ਕਿਸਾਨਾਂ ਨਾਲ ਦਿਲੋਂ ਮਨੋਂ ਕਿਹੜੀ ਸਿਆਸੀ ਪਾਰਟੀ ਹਮਦਰਦੀ ਰਖਦੀ ਹੈ?ਕਾਂਗਰਸ, ਅਕਾਲੀ, ਭਾਜਪਾ, ਆਪ...?

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਥੋੜੇ ਦਿਨ ਪਹਿਲਾਂ ਹੀ, ਪ੍ਰਕਾਸ਼ ਸਿੰਘ ਬਾਦਲ ਨੇ ਆਰਡੀਨੈਂਸਾਂ ਦੇ ਹੱਕ ਵਿਚ ਵੱਡਾ ਬਿਆਨ ਜਾਰੀ ਕੀਤਾ ਸੀ।

Congress BJP, AAP

ਖੇਤੀ ਬਿਲ ਵਿਚ ਸੋਧ ਦੇ ਪਾਸ ਹੋ ਜਾਣ ਤੋਂ ਬਾਅਦ ਅੱਜ ਕਿਸਾਨਾਂ ਨਾਲ ਖੜੇ ਹੋਣ ਵਾਸਤੇ ਸਿਆਸਤਦਾਨਾਂ ਅੰਦਰ ਦੌੜ ਲੱਗ ਗਈ ਹੈ। ਪਰ ਕੀ ਇਨ੍ਹਾਂ ਵਿਚ ਕੋਈ ਸਚਮੁਚ ਵੀ ਕਿਸਾਨਾਂ ਦਾ ਹਮਦਰਦ ਹੈ ਜਾਂ ਨਹੀਂ? ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਇਸ ਬਿਲ ਉਤੇ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਇਸ ਨਾਲ ਕਿਸਾਨਾਂ ਨੂੰ ਵਧਦਾ ਫੁਲਦਾ ਵੇਖੇਗੀ। ਕੇਂਦਰ ਸਰਕਾਰ ਦਾ ਇਹ ਵੀ ਕਹਿਣਾ ਹੈ ਕਿ ਵਿਰੋਧੀ ਪਾਰਟੀਆਂ ਕਿਸਾਨਾਂ ਦੇ ਮਨਾਂ ਵਿਚ ਵਹਿਮ ਪੈਦਾ ਕਰ ਕੇ ਉਨ੍ਹਾਂ ਨੂੰ ਡਰਾ ਰਹੀਆਂ ਹਨ।

ਇਥੇ ਇਹ ਵੀ ਸਹੀ ਹੈ ਕਿ ਵਿਰੋਧੀ ਧਿਰ ਜੇ ਸੱਚੀ ਮੁੱਚੀ ਕਿਸਾਨ ਦੇ ਹੱਕ ਵਿਚ ਹੁੰਦੀ ਤਾਂ ਉਹ ਬਿਲ ਪਾਸ ਕਰਨ ਦੀ ਉਡੀਕ ਹੀ ਨਾ ਕਰਦੀ ਤੇ ਜਿਸ ਦਿਨ ਆਰਡੀਨੈਂਸ ਦੀ ਗੱਲ ਛਿੜੀ ਸੀ, ਵਿਰੋਧ ਉਸੇ ਦਿਨ ਹੀ ਸ਼ੁਰੂ ਹੋ ਜਾਣਾ ਸੀ। ਕਾਂਗਰਸ ਪਾਰਟੀ ਜੋ ਇਸ ਵਿਰੋਧ ਵਿਚ ਸੱਭ ਤੋਂ ਅੱਗੇ ਹੈ, ਉਸ ਲਈ ਅਪਣੀ ਇਸ ਦੇਰੀ ਵਾਸਤੇ ਜਵਾਬ ਦੇਣਾ ਬਣਦਾ ਹੈ, ਖ਼ਾਸ ਕਰ ਕੇ ਜਦ ਖੇਤੀ ਮੰਤਰੀ ਤੋਮਰ ਵਲੋਂ ਕਾਂਗਰਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵਿਚਾਰ ਵਟਾਂਦਰੇ ਲਈ ਸੱਦਿਆ ਗਿਆ ਸੀ। ਉਹ ਸ਼ਾਮਲ ਤਾਂ ਨਹੀਂ ਹੋ ਸਕੇ ਸਨ ਪਰ ਉਨ੍ਹਾਂ ਨੂੰ ਜਾਣਕਾਰੀ ਤਾਂ ਸੀ ਕਿ ਇਹ ਬਿੱਲ ਆਉਣ ਵਾਲਾ ਹੈ।

