ਕਿਸਾਨ ਜਦ ਖ਼ੁਸ਼ ਹੈ ਤਾਂ ਅਕਾਲੀ ਤੇ 'ਆਪ' ਉਨ੍ਹਾਂ ਦਾ ਨਾਂ ਲੈ ਕੇ ਟਸਵੇ ਵਹਾਉਂਦੇ ਚੰਗੇ ਨਹੀਂ ਲਗਦੇ!

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਸਾਡੇ ਸਿਆਸਤਦਾਨਾਂ ਦੀ ਅਸਲ ਸਚਾਈ ਸਾਹਮਣੇ ਆਉਣ ਨੂੰ ਇਕ ਰਾਤ ਵੀ ਨਾ ਲੱਗੀ

Farmers

ਵਿਧਾਨ ਸਭਾ ਵਲੋਂ ਚਾਰ ਬਿਲ ਪਾਸ ਕੀਤੇ ਜਾਣ ਤੋਂ ਬਾਅਦ ਇਕ ਬੜਾ ਅਦਭੁਤ ਨਜ਼ਾਰਾ ਵੇਖਣ ਨੂੰ ਮਿਲਿਆ ਜਿਸ ਨੂੰ ਵੇਖ ਕੇ ਲਗਿਆ ਸੀ ਕਿ ਪੰਜਾਬ ਦੇ ਸਾਰੇ ਆਗੂ, ਕਿਸਾਨ ਦੀ ਬਦੌਲਤ ਇਕਜੁਟ ਹੋ ਗਏ ਹਨ। ਜਦੋਂ ਰਾਜਪਾਲ ਨੂੰ ਮਿਲਣ ਸਮੇਂ, ਕੈਪਟਨ ਅਮਰਿੰਦਰ ਸਿੰਘ ਦੇ ਇਕ ਪਾਸੇ ਬੈਂਸ, ਢਿੱਲੋਂ ਤੇ ਦੂਜੇ ਪਾਸੇ ਹਰਪਾਲ ਸਿੰਘ ਚੀਮਾ ਤੇ ਬਿਕਰਮ ਮਜੀਠੀਆ ਖੜੇ ਸਨ ਤਾਂ ਉਹ ਇਕ ਸ਼ਾਨਦਾਰ ਸਮਾਂ ਸੀ

ਜੋ ਇਹ ਸੁਨੇਹਾ ਦਿੰਦਾ ਸੀ ਕਿ ਜਦ ਪੰਜਾਬ ਦੀ ਗੱਲ ਆਉਂਦੀ ਹੈ ਤਾਂ ਫਿਰ ਕੋਈ ਕਿੰਤੂ-ਪ੍ਰੰਤੂ ਬਾਕੀ ਨਹੀਂ ਰਹਿੰਦਾ। ਪਰ ਸਾਡੇ ਸਿਆਸਤਦਾਨਾਂ ਦੀ ਅਸਲ ਸਚਾਈ ਸਾਹਮਣੇ ਆਉਣ ਨੂੰ ਇਕ ਰਾਤ ਵੀ ਨਾ ਲੱਗੀ। ਪਹਿਲਾਂ ਭਗਵੰਤ ਮਾਨ ਨੇ ਮੋਰਚਾ ਖੋਲ੍ਹਿਆ ਤੇ ਫਿਰ ਪਿੱਛੇ-ਪਿੱਛੇ ਅਕਾਲੀ ਦਲ ਦੇ ਬਿਕਰਮ ਮਜੀਠੀਆ ਵੀ ਆ ਗਏ ਤੇ ਫਿਰ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਪਰਮਿੰਦਰ ਸਿੰਘ ਢੀਂਡਸਾ ਵੀ ਪਿੱਛੇ ਕਿਉਂ ਰਹਿੰਦੇ?

