ਬਾਦਲਕਿਆਂ ਨੂੰ ਵੀ ਸਿੱਖਾਂ ਤੋਂ ਮਾਫ਼ੀ ਮੰਗਣ ਲਈ ਕਹੋ ਬਡੂੰਗਰ ਸਾਹਬ
ਕੁੱਝ ਦਿਨ ਪਹਿਲਾਂ ਰੋਜ਼ਾਨਾ ਸਪੋਕਸਮੈਨ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਦਾ ਬਿਆਨ ਕਿ ਬਰਤਾਨੀਆ ਸਰਕਾਰ.......
ਕੁੱਝ ਦਿਨ ਪਹਿਲਾਂ ਰੋਜ਼ਾਨਾ ਸਪੋਕਸਮੈਨ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਦਾ ਬਿਆਨ ਕਿ ਬਰਤਾਨੀਆ ਸਰਕਾਰ ਜਲ੍ਹਿਆਂ ਵਾਲਾ ਬਾਗ਼ ਸਾਕੇ ਲਈ ਮਾਫ਼ੀ ਮੰਗੇ, ਪੜ੍ਹਿਆ। ਅਸੀ ਬਡੂੰਗਰ ਸਾਹਬ ਦੀ ਇਸ ਗੱਲ ਨਾਲ ਸਹਿਮਤ ਹਾਂ। ਬਰਤਾਨੀਆ ਸਰਕਾਰ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ। ਦੂਜੇ ਪਾਸੇ ਅਸੀ ਬਡੂੰਗਰ ਸਾਹਬ ਨੂੰ ਇਹ ਸੁਝਾਅ ਵੀ ਦਿੰਦੇ ਹਾਂ ਕਿ ਤੁਸੀ ਦੂਜਿਆਂ ਨੂੰ ਤਾਂ ਮਾਫ਼ੀ ਮੰਗਣ ਲਈ ਝੱਟ ਅਖ਼ਬਾਰਾਂ ਵਿਚ ਬਿਆਨ ਦੇ ਦਿੰਦੇ ਹੋ ਪਰ ਤੁਸੀ ਬਾਦਲ ਸਾਹਬ ਜਾ ਉਸ ਦੇ ਪੁੱਤਰ ਨੂੰ ਸਿੱਖ ਜਗਤ ਤੋਂ ਮਾਫ਼ੀ ਮੰਗਣ ਬਾਰੇ ਕਿਉਂ ਨਹੀਂ ਕਦੇ ਕਿਹਾ?
ਜਿਹੜੇ ਅਕਾਲੀ ਆਪਣੇ ਆਪ ਨੂੰ ਪੰਥ ਦਰਦੀ ਅਖਵਾਉਂਦੇ ਹਨ, ਇਨ੍ਹਾਂ ਦੇ ਰਾਜ ਵਿਚ ਹੀ ਗੁਰੂ ਗ੍ਰੰਥ ਸਾਹਿਬ ਦੀ ਥਾਂ-ਥਾਂ ਬੇਅਦਬੀ ਹੋਈ ਹੈ ਜੋ ਇਨ੍ਹਾਂ ਅਕਾਲੀ ਲੀਡਰਾਂ ਲਈ ਲਾਹਨਤ ਹੈ, ਜਿਹੜੇ ਵੋਟਾਂ ਵੇਲੇ ਪੰਥ ਦਾ ਨਾਂ ਲੈ ਕੇ ਲੋਕਾਂ ਨੂੰ ਗੁਮਰਾਹ ਕਰਦੇ ਹਨ। ਬਡੂੰਗਰ ਸਾਹਬ ਉਥੇ ਤੁਹਾਡੀ ਜ਼ੁਬਾਨ ਕਿਉਂ ਚੁੱਪ ਹੋ ਜਾਦੀ ਹੈ? 
