ਹੜਾਂ ਨੇ ਪੰਜਾਬ ਦੀ ਜੀਰੀ ਹੀ ਨਹੀਂ ਡੋਬੀ, ਅਮਰੀਕਨਾਂ ਦਾ ਸਵਾਦ ਵੀ ਖ਼ਰਾਬ ਕਰ ਦਿਤਾ ਹੈ...

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਜਦ ਵਪਾਰ ਦੇ ਰਸਤੇ ਇਸ ਤਰ੍ਹਾਂ ਪੰਜਾਬ ਦਾ ਕਿਸਾਨ ਦੁਨੀਆਂ ਦੇ ਸੱਭ ਤੋਂ ਮਹਿੰਗੇ ਰੈਸਟੋਰੈਂਟਾਂ ਨਾਲ ਜੁੜਿਆ ਹੋਇਆ ਹੈ ਤਾਂ ਫਿਰ ਦੋਹਾਂ ਦੀ ਕਿਸਮਤ ਏਨੀ ਵਖਰੀ ਕਿਉਂ ਹੈ?

Image: For representation purpose only.

 

ਜਿਸ ਹੜ੍ਹ ਨੇ ਪੰਜਾਬ ਵਿਚ ਬੈਠੇ ਕਿਸਾਨ ਦੇ ਖੇਤ ਦੀ ਜੀਰੀ ਤਬਾਹ ਕਰ ਦਿਤੀ, ਉਸ ਦਾ ਅਸਰ ਸਿਰਫ਼ ਉਸ ਕਿਸਾਨ ਤਕ ਹੀ ਸੀਮਤ ਨਹੀਂ ਰਿਹਾ। ਇਸ ਤਬਾਹੀ ਨਾਲ ਆਉਣ ਵਾਲੇ ਸਮੇਂ ਵਿਚ ਚਾਵਲ ਦੀ ਉਪਜ ਵਿਚ ਕਮੀ ਹੋ ਜਾਣ ਕਾਰਨ ਭਾਰਤ ਸਰਕਾਰ ਨੇ ਭਾਰਤ ਤੋਂ ਚਾਵਲ ਦਾ ਨਿਰਯਾਤ ਕਰਨਾ (ਬਾਹਰ ਭੇਜਣਾ) ਬੰਦ ਕਰ ਦਿਤਾ ਹੈ। ਇਸ ਦਾ ਅਸਰ ਅਮਰੀਕਾ ਦੇ ਅਮੀਰ ਲੋਕਾਂ ’ਤੇ ਵੀ ਪੈ ਰਿਹਾ ਹੈ ਜੋ ਹੁਣ ਅਪਣੇ ਵਧੀਆ ਰੈਸਟੋਰੈਂਟਾਂ (ਹੋਟਲਾਂ) ਵਿਚ ਚਾਵਲ ਤੋਂ ਬਣੇ ਚੀਨੀ ਪਕੌੜੇ, ਵਧੀਆ ਖਾਣੇ ਤੇ ਵਿਅੰਜਨ ਪ੍ਰਾਪਤ ਨਹੀਂ ਕਰ ਸਕਦੇ।

 

