ਸਿੱਧੂ ਮੂਸੇਵਾਲਾ ਦੇ ਕਾਤਲ ਫੜੇ ਜਾਂ ਮਾਰੇ ਗਏ ਪਰ ਅਸਲ ਵੱਡੇ ਸਵਾਲ ਦਾ ਜਵਾਬ ਦੇਣਾ ਅਜੇ ਬਾਕੀ ਹੈ 

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਐਨਕਾਊਂਟਰ ਤੋਂ ਖ਼ੁਸ਼ੀ ਲੈਣ ਵਾਲੀ ਰੀਤ ਤਾਂ ਪੁਰਾਤਨ ਸਮਾਜ ਦੀ ਹੈ ਜਿਥੇ ਅਪਰਾਧੀ ਨੂੰ ਸਰੇ ਬਾਜ਼ਾਰ, ਲੋਕਾਂ ਦੀ ਭੀੜ ਦੇ ਸਾਹਮਣੇ ਮਾਰ ਦਿਤਾ ਜਾਂਦਾ ਸੀ। 

Jagroop Roopa, Manpreet Singh, alias Manu Kusa

 

ਸਿੱਧੂ ਮੂਸੇਵਾਲਾ ਦੇ ਕਾਤਲ ਦੋ ਸ਼ੂਟਰ ਪੁਲਿਸ ਮੁਕਾਬਲੇ ਵਿਚ ਮਾਰੇ ਗਏ, 21 ਜੇਲ ਵਿਚ ਹਨ ਅਤੇ 6 ਅਪਣੀ ਜਾਨ ਬਚਾਉਂਦੇ ਛੁਪਦੇ ਫਿਰ ਰਹੇ ਹਨ। ਬੜੇ ਲੋਕ ਕਹਿ ਰਹੇ ਹਨ ਕਿ ਹੁਣ ਕਲੇਜੇ ਵਿਚ ਠੰਢ ਪੈ ਗਈ ਹੈ ਪਰ ਨਾ ਸਿੱਧੂ ਮੂਸੇਵਾਲਾ ਦੇ ਮਾਂ ਬਾਪ ਕੋਲ ਉਨ੍ਹਾਂ ਦਾ ਪੁੱਤਰ ਵਾਪਸ ਆਉਣਾ ਹੈ ਅਤੇ ਨਾ ਹੀ ਜਗਰੂਪ ਸਿੰਘ ਅਤੇ ਮਨਪ੍ਰੀਤ ਸਿੰਘ ਦੇ ਮਾਂ ਬਾਪ ਦੇ ਕਲੇਜੇ ਵਿਚ ਠੰਢ ਪੈਣੀ ਹੈ। ਐਨਕਾਊਂਟਰ ਤੋਂ ਖ਼ੁਸ਼ੀ ਲੈਣ ਵਾਲੀ ਰੀਤ ਤਾਂ ਪੁਰਾਤਨ ਸਮਾਜ ਦੀ ਹੈ ਜਿਥੇ ਅਪਰਾਧੀ ਨੂੰ ਸਰੇ ਬਾਜ਼ਾਰ, ਲੋਕਾਂ ਦੀ ਭੀੜ ਦੇ ਸਾਹਮਣੇ ਮਾਰ ਦਿਤਾ ਜਾਂਦਾ ਸੀ। 

ਅਪਰਾਧੀ ਸਮਾਜ ਵਿਚੋਂ ਨਹੀਂ ਕੱਢੇ ਜਾ ਸਕਦੇ, ਇਹ ਜ਼ਿੰਦਗੀ ਦੀ ਹਕੀਕਤ ਹਨ ਪਰ ਜੋ ਕੁੱਝ ਅੱਜ ਪੰਜਾਬ ਵਿਚ ਹੋ ਰਿਹਾ ਹੈ, ਉਹ ਪੰਜਾਬੀ ਸਮਾਜ ਦਾ ਅਨਿੱਖੜਵਾਂ ਅੰਗ ਨਹੀਂ ਬਲਕਿ ਮਾੜੇ ਹਾਲਾਤ ’ਚੋਂ ਉਪਜਿਆ ਇਕ ਵਿਗਾੜ ਹੈ ਜਿਸ ਵਿਚ ਐਨਕਾਊਂਟਰ ਸਿਰਫ਼ ਕੁੱਝ ਲੋਕਾਂ ਦੇ ਅਸ਼ਾਂਤ ਮਨਾਂ ਨੂੰ ਸ਼ਾਂਤ ਕਰਨ ਦਾ ਇਕ ਤਰੀਕਾ ਹੈ। ਪੰਜਾਬ ਪੁਲਿਸ ਵਲੋਂ ਇਹ ਕੀਤਾ ਜਾਣਾ ਜ਼ਰੂਰੀ ਸੀ ਕਿਉਂਕਿ ਇਹ ਦੋਵੇਂ ਅਪਰਾਧੀ ਉਸ ਲਕੀਰ ਨੂੰ ਪਾਰ ਕਰ ਚੁਕੇ ਸਨ ਜਿਸ ਤੋਂ ਬਾਅਦ ਘਰ ਵਾਪਸੀ ਦਾ ਰਾਹ ਬੰਦ ਹੋ ਜਾਂਦਾ ਹੈ। ਏਜੰਸੀਆਂ ਨੂੰ ਜਾਣਕਾਰੀ ਸੀ ਕਿ ਇਹ ਦੋਵੇਂ ਕਿਸੇ ਹੋਰ ਵੱਡੇ ਨਿਸ਼ਾਨੇ ਦੀ ਤਾਕ ਵਿਚ ਹਨ ਤੇ ਜੇ ਪੰਜਾਬ ਪੁਲਿਸ ਇਨ੍ਹਾਂ ਨੂੰ ਨਾ ਮਾਰਦੀ ਤਾਂ ਇਨ੍ਹਾਂ ਨੇ ਕਿਸੇ ਹੋਰ ਦੇ ਘਰ ਵਿਚ ਮਾਤਮ ਵਿਛਾ ਕੇ ਰਹਿਣਾ ਸੀ। 

ਪਰ ਇਹ ਸਿਰਫ਼ ਇਕ ਤਰੀਕਾ ਹੈ ਸਮੱਸਿਆ ਨਾਲ ਨਿਪਟਣ ਦਾ। ਪੁਲਿਸ ਅਪਣੇ ਵਲੋਂ ਹੋਰ ਢੰਗ ਲੱਭਣ ਦੇ ਵੀ ਯਤਨ ਕਰ ਰਹੀ ਹੈ। ਕਦੇ ਉਦਯੋਗਪਤੀਆਂ ਤੋਂ ਫਿਰੌਤੀ ਮੰਗਦੇ ਸਮੂਹਾਂ ਦੇ ਮੈਂਬਰਾਂ ਨੂੰ ਫੜ ਰਹੀ ਹੈ, ਕਦੇ ਨਸ਼ੇ ਵੇਚਣ ਵਾਲੇ ਪਿੰਡ ਪਿੰਡ ਬੈਠੇ ਤਸਕਰਾਂ ਤੇ ਛਾਪੇ ਮਾਰ ਰਹੀ ਹੈ। ਪਰ ਨੌਜਵਾਨ ਫਿਰ ਵੀ ਰੋਜ਼ ਮਰ ਰਹੇ ਹਨ। ਦਾਖੇ ਵਿਚ ਇਕ ਨੌਜਵਾਨ ਨਸ਼ੇ ਦਾ ਟੀਕਾ ਲਗਾਉਣ ਤੋਂ ਬਾਅਦ ਮਰਿਆ ਮਿਲਿਆ ਤੇ ਇਸੇ ਤਰ੍ਹਾਂ ਹਰ ਪਿੰਡ ਵਿਚ ਜ਼ਿਆਦਾ ਨਹੀਂ ਤਾਂ ਇਕ ਬੰਦਾ ਤਾਂ ਨਸ਼ੇ ਦੀ ਭੇਂਟ ਚੜਿ੍ਹਆ ਹੀ ਹੈ। ਏਨੀ ਸਖ਼ਤੀ ਤੋਂ ਬਾਅਦ ਵੀ ਨਸ਼ਿਆਂ ਦੇ ਵਪਾਰੀ ਡਰ ਕਿਉਂ ਨਹੀਂ ਰਹੇ? ਕਿਉਂਕਿ ਅਸੀ ਸਿਰਫ਼ ਬੀਮਾਰੀ ਦੇ ਲੱਛਣਾਂ ਵਲ ਧਿਆਨ ਦੇ ਰਹੇ ਹਾਂ, ਕਾਰਨਾਂ ਵਲ ਨਹੀਂ।