ਕਾਂਗਰਸ ਸਰਕਾਰ ਵੇਲੇ 1984 ਵਿਚ ਨਿਰਦੋਸ਼ ਸਿੱਖਾਂ ਦਾ ਜੋ ਕਤਲੇਆਮ ਹੋਇਆ, ਉਹ ਭਾਵੇਂ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਉਤੇ ਉਸ ਵੇਲੇ ਦੇ ਅਕਾਲੀ ਲੀਡਰਾਂ ਵਲੋਂ ਦਬਾਅ ਪਾਏ ਜਾਣ ਕਰ ਕੇ ਦਰਬਾਰ ਸਾਹਿਬ ਉਤੇ ਹਮਲਾ ਕਰਨ ਦਾ ਇੰਦਰਾ ਗਾਂਧੀ ਨੇ ਫ਼ੌਜ ਨੂੰ ਹੁਕਮ ਦਿਤਾ
ਪਰ ਇੰਦਰਾ ਗਾਂਧੀ ਇਹ ਦਿਲੋਂ ਕਰਨਾ ਨਹੀਂ ਸੀ ਚਾਹੁੰਦੀ ਜਦਕਿ ਜਿਹੜੇ ਹੁਣ ਪੰਥ ਦੇ ਵੱਡੇ ਲੀਡਰ ਅਪਣੇ ਆਪ ਨੂੰ ਪੰਥ ਦਰਦੀ ਅਖਵਾਉਂਦੇ ਹਨ, ਉਨ੍ਹਾਂ ਨੇ ਹੀ ਇੰਦਰਾ ਗਾਂਧੀ ਨੂੰ ਇਹ ਸੱਭ ਕੁੱਝ ਕਰਨ ਲਈ ਮਜਬੂਰ ਕੀਤਾ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸ਼ਹੀਦ ਹੋਏ, ਜਿਨ੍ਹਾਂ ਤੋਂ ਇਨ੍ਹਾਂ ਲੀਡਰਾਂ ਨੂੰ ਖ਼ਤਰਾ ਸੀ ਪਰ ਦੋਸ਼ ਫਿਰ ਵੀ ਇਹ ਅਕਾਲੀ ਲੀਡਰ 1984 ਦਾ ਇੱਕਲਾ ਕਾਂਗਰਸ ਸਰਕਾਰ ਨੂੰ ਹੀ ਦਿੰਦੇ ਰਹੇ। ਕਾਂਗਰਸ ਸਰਕਾਰ ਵੇਲੇ ਜਿਹੜਾ ਦੁਖਾਂਤ ਵਾਪਰਿਆ, ਉਸ ਦੀ ਮਾਫ਼ੀ ਸਿੱਖਾਂ ਤੋਂ ਕਾਂਗਰਸ ਦੀ ਸਰਕਾਰ ਵੇਲੇ ਪ੍ਰਧਾਨ ਮੰਤਰੀ ਮਨਮੋਹਣ ਸਿੰਘ ਵੀ ਮੰਗ ਚੁੱਕੇ ਹਨ ਤੇ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਵੀ।
ਜੋ 1984 ਵਿਚ ਉਨ੍ਹਾਂ ਦੀ ਸਰਕਾਰ ਵਿਚ ਹੋਇਆ, ਉਸ ਦੀ ਸਿੱਖਾਂ ਕੋਲੋਂ ਉਨ੍ਹਾਂ ਮਾਫ਼ੀ ਮੰਗ ਲਈ ਹੈ। ਭਾਵੇਂ ਇੰਦਰਾ ਗਾਂਧੀ ਇਸ ਗੱਲ ਨਾਲ ਸਹਿਮਤ ਨਹੀਂ ਵੀ ਸੀ ਤੇ ਉਸ ਨੂੰ ਵਾਰ-ਵਾਰ ਦਰਬਾਰ ਸਾਹਬ ਤੇ ਹਮਲਾ ਕਰਨ ਲਈ ਮਜਬੂਰ ਕੀਤਾ ਗਿਆ ਸੀ ਪਰ ਫਿਰ ਵੀ ਇੰਦਰਾ ਗਾਂਧੀ ਦੇ ਪ੍ਰਵਾਰ ਨੇ ਸਿੱਖਾਂ ਤੋਂ ਮਾਫ਼ੀ ਮੰਗ ਲਈ। ਜੋ ਬਾਦਲ ਸਾਹਬ ਦੀ ਸਰਕਾਰ ਵੇਲੇ ਗੁਰੂ ਗ੍ਰੰਥ ਸਾਹਿਬ ਦੀ ਏਨੀ ਬੇਅਦਬੀ ਹੋਈ, ਉੱਥੇ ਬਡੂੰਗਰ ਸਾਹਬ ਤੁਸੀ ਬਾਦਲ ਪਿਉ-ਪੁੱਤਰ ਨੂੰ ਸਿੱਖਾਂ ਤੋਂ ਮਾਫ਼ੀ ਮੰਗਣ ਬਾਰੇ ਕਦੇ ਅਖ਼ਬਾਰ ਵਿਚ ਬਿਆਨ ਕਿਉਂ ਨਹੀਂ ਦਿਤਾ?