ਇਸ ਵਿਚ ਪੰਜਾਬ ਦੀ ਕਹਾਣੀ ਇਥੋਂ ਸ਼ੁਰੂ ਹੁੰਦੀ ਹੈ ਕਿ ਭਾਰਤ ਜਿਥੇ ਦੁਨੀਆਂ ਨੂੰ 40% ਚਾਵਲ ਨਿਰਯਾਤ ਕਰ ਕੇ ਭੇਜਦਾ ਹੈ, ਉਥੇ ਪੰਜਾਬ, ਯੂ.ਪੀ. ਤੇ ਪਛਮੀ ਬੰਗਾਲ ਭਾਰਤ ਦੇ ਮੁੱਖ ਚਾਵਲ ਉਤਪਾਦਕ ਸੂਬੇ ਹਨ। ਸੋ ਜਿਹੜੇ ਐਲ-ਨੀਨੋ (5l-nino) ਤੂਫ਼ਾਨ ਨੇ ਸਾਡੇ ਸੂਬੇ ਦੇ ਲੱਖਾਂ ਕਿਸਾਨਾਂ ਨੂੰ ਤਬਾਹੀ ਦੇ ਕੰਢੇ ਲਿਆ ਖੜਾ ਕੀਤਾ ਹੈ, ਉਸ ਨਾਲ ਅਮਰੀਕਾ ਦੇ ਅਮੀਰ ਗਾਹਕ ਚਾਵਲ ਦੇ ਬਣੇ ਪਕੌੜਿਆਂ ਤੋਂ ਵਾਂਝੇ ਹੋ ਗਏ ਹਨ ਤੇ ਪੰਜਾਬੀ ਕਿਸਾਨਾਂ ਦੇ ਨੁਕਸਾਨ ਦਾ ਤਾਂ ਅੰਤ ਹੀ ਕੋਈ ਨਹੀਂ। ਜਦ ਵਪਾਰ ਦੇ ਰਸਤੇ ਇਸ ਤਰ੍ਹਾਂ ਪੰਜਾਬ ਦਾ ਕਿਸਾਨ ਦੁਨੀਆਂ ਦੇ ਸੱਭ ਤੋਂ ਮਹਿੰਗੇ ਰੈਸਟੋਰੈਂਟਾਂ ਨਾਲ ਜੁੜਿਆ ਹੋਇਆ ਹੈ ਤਾਂ ਫਿਰ ਦੋਹਾਂ ਦੀ ਕਿਸਮਤ ਏਨੀ ਵਖਰੀ ਕਿਉਂ ਹੈ?

 

ਜਿਸ ਚੀਜ਼ ਵਾਸਤੇ ਨਿਊਯਾਰਕ ਦਾ ਖ਼ਾਸ ਰੈਸਟੋਰੈਂਟ ਮਸ਼ਹੂਰ ਹੈ, ਉਹ ਇਹ ਹੈ ਕਿ ਉਥੇ ਛੇ ਚੀਨੀ ਪਕੌੜੇ 20-30 ਡਾਲਰ ਦੇ ਵਿਕਦੇ ਹਨ। ਇਸ ਵਿਚ ਚਾਵਲ ਦਾ ਯੋਗਦਾਨ 50 ਫ਼ੀ ਸਦੀ ਹੈ ਪਰ ਕਿਸਾਨ ਦਾ ਇਕ ਟਨ ਚਾਵਲ 2375 ਰੁਪਏ ਦਾ ਵਿਕਦਾ ਹੈ। ਯਾਨੀ ਕਿ ਤਕਰੀਬਨ ਇਕ ਪਲੇਟ ਚਾਵਲ ਦੇ ਪਕੌੜਿਆਂ ਦੀ ਕੀਮਤ ਇਕ ਮਣ ਚਾਵਲ ਦੇ ਬਰਾਬਰ ਬਣਦੀ ਹੈ। ਕਿਸਾਨ ਵਿਚਾਰਾ ਕਰੜੀ ਮਿਹਨਤ ਮਗਰੋਂ, ਬੜੇ ਚੰਗੇ ਮੌਸਮ ਵਿਚ ਇਕ ਏਕੜ ਧਰਤੀ ਵਿਚੋਂ 5-6 ਮਣ ਚਾਵਲ ਦੀ ਉਪਜ ਕਰ ਸਕਦਾ ਹੈ ਤੇ ਉਸ ਦੀ ਮਿਹਨਤ ਸਦਕਾ ਚਾਰ ਪਲੇਟ ਅਮਰੀਕੀ ਸਮੋਸੇ ਭਾਵੇਂ ਉਹ ਚੀਨੀ ਤਰੀਕੇ ਦੇ ਵਖਰੇ ਢੰਗ ਨਾਲ ਹੀ ਕਿਉਂ ਨਾ ਬਣੇ ਹੋਣ, ਅੱਧੇ ਘੰਟੇ ਦੀ ਮਿਹਨਤ ਨਾਲ ਓਨੀ ਹੀ ਕਮਾਈ ਕਰ ਜਾਂਦੇ ਹਨ। ਕਿਸਾਨ ਨੂੰ ਅਪਣੀ ਲਾਗਤ ਵੀ ਨਹੀਂ ਮਿਲਦੀ ਕਿਉਂਕਿ ਇਕ ਆਮ ਭਾਰਤੀ ਕੋਲ ਮਹਿੰਗਾਈ ਦਾ ਭਾਰ ਚੁੱਕਣ ਦੀ ਸਮਰੱਥਾ ਨਹੀਂ ਰਹੀ। ਪਰ ਇਹ ਦੁਰਦਸ਼ਾ ਸਿਰਫ਼ ਪੰਜਾਬ ਜਾਂ ਭਾਰਤ ਦੇ ਕਿਸਾਨ ਦੀ ਹੀ ਨਹੀਂ ਬਲਕਿ ਦੁਨੀਆਂ ਦੇ ਹਰ ਕਿਸਾਨ ਦਾ ਇਹੀ ਹਾਲ ਹੈ। ਜੋ ਹਾਲ ਪੰਜਾਬ ਦੇ ਕਿਸਾਨ ਦਾ ਹੈ, ਉਹੀ ਹਾਲ ਮੈਕਸੀਕੋ ਦੇ ਕਿਸਾਨ ਦਾ ਵੀ ਹੈ। ਸਪੇਨ ਦੇ ਅੰਗੂਰਾਂ ਨਾਲ ਵਾਈਨ ਤਿਆਰ ਕਰਨ ਵਾਲੇ ਕਿਸਾਨਾਂ ਦਾ ਵੀ ਇਹੋ ਹਾਲ ਹੈ। ਕਾਫ਼ੀ ਦਾ ਕੱਪ 250 ਰੁਪਏ ਦਾ ਪਰ ਕਾਫ਼ੀ ਦੀ ਖੇਤੀ ਕਰਨ ਵਾਲੇ ਨੂੰ 20 ਪੈਸੇ ਜਿੰਨਾ ਹਿੱਸਾ ਵੀ ਮਸਾਂ ਹੀ ਮਿਲਦਾ ਹੈ।

