ਸੰਪਾਦਕੀ: ਨਸ਼ਾ ਤਸਕਰੀ ਤੇ ਨੌਜਵਾਨਾਂ ਅੰਦਰ ਬੇਰਜ਼ੁਗਾਰੀ ਦਾ ਦਾਮਨ ਤੇ ਚੋਲੀ ਦਾ ਸਾਥ ਹੁੰਦਾ ਹੈ

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਅਸਾਮ ਵੀ ਪੰਜਾਬ ਵਾਂਗ ਨਸ਼ੇ ਦੇ ਵਪਾਰ ਦਾ ਇਕ ਸੌਖਾ ਲਾਂਘਾ ਬਣਿਆ ਆ ਰਿਹਾ ਸੀ ਪਰ ਹੁਣ ਇਹ ਪੰਜਾਬ ਦੀ ਤਰ੍ਹਾਂ ਨਸ਼ੇ ਦਾ ਘਰ ਬਣਨਾ ਸ਼ੁਰੂ ਹੋ ਗਿਆ ਹੈ।

Drug trafficking

ਅਸਾਮ ਵੀ ਪੰਜਾਬ ਵਾਂਗ ਨਸ਼ੇ ਦੇ ਵਪਾਰ ਦਾ ਇਕ ਸੌਖਾ ਲਾਂਘਾ ਬਣਿਆ ਆ ਰਿਹਾ ਸੀ ਪਰ ਹੁਣ ਇਹ ਪੰਜਾਬ ਦੀ ਤਰ੍ਹਾਂ ਨਸ਼ੇ ਦਾ ਘਰ ਬਣਨਾ ਸ਼ੁਰੂ ਹੋ ਗਿਆ ਹੈ। ਪਿਛਲੇ ਹਫ਼ਤੇ ਅਸਾਮ ਦੇ ਮੁੱਖ ਮੰਤਰੀ ਨੇ ਅਪਣੇ ਸੂਬੇ ਵਿਚ ਨਸ਼ਾ ਤਸਕਰਾਂ ਵਿਰੁਧ ਸਖ਼ਤ ਕਦਮ ਚੁਕਦਿਆਂ ਕਿਹਾ ਕਿ ਵਿਰੋਧੀ ਧਿਰ ਨਸ਼ਾ ਤਸਕਰਾਂ ਨਾਲ ਹਮਦਰਦੀ ਨਾ ਵਿਖਾਵੇ। ਉਨ੍ਹਾਂ ਇਹ ਵੀ ਆਖਿਆ ਕਿ ਨਸ਼ਾ ਤਸਕਰਾਂ ਕਾਰਨ ਅੱਜ ਅਸਾਮ ਦੇ ਨੌਜੁਆਨ ਬਰਬਾਦ ਹੋ ਰਹੇ ਹਨ ਤੇ ਜੇਕਰ ਉਹ ਕੋਈ ਸਖ਼ਤ ਕਦਮ ਨਹੀਂ ਚੁਕਣਗੇ ਤਾਂ ਅਸਾਮ ਵੀ ‘ਉੜਤਾ ਪੰਜਾਬ’ ਬਣ ਜਾਵੇਗਾ। 