ਜੇਕਰ ਇਹੀ ਬੇਅਦਬੀ ਗੁਰੂ ਗ੍ਰੰਥ ਸਾਹਿਬ ਦੀ ਕਾਂਗਰਸ ਦੀ ਸਰਕਾਰ ਵਿਚ ਹੋਈ ਹੁੰਦੀ ਤਾਂ ਤੁਸੀ ਸਾਰੇ ਅਕਾਲੀ ਲੀਡਰਾਂ ਨੇ ਕਾਂਗਰਸ ਸਰਕਾਰ ਨੂੰ ਪੰਥ ਵਿਰੋਧੀ ਦਸਣਾ ਸੀ ਪਰ ਕੀ ਹੁਣ ਅਕਾਲੀ ਪੰਥ ਵਿਰੋਧੀ ਨਹੀਂ ਹਨ ਜਿਨ੍ਹਾਂ ਦੀ ਸਰਕਾਰ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀ ਵੀ ਨਹੀਂ ਲੱਭੇ? ਕਾਂਗਰਸ ਦੀ ਸਰਕਾਰ ਵਿਚ ਜਾਂਚ ਕਮਿਸ਼ਨ ਦੀ ਰਿਪੋਟਰ ਵਿਚ ਅਕਾਲੀ ਹੀ ਦੋਸ਼ੀ ਪਾਏ ਗਏ ਹਨ
ਤਾਂ ਹੁਣ ਅਪਣੇ ਆਪ ਨੂੰ ਪੰਥ ਦਰਦੀ ਅਖਵਾਉਣ ਵਾਲੇ ਅਕਾਲੀ ਲੀਡਰ ਸਿੱਖ ਜਗਤ ਤੋਂ ਮਾਫ਼ੀ ਕਿਉਂ ਨਹੀਂ ਮੰਗਦੇ ਜਦਕਿ ਦੂਜਿਆਂ ਕੋਲੋਂ ਮਾਫ਼ੀ ਮੰਗਵਾਉਣ ਲਈ ਬੜਾ ਸ਼ੋਰ ਮਚਾਉਂਦੇ ਰਹਿੰਦੇ ਹਨ? ਇਸ ਕਰ ਕੇ ਬਡੂੰਗਰ ਸਾਹਬ ਦੂਜਿਆਂ ਨੂੰ ਕਹਿਣ ਦੀ ਬਜਾਏ ਤੁਸੀ ਪਹਿਲਾਂ ਬਾਦਲਕਿਆਂ ਕੋਲੋਂ ਮਾਫ਼ੀ ਮੰਗਵਾਉਣ ਦੀ ਪਹਿਲਕਦਮੀ ਕਰੋ ਜਿਨ੍ਹਾਂ ਨੇ ਸਿੱਖੀ ਦਾ ਬੇੜਾ ਗ਼ਰਕ ਕਰ ਛਡਿਆ ਹੈ।
-ਬਲਵਿੰਦਰ ਸਿੰਘ ਚਾਨੀ, ਸੰਪਰਕ : 94630 95624