Editorial: ਰੂਸ-ਯੂਕਰੇਨ ਜੰਗ ਬੰਦ ਕਰਵਾਉਣ ’ਚ ਅਹਿਮ ਭੂਮਿਕਾ ਨਿਭਾ ਸਕਦੇ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

Editorial: ਰੂਸ–ਯੂਕਰੇਨ ਜੰਗ ਦੇ ਚਲਦਿਆਂ ਭਾਰਤੀ ਪ੍ਰਧਾਨ ਮੰਤਰੀ ਦੇ ਇਸ ਦੌਰੇ ਨੂੰ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ

Prime Minister Narendra Modi can play an important role in ending the Russia-Ukraine war

 

Editorial:  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਯੂਕਰੇਨ ਦੌਰਾ ਭਲਕੇ 23 ਅਗੱਸਤ ਤੋਂ ਸ਼ੁਰੂ ਹੋ ਰਿਹਾ ਹੈ। ਉਹ ਪਹਿਲੀ ਵਾਰ ਇਸ ਦੇਸ਼ ’ਚ ਜਾ ਰਹੇ ਹਨ। ਰੂਸ–ਯੂਕਰੇਨ ਜੰਗ ਦੇ ਚਲਦਿਆਂ ਭਾਰਤੀ ਪ੍ਰਧਾਨ ਮੰਤਰੀ ਦੇ ਇਸ ਦੌਰੇ ਨੂੰ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ। ਦੁਨੀਆ ਦੇ ਅਮਨ ਪਸੰਦ ਮੁਲਕਾਂ ਤੇ ਆਮ ਲੋਕਾਂ ਨੂੰ ਇਹੋ ਆਸ ਹੈ ਕਿ ਭਾਰਤ ਹੁਣ ਜੰਗ ’ਚ ਉਲਝੇ ਦੋਵੇਂ ਦੇਸ਼ਾਂ ਵਿਚਾਲੇ ਵਿਚੋਲਗੀ ਦੀ ਭੂਮਿਕਾ ਨਿਭਾ ਸਕਦਾ ਹੈ।

ਇਸੇ ਲਈ ਹੁਣ ਯੂਕਰੇਨ ’ਚ ਰਹਿੰਦੇ ਭਾਰਤੀ ਮੂਲ ਦੇ ਲੋਕਾਂ ਨੇ ਨਰਿੰਦਰ ਮੋਦੀ ਹੁਰਾਂ ਨੂੰ ਇਕ ਖੁਲ੍ਹੀ ਚਿੱਠੀ ਲਿਖੀ ਹੈ, ਜਿਸ ਵਿਚ ਉਨ੍ਹਾਂ ਨੇ ਜੰਗ ਦੇ ਸੰਕਟ ’ਚ ਭਾਰਤ ਤੋਂ ਇਨਸਾਨੀਅਤ ਦੇ ਆਧਾਰ ’ਤੇ ਤਾਂ ਮਦਦ ਮੰਗੀ ਹੀ ਹੈ, ਨਾਲ ਹੀ ਉਨ੍ਹਾਂ ਇਹ ਜੰਗ ਰੁਕਵਾਉਣ ਲਈ ਵੀ ਸਹਾਇਤਾ ਦੀ ਅਪੀਲ ਕੀਤੀ ਹੈ। ਇਸ ਖੁਲ੍ਹੇ ਖ਼ਤ ’ਤੇ 200 ਤੋਂ ਵੱਧ ਉਘੇ ਭਾਰਤੀਆਂ ਦੇ ਹਸਤਾਖ਼ਰ ਹਨ।

ਉਨ੍ਹਾਂ ਪ੍ਰਧਾਨ ਮੰਤਰੀ ਨੂੰ ਇਹ ਵੀ ਕਿਹਾ ਹੈ ਕਿ ਤੁਹਾਡੀ ਲੀਡਰਸ਼ਿਪ ਤੇ ਦਖ਼ਲ ਨਾਲ ਜੰਗ ਦੇ ਇਸ ਸੰਕਟ ਦਾ ਸਹੀ ਹੱਲ ਜ਼ਰੂਰ ਨਿਕਲ ਸਕਦਾ ਹੈ। ਸੱਭ ਨੂੰ ਇਹ ਪਤਾ ਹੈ ਕਿ ਭਾਰਤ ਦੇ ਦੁਵੱਲੇ ਸਬੰਧ ਰੂਸ ਨਾਲ ਜਿੰਨੇ ਮਜ਼ਬੂਤ ਹਨ, ਯੂਕਰੇਨ ਨਾਲ ਵੀ ਉਨੇ ਹੀ ਪੀਡੇ ਹਨ। ਦੁਨੀਆਂ ਇਸ ਤੱਥ ਦੀ ਗਵਾਹ ਹੈ ਕਿ ਦੂਜਾ ਵਿਸ਼ਵ ਯੁਧ ਖ਼ਤਮ ਹੋਣ ਦੇ ਦੋ ਸਾਲਾਂ ਬਾਅਦ 1947 ’ਚ ਠੰਢੀ ਜੰਗ ਸ਼ੁਰੂ ਹੋ ਗਈ ਸੀ, ਜੋ ਸੋਵੀਅਤ ਰੂਸ ਦੇ ਟੁਟਣ ਭਾਵ 1991 ਤਕ ਚੱਲੀ ਸੀ। ਉਸ ਦੌਰਾਨ ਰੂਸ ਨੇ ਭਾਰਤ ਨੂੰ ਹਰ ਤਰ੍ਹਾਂ ਦੀ ਤਕਨਾਲੋਜੀ ਦੇ ਨਾਲ–ਨਾਲ ਆਧੁਨਿਕ ਹਥਿਆਰ ਤੇ ਗੋਲੀ–ਸਿੱਕਾ ਮੁਹਈਆ ਕਰਵਾਏ ਸਨ। ਇਸ ਤੋਂ ਇਲਾਵਾ ਭਾਰਤ ਦੇ ਕੱਚੇ ਤੇਲ ਦੀ ਵੱਡੀ ਮੰਗ ਵੀ ਰੂਸ ਤੋਂ ਹੀ ਪੂਰੀ ਹੁੰਦੀ ਰਹੀ ਹੈ। 