ਦੁੱਖ ਤਾਂ ਲਗਦਾ ਹੈ ਇਹ ਸੁਣ ਕੇ ਪਰ ਜਦ ਉਸੇ ਦਿਨ ਪੰਜਾਬ ਦੇ ਇਕ ਬਜ਼ੁਰਗ ਨੂੰ ਅਪਣੀ ਨੂੰਹ ਨਾਲ ਡੀ.ਸੀ. ਦਫ਼ਤਰ ਦੇ ਬਾਹਰ ਅਪਣੇ ਤਿੰਨ ਨਸ਼ੇੜੀ ਮੁੰਡਿਆਂ ਤੋਂ ਅਪਣੀ ਜਾਨ ਬਚਾਉਣ ਦੀ ਪੁਕਾਰ ਕਰਦਿਆਂ ਵੇਖਿਆ ਤਾਂ ਇਕ ਵਾਰ ਫਿਰ ਇਹ ਅਹਿਸਾਸ ਹੋਇਆ ਕਿ ਪੰਜਾਬ ਨਸ਼ਾ ਤਸਕਰਾਂ ਨਾਲ ਲੜਾਈ ਵਿਚ ਹਾਰ ਗਿਆ ਹੈ। ਇਸ ਦਾ ਸਬੂਤ ਸਿਰਫ਼ ਪੰਜਾਬ ਵਿਚ ਵਧਦਾ ਨਸ਼ਾ ਹੀ ਨਹੀਂ ਬਲਕਿ ਇਹ ਵੀ ਹੈ ਕਿ ਅੱਜ ਕੈਨੇਡਾ ਵਿਚ ਤਿੰਨ ਵੱਡੇ ਨਸ਼ਾ ਤਸਕਰ ਗਰੋਹਾਂ ਵਿਚ ਪੰਜਾਬੀਆਂ ਦਾ ਨਾਮ ਵੀ ਸ਼ਾਮਲ ਹੈ। ਉਂਜ ਤਾਂ ਹੁਣ ਹਰ ਸਿਆਸੀ ਪਾਰਟੀ ਇਸ ਹਕੀਕਤ ਨੂੰ ਕਬੂਲ ਕਰ ਚੁੱਕੀ ਹੈ ਕਿ ਪੰਜਾਬ ਵਿਚ ਨਸ਼ਾ ਘਰ ਕਰ ਚੁੱਕਾ ਹੈ ਪਰ ਮਸਲਾ ਇਹ ਵੀ ਹੈ ਕਿ ਇਸ ਨੂੰ ਸੰਜੀਦਗੀ ਨਾਲ ਕਿਉਂ ਨਹੀਂ ਲਿਆ ਜਾਂਦਾ? 

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਪਿਛਲੇ ਹਫ਼ਤੇ ਦੇਸ਼ ਵਿਚ ਵਧਦੇ ਨਸ਼ਾ ਅਤਿਵਾਦ ਬਾਰੇ ਚਿੰਤਾ ਪ੍ਰਗਟਾਈ ਸੀ ਜਿਸ ਕਾਰਨ ਅਸਾਮ ਵਿਚ 17-18 ਜੁਲਾਈ ਨੂੰ ਕਾਬੂ ਕੀਤੀ ਗਈ ਨਸ਼ਾ ਸਮੱਗਰੀ ਨੂੰ ਖੁਲ੍ਹੇ ਮੈਦਾਨ ਵਿਚ ਅੱਗ ਲਾਉਣ ਦਾ ਉਪਰਾਲਾ ਕੀਤਾ ਗਿਆ ਸੀ। ਕੇਂਦਰ ਤੇ ਅਸਾਮ ਸਰਕਾਰ ਸਰਹੱਦ ਨੇੜੇ ਪੈਂਦੇ ਇਲਾਕਿਆਂ ਵਿਚ ਨਸ਼ੇ ਤੋਂ ਨੌਜੁਆਨੀ ਨੂੰ ਬਚਾਉਣ ਲਈ ਲੜਾਈ ਲੜ ਰਹੇ ਹਨ। ਫਿਰ ਪੰਜਾਬ ਇਸ ਲੜਾਈ ਵਿਚ ਪਿੱਛੇ ਕਿਉਂ ਰਹਿ ਗਿਆ?

