ੀਲਾ ਦੀਕਸ਼ਿਤ ਵਰਗੇ ਵੀ ਕਿਸੇ ਵੇਲੇ ਗਰਮ-ਖ਼ਿਆਲੀ ਤੇ 'ਬਾਗ਼ੀ' ਅਖਵਾਂਦੇ ਸਨ

Congress leaders

ਨਵਜੋਤ ਸਿੰਘ ਸਿੱਧੂ ਦੀ ਗੁਗਲੀ ਤੇ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਆਊਟ ਕਰ ਦਿਤਾ ਹੈ। ਜਦੋਂ ਅਜੇ ਚਰਚਾਵਾਂ ਚਲ ਹੀ ਰਹੀਆਂ ਸਨ ਕਿ ਪ੍ਰਿਅੰਕਾ ਗਾਂਧੀ, ਨਵਜੋਤ ਸਿੰਘ ਸਿੱਧੂ ਦੇ ਹੱਕ ਵਿਚ ਨਿਤਰੀ ਹੈ ਤੇ ਸਿੱਧੂ ਦੀ ਕੈਬਨਿਟ ਵਿਚ ਵਾਪਸੀ ਦੀ ਗੱਲ ਅੱਗੇ ਵੱਧ ਰਹੀ ਹੈ, ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਨੇ ਸਾਫ਼ ਕਰ ਦਿਤਾ ਕਿ ਪੰਜਾਬ ਦੇ ਕੈਪਟਨ ਉਹੀ ਹਨ ਤੇ ਇੱਥੇ ਉਹ ਅਨੁਸ਼ਾਸਨ ਨਾ ਮੰਨਣ ਵਾਲਿਆਂ ਪ੍ਰਤੀ ਹੋਰ ਨਰਮੀ ਨਹੀਂ ਵਿਖਾ ਸਕਦੇ। ਇਸ ਮਾਮਲੇ ਵਿਚ ਕੈਪਟਨ ਅਮਰਿੰਦਰ ਸਿੰਘ ਦੇ ਹਮਾਇਤੀ ਕਾਂਗਰਸੀ ਆਖਦੇ ਹਨ ਕਿ ਸਿੱਧੂ ਨੂੰ ਅਨੁਸ਼ਾਸਨ ਵਿਚ ਰਹਿਣਾ ਆਉਣਾ ਚਾਹੀਦਾ ਹੈ ਅਤੇ ਅਪਣੇ ਮੁੱਖ ਮੰਤਰੀ ਵਿਰੁਧ ਨਹੀਂ ਚਲਣਾ ਚਾਹੀਦਾ ਸੀ। ਸਿੱਧੂ ਦੀ ਹਮਾਇਤ ਵਿਚ ਖੜੇ ਹੋਣ ਵਾਲੇ ਵੀ ਥੋੜੇ ਨਹੀਂ ਤੇ ਉਹ ਅਪਣੀਆਂ ਦਲੀਲਾਂ ਪੇਸ਼ ਕਰ ਰਹੇ ਹਨ।

ਅੱਜ ਭਾਵੇਂ ਨਵਜੋਤ ਸਿੰਘ ਸਿੱਧੂ ਦੇ ਹੱਕ ਵਿਚ ਸਿਮਰਜੀਤ ਸਿੰਘ ਬੈਂਸ, ਸੁਖਪਾਲ ਸਿੰਘ ਖਹਿਰਾ ਅਤੇ ਧਰਮਵੀਰ ਗਾਂਧੀ ਵਰਗੀਆਂ ਸ਼ਖ਼ਸੀਅਤਾਂ ਖੜੀਆਂ ਹਨ ਪਰ ਫ਼ਾਇਦਾ ਕਿਸ ਦਾ ਹੋ ਰਿਹਾ ਹੈ? ਨਵਜੋਤ ਸਿੰਘ ਸਿੱਧੂ ਕਾਂਗਰਸ ਛੱਡ ਕੇ ਨਵੀਂ ਪਾਰਟੀ ਵਿਚ ਜਾਣਗੇ ਤਾਂ ਉਨ੍ਹਾਂ ਦੇ ਵਿਰੋਧੀ ਆਖਣਗੇ ਕਿ ਗ਼ਲਤੀ ਨਵਜੋਤ ਸਿੰਘ ਸਿੱਧੂ ਦੀ ਹੈ ਕਿਉਂਕਿ ਉਨ੍ਹਾਂ ਨੇ ਭਾਜਪਾ ਵੀ ਛੱਡੀ ਅਤੇ ਹੁਣ ਕਾਂਗਰਸ ਵਿਚ ਵੀ ਕਿਸੇ ਨਾਲ ਨਹੀਂ ਬਣੀ। ਜੇ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਵਿਚ ਹੀ ਰਹਿਣਾ ਹੈ ਤਾਂ ਉਹ ਅਪਣੀ ਹੀ ਪਾਰਟੀ ਨੂੰ ਕਮਜ਼ੋਰ ਕਰ ਰਹੇ ਹਨ। ਅੱਜ ਕਾਂਗਰਸ ਦੇ ਸੱਭ ਤੋਂ ਵੱਡੇ ਵਿਰੋਧੀ, ਭਾਜਪਾ ਅਤੇ ਅਕਾਲੀ ਬਹੁਤ ਖ਼ੁਸ਼ ਹਨ ਕਿ ਉਨ੍ਹਾਂ ਦਾ ਸੱਭ ਤੋਂ ਵੱਡਾ ਆਲੋਚਕ ਚੁਪ ਹੋ ਗਿਆ ਹੈ ਅਤੇ ਜੋ ਸਥਿਤੀ ਪੰਜਾਬ ਵਿਚ ਬਣੀ ਹੋਈ ਹੈ, ਉਹ ਮੁੱਖ ਤੌਰ ਤੇ ਕਾਂਗਰਸ ਦੀਆਂ ਮੁਸ਼ਕਲਾਂ ਵਿਚ ਵਾਧਾ ਹੀ ਕਰ ਰਹੀ ਹੈ ਤੇ ਭਾਜਪਾ ਦੇ ਵਿਹੜੇ ਵਿਚ ਖ਼ੁਸ਼ੀਆਂ ਦੇ ਢੋਲ ਵੱਜਣ ਦੀਆਂ ਆਵਾਜ਼ਾਂ ਹੋਰ ਤੇਜ਼ ਹੋ ਗਈਆਂ ਹਨ।