ਜਦੋਂ ਤੋਂ ਅਮਰੀਕਾ ਨੇ ਰੂਸ ਤੋਂ ਤੇਲ ਖ਼ਰੀਦਣ ’ਤੇ ਪਾਬੰਦੀ ਲਾਈ ਹੈ, ਤਦ ਤੋਂ ਦੁਨੀਆਂ ਦੇ ਬਹੁਤੇ ਦੇਸ਼ਾਂ ਨੇ ਉਸ ਤੋਂ ਤੇਲ ਉਤਪਾਦ ਖ਼ਰੀਦਣ ਤੋਂ ਟਾਲਾ ਵਟਿਆ ਹੋਇਆ ਹੈ ਪਰ ਭਾਰਤ ਨੇ ਕਦੇ ਵੀ ਰੂਸ ਤੋਂ ਇਹ ਖ਼ਰੀਦ ਬੰਦ ਨਹੀਂ ਕੀਤੀ। ਅਮਰੀਕਾ ਨੇ ਵੀ ਭਾਰਤ ਨੂੰ ਇਸ ਖ਼ਰੀਦ ਦੀ ਛੋਟ ਦੇ ਦਿਤੀ ਸੀ। ਰੂਸ ਤੋਂ ਸਸਤਾ ਤੇਲ ਖ਼ਰੀਦ ਕੇ ਭਾਰਤ ਨੇ ਉਸ ਨੂੰ ਅਨੇਕ ਯੂਰੋਪੀਅਨ ਦੇਸ਼ਾਂ ਨੂੰ ਵੇਚ ਕੇ ਲੱਖਾਂ ਡਾਲਰ ਤੇ ਪੌਂਡ ਕਮਾਏ ਹਨ। ਇਸੇ ਲਈ ਰੂਸ ਨੂੰ ਭਾਰਤ ਦਾ ਰਵਾਇਤੀ ਭਾਈਵਾਲ ਮੰਨਿਆ ਜਾਂਦਾ ਰਿਹਾ ਹੈ।

ਨਰਿੰਦਰ ਮੋਦੀ ਜਦੋਂ ਬੀਤੇ ਜੁਲਾਈ ਮਹੀਨੇ ਅਪਣੇ ਰੂਸ ਦੌਰੇ ਦੌਰਾਨ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਜੱਫੀ ਪਾ ਕੇ ਮਿਲੇ ਸਨ ਪਰ ਯੂਕਰੇਨ ਨੇ ਤੁਰਤ ਇਸ ’ਤੇ ਡਾਢਾ ਇਤਰਾਜ਼ ਪ੍ਰਗਟਾਇਆ ਸੀ। ਅਜਿਹੇ ਹਾਲਾਤ ਕਾਰਨ ਹੀ ਪ੍ਰਧਾਨ ਮੰਤਰੀ ਨੇ ਪੋਲੈਂਡ ਰਵਾਨਾ ਹੋਣ ਤੋਂ ਪਹਿਲਾਂ ਸੋਸ਼ਲ ਮੀਡੀਆ ’ਤੇ ਇਹੋ ਆਸ ਪ੍ਰਗਟਾਈ ਹੈ ਕਿ ਇਕ ਦੋਸਤ ਅਤੇ ਭਾਈਵਾਲ ਹੋਣ ਦੇ ਨਾਤੇ ਸਾਨੂੰ ਇਸ ਖ਼ਿੱਤੇ ’ਚ ਸ਼ਾਂਤੀ ਤੇ ਸਥਿਰਤਾ ਦੀ ਛੇਤੀ ਬਹਾਲੀ ਦੀ ਆਸ ਹੈ।