2015 ਵਿਚ ਜਦ ਪਠਾਨਕੋਟ ਵਿਚ ਅਤਿਵਾਦੀ ਹਮਲਾ ਹੋਇਆ ਸੀ ਤਾਂ ਵੀ ਇਹ ਤੱਥ ਸਾਹਮਣੇ ਆਇਆ ਸੀ ਕਿ ਪਾਕਿਸਤਾਨ ਤੋਂ ਅਤਿਵਾਦੀ ਨਸ਼ਾ ਤਸਕਰੀ ਵਾਲੇ ਰਸਤੇ ਰਾਹੀਂ ਪੰਜਾਬ ਵਿਚ ਦਾਖ਼ਲ ਹੋਏ ਸਨ। ਉਸ ਵਕਤ ਵੀ ਅਸਾਮ ਵਾਂਗ ਪੰਜਾਬ ਦੀ ਸਰਹੱਦ ਨੂੰ ਸੰਜੀਦਗੀ ਨਾਲ ਲਿਆ ਹੁੰਦਾ ਤਾਂ ਅੱਜ ਪੰਜਾਬ ਦੇ ਹਾਲਾਤ ਕੁੱਝ ਹੋਰ ਹੀ ਹੁੰਦੇ।  ਅਮਿਤ ਸ਼ਾਹ ਨੇ ਬਿਲਕੁਲ ਸਹੀ ਚੇਤਾਵਨੀ ਦਿਤੀ ਹੈ ਕਿਉਂਕਿ ਇਸ ਵਕਤ ਪੰਜਾਬ ਦੀਆਂ ਸਰਹੱਦਾਂ ਤੇ ਦੁਸ਼ਮਣਾਂ ਦਾ ਜਮਾਵੜਾ ਵਧਦਾ ਜਾ ਰਿਹਾ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਪਣੇ ਦੇਸ਼ ਵਿਚ ਆਪ ਹੀ ਆਜ਼ਾਦ ਨਹੀਂ ਤੇ ਉਹ ਸਰਹੱਦ ਤੇ ਚਾਹੁੰਦੇ ਹੋਏ ਵੀ ਪੰਜਾਬ ਨਾਲ ਸੱਚੇ ਪਿਆਰ ਦਾ ਰਿਸ਼ਤਾ ਨਹੀਂ ਬਣਾ ਸਕਦੇ।

ਚੀਨ ਨਾਲ ਪਾਕਿਸਤਾਨ ਦੇ ਰਿਸ਼ਤੇ ਗੂੜ੍ਹੇ ਹੁੰਦੇ ਜਾ ਰਹੇ ਹਨ ਤੇ ਭਾਰਤ ਨਾਲ ਕੜਵਾਹਟ ਵਾਲੇ ਜਿਸ ਸੂਬੇ ਵਿਚ ਤਣਾਅ ਹੋਵੇ, ਜਿਸ ਸੂਬੇ ਵਿਚ ਨੌਜੁਆਨ ਨਾਰਾਜ਼ ਹੋਣ, ਬੇਰੁਜ਼ਗਾਰ ਹੋਣ, ਉਹ ਸੂਬਾ ਨਸ਼ਾ ਅਤਿਵਾਦੀਆਂ ਦਾ ਸਫ਼ਲ ਗੜ੍ਹ ਬਣ ਸਕਦਾ ਹੈ। ਅੱਜ ਸਰਕਾਰ ਕੋਲ ਇਸ ਸੱਭ ਦਾ ਇਕੋ ਵਧੀਆ ਤੋੜ ਇਹ ਹੈ ਕਿ ਅਪਣੀ ਜਵਾਨੀ ਨੂੰ ਕੰਮ ਰੁਜ਼ਗਾਰ ਦਿਉ ਤੇ ਨਸ਼ੇ ਦੇ ਵਪਾਰ ਦੀਆਂ ਚੋਰ ਮੌਰੀਆਂ ਪੂਰੀ ਤਰ੍ਹਾਂ ਬੰਦ ਕਰ ਦਿਉ।

