ਜਿਨ੍ਹਾਂ ਨੂੰ ਨਾਨਕ ਦਾ ਨਾਂ ਲੈ ਕੇ ਮਾਫ਼ ਕਰ ਦਿਤਾ ਗਿਆ ਹੈ ਜਾਂ ਕਰਨ ਦੀਆਂ ਤਿਆਰੀਆਂ ਹਨ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਅੱਜ ਬਾਬਾ ਨਾਨਕ ਦੇ ਜਨਮ ਦਿਹਾੜੇ ਦੇ ਜਸ਼ਨਾਂ ਵਿਚ ਬੜੀਆਂ ਧਿਰਾਂ ਵਲੋਂ ਮਨੁੱਖਤਾ ਦੇ ਇਕ ਹੋਣ ਵਾਲੇ ਵਿਚਾਰ ਸਾਹਮਣੇ ਆ ਰਹੇ ਹਨ। ਇਕ ਇਕ ਕਰ ਕੇ ਜੁੜਦੇ ਨਗਰ...

Charanjit  Singh Chadha - Sucha Singh Langah

ਅੱਜ ਬਾਬਾ ਨਾਨਕ ਦੇ ਜਨਮ ਦਿਹਾੜੇ ਦੇ ਜਸ਼ਨਾਂ ਵਿਚ ਬੜੀਆਂ ਧਿਰਾਂ ਵਲੋਂ ਮਨੁੱਖਤਾ ਦੇ ਇਕ ਹੋਣ ਵਾਲੇ ਵਿਚਾਰ ਸਾਹਮਣੇ ਆ ਰਹੇ ਹਨ। ਇਕ ਇਕ ਕਰ ਕੇ ਜੁੜਦੇ ਨਗਰ ਕੀਰਤਨਾਂ ਦੇ ਦਰਿਆ ਵਗ ਰਹੇ ਹਨ। ਛੋਟੇ ਛੋਟੇ ਬੂਟੇ ਲਾ ਕੇ ਜੰਗਲ ਲਗਾਏ ਜਾ ਰਹੇ ਹਨ ਪਰ ਅਜੇ ਪੰਜਾਬ ਵਿਚ ਹਰਿਆਵਲ ਲਹਿਰ ਦਾ ਨਜ਼ਾਰਾ ਵੇਖਣ ਨੂੰ ਨਹੀਂ ਮਿਲਿਆ। ਖ਼ੈਰ, ਇਸ ਸਦਭਾਵਨਾ ਦੇ ਵਾਧੇ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜ ਬਿਮਾਰ ਬਜ਼ੁਰਗ ਸਾਬਕਾ ਪੁਲਿਸ ਅਫ਼ਸਰਾਂ ਦੀ ਉਮਰ ਕੈਦ ਦੀ ਸਜ਼ਾ ਮਾਫ਼ ਕਰ ਦਿਤੀ, ਕਿਉਂਕਿ ਬਾਬਾ ਨਾਨਕ ਮਾਫ਼ੀ ਦਾ ਪਾਠ ਸਿਖਾ ਕੇ ਗਿਆ ਸੀ। ਦੂਜੇ ਪਾਸੇ ਅਕਾਲ ਤਖ਼ਤ ਦੇ ਮੁੱਖ ਸੇਵਾਦਾਰ ਵਲੋਂ ਇਕ ਵਿਚਾਰ ਛਡਿਆ ਗਿਆ ਕਿ ਬਾਬੇ ਦੀ ਅਰਧ ਸ਼ਤਾਬਦੀ ਮੌਕੇ ਉਨ੍ਹਾਂ ਸਾਰਿਆਂ ਵਿਰੁਧ ਛੇਕੂ ਹੁਕਮਨਾਮੇ ਵਾਪਸ ਲੈ ਲਏ ਜਾਣ ਜਿਨ੍ਹਾਂ ਉਤੇ ਗੰਭੀਰ ਦੋਸ਼ ਨਹੀਂ ਸਨ ਜਾਂ ਜਿਨ੍ਹਾਂ ਨਾਲ ਜ਼ਿਆਦਤੀ ਕੀਤੀ ਗਈ ਸੀ ਜਾਂ ਜੋ ਸਿੱਖੀ ਦੀ ਚੜ੍ਹਦੀ ਕਲਾ ਲਈ ਕੰਮ ਕਰ ਰਹੇ ਹਨ।

ਸੋ ਮਾਫ਼ੀ ਦੇਣ ਯੋਗ ਸੂਚੀ ਵਿਚ ਸੁੱਚਾ ਸਿੰਘ ਲੰਗਾਹ ਤੇ ਚਰਨਜੀਤ ਸਿੰਘ ਚੱਢਾ ਦੇ ਨਾਂ ਅੱਗੇ ਆਏ। ਸੁੱਚਾ ਸਿੰਘ ਲੰਗਾਹ ਉਹ ਇਨਸਾਨ ਹਨ ਜਿਨ੍ਹਾਂ ਦਾ ਇਕ ਲੜਕੀ ਨਾਲ ਅਸ਼ਲੀਲ ਵੀਡੀਉ ਜਨਤਕ ਹੋਇਆ ਸੀ। ਵੀਡੀਉ ਵਿਚ ਇਕ ਅਜਿਹਾ ਇਨਸਾਨ ਨਜ਼ਰ ਆਉਂਦਾ ਹੈ ਜੋ ਕੁੱਝ ਵੀ ਪਿਆਰ ਨਾਲ ਨਹੀਂ ਸੀ ਕਰ ਰਿਹਾ। ਉਸ ਦੇ ਵਿਹਾਰ ਵਿਚ ਹੰਕਾਰ ਦੀ ਬੋ ਝਲਕਦੀ ਸੀ ਜੋ ਲੜਕੀ ਤੋਂ ਲੈ ਕੇ ਅਪਣੇ ਕਕਾਰਾਂ ਦਾ ਇਸਤੇਮਾਲ ਕਰਨ ਤਕ ਇਕ ਗੰਦਾ ਦ੍ਰਿਸ਼ ਚਿਤਰਦੀ ਸੀ। ਅਜਿਹੇ ਬੰਦੇ ਨੂੰ ਕੋਈ ਇਨਸਾਨ ਨਹੀਂ (ਭਾਵੇਂ ਉਹ ਕਿਸੇ ਵੀ ਤਖ਼ਤ ਉਤੇ ਬੈਠਾ ਹੋਵੇ) ਮਾਫ਼ ਕਰ ਸਕਦਾ, ਰੱਬ ਹੀ ਕਰ ਸਕਦਾ ਹੈ ਤੇ ਉਸ ਨੂੰ ਰੱਬ ਕੋਲ ਜਾ ਕੇ ਹੀ ਮਾਫ਼ੀ ਮੰਗਣੀ ਚਾਹੀਦੀ ਹੈ। ਦੂਜੇ ਸੱਜਣ ਚੱਢਾ ਜੀ ਅਪਣੇ ਅਹੁਦੇ ਸਦਕਾ ਇਕ ਔਰਤ ਨਾਲ ਦਫ਼ਤਰ ਵਿਚ ਸਰੀਰਕ ਸਬੰਧ ਕਾਇਮ ਕਰ ਬੈਠੇ ਸਨ ਅਤੇ ਉਨ੍ਹਾਂ ਦੀ ਵੀਡੀਉ ਜਨਤਕ ਹੋ ਗਈ।