ਅਸਲ ਬੀਮਾਰੀ ਸਮਾਜ ਦੇ ਜਿਸਮ ਵਿਚ ਬਹੁਤ ਡੂੰਘੀ ਧੱਸ ਚੁੱਕੀ ਹੈ ਅਤੇ ਜਦ ਤਕ ਬੀਮਾਰੀ ਦੀ ਜੜ੍ਹ ਨੂੰ ਹੱਥ ਨਹੀਂ ਪਾਉਂਦੇ, ਨਸ਼ਿਆਂ ਤੇ ਰੋਕ ਨਹੀਂ ਲਗਣੀ। ਅੱਜ ਕਿਉਂ ਕਿਸੇ ਗੈਂਗਸਟਰ ਦੇ ਮਾਰੇ ਜਾਣ ਤੇ ਦਿਲ ਨੂੰ ਤਸੱਲੀ ਨਹੀਂ ਹੁੰਦੀ? ਕਿਉਂਕਿ ਅਸੀ ਸਾਰੇ ਜਾਣਦੇ ਹਾਂ ਕਿ ਇਕ ਖ਼ੂੰਖ਼ਾਰ ਗੈਂਗਸਟਰ ਵੀ ਕਿਸੇ ਦਾ ਪਿਆਦਾ ਹੀ ਸੀ। ਅੱਜ ਵੀ ਅਸਲ ਦੋਸ਼ੀਆਂ ਨੂੰ ਅਰਥਾਤ ਫੜੇ ਗਏ ਅਪ੍ਰਾਧੀਆਂ ਦੇ ਸਿਆਸੀ ‘ਮਾਈ ਬਾਪ’ ਨੂੰ ਕੋਈ ਹੱਥ ਨਹੀਂ ਪਾ ਰਿਹਾ। 

ਅਸੀ ਵਾਰ-ਵਾਰ ਵੇਖਦੇ ਹਾਂ ਕਿ ਜੇਲ ਵਿਚੋਂ ਨਸ਼ੇ ਤੇ ਫ਼ੋਨ ਬਰਾਮਦ ਹੁੰਦੇ ਹਨ ਪਰ ਕੀ ਇਸ ਲਈ ਸਲਾਖ਼ਾਂ ਪਿੱਛੇ ਡੱਕੇ ਗਏ ਕੈਦੀ ਜ਼ਿੰਮੇਵਾਰ ਹਨ ਜਾਂ ਉਹ ਜਿਨ੍ਹਾਂ ਨੂੰ ਜੇਲ ਦੇ ਅੰਦਰ ਦੇ ਹਾਲਾਤ ਦੀ ਰਾਖੀ ਸੌਂਪੀ ਗਈ ਹੈ? ਏ.ਡੀ.ਜੀ.ਪੀ. ਹਰਪ੍ਰੀਤ ਸਿੱਧੂ ਵਲੋਂ ਗੈਂਗਸਟਰਾਂ ਤੇ ਸਿਆਸਤਦਾਨਾਂ ਵਿਚਕਾਰ ਦੀ ਸਾਂਝ ਦੀ ਇਕ ਰੀਪੋਰਟ ਲਿਫ਼ਾਫ਼ੇ ਵਿਚ ਬੰਦ ਹੈ ਪਰ ਕੋਈ ਉਸ ਨੂੰ ਖੋਲ੍ਹਣ ਦੀ ਹਿੰਮਤ ਨਹੀਂ ਕਰਦਾ। ਕਿਉਂ? ਕੋਈ ਸਿਆਸੀ ਪਾਰਟੀ ਉਸ ਬਾਰੇ ਆਵਾਜ਼ ਵੀ ਨਹੀਂ ਚੁਕਦੀ ਹਾਲਾਂਕਿ ਬੀਮਾਰੀ ਦਾ ਅਸਲ ਇਲਾਜ ਉਸ ਵਿਚ ਬੰਦ ਪਿਆ ਦਸਿਆ ਜਾਂਦਾ ਹੈ।

