ਨਸ਼ੇ ਦਾ ਸ਼ੂਕਦਾ ਦਰਿਆ, ਪੰਜਾਬ ਨੂੰ ਬੇਮੁਹਾਰੀ ਹਿੰਸਾ ਦੀ ਖਾਈ ਵਿਚ ਸੁਟ ਦੇਵੇਗਾ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਜੋ ਗੈਂਗਸਟਰ ਹਨ, ਜੋ ਸਿਆਸੀ ਕਾਤਲ ਹਨ, ਜੋ ਗ਼ਰੀਬਾਂ ਦੇ ਦੁਸ਼ਮਣ ਹਨ, ਜੋ ਦੂਜਿਆਂ 'ਤੇ ਨਜ਼ਰ ਰੱਖਣ ਵਾਲੇ ਹਨ, ਉਹ ਇਕੋ ਬਿਮਾਰੀ ਦੀਆਂ ਵੱਖ ਵੱਖ ਨਿਸ਼ਾਨੀਆਂ ਹਨ।

Drugs in Punjab

ਪੰਜਾਬ ਵਿਚ ਜਿਸ ਤਰ੍ਹਾਂ ਦੀਆਂ ਵਾਰਦਾਤਾਂ ਵਾਪਰ ਰਹੀਆਂ ਹਨ, ਉਨ੍ਹਾਂ ਨੂੰ ਵੇਖ ਕੇ ਲਗਦਾ ਹੈ ਕਿ ਇਹ ਵਾਰਦਾਤਾਂ ਸਾਡੀ ਸੋਚ ਵਿਚ ਪਨਪਦੀ ਕਿਸੇ ਗੰਭੀਰ ਬਿਮਾਰੀ ਦੀਆਂ ਨਿਸ਼ਾਨੀਆਂ ਹਨ। ਪਿਛਲੇ ਕੁੱਝ ਦਿਨਾਂ ਵਿਚ ਹੀ ਇਕ ਦਲਿਤ ਨੂੰ ਬੇਰਹਿਮੀ ਨਾਲ ਮਾਰਿਆ ਗਿਆ। ਇਕ ਹੋਰ ਮਜ਼ਦੂਰ ਨੂੰ ਇਕ ਵਿਆਹੁਤਾ ਨਾਲ ਗੱਲਬਾਤ ਕਰਨ 'ਤੇ ਨੰਗਾ ਕਰ ਕੇ ਸੜਕਾਂ 'ਚ ਘੁਮਾ-ਘੁਮਾ ਕੇ ਮਾਰਿਆ ਗਿਆ। ਇਕ ਸਾਬਕਾ ਸਰਪੰਚ ਨੂੰ ਮਾਰ ਦਿਤਾ ਗਿਆ ਜੋ ਇਕ ਵੱਡੇ ਸਿਆਸੀ ਵਿਵਾਦ ਵਿਚ ਤਬਦੀਲ ਹੋ ਗਿਆ ਹੈ। ਇਕ ਪੱਖ ਆਖਦਾ ਹੈ ਕਿ ਇਹ ਜ਼ਮੀਨ ਦੀ ਲੜਾਈ ਸੀ ਪਰ ਦੂਜਾ ਪੱਖ ਆਖਦਾ ਹੈ ਕਿ ਇਹ ਸਿਆਸੀ ਕਤਲ ਹੈ ਕਿਉਂਕਿ ਕਾਤਲ ਇਕ ਕਾਂਗਰਸੀ ਹੈ।

