ਕੋਰੋਨਾ ਨੂੰ ਮਾਰਨ ਲਈ ਵੈਕਸੀਨ ਦਸੰਬਰ ਤਕ ਮਿਲ ਜਾਏਗੀ?

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਜੇ ਅਜਿਹਾ ਹੋ ਗਿਆ ਤਾਂ ਕੁਦਰਤ ਵਲੋਂ ਮਨੁੱਖ ਨੂੰ ਦਿਤੀ ਚੁਨੌਤੀ ਵਿਚ ਮਨੁੱਖ ਜਿਤ ਜਾਵੇਗਾ

Corona vaccine

ਆਖ਼ਰਕਾਰ ਕੋਰੋਨਾ ਵਾਇਰਸ ਦੇ ਇਲਾਜ ਲਈ ਟੀਕੇ ਦੀ ਖੋਜ ਵਲ ਪੁੱਟੇ ਗਏ ਕਦਮਾਂ ਵਿਚੋਂ ਸਚਮੁਚ ਉਮੀਦ ਦੀ ਕਿਰਨ ਨਜ਼ਰ ਆਉਣ ਲੱਗ ਪਈ ਹੈ। ਦੁਨੀਆਂ ਭਰ ਵਿਚ ਤਕਰੀਬਨ 100 ਕੰਪਨੀਆਂ ਇਸ ਵੈਕਸੀਨ ਦੀ ਖੋਜ ਵਿਚ ਜੁਟੀਆਂ ਹੋਈਆਂ ਹਨ। 70 ਵੈਕਸੀਨਾਂ ਤੀਜੇ ਪੜਾਅ ਦੀ ਜਾਂਚ ਵਿਚ ਪਹੁੰਚ ਚੁਕੀਆਂ ਹਨ ਤੇ ਹੁਣ ਮੰਨਿਆ ਜਾ ਰਿਹਾ ਹੈ ਕਿ ਆਕਸਫ਼ੋਰਡ ਦੀ ਵੈਕਸੀਨ ਸਾਲ ਦੇ ਅੰਤ ਤਕ ਤਿਆਰ ਹੋ ਕੇ ਦੁਨੀਆਂ ਭਰ ਦੇ ਪੀੜਤਾਂ ਨੂੰ ਮਿਲਣ ਲੱਗ ਪਵੇਗੀ।

ਇਸ ਵੈਕਸੀਨ ਦੀ ਪਹਿਲੀ ਤੇ ਦੂਜੀ ਜਾਂਚ ਵਿਚ 55 ਸਾਲ ਤਕ ਦੀ ਉਮਰ ਦੇ ਲੋਕਾਂ 'ਤੇ ਤਜਰਬਾ ਕੀਤਾ ਗਿਆ। ਇਨ੍ਹਾਂ ਵਿਚੋਂ 90 ਫ਼ੀ ਸਦੀ ਵਿਚ ਇਕ ਵਾਰ ਹੀ ਵੈਕਸੀਨ ਲੈਣ ਨਾਲ ਕੋਰੋਨਾ ਨਾਲ ਲੜਨ ਵਾਲੀ ਐਂਟੀ ਬਾਇਟਿਕ ਪੈਦਾ ਹੋ ਗਈ ਸੀ ਅਤੇ 10 ਲੋਕਾਂ ਨੂੰ ਦੋ ਵਾਰ ਵੈਕਸੀਨ ਦਿਤੀ ਗਈ ਤਾਂ ਉਨ੍ਹਾਂ ਸਾਰਿਆਂ ਵਿਚ ਕੋਰੋਨਾ ਨਾਲ ਲੜਨ ਦੀ ਹਿੰਮਤ ਵੱਧ ਗਈ ਵੇਖੀ ਗਈ। ਹੁਣ ਇਸ ਵੈਕਸੀਨ ਦੀ ਇੰਗਲੈਂਡ, ਬ੍ਰਾਜ਼ੀਲ ਅਤੇ ਦਖਣੀ ਅਫ਼ਰੀਕਾ ਵਿਚ ਵੱਡੇ ਪੱਧਰ 'ਤੇ ਜਾਂਚ ਕੀਤੀ ਜਾ ਰਹੀ ਹੈ। ਅਗੱਸਤ ਵਿਚ ਅਮਰੀਕਾ 'ਚ ਵੀ 30 ਹਜ਼ਾਰ ਲੋਕਾਂ 'ਤੇ ਇਸ ਵੈਕਸੀਨ ਨੂੰ ਵਰਤ ਕੇ ਪਰਖਿਆ ਜਾਵੇਗਾ।