ਪੰਜਾਬ ਸਰਕਾਰ ਵਲੋਂ ਕੁੱਝ ਕਦਮ ਜਿਵੇਂ ਲੋਕਾਂ ਨਾਲ ਮਿਲ ਕੇ ਨਸ਼ਾ ਤਸਕਰਾਂ ਵਿਰੁਧ ਪਹਿਰੇਦਾਰੀ ਕਰਨੀ, ਨਸ਼ਾ ਛੁਡਾਊ ਕੇਂਦਰ ਤੇ ਮੁਫ਼ਤ ਦਵਾਈ ਦੀਆਂ ਸਹੂਲਤਾਂ ਦੇਣੀਆਂ, ਚੰਗੀ ਪਹਿਲ ਸੀ ਪਰ ਉਸ ਵਿਚ ਦੋ ਕਮੀਆਂ ਸਨ। ਪਹਿਲੀ ਇਹ ਕਿ ਪੰਜਾਬ ਨਸ਼ੇ ਦੇ ਹੜ੍ਹ ਨੂੰ ਰੋਕ ਨਹੀਂ ਸਕਿਆ ਜਿਸ ਕਾਰਨ ਨਸ਼ੇ ਦਾ ਛੇਵਾਂ ਦਰਿਆ ਪੰਜਾਬ ਵਿਚ ਅਪਣੀ ਹੋਂਦ ਮਜ਼ਬੂਤ ਕਰ ਰਿਹਾ ਹੈ। ਦੂਜਾ ਨਸ਼ੇ ਵਿਰੁਧ ਬਣਾਈ ਐਸ.ਟੀ.ਐਫ਼ ਟੀਮ ਨੂੰ ਇਕ ਫ਼ੌਜ ਵਾਂਗ ਤਾਕਤਵਰ ਬਣਾਉਣ ਦੀ ਲੋੜ ਸੀ ਪਰ ਵਾਰ-ਵਾਰ ਐਸ.ਟੀ.ਐਫ਼ ਦੇ ਮੁਖੀ ਹਰਪ੍ਰੀਤ ਸੰਧੂ ਨੂੰ ਹਟਾਇਆ ਗਿਆ ਤੇ ਹੁਣ ਤੀਜੀ ਵਾਰ ਸਰਕਾਰ ਉਨ੍ਹਾਂ ਨੂੰ ਵਾਪਸ ਲਿਆਈ ਹੈ।

ਪੰਜਾਬ ਦੀ ਕਾਂਗਰਸ ਵਲੋਂ ਵੀ ਅਤੇ ਖ਼ਾਸ ਕਰ ਕੇ ਨਵਜੋਤ ਸਿੰਘ ਸਿੱਧੂ ਤੇ ਸੁਖਜਿੰਦਰ ਰੰਧਾਵਾ ਨੇ ਇਸ ਮੁੱਦੇ ਤੇ ਆਵਾਜ਼ ਤਾਂ ਚੁੱਕੀ ਹੈ ਪਰ ਹੁਣ ਵਕਤ ਸਖ਼ਤ ਕਦਮ ਚੁੱਕਣ ਦਾ ਹੈ। ਅਤਿਵਾਦ ਆਧੁਨਿਕ ਜ਼ਮਾਨੇ ਦੇ ਹਥਿਆਰਾਂ ਦਾ ਹੈ ਜੋ ਸਰਹੱਦੀ ਸੂਬੇ ਪੰਜਾਬ ਵਾਸਤੇ ਹੀ ਨਹੀਂ ਬਲਕਿ ਪੂਰੇ ਭਾਰਤ ਵਾਸਤੇ ਖ਼ਤਰਾ ਹੈ ਕਿਉਂਕਿ ਇਹ ਸੂਬਾ ਹੀ ਭਾਰਤ ਦੀ ਰਾਖੀ ਕਰ ਰਿਹਾ ਹੈ। ਇਸ ਕਮਜ਼ੋਰੀ ਤੇ ਤਾਕਤ ਨੂੰ ਦੁਸ਼ਮਣ ਵੀ ਪਛਾਣਦਾ ਹੈ ਪਰ ਕੀ ਸਾਡੇ ਸਿਆਸਤਦਾਨ ਕੰਮ ਕਰ ਵਿਖਾਉਣ ਦੀ ਤਾਕਤ ਰਖਦੇ ਹਨ? 
-ਨਿਮਰਤ ਕੌਰ