ਰਾਹੁਲ ਗਾਂਧੀ ਵੀ ਅਪਣਾ ਅਹੁਦਾ ਛੱਡਣ ਤੋਂ ਬਾਅਦ ਇਹੀ ਆਖਦੇ ਸਨ ਕਿ ਉਹ ਇਕੱਲੇ ਹੀ ਮੋਦੀ ਵਿਰੁਧ ਮੋਰਚਾ ਸੰਭਾਲੀ ਬੈਠੇ ਸਨ ਤੇ ਕਾਂਗਰਸੀ ਆਗੂ, ਨਿਜੀ ਲੜਾਈ ਹੀ ਲੜ ਰਹੇ ਸਨ, ਪਾਰਟੀ ਦੀ ਨਹੀਂ। ਏ.ਆਈ.ਸੀ.ਸੀ. ਦੇ ਨੌਜੁਆਨ ਸਕੱਤਰ ਨੇ ਅਪਣੇ ਅਸਤੀਫ਼ੇ ਦੇ ਕਾਗ਼ਜ਼ ਪੇਸ਼ ਕਰਦਿਆਂ ਆਖਿਆ ਹੈ ਕਿ ਰਾਹੁਲ ਗਾਂਧੀ ਜੇ ਕਾਂਗਰਸ ਦੇ ਮੁਖੀ ਨਹੀਂ ਰਹਿਣਗੇ ਤਾਂ ਯੁਵਾ ਆਗੂਆਂ ਦੀ ਕੋਈ ਨਹੀਂ ਸੁਣਨ ਵਾਲਾ। ਇਕ ਪਾਸੇ ਕਾਂਗਰਸ ਦੇ ਪੁਰਾਣੇ ਆਗੂ ਹਨ ਜਿਨ੍ਹਾਂ ਦੇਸ਼ ਦੀ ਆਜ਼ਾਦੀ ਤੋਂ ਬਾਅਦ ਦੇਸ਼ ਦੀ ਵਾਗਡੋਰ ਸੰਭਾਲੀ।