ਗੱਲ ਉਦੋਂ ਸ਼ੁਰੂ ਹੋਈ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਦੀ ਕੇਜਰੀਵਾਲ ਸਰਕਾਰ ਨੂੰ ਚੁਨੌਤੀ ਦਿਤੀ ਤੇ ਕਿਹਾ ਕਿ ਦਿੱਲੀ ਵਿਚ 'ਆਪ' ਵੀ ਇਹ ਬਿਲ ਲਿਆਵੇ। ਹੁਣ ਹਰ ਪਲ ਪੰਜਾਬ 2022 ਦੇ ਨੇੜੇ-ਨੇੜੇ ਢੁਕਦਾ ਜਾ ਰਿਹਾ ਹੈ ਤੇ 'ਆਪ' ਅਤੇ ਕਾਂਗਰਸ ਵਿਚਾਲੇ ਸੱਤਾ ਲਈ ਜੰਗ ਛਿੜ ਪਈ ਹੈ। ਸੋ ਦੋਹਾਂ ਨੇ ਅਪਣੇ ਸੱਭ ਤੋਂ ਵਧੀਆ ਬੁਲਾਰੇ ਭਗਵੰਤ ਮਾਨ ਨੂੰ ਭੇਜ ਦਿਤਾ ਤੇ ਦੇਰ ਰਾਤ ਮਾਨ ਸਾਹਿਬ ਨੂੰ ਯਾਦ ਆ ਗਿਆ ਕਿ ਬਿਲ ਪੜ੍ਹਨ ਦਾ ਸਮਾਂ ਤਾਂ ਵਿਰੋਧੀ ਧਿਰ ਨੂੰ ਨਹੀਂ ਸੀ ਦਿਤਾ ਗਿਆ।

ਫਿਰ ਇਸ ਗੱਲ ਨੂੰ ਲੈ ਕੇ ਕਿੰਤੂ-ਪ੍ਰੰਤੂ ਸ਼ੁਰੂ ਕਰ ਦਿਤਾ ਗਿਆ ਕਿ ਗਵਰਨਰ ਦਸਤਖ਼ਤ ਕਰਨਗੇ ਵੀ ਜਾਂ ਨਹੀਂ। ਅਕਾਲੀ ਦਲ ਨੂੰ ਵੀ ਇਹੀ ਖ਼ਿਆਲ ਆਇਆ। ਪਰ ਅਸਲ ਵਿਚ ਇਹ ਖ਼ਿਆਲ ਆਇਆ ਨਹੀਂ ਸੀ, ਇਹ ਸਿਰਫ਼ ਕੁੱਝ ਕਰਨ ਵਾਲੇ ਨੂੰ ਨਿਕੰਮਾ ਤੇ ਅਪਣੇ ਨਿਕੰਮੇਪਨ ਨੂੰ ਦੂਰ-ਦ੍ਰਿਸ਼ਟੀ ਦੱਸਣ ਦਾ ਯਤਨ ਹੀ ਕੀਤਾ ਜਾ ਰਿਹਾ ਸੀ। ਅਸਲ ਵਿਚ ਵਿਰੋਧੀ ਧਿਰ ਨੇ ਸਥਿਤੀ ਨੂੰ ਸਮਝਿਆ ਹੀ ਨਹੀਂ ਜਾਂ ਵੋਟਾਂ ਖਿਸਕਦੀਆਂ ਵੇਖ ਕੇ, ਸਮਝਣਾ ਹੀ ਨਹੀਂ ਚਾਹੇਗੀ।

ਉਨ੍ਹਾਂ ਨੂੰ ਲਗਿਆ ਕਿ ਸਰਬਸੰਮਤੀ ਕਰਨ ਨਾਲ ਉਨ੍ਹਾਂ ਦੀ ਵੀ ਚੜ੍ਹਤ ਹੋ ਜਾਵੇਗੀ ਪਰ ਸ਼ਾਮ ਤਕ ਸਾਫ਼ ਹੋ ਗਿਆ ਕਿ ਪੰਜਾਬ ਦੇ ਲੋਕਾਂ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਰਾਤੋ-ਰਾਤ ਅਪਣੀ ਥਾਂ ਬਣਾ ਲਈ ਸੀ ਤੇ ਪਾਣੀਆਂ ਦੇ ਰਾਖੇ ਦੇ ਨਾਲ ਨਾਲ, ਕਿਸਾਨਾਂ ਦੇ ਰਾਖੇ ਦਾ ਜੱਸ ਵੀ ਖੱਟ ਲਿਆ ਸੀ। ਇਸ ਨਾਲ ਉਨ੍ਹਾਂ ਅੰਦਰ ਘਬਰਾਹਟ ਪੈਦਾ ਹੋ ਗਈ ਤੇ ਉਹ ਅਸੈਂਬਲੀ ਅੰਦਰ ਤੇ ਗਵਰਨਰ ਸਾਹਮਣੇ ਵਿਖਾਏ ਅਪਣੇ 'ਸਾਊਪੁਣੇ' ਨੂੰ ਵਗਾਹ ਕੇ ਸੁੱਟਣ ਦੀ ਸੋਚਣ ਲੱਗ ਪਏ।