 

ਵਪਾਰੀ ਨੇ ਅਜਿਹਾ ਜਾਲ ਵਿਛਾਇਆ ਹੋਇਆ ਹੈ ਕਿ ਮਿਹਨਤ ਕਰਨ ਵਾਲੇ ਨੂੰ ਸੱਭ ਤੋਂ ਘੱਟ ਮੁੱਲ ਮਿਲਦਾ ਹੈ। ਕਪਾਹ ਦੀ ਖੇਤੀ ਕਰਨ ਵਾਲੇ ਨੂੰ ਇਕ ਬਰਾਂਡ ਦੇ ਲੋਗੋ ਨਾਲ ਛਪੀ ਹੋਈ ਕਮੀਜ਼ ਦਾ ਸ਼ਾਇਦ ਇਕ ਪੈਸਾ ਹੀ ਮਿਲਦਾ ਹੋਵੇਗਾ। ਜਦ ਕੁਦਰਤ ਦਾ ਕਹਿਰ ਇਨ੍ਹਾਂ ਗੁੰਝਲਦਾਰ ਆਰਥਕ ਰਿਸ਼ਤਿਆਂ ਨੂੰ ਜਗ ਜ਼ਾਹਰ ਕਰ ਰਿਹਾ ਹੈ ਤਾਂ ਕੀ ਅਸੀ ਇਨ੍ਹਾਂ ਨੂੰ ਬਰਾਬਰੀ ਤੇ ਲਿਆਉਣ ਬਾਰੇ ਸੋਚ ਸਕਦੇ ਹਾਂ ਜਿਸ ਨਾਲ ਕਿਸਾਨ ਨੂੰ ਇਸ ਪੂਰੇ ਜਾਲ ’ਚ ਅਪਣੀ ਲਾਗਤ ਨਾਲ ਅਪਣੀ ਮਿਹਨਤ ਤੋਂ ਕੁੱਝ ਵੱਧ ਮੁਨਾਫ਼ਾ ਦਿਤਾ ਜਾ ਸਕੇ ਤਾਕਿ ਉਸ ਕਿਸਾਨ ਦੀ ਜ਼ਿੰਦਗੀ ਵੀ ਬੇਹਤਰ ਹੋ ਸਕੇ ਤੇ ਅਸੀ ਵੀ ਕਿਸਾਨ ਨੂੰ ਇਹ ਦਸ ਸਕੀਏ ਕਿ ਸਮਾਜ ਉਸ ਦੀ ਮਿਹਨਤ ਦੀ ਕਦਰ ਕਰਦਾ ਹੈ।
- ਨਿਮਰਤ ਕੌਰ