ਇਹ ਸਾਰੇ ਗੈਂਗਸਟਰ, ਸਿਆਸਤਦਾਨ, ਫਿਰੌਤੀਆਂ, ਨਸ਼ਾ ਤਸਕਰੀ, ਵਪਾਰ ਨਾਲ ਜੁੜੇ ਹੋਏ ਹਨ। ਇਨ੍ਹਾਂ ਨਾਵਾਂ ਵਿਚੋਂ ਕੁੱਝ ਨਾਂ ਪੁਲਿਸ ਵਾਲਿਆਂ ਦੇ ਵੀ ਹੋਣਗੇ, ਕੁੱਝ ਸਿਆਸਤਦਾਨਾਂ ਦੇ ਵੀ ਹੋਣਗੇ ਤੇ ਜਦ ਤਕ ਇਸ ਸੱਭ ਕੁੱਝ ਤੋਂ ਪਰਦਾ ਨਹੀਂ ਚੁਕਿਆ ਜਾਂਦਾ, ਇਹ ਲੋਕ ਸਾਡੇ ਨੌਜਵਾਨਾਂ ਨੂੰ ਅਪਣੇ ਜਾਲ ਵਿਚ ਫਸਾਉਣ ਵਿਚ ਕਾਮਯਾਬ ਹੁੰਦੇ ਹੀ ਰਹਿਣਗੇ। 

ਕਿਸੇ ਵੀ ਗੈਂਗਸਟਰ ਦੀ ਮੌਤ ਤੇ ਤਸੱਲੀ ਨਹੀਂ ਹੁੰਦੀ ਕਿਉਂਕਿ ਜਿੰਨਾ ਕੁ ਦੋਸ਼ੀ ਉਹ ਆਪ ਸੀ, ਉਸ ਤੋਂ ਵੱਧ ਉਹ ਕਿਸੇ ਤਾਕਤਵਰ ਸਿਆਸਤਦਾਨ ਜਾਂ ਅਫ਼ਸਰ ਦਾ ਇਕ ਪਿਆਦਾ ਸੀ। ਅਖ਼ਬਾਰੀ ਖ਼ਬਰਾਂ ਅਨੁਸਾਰ, ਸਿੱਧੂ ਮੂਸੇਵਾਲਾ ਨੂੰ ਮਾਰਨ ਦੀ ਸਾਜ਼ਸ਼ ਵਿਚ ਸ਼ਾਮਲ ਹੋਣ ਵਾਲੇ ਮੁੰਡਿਆਂ ਨੂੰ ਕੇਵਲ 10-10 ਹਜ਼ਾਰ ਰੁਪਏ ਦੇ ਕੇ ਵਰਤ ਲਿਆ ਗਿਆ। ਇਹ ਉਨ੍ਹਾਂ ਦੀ ਗ਼ਰੀਬੀ ਤੇ ਮਜਬੂਰੀ ਦਾ ਸੂਚਕ ਸੀ ਜਿਸ ਕਾਰਨ ਉਹ ਇਸ ਵੱਡੇ ਅਪਰਾਧ ਦਾ ਭਾਗ ਬਣ ਗਏ। ਵੱਡੇ ਪ੍ਰਸ਼ਨ ਦਾ ਹੱਲ ਲੱਭਣ ਸਮੇਂ ਇਨ੍ਹਾਂ ਛੋਟੇ ਤੱਥਾਂ ਨੂੰ ਵੀ ਨਜ਼ਰ-ਅੰਦਾਜ਼ ਨਹੀਂ ਕਰ ਦੇਣਾ ਚਾਹੀਦਾ।                                 - ਨਿਮਰਤ ਕੌਰ