ਇਕ ਹੋਰ ਕਤਲ ਹੋਇਆ ਜਿਥੇ ਇਕ ਗੈਂਗਸਟਰ ਨੇ ਛਾਤੀ ਚੌੜੀ ਕਰ ਕੇ ਕਤਲ ਦਾ ਸਿਹਰਾ ਅਪਣੇ ਸਿਰ ਲੈ ਗਿਆ ਅਤੇ ਫ਼ਖ਼ਰ ਨਾਲ ਐਲਾਨ ਕੀਤਾ ਕਿ ਅਜੇ ਤਾਂ 25 ਰਾਊਂਡ ਚਲਾਏ ਸਨ ਅਤੇ ਲੋੜ ਪਈ ਤਾਂ 100 ਵੀ ਚਲਾ ਕੇ ਰਹੇਗਾ। ਉਨ੍ਹਾਂ ਪੁਲਿਸ ਨੂੰ ਚੁਨੌਤੀ ਤਾਂ ਦਿਤੀ ਹੀ ਪਰ ਨਾਲ ਹੀ ਨਸੀਹਤ ਵੀ ਦਿਤੀ ਹੈ ਕਿ ਉਹ ਨਾਜਾਇਜ਼ ਪਰਚਾ ਨਾ ਕਰਨ ਕਿਉਂਕਿ ਬਿਨਾਂ ਗੱਲ ਅਸੀਂ ਕਿਸੇ ਨੂੰ ਤੰਗ ਨਹੀਂ ਕਰਦੇ। ਇਹ ਲਫ਼ਜ਼ ਇਕ ਗੈਂਗਸਟਰ ਦੇ ਹਨ ਜਿਸ ਨੂੰ ਅਪਣਾ ਨਿਆਂ ਸਹੀ ਲੱਗ ਰਿਹਾ ਹੈ। ਇਕ ਹੋਰ ਹਾਦਸੇ ਵਿਚ ਇਕ ਮੁੰਡਾ-ਕੁੜੀ, ਜਿਨ੍ਹਾਂ ਦੀ ਮੰਗਣੀ ਹੋਈ ਸੀ, ਗੁਰੂਘਰ ਵਿਚ ਬੈਠੇ ਸਨ ਜਿਥੇ ਅਪਣੇ ਆਪ ਨੂੰ ਸਮਾਜ ਦੇ ਰਖਵਾਲੇ ਅਖਵਾਉਣ ਵਾਲਿਆਂ ਨੇ ਉਨ੍ਹਾਂ ਨੂੰ ਬੇਤਹਾਸ਼ਾ ਅਪਮਾਨਤ ਕੀਤਾ, ਕੁੜੀ ਦੀ ਵੀਡੀਉ ਬਣਾ ਕੇ ਵਾਇਰਲ ਕੀਤੀ ਅਤੇ ਮੁੰਡੇ ਨੂੰ ਬੁਰੀ ਤਰ੍ਹਾਂ ਕੁਟਿਆ ਗਿਆ।

ਇਨ੍ਹਾਂ ਸਾਰੇ ਹਾਦਸਿਆਂ 'ਚ ਵਿਅਕਤੀ ਦੀ ਸੁਰੱਖਿਆ ਦੀ ਜ਼ਿੰਮੇਵਾਰ ਪੁਲਿਸ ਕਿੱਥੇ ਸੀ? ਤਰਨ ਤਾਰਨ ਵਿਚ ਪੁਲਿਸ ਅਫ਼ਸਰਾਂ ਦੀ ਨਸ਼ਾ ਕਰਨ ਦੀ ਵੀਡੀਉ ਸਾਹਮਣੇ ਆਉਣ ਤੋਂ ਬਾਅਦ ਪਤਾ ਲੱਗਾ ਕਿ ਇਸ ਸਿਸਟਮ ਦੀ ਹਰ ਕੜੀ ਹੁਣ ਕਮਜ਼ੋਰ ਪੈ ਚੁੱਕੀ ਹੈ। 25 ਮੁਲਾਜ਼ਮਾਂ ਦਾ ਡੋਪ ਟੈਸਟ ਕਰਵਾਇਆ ਗਿਆ ਅਤੇ ਸਭ ਪਾਸ ਹੋ ਗਏ। ਸ਼ੱਕ ਹੋਣ ਤੇ ਐਸ.ਐਸ.ਪੀ. ਨੇ ਅੰਮ੍ਰਿਤਸਰ ਤੋਂ ਦੁਬਾਰਾ ਟੈਸਟ ਕਰਵਾਏ ਅਤੇ ਪਤਾ ਲੱਗਾ ਕਿ ਸਥਾਨਕ ਹਸਪਤਾਲ ਝੂਠੀ ਰੀਪੋਰਟ ਦੇ ਰਿਹਾ ਸੀ ਅਤੇ (ਦੋ ਦਿਨਾਂ ਬਾਅਦ) ਉਨ੍ਹਾਂ 25 ਮੁਲਾਜ਼ਮਾਂ 'ਚੋਂ ਹੀ 14 ਦੇ ਖ਼ੂਨ 'ਚ ਨਸ਼ੇ ਆਏ ਸਨ। ਸਾਰੀਆਂ ਵਾਰਦਾਤਾਂ ਇਕ ਹੀ ਪਾਸੇ ਦੀਆਂ ਹਨ ਜਿਥੇ ਨਸ਼ੇ ਦੀ ਮਾਰ ਵਰ੍ਹਨ  ਲੱਗ ਪਵੇ ਤਾਂ ਬੰਦ ਹੋਣ ਦਾ ਨਾਂ ਹੀ ਨਹੀਂ ਲੈਂਦੀ। ਪਰ ਜੇ ਪੁਲਿਸ ਵਾਲੇ ਹੁਣ ਖ਼ੁਦ ਹੀ ਨਸ਼ਾ ਕਰਦੇ ਹਨ ਤਾਂ ਜ਼ਾਹਰ ਹੈ ਕਿ ਉਨ੍ਹਾਂ 'ਚੋਂ ਕਈ ਇਸ ਧੰਦੇ ਦਾ ਹਿੱਸਾ ਵੀ ਹੋਣਗੇ।