ਬਾਬੇ ਨਾਨਕ ਦਾ ਝੂਠ ਮੂਠ ਨਾਂ ਲੈ ਕੇ ਮਾਫ਼ੀਆਂ ਉਨ੍ਹਾਂ ਨੂੰ ਵੰਡੀਆਂ ਜਾ ਰਹੀਆਂ ਹਨ ਜਿਨ੍ਹਾਂ ਨੇ ਉਹੀ ਕੰਮ ਕੀਤੇ ਜੋ ਬਾਬੇ ਨਾਨਕ ਦੀ ਸੋਚ ਦੇ ਉਲਟ ਹਨ। ਮੁੱਖ ਮੰਤਰੀ ਨੇ ਮੁੰਡਿਆਂ ਨੂੰ ਮਾਰਨ ਵਾਲੇ ਅਤੇ ਅਦਾਲਤ ਵਲੋਂ ਦੋਸ਼ੀ ਠਹਿਰਾਏ ਜਾ ਚੁੱਕੇ ਪੁਲਸੀਆਂ ਨੂੰ ਮਾਫ਼ੀ ਦਿਤੀ। ਮੁੱਖ ਮੰਤਰੀ ਆਖਦੇ ਹਨ ਕਿ ਇਹ ਪੁਲਿਸ ਅਫ਼ਸਰ ਪੰਜਾਬ ਵਿਚ ਅਤਿਵਾਦ ਦਾ ਖ਼ਾਤਮਾ ਕਰਨ ਵਾਲੇ ਸਨ ਅਤੇ ਇਨ੍ਹਾਂ ਤੋਂ ਉਸ ਚੱਕਰ ਵਿਚ ਕੁੱਝ ਗ਼ਲਤੀਆਂ ਹੋ ਗਈਆਂ ਹੋਣਗੀਆਂ। ਭੁੱਲਾਂ ਬਖ਼ਸ਼ਣ ਵਾਲਿਆਂ ਨੇ ਕਦੇ ਇਨ੍ਹਾਂ ਅਫ਼ਸਰਾਂ ਤੋਂ ਪੁਛਿਆ ਕਿ ਉਹ ਪਛਤਾਵਾ ਵੀ ਕਰ ਰਹੇ ਹਨ ਜਾਂ ਨਹੀਂ ਜਾਂ ਉਨ੍ਹਾਂ ਪ੍ਰਵਾਰਾਂ ਤੋਂ ਪੁਛਿਆ ਕਿ ਉਹ ਇਨ੍ਹਾਂ ਨੂੰ ਮਾਫ਼ ਕਰਨ ਵਾਸਤੇ ਤਿਆਰ ਹਨ ਜਾਂ ਨਹੀਂ? ਕੀ ਉਹ ਅਤਿਵਾਦੀ ਸਨ ਜਿਨ੍ਹਾਂ ਨੂੰ ਘਰਾਂ 'ਚੋਂ ਕੱਢ ਕੱਢ ਕੇ ਮਾਰਿਆ ਗਿਆ ਸੀ ਜਾਂ ਉਹ ਪੰਜਾਬ ਦੇ ਪਾਣੀ, ਪੰਜਾਬੀ ਵਾਸਤੇ ਲੜਨ ਵਾਲੇ ਕ੍ਰਾਂਤੀਕਾਰੀ ਸਨ? ਭਗਤ ਸਿੰਘ ਵਰਗੇ ਵੀ ਤਾਂ ਕਿਸੇ ਵਾਸਤੇ ਅਤਿਵਾਦੀ ਸਨ, ਗਾਂਧੀ ਵਾਸਤੇ ਵੀ, ਪਰ ਸਾਡੇ ਵਾਸਤੇ ਉਹ ਸਾਡੇ ਆਦਰਸ਼ ਹਨ। ਬਾਬਾ ਨਾਨਕ ਸ਼ਾਇਦ ਪੰਜਾਬ ਪੁਲਿਸ ਦੀ ਪੰਜਾਬ ਦੀ ਜਵਾਨੀ ਉਤੇ ਪੈਂਦੀ ਮਾਰ ਵੇਖ ਕੇ ਰੱਬ ਨੂੰ ਮੁੜ ਤੋਂ ਇਹੀ ਸਵਾਲ ਪੁਛਦੇ 'ਤੈਂ ਕੀ ਦਰਦ ਨਾ ਆਇਆ?' -ਨਿਮਰਤ ਕੌਰ