ਜਦ ਵਿਰੋਧੀ ਧਿਰ ਨੂੰ ਇਸ ਸਿਆਸੀ ਸ਼ਤਰੰਜ ਵਿਚ ਮਾਤ ਮਿਲ ਜਾਣ ਦਾ ਅਹਿਸਾਸ ਹੋਇਆ ਤਾਂ ਉਹ ਫਿਰ ਤੋਂ ਵਿਰੋਧ ਕਰਨ ਲਈ ਲੰਗਰ ਲੰਗੋਟੇ ਕਸਣ ਲੱਗ ਪਏ ਪਰ ਉਹ ਨਹੀਂ ਜਾਣਦੇ ਕਿ ਇਸ ਤਰ੍ਹਾਂ ਕਰ ਕੇ ਉਹ ਅਪਣੇ ਪੈਰ 'ਤੇ ਕੁਹਾੜੀ ਹੀ ਮਾਰ ਰਹੇ ਹਨ। ਉਨ੍ਹਾਂ ਨੇ ਅਪਣੇ ਨਵੇਂ ਫ਼ੈਸਲੇ ਨਾਲ ਇਹ ਮੰਨ ਲਿਆ ਕਿ ਉਹ ਐਨੇ ਕੱਚੇ ਖਿਡਾਰੀ ਹਨ ਕਿ ਬਿਨਾਂ ਪੜ੍ਹੇ ਤੇ ਬਿਨਾਂ ਸੋਚੇ-ਸਮਝੇ, ਚਾਰ ਬਿਲਾਂ 'ਤੇ ਵਿਧਾਨ ਸਭਾ ਵਿਚ ਸਹਿਮਤੀ ਦੇ ਆਏ।

ਇਹੀ ਗੱਲ ਬੀਬਾ ਹਰਸਿਮਰਤ ਬਾਦਲ ਆਖਦੇ ਰਹੇ ਕਿ ਉਨ੍ਹਾਂ ਆਰਡੀਨੈਂਸ 'ਤੇ ਦਸਤਖ਼ਤ ਤਾਂ ਕਰ ਦਿਤੇ ਸਨ ਪਰ ਉਨ੍ਹਾਂ ਨੂੰ ਸਮਝ ਨਹੀਂ ਸੀ ਆਇਆ। ਜੇ ਇਹ ਸਿਆਸਤਦਾਨ ਇੰਨੇ ਹੀ ਨਾਸਮਝ ਹਨ ਤਾਂ ਫਿਰ ਇਨ੍ਹਾਂ ਨੂੰ ਵਿਧਾਨ ਸਭਾ ਜਾਂ ਪਾਰਲੀਮੈਂਟ ਵਿਚ ਬੈਠਣ ਦਾ ਕੀ ਹੱਕ ਹੈ? ਸਿਆਣੇ ਸਾਬਤ ਹੋਏ ਸੁਖਪਾਲ ਸਿੰਘ ਖਹਿਰਾ ਜੋ ਇਨ੍ਹਾਂ ਦੀ ਨਲਾਇਕੀ 'ਤੇ ਟਿਪਣੀ ਕਰਦੇ ਇਹ ਕਹਿ ਗਏ ਕਿ ਅੱਜ ਵੀ ਇਨ੍ਹਾਂ ਚਾਰ ਬਿਲਾਂ 'ਤੇ ਕਾਂਗਰਸ ਨਾਲ ਹਾਂ ਪਰ ਬਾਕੀ ਦੇ ਮੁੱਦਿਆਂ 'ਤੇ ਸਰਕਾਰ ਤੋਂ ਜਵਾਬ ਮੰਗਦਾ ਰਹਾਂਗਾ। ਬੈਂਸ ਭਰਾਵਾਂ ਨੇ ਵੀ ਅਕਾਲੀਆਂ ਤੇ 'ਆਪ' ਦੇ ਦੋਗਲੇਪਨ ਦਾ ਖ਼ੂਬ ਮਜ਼ਾਕ ਉਡਾਇਆ ਹੈ।