ਜੋ ਗੈਂਗਸਟਰ ਹਨ, ਜੋ ਸਿਆਸੀ ਕਾਤਲ ਹਨ, ਜੋ ਗ਼ਰੀਬਾਂ ਦੇ ਦੁਸ਼ਮਣ ਹਨ, ਜੋ ਦੂਜਿਆਂ 'ਤੇ ਨਜ਼ਰ ਰੱਖਣ ਵਾਲੇ ਹਨ, ਉਹ ਇਕੋ ਬਿਮਾਰੀ ਦੀਆਂ ਵੱਖ ਵੱਖ ਨਿਸ਼ਾਨੀਆਂ ਹਨ। ਬੇਰੁਜ਼ਗਾਰੀ, ਵਿਹਲੇ ਦਿਮਾਗ਼, ਸੌਖੇ ਰਾਹ ਚਲ ਕੇ ਪੈਸਾ ਕਮਾਉਣ ਲੱਗ ਪਏ ਹਨ ਪਰ ਉਹ ਰਸਤਾ ਕਿਰਤ ਦੀ ਕਮਾਈ ਵਲ ਹੋ ਕੇ ਨਹੀਂ ਲੰਘਦਾ। ਉਹ ਰਸਤਾ ਇਕ ਅਜਿਹੇ ਵਪਾਰ 'ਚੋਂ ਹੋ ਕੇ ਜਾਂਦਾ ਹੈ ਜੋ ਨਾ ਸਿਰਫ਼ ਉਸ ਨੂੰ ਲੈਣ ਵਾਲੇ ਦਾ ਹੀ ਬਲਕਿ ਉਸ ਦਾ ਧੰਦਾ ਕਰਨ ਵਾਲੇ ਦੀਆਂ ਨਸਾਂ ਵਿਚ ਵੀ ਜ਼ਹਿਰ ਫੈਲਾ ਦੇਂਦਾ ਹੈ। ਨਸ਼ੇ ਦੀ ਆਦਤ ਪਾ ਕੇ ਪੰਜਾਬ ਨਾ ਸਿਰਫ਼ ਨਸ਼ਈਆਂ ਦਾ ਘਰ ਬਣ ਗਿਆ ਹੈ ਬਲਕਿ ਨਸ਼ੇ ਦੇ ਕਾਰੋਬਾਰੀਆਂ ਦਾ ਵੀ ਘਰ ਬਣ ਚੁੱਕਾ ਹੈ। ਜਿਥੇ ਜਿਥੇ ਨਸ਼ਾ ਵਧਦਾ ਹੈ, ਉਥੇ ਉਥੇ ਕਾਨੂੰਨ ਵਿਵਸਥਾ, ਪੁਲਿਸ ਸ਼ਮੂਲੀਅਤ, ਕਤਲ, ਗੈਂਗਵਾਰ ਵੀ ਵਧਦੇ ਹਨ ਜਿਵੇਂ ਇਕ ਪੱਟੀ ਵਿਚ 24/14 ਪੁਲਿਸ ਮੁਲਾਜ਼ਮ ਨਸ਼ਈ ਨਿਕਲੇ।