ਇਥੇ ਇਹ ਨੁਕਤਾ ਵੀ ਅਹਿਮ ਹੈ ਕਿ ਫ਼ਰਵਰੀ 2022 ’ਚ ਜਦ ਤੋਂ ਰੂਸ ਨੇ ਯੂਕਰੇਨ ’ਤੇ ਹਮਲਾ ਕੀਤਾ ਹੈ, ਭਾਰਤ ਸਰਕਾਰ ਨੇ ਕਦੇ ਵੀ ਖੁਲ੍ਹ ਕੇ ਕਿਸੇ ਵੀ ਧਿਰ ਦੀ ਨਿਖੇਧੀ ਨਹੀਂ ਕੀਤੀ ਹੈ; ਸਗੋਂ ਦੋਵੇਂ ਧਿਰਾਂ ਨੂੰ ਆਪੋ–ਅਪਣੇ ਮਤਭੇਦ ਆਪਸੀ ਗਲਬਾਤ ਰਾਹੀਂ ਹੱਲ ਕਰਨ ਦੀ ਸਲਾਹ ਦਿਤੀ ਹੈ। ਇਸ ’ਚ ਕੋਈ ਸ਼ੱਕ ਨਹੀਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਦੌਰੇ ਨਾਲ ਜਿਥੇ ਯੂਕਰੇਨ ਤੇ ਭਾਰਤ ਵਿਚਲੇ ਆਪਸੀ ਸਬੰਧ ਹੋਰ ਮਜ਼ਬੂਤ ਹੋਣਗੇ, ਸਗੋਂ ਉਹ ਜਦੋਂ ਉਸ ਦੇਸ਼ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੂੰ ਮਿਲਣਗੇ, ਤਾਂ ਨਿਸ਼ਚਤ ਤੌਰ ’ਤੇ ਉਹ ਰੂਸ ਨਾਲ ਜੰਗ ਖ਼ਤਮ ਕਰਨ ਦੀ ਸਲਾਹ ਵੀ ਜ਼ਰੂਰ ਦੇਣਗੇ।

ਸੈਂਕੜੇ ਭਾਰਤੀਆਂ ਨੇ ਅਪਣੀ ਚਿੱਠੀ ਵਿਚ ਲਿਖਿਆ ਹੈ ਕਿ ਰੂਸੀ ਫ਼ੌਜਾਂ ਯੂਕਰੇਨ ਦੀਆਂ ਸਰਹੱਦਾਂ ’ਤੇ ਚਾਰੇ ਪਾਸਿਉਂ ਹਮਲੇ ਕਰ ਰਹੀਆਂ ਹਨ। ਮਿਜ਼ਾਇਲਾਂ ਤੇ ਹਵਾਈ ਹਮਲਿਆਂ ਦੇ ਸ਼ਿਕਾਰ ਸਿਰਫ਼ ਫ਼ੌਜੀ ਟਿਕਾਣੇ ਹੀ ਨਹੀਂ ਹੁੰਦੇ, ਸਗੋਂ ਆਮ ਨਾਗਰਿਕ ਤੇ ਅਨੇਕ ਬੱਚੇ ਵੀ ਅਪਣੀਆਂ ਜਾਨਾਂ ਗੁਆ ਰਹੇ ਹਨ।

ਇਸ ਜੰਗ ਕਾਰਨ ਖੇਤੀਬਾੜੀ ਤੇ ਹੋਰ ਉਦਯੋਗਾਂ ’ਚ ਕੰਮ ਆਉਣ ਵਾਲੀ ਮਸ਼ੀਨਰੀ, ਦਵਾਈਆਂ ਤੇ ਹੋਰ ਬਹੁਤ ਸਾਰਾ ਸਾਮਾਨ ਪੂਰੀ ਦੁਨੀਆਂ ’ਚ ਮਹਿੰਗਾ ਹੋ ਗਿਆ ਹੈ। ਇਸ ਤੋਂ ਇਲਾਵਾ ਜੰਗ ਕਾਰਣ ਬੇਘਰ ਹੋਏ ਲੱਖਾਂ ਲੋਕ ਹੁਣ ਗੁਆਂਢੀ ਦੇਸ਼ਾਂ ਤੇ ਯੂਰਪ ਦੇ ਹੋਰ ਬਹੁਤ ਸਾਰੇ ਮੁਲਕਾਂ ’ਚ ਜਾ ਕੇ ਸ਼ਰਨਾਰਥੀਆਂ ਵਜੋਂ ਪਨਾਹ ਮੰਗ ਰਹੇ ਹਨ, ਜਿਸ ਤੋਂ ਹੋਰਨਾਂ ਗੁਆਂਢੀ ਦੇਸ਼ਾਂ ਦੀਆਂ ਸਰਕਾਰਾਂ ਵੀ ਕਾਫ਼ੀ ਔਖੀਆਂ–ਭਾਰੀਆਂ ਹਨ। ਇਸੇ ਲਈ ਹੁਣ ਸਮੁਚੀ ਦੁਨੀਆਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਵੱਡੀਆਂ ਆਸਾਂ ਹਨ।