ਫਿਰ ਜਦ ਆਰਡੀਨੈਂਸ ਤੇ ਹਸਤਾਖਰ ਹੋਏ, ਤਾਂ ਵੀ ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਇਸ ਆਰਡੀਨੈਂਸ ਵਿਰੁਧ ਆਵਾਜ਼ ਚੁੱਕੀ। ਪੰਜਾਬ ਵਿਚ ਅਡਾਨੀ ਗਰੁਪ ਵਲੋਂ ਇਸੇ ਸੋਚ ਅਧੀਨ ਵੱਡੇ ਗੋਦਾਮ ਬਣਾਉਣ ਦੀ ਤਿਆਰੀ ਦੀ ਖ਼ਬਰ ਸਾਂਝੀ ਕੀਤੀ ਗਈ ਤੇ ਇਨ੍ਹਾਂ ਗੋਦਾਮਾਂ ਨੂੰ ਰੇਲ ਲਾਈਨ ਨਾਲ ਜੋੜਨ ਦੀ ਤਿਆਰੀ ਤੇ ਵੀ ਚਾਨਣਾ ਪਾਇਆ ਗਿਆ। ਕਾਂਗਰਸੀ ਕਿਉਂਕਿ ਅਪਣੀ ਅੰਦਰੂਨੀ ਲੜਾਈ ਨੂੰ ਜ਼ਿਆਦਾ ਮਹੱਤਵ ਦੇ ਰਹੇ ਸਨ, ਇਸ ਆਵਾਜ਼ ਨੂੰ ਅਣਸੁਣਿਆ ਕਰ ਦਿਤਾ ਗਿਆ। ਪਰ ਕਾਂਗਰਸ ਜਾਣਦੀ ਹੈ ਕਿ ਉਸ ਕੋਲ ਲੋਕ ਸਭਾ ਵਿਚ ਲੋੜੀਂਦੀ ਤਾਕਤ ਨਹੀਂ ਤੇ ਜਿਹੜੇ ਅੱਜ ਸੜਕਾਂ ਤੇ ਉਤਰੇ ਹਨ, ਉਨ੍ਹਾਂ ਨੂੰ ਪਹਿਲਾਂ ਉਤਰਨਾ ਚਾਹੀਦਾ ਸੀ।

ਦੂਜੀ ਕਿਸਾਨ ਪੱਖੀ ਪਾਰਟੀ ਅਕਾਲੀ ਦਲ, ਜੋ ਅੱਜ ਕਿਸਾਨਾਂ ਤੋਂ ਮਾਫ਼ੀ ਮੰਗਦੀ ਫਿਰ ਰਹੀ ਹੈ, ਜੇਕਰ ਉਸ ਦੀ ਕੇਂਦਰੀ ਵਜ਼ੀਰ ਇਸ ਆਰਡੀਨੈਂਸ ਤੇ ਹਸਤਾਖਰ ਹੀ ਨਾ ਕਰਦੀ ਤਾਂ ਇਥੋਂ ਤਕ ਨੌਬਤ ਹੀ ਨਾ ਆਉਂਦੀ। ਅਕਾਲੀ ਦਲ ਅੱਜ ਭਾਵੇਂ ਅਪਣੀ ਕੇਂਦਰ ਵਿਚਲੀ ਕੁਰਸੀ ਤਿਆਗੀ ਬੈਠਾ ਹੈ, ਉਹ ਦਿਲੋਂ ਇਨ੍ਹਾਂ ਖੇਤੀ ਸੋਧ ਬਿੱਲਾਂ ਨੂੰ ਠੀਕ ਸਮਝਦਾ ਹੈ। ਥੋੜੇ ਦਿਨ ਪਹਿਲਾਂ ਹੀ, ਪ੍ਰਕਾਸ਼ ਸਿੰਘ ਬਾਦਲ ਨੇ ਆਰਡੀਨੈਂਸਾਂ ਦੇ ਹੱਕ ਵਿਚ ਵੱਡਾ ਬਿਆਨ ਜਾਰੀ ਕੀਤਾ ਸੀ।