ਵੱਡੀ ਉਮਰ ਦੇ ਲੋਕ ਜਿਨ੍ਹਾਂ ਨੂੰ ਸੱਭ ਤੋਂ ਵੱਧ ਖ਼ਤਰਾ ਹੈ, ਉਨ੍ਹਾਂ 'ਤੇ ਇਸ ਵੈਕਸੀਨ ਦੀ ਕਿਸੇ ਜਾਂਚ ਦੇ ਨਤੀਜੇ ਅਜੇ ਨਹੀਂ ਆਏ ਤੇ ਇਹ ਸੱਭ ਤੋਂ ਵੱਧ ਜ਼ਰੂਰੀ ਹਨ। ਪਰ ਫਿਰ ਵੀ ਇਸ ਬੀਮਾਰੀ ਦੇ ਰੁਕਣ ਨਾਲ ਇਸ ਦਾ ਫੈਲਾਅ ਵੀ ਘੱਟ ਜਾਵੇਗਾ ਤੇ ਫਿਰ ਵੱਡੀ ਉੁਮਰ ਦੇ ਲੋਕਾਂ 'ਤੇ ਖ਼ਤਰਾ ਵੀ ਘਟੇਗਾ ਤੇ ਨਾਲ ਹੀ ਸਿਹਤ ਸੰਸਥਾਵਾਂ 'ਤੇ  ਵੱਡੀ ਗਿਣਤੀ ਵਿਚ ਅੰਕੜਿਆਂ ਦਾ ਭਾਰ ਨਹੀਂ ਪਵੇਗਾ ਅਤੇ ਪੀੜਤਾਂ ਦੀ ਸੰਭਾਲ ਵੀ ਬਿਹਤਰ ਹੋਵੇਗੀ।

ਇਸ ਸਾਲ ਨੇ ਸ਼ੁਰੂ ਤੋਂ ਹੀ ਇਨਸਾਨ ਅੱਗੇ ਵੱਡੀਆਂ ਚੁਨੌਤੀਆਂ ਖੜੀਆਂ ਕੀਤੀਆਂ ਹਨ ਤੇ ਹੁਣ ਉਮੀਦ ਹੈ ਕਿ ਸਾਲ 2020 ਦੇ ਜਾਂਦੇ-ਜਾਂਦੇ, ਮਨੁੱਖ ਇਸ ਚੁਨੌਤੀ ਨੂੰ ਪ੍ਰਵਾਨ ਕਰ ਕੇ ਜਿੱਤ ਪ੍ਰਾਪਤ ਕਰ ਵਿਖਾਏਗਾ। ਬੜੇ ਚਿਰਾਂ ਬਾਅਦ ਇਕ ਚੰਗੀ ਖ਼ਬਰ ਆਈ ਹੈ ਤੇ ਇਸ ਦੀ ਸ਼ਿੱਦਤ ਨਾਲ ਉਡੀਕ ਕਰ ਰਹੇ ਤੇ ਆਸ ਲਾਈ ਬੈਠੇ ਮਰੀਜ਼ਾਂ ਲਈ ਤਾਂ ਇਹ ਖ਼ਬਰ ਜ਼ਿੰਦਗੀ ਬਖ਼ਸ਼ਣ ਵਾਲੀ ਆਕਾਸ਼ਵਾਣੀ ਹੈ।
ਸਾਡੀਆਂ ਸਰਕਾਰਾਂ, ਸਾਡੀਆਂ ਸਿਹਤ ਸੰਸਥਾਵਾਂ ਇਸ ਚੁਨੌਤੀ ਦਾ ਸਾਹਮਣਾ ਕਰਨ ਵਿਚ ਰੁਝੀਆਂ ਰਹੀਆਂ ਹਨ।

ਪੰਜਾਬ ਤੇ ਕੇਰਲ ਵਰਗੇ ਘੱਟ ਸੂਬੇ ਹੋਣਗੇ ਜਿਨ੍ਹਾਂ ਨੇ ਅਪਣੇ ਸੂਬੇ ਵਿਚ ਕਿਸੇ ਨੂੰ ਭੁੱਖਾ ਨਹੀਂ ਮਾਰਿਆ ਤੇ ਇਸ ਨੂੰ ਕਾਬੂ ਕਰਨ ਪ੍ਰਤੀ ਸੁਚੇਤ ਰਹੇ ਹਨ। ਅੱਜ ਦਿੱਲੀ ਕਹਿ ਰਹੀ ਹੈ ਕਿ ਉਥੇ ਕੋਰੋਨਾ ਦਾ ਅੰਕੜਾ ਹੇਠਾਂ ਆ ਗਿਆ ਹੈ ਪਰ ਅਸਲ ਵਿਚ ਮਰੀਜ਼ਾਂ ਦੀ ਗਿਣਤੀ ਹੇਠਾਂ ਨਹੀਂ ਆਈ, ਟੈਸਟ ਕਰਨ ਦੇ ਅੰਕੜਿਆਂ ਵਿਚ ਗਿਰਾਵਟ ਆਈ ਹੈ। ਭਾਰਤ ਦੇ ਕਈ ਹਸਪਤਾਲਾਂ ਦੇ ਅੰਦਰ ਦੇ ਹਾਲਾਤ ਵੇਖ ਕੇ ਰੂਹ ਕੰਬ ਜਾਂਦੀ ਹੈ ਅਤੇ ਇਸ ਨੂੰ ਵੇਖ ਕੇ ਸਰਕਾਰ ਨੂੰ ਵੈਕਸੀਨ ਦੀ ਤਿਆਰੀ ਹੰਗਾਮੀ ਪੱਧਰ ਤੇ ਕਰਨ ਦੀ ਲੋੜ ਹੈ।