ਅੱਜ ਜੇ ਇਹ ਸਾਰੇ ਚੁੱਪ ਰਹਿ ਕੇ ਕਿਸਾਨਾਂ ਦੇ ਮੁੱਦੇ 'ਤੇ ਸਰਕਾਰ ਨਾਲ ਖੜੇ ਰਹਿੰਦੇ ਤਾਂ ਇਨ੍ਹਾਂ ਦਾ ਪੰਜਾਬ ਵਿਚ ਮਾਣ ਵਧਦਾ ਤੇ ਇਸ ਨਾਲ ਕਿਸਾਨਾਂ ਦੇ ਮੁੱਦੇ 'ਤੇ ਜਿੱਤ ਕੈਪਟਨ ਅਮਰਿੰਦਰ ਸਿੰਘ ਦੀ ਨਹੀਂ, ਪੰਜਾਬ ਦੇ ਲੋਕਾਂ ਦੀ ਜਿੱਤ ਬਣ ਜਾਂਦੀ। ਸੁਖਪਾਲ ਸਿੰਘ ਖਹਿਰਾ ਤੇ ਬੈਂਸ ਭਰਾਵਾਂ ਤੋਂ ਬਾਅਦ, ਦੂਜੇ ਸਿਆਣੇ ਸਾਬਤ ਹੋਏ ਨਵਜੋਤ ਸਿੰਘ ਸਿੱਧੂ ਜਿਨ੍ਹਾਂ ਨੇ ਕਿਸਾਨ ਨਾਲ ਖੜੇ ਹੋਣ ਵਾਸਤੇ ਅਪਣੀ ਨਿਜੀ ਲੜਾਈ ਨੂੰ ਕੁਰਬਾਨ ਕਰ ਕੇ ਕੈਪਟਨ ਅਮਰਿੰਦਰ ਸਿੰਘ ਨਾਲ ਖੜੇ ਹੋਣ ਦਾ ਫ਼ੈਸਲਾ ਲਿਆ। ਸਿਆਸਤ ਅਜਿਹੀ ਖੇਡ ਹੈ ਜਿਸ ਵਿਚ ਸ਼ਾਤਰ ਦੇ ਸਾਹਮਣੇ ਅਲ੍ਹੜ ਹਾਰ ਜਾਂਦੇ ਹਨ।

ਜੋ ਹੋਇਆ ਹੈ, ਉਹ ਠੀਕ ਹੋਇਆ ਹੈ ਜਾਂ ਨਹੀਂ, ਇਸ ਬਾਰੇ ਅੰਤਮ ਫ਼ੈਸਲਾ ਤਾਂ ਕਿਸਾਨ ਜਥੇਬੰਦੀਆਂ ਦਾ ਹੀ ਮੰਨਿਆ ਜਾਏਗਾ ਤੇ ਉਨ੍ਹਾਂ ਨੇ ਪਹਿਲਾਂ ਹੀ ਕਹਿ ਦਿਤਾ ਸੀ ਕਿ ਉਨ੍ਹਾਂ ਨੂੰ ਕਿਸੇ ਵੀ ਸਿਆਸੀ ਪਾਰਟੀ ਉਤੇ ਕੋਈ ਭਰੋਸਾ ਨਹੀਂ ਅਤੇ ਅੱਜ ਫਿਰ ਸਾਫ਼ ਸਾਫ਼ ਕਹਿ ਦਿਤਾ ਹੈ ਕਿ ਉਹ ਖ਼ੁਸ਼ ਹਨ ਤੇ ਪਹਿਲੇ ਹੱਲੇ ਵਿਚ ਏਨਾ ਹੀ ਹੋ ਸਕਦਾ ਸੀ ਤੇ ਬਾਕੀ ਦੀ ਅਗਲੀ ਲੜਾਈ ਦਿੱਲੀ ਜਾ ਕੇ ਜਿੱਤ ਲਵਾਂਗੇ ਪਰ ਅੰਤਮ ਜਿੱਤ ਪ੍ਰਾਪਤ ਕਰਨ ਤਕ ਰੁਕਾਂਗੇ ਨਹੀਂ। ਸਿਆਸਤਦਾਨ ਉਨ੍ਹਾਂ ਤੋਂ ਹੀ ਕੋਈ ਸਬਕ ਲੈ ਲੈਣ।    -ਨਿਮਰਤ ਕੌਰ