ਬੀਬੀ ਹਰਸਿਮਰਤ ਨੇ ਕੁਰਸੀ ਛੱਡਣ ਤੋਂ ਬਾਅਦ ਵੀ ਪ੍ਰਧਾਨ ਮੰਤਰੀ ਮੋਦੀ ਦੀ ਕਿਸਾਨ ਪੱਖੀ ਸੋਚ ਤੇ ਇਨ੍ਹਾਂ ਸੋਧਾਂ ਵਿਚ ਵਿਸ਼ਵਾਸ ਪ੍ਰਗਟਾਇਆ। ਉਨ੍ਹਾਂ ਇਹ ਗ਼ਲਤੀ ਨਹੀਂ ਕਬੂਲੀ ਕਿ  ਉਹ ਕਿਸਾਨਾਂ ਦੀ ਗੱਲ ਸਰਕਾਰ ਤਕ ਨਹੀਂ ਪੰਹੁਚਾ ਸਕੀ। ਹੁਣ ਜਦ ਪਿਛਲੇ ਦੋ ਮਹੀਨੇ ਉਹ ਐਲਾਨ ਕਰਦੀ ਰਹੀ ਕਿ ਇਹ ਸੋਧ ਸਹੀ ਹੈ ਤਾਂ ਉਹ ਤੇ ਉਸ ਦੀ ਪਾਰਟੀ, ਦਿਲੋਂ ਕਿਸਾਨਾਂ ਦੀ ਹਮਾਇਤ ਵਿਚ ਕਿਵੇਂ ਖੜੀ ਹੋ ਸਕੇਗੀ? ਅਕਾਲੀ ਦਲ ਭਾਵੇਂ ਕਿਸੇ ਵਕਤ ਕਿਸਾਨੀ ਪਾਰਟੀ ਰਹੀ ਹੋਵੇਗੀ ਪਰ ਅੱਜ ਉਹ ਪੂੰਜੀਪਤੀਆਂ ਦੀ ਪਾਰਟੀ ਹੈ।

ਹੁਣ ਉਹ ਸਿਰਫ਼ ਕਾਂਗਰਸ ਨੂੰ ਕਿਸਾਨਾਂ ਨਾਲ ਖੜਾ ਹੁੰਦਾ ਵੇਖ, ਅਪਣੀ ਇਕ ਕੁਰਸੀ ਦੀ 'ਕੁਰਬਾਨੀ' ਦੇ ਰਹੀ ਹੈ ਪਰ ਕਿਸਾਨ ਦੇ ਹੱਕ ਵਿਚ ਆਉਣ ਵਾਸਤੇ ਉਨ੍ਹਾਂ ਨੂੰ ਕਹਿਣਾ ਪਵੇਗਾ ਕਿ ਭਾਜਪਾ ਕਿਸਾਨ-ਵਿਰੋਧੀ ਪਾਰਟੀ ਹੈ ਅਤੇ ਇਹ ਵੀ ਦਸਣਾ ਪਵੇਗਾ ਕਿ ਫਿਰ ਅਜੇ ਤਕ ਉਸ ਨੇ ਕਿਸਾਨ-ਵਿਰੋਧੀ ਪਾਰਟੀ ਨਾਲ ਭਾਈਵਾਲੀ ਕਿਉਂ ਬਣਾਈ ਹੋਈ ਹੈ? ਤੀਜੀ ਪਾਰਟੀ ਆਮ ਆਦਮੀ ਪਾਰਟੀ, ਜੋ ਦਹਾੜਦੀ ਤਾਂ ਬਹੁਤ ਉੱਚਾ ਹੈ ਪਰ ਉਸ ਵਿਚ ਅਜੇ ਏਨੀ ਤਾਕਤ ਨਹੀਂ ਕਿ ਕੁੱਝ ਖ਼ਾਸ ਬਦਲਾਅ ਲਿਆ ਸਕੇ। ਉਨ੍ਹਾਂ ਨੂੰ ਸਿਰਫ਼ ਸਿਆਸੀ ਤੀਰ ਛਡਣੇ ਆਉਂਦੇ ਹਨ ਕਿਉਂਕਿ ਉਨ੍ਹਾਂ ਨੂੰ ਭਾਜਪਾ ਤੇ ਕਾਂਗਰਸ ਨੂੰ ਖ਼ਤਮ ਕਰਨ ਦੀ ਨੀਤੀ ਆਉਂਦੀ ਹੈ ਪਰ ਇਸ ਸੱਭ ਕੁੱਝ ਦੇ ਪਿੱਛੇ ਅਸਲ ਗੱਲ ਕੀ ਹੈ, ਉਸ ਤੋਂ ਅਜੇ ਉਹ ਅਣਜਾਣ ਹਨ।