ਇੰਗਲੈਂਡ ਨੇ ਅਪਣੀ ਕੁਲ ਆਬਾਦੀ ਤੋਂ ਤਕਰੀਬਨ ਦੁਗਣੀ ਵੈਕਸੀਨ ਦੀ ਖ਼ਰੀਦ ਦੀ ਤਿਆਰੀ ਕਰ ਲਈ ਹੈ। ਹਰ ਦੇਸ਼ ਨੇ ਅਪਣੇ ਲੋਕਾਂ ਨੂੰ ਬਚਾਉਣ ਵਾਸਤੇ ਸੋਚਣਾ ਹੈ। ਹੁਣ ਸਰਕਾਰ ਨੂੰ ਵੀ ਇਸ ਦੀ ਤਿਆਰੀ ਬਾਰੇ ਸੋਚਣ ਦੀ ਲੋੜ ਹੈ। ਜੇਕਰ ਸੂਬਿਆਂ ਨੇ ਅਪਣਾ ਖ਼ਰਚਾ ਆਪ ਕਰਨਾ ਹੈ ਤਾਂ ਇਸ ਬਾਰੇ ਪਹਿਲਾਂ ਦਸ ਦੇਣਾ ਚਾਹੀਦਾ ਹੈ ਤੇ ਸਰਕਾਰ ਨੂੰ ਇਸ ਸਮੇਂ ਮੰਦਰਾਂ ਦੀ ਉਸਾਰੀ ਨਹੀਂ ਕਰਨੀ ਚਾਹੀਦੀ ਸਗੋਂ ਗ਼ਰੀਬ ਲੋਕਾਂ ਦੀ ਜਾਨ ਸੁਰੱਖਿਅਤ ਕਰਨ ਨੂੰ ਪਹਿਲ ਦੇਣ ਦੀ ਲੋੜ ਹੈ।

ਲੋਕਾਂ ਪ੍ਰਤੀ ਹਮਦਰਦੀ ਵਾਲਾ ਰਵਈਆ ਅਪਨਾਉਣ ਦੇ ਇਮਤਿਹਾਨ ਵਿਚ ਸਾਡੀਆਂ ਸਰਕਾਰਾਂ ਫਿਰ ਹਾਰ ਰਹੀਆਂ ਲਗਦੀਆਂ ਹਨ। ਉਨ੍ਹਾਂ ਕੋਲ ਭੁੱਖੇ ਮਰ ਰਹੇ ਗ਼ਰੀਬਾਂ ਲਈ ਤਾਂ ਕੁੱਝ ਨਹੀਂ ਪਰ ਪਾਰਲੀਮੈਂਟ ਦੀ ਸ਼ਾਹੀ ਨਵੀਂ ਇਮਾਰਤ ਲਈ ਅਰਬਾਂ ਰੁਪਏ ਮੌਜੂਦ ਹਨ ਤੇ ਕੋਰੋਨਾ ਦੇ ਕਹਿਰ ਦੌਰਾਨ ਵੀ ਇਕ ਮੰਦਰ ਲਈ ਮੂੰਹ ਮੰਗਿਆ ਪੈਸਾ ਖ਼ਰਚਣ ਲਈ ਤਿਆਰ ਹੈ। ਸ਼ਾਹੀ ਠਾਠ ਅਤੇ ਵੋਟਾਂ ਖ਼ਾਤਰ ਲੋਕਾਂ ਦੇ ਧਾਰਮਕ ਜਜ਼ਬਾਤ ਨੂੰ ਉਕਸਾਣਾ ਅੱਜ ਦੀ 'ਲੋਕ-ਰਾਜੀ' ਰਾਜਨੀਤੀ ਦੇ ਮੁੱਖ ਅੰਸ਼ ਬਣ ਗਏ ਹਨ।                - ਨਿਮਰਤ ਕੌਰ