ਇਹ ਅੰਕੜਾ ਸਾਰੀ ਪੁਲਿਸ ਫ਼ੋਰਸ ਦੇ ਨਾਲ ਨਾਲ ਸਾਡੇ ਆਗੂਆਂ ਦੀ ਵੀ ਤਸਵੀਰ ਵਿਖਾ ਦੇਵੇਗਾ। ਪੰਜਾਬ ਵਿਚ ਭਾਰੀ ਕੋਸ਼ਿਸ਼ਾਂ ਦੇ ਬਾਵਜੂਦ ਨਸ਼ਾ ਖ਼ਤਮ ਕਿਉਂ ਨਹੀਂ ਹੋ ਰਿਹਾ? ਜਦ ਏਨੀ ਵੱਡੀ ਮਾਤਰਾ 'ਚ ਨਸ਼ਾ ਫੜਿਆ ਜਾਂਦਾ ਹੈ, ਜਦ ਇਕ ਪੂਰੀ ਫ਼ੋਰਸ ਨਸ਼ਾ ਫੜਨ ਤੇ ਲੱਗੀ ਹੋਈ ਹੈ ਤਾਂ ਫਿਰ ਕਿਉਂ ਨਹੀਂ ਇਸ ਦਾ ਫੈਲਾਅ ਰੁਕਦਾ? ਕਾਰਨ ਸਾਫ਼ ਹੈ, ਜਿੰਨਾ ਇਸ ਨੂੰ ਰੋਕਣ ਦੀ ਕੋਸ਼ਿਸ਼ ਹੋ ਰਹੀ ਹੈ, ਉਸ ਤੋਂ ਕਿਤੇ ਵੱਧ ਤਾਕਤ ਇਸ ਦਰਿਆ ਨੂੰ ਵਗਦੇ ਰੱਖਣ ਦੀ ਕੋਸ਼ਿਸ਼ ਉਤੇ ਲੱਗ ਰਹੀ ਹੈ। ਕਾਰਨ ਹੈ ਇਸ ਦਾ ਹਜ਼ਾਰ ਗੁਣਾਂ ਮੁਨਾਫ਼ਾ ਜੋ ਕਿ ਸੁੱਚੀ ਕਿਰਤ ਨਾਲ ਨਹੀਂ ਕਮਾਇਆ ਜਾ ਸਕਦਾ। ਇਸ ਮੁਨਾਫ਼ੇ ਦੇ ਜਾਲ ਵਿਚ ਸਿਰਫ਼ ਛੋਟੇ ਨਹੀਂ ਬਲਕਿ ਵੱਡੇ ਵੱਡੇ ਨਾਂ ਵੀ ਜ਼ਰੂਰ ਸ਼ਾਮਲ ਹਨ।

ਜੇ ਕੈਪਟਨ ਅਮਰਿੰਦਰ ਸਿੰਘ ਅਪਣੀ ਸਹੁੰ ਪੂਰੀ ਕਰਨਾ ਚਾਹੁੰਦੇ ਹਨ ਤਾਂ ਇਸ ਨਸ਼ਾ ਸਫ਼ਾਈ ਮੁਹਿੰਮ ਨੂੰ ਏਨੀ ਮਜ਼ਬੂਤੀ ਦੇਣੀ ਪਵੇਗੀ ਜੋ ਪੈਸੇ ਦੀ ਤਾਕਤ ਸਾਹਮਣੇ ਕਮਜ਼ੋਰ ਨਾ ਪੈ ਸਕੇ। ਵੈਸੇ ਤਾਂ ਸਵਾ ਲੱਖ ਨਾਲ ਇਕ ਲੜਨ ਵਾਲੀ ਸੋਚ ਵਿਰਸੇ ਵਿਚ ਮਿਲੀ ਹੋਈ ਹੈ ਪਰ ਜਰਨੈਲ ਦੇ ਹੁਕਮ 'ਤੇ ਇਜਾਜ਼ਤ ਤੋਂ ਬਗ਼ੈਰ ਇਹ ਤਾਕਤ ਬਣ ਕੇ ਅੱਗੇ ਨਹੀਂ ਆ ਸਕਦੀ।  -ਨਿਮਰਤ ਕੌਰ