ਇਹ ਪਾਰਟੀ ਸਰਹੱਦ ਪਾਰ ਕਰਦਿਆਂ ਹੀ ਅਪਣੇ ਵਿਚਾਰ ਬਦਲ ਲੈਂਦੀ ਹੈ ਜਿਵੇਂ ਪਾਣੀਆਂ ਦੇ ਮੁੱਦੇ ਤੇ ਉਨ੍ਹਾਂ ਦਾ ਪੱਖ ਪੰਜਾਬ, ਹਰਿਆਣਾ ਤੇ ਦਿੱਲੀ ਵਿਚ ਵਖਰਾ-ਵਖਰਾ ਸੀ। ਸਿਆਸੀ ਤੇ ਕ੍ਰਾਂਤੀਕਾਰੀ ਸੋਚ ਦੇ ਦੌਰ ਵਿਚ ਆਪ ਅੱਗੇ ਤਾਂ ਆ ਗਈ ਪਰ ਅਜੇ ਇਸ ਦੀ ਜਵਾਨੀ ਦੀ ਦਾੜ੍ਹੀ ਵੀ ਨਹੀਂ ਫੁੱਟੀ ਜਦਕਿ ਸਮਾਂ 70 ਸਾਲ ਦੀ ਸਿਆਣਪ ਮੰਗਦਾ ਹੈ। ਸੋ ਅਨੰਦਾਤਾ ਇਨ੍ਹਾਂ ਸਿਆਸੀ ਖਿਡਾਰੀਆਂ ਵਿਚ ਰੁਲ ਕੇ ਰਹਿ ਗਿਆ ਹੈ। ਰਾਜ ਸਭਾ ਵਿਚ ਜਿਸ ਤਰ੍ਹਾਂ ਬਿੱਲ ਪਾਸ ਹੋਇਆ, ਦਿਲ ਕੰਬਦਾ ਸੀ ਵੇਖ ਕੇ ਕਿ ਇਸ ਲੋਕਤੰਤਰ ਵਿਚ ਕਿਸ ਤਰ੍ਹਾਂ ਦਾ ਸਲੂਕ, ਦੇਸ਼ ਦੇ ਅੰਨਦਾਤੇ ਨਾਲ ਹੋ ਰਿਹਾ ਹੈ।

ਭਾਜਪਾ ਸਿਰ ਸੱਤਾ ਦਾ ਨਸ਼ਾ ਚੜ੍ਹ ਗਿਆ ਹੈ ਤੇ ਉਸ ਨੂੰ ਨਹੀਂ ਦਿਸ ਰਿਹਾ ਕਿ ਦੇਸ਼ ਦੀ ਥਾਲੀ ਕਿਸ ਦੇ ਸਹਾਰੇ ਚਲ ਰਹੀ ਹੈ? ਇਸ ਸਮੇਂ ਕਿਸਾਨ ਕੀ ਕਰੇਗਾ? ਸਿਆਸੀ ਘੁੰਮਣਘੇਰੀ ਵਿਚ ਫੱਸ ਜਾਵੇਗਾ ਜਾਂ ਅਪਣੀ ਆਵਾਜ਼ ਬੁਲੰਦ ਕਰਨ ਦਾ ਕੰਮ ਅਪਣੇ ਹੱਥਾਂ ਵਿਚ ਰਹਿਣ ਦੇਵੇਗਾ? ਕੋਈ ਵੀ ਸਿਆਸੀ ਪਾਰਟੀ, ਤੋੜ ਤਕ ਉਸ ਨਾਲ ਨਹੀਂ ਨਿਭਣ ਵਾਲੀ, ਉਹ ਅਧਵਾਟੇ ਮੋਰਚਾ ਛੱਡ ਕੇ ਭੱਜ ਜਾਣ ਵਿਚ ਚੰਗੀਆਂ ਮਾਹਰ ਹਨ? -ਨਿਮਰਤ ਕੌਰ