ਸ਼ੀਲਾ ਦੀਕਸ਼ਿਤ ਵਰਗੇ ਪੁਰਾਣੀ ਪੀੜ੍ਹੀ ਦੇ ਆਗੂ ਜਿਨ੍ਹਾਂ ਦਿੱਲੀ ਦਾ ਚਿਹਰਾ ਹੀ ਬਦਲ ਦਿਤਾ ਤੇ ਜਿਨ੍ਹਾਂ ਨੇ ਭਾਰਤ ਦੇ ਅਰਥਚਾਰੇ ਦੀ ਚਾਲ ਬਦਲ ਦਿਤੀ, ਇਨ੍ਹਾਂ ਦੀਆਂ ਨੀਤੀਆਂ ਉਸ ਸਮੇਂ ਨਵੇਂ ਤਜਰਬਿਆਂ ਦੀ ਹੈਸੀਅਤ ਹੀ ਰਖਦੀਆਂ ਸਨ ਅਤੇ ਅੱਜ ਦੇ ਕਾਮਯਾਬ ਕਾਂਗਰਸੀ ਆਗੂ ਜਿਵੇਂ ਕਿ ਕੈਪਟਨ ਅਮਰਿੰਦਰ ਸਿੰਘ, ਸ਼ੀਲਾ ਦੀਕਸ਼ਿਤ ਅਤੇ ਮਮਤਾ ਬੈਨਰਜੀ ਵੀ ਉਸ ਸਮੇਂ ਗਰਮ ਖ਼ਿਆਲ ਆਗੂ ਮੰਨੇ ਜਾਂਦੇ ਸਨ ਜੋ ਅਪਣੇ ਵੱਡਿਆਂ ਵਿਰੁਧ ਬਗ਼ਾਵਤ ਕਰਨ ਵਿਚ ਪਲ ਨਹੀਂ ਸਨ ਲਾਉਂਦੇ। ਅਪਣੀ ਆਜ਼ਾਦ ਖ਼ਿਆਲੀ ਨੂੰ ਕੁਰਬਾਨ ਨਹੀਂ ਸਨ ਕਰਦੇ। ਪਰ ਤਜਰਬੇ ਨਾਲ ਉਨ੍ਹਾਂ ਨੇ ਸਿਸਟਮ ਵਿਚ ਰਹਿਣਾ ਤੇ ਅਨੁਸ਼ਾਸਨ ਮੰਨਣਾ ਸਿਖ ਲਿਆ ਅਤੇ ਉਨ੍ਹਾਂ ਦੇ ਵੱਡਿਆਂ ਨੇ ਉਨ੍ਹਾਂ ਨੂੰ ਉਹ ਥਾਂ ਦੇ ਦਿਤੀ ਜਿਥੋਂ ਉਹ ਨਵੀਂ ਸੋਚ ਨੂੰ ਲਾਗੂ ਕਰ ਸਕਦੇ ਹਨ।

ਅੱਜ ਜਿਹੜੀ ਮੁਸ਼ਕਲ ਕਾਂਗਰਸ ਨੂੰ ਪੰਜਾਬ, ਰਾਜਸਥਾਨ ਤੇ ਦਿੱਲੀ ਵਿਚ ਆ ਰਹੀ ਹੈ, ਉਹ ਉਮਰ ਦੇ ਤਜਰਬੇ ਵਿਚ ਹੰਢੇ ਸਿਆਸਤਦਾਨ ਅਤੇ ਗਰਮ ਖ਼ਿਆਲ ਨੌਜੁਆਨ ਸਿਆਸਤਦਾਨਾਂ ਵਿਚਕਾਰ ਸਹਿਮਤੀ ਨਾ ਬਣਨ ਦੀ ਹੈ। ਪਰ ਜਿਸ ਤਰ੍ਹਾਂ ਅੱਜ ਸਹਿਮਤੀ ਬਣਾਈ ਜਾ ਰਹੀ ਹੈ, ਉਹ ਤਰੀਕਾ ਕਾਂਗਰਸ ਨੂੰ ਨੀਵਾਂ ਤਾਂ ਕਰ ਹੀ ਰਿਹਾ ਹੈ, ਬਲਕਿ ਤਬਾਹੀ ਦੇ ਰਸਤੇ ਉਤੇ ਵੀ ਲੈ ਕੇ ਜਾ ਰਿਹਾ ਹੈ। ਕਾਂਗਰਸੀਆਂ ਨੂੰ ਅਪਣੇ ਗਿਲੇ ਸ਼ਿਕਵੇ ਮੀਡੀਆ ਤੋਂ ਦੂਰ ਏਕਾਂਤ ਵਿਚ ਸਹੀ ਸਮੇਂ ਤੇ ਹੱਲ ਕਰਨੇ ਚਾਹੀਦੇ ਹਨ। ਕਾਂਗਰਸ ਵਿਚ ਗਰਮ ਖ਼ਿਆਲੀਆਂ ਦੇ ਨਵੇਂ ਤਜਰਬਿਆਂ ਦਾ ਸਤਿਕਾਰ ਕਰਨਾ ਵੀ ਸਿਖਣਾ ਪਵੇਗਾ ਅਤੇ ਨਵੇਂ ਤਜਰਬਿਆਂ ਲਈ ਨਵੀਂ ਪੀੜ੍ਹੀ ਵਾਸਤੇ ਥਾਂ ਵੀ ਬਣਾਉਣੀ ਪਵੇਗੀ ਤੇ ਉਨ੍ਹਾਂ ਦੇ ਵਖਰੇ ਵਿਚਾਰਾਂ ਨੂੰ ਬਰਦਾਸ਼ਤ ਵੀ ਕਰਨਾ ਹੋਵੇਗਾ। ਨਵੀਂ ਪੀੜ੍ਹੀ ਨੂੰ ਵੀ ਇਕ ਹੱਦ ਤੋਂ ਅੱਗੇ ਲਾ ਕੇ ਅਨੁਸ਼ਾਸਨ ਨੂੰ ਚੁਨੌਤੀ ਦੇਣ ਤੋਂ ਪ੍ਰਹੇਜ਼ ਕਰਨਾ ਪਵੇਗਾ।  - ਨਿਮਰਤ ਕੌਰ