ਈਡੀ ਦੇ ਛਾਪਿਆਂ ਤੇ ਪ੍ਰਧਾਨ ਮੰਤਰੀ ਦੀ ਗੁਰਦਵਾਰਾ ਫੇਰੀ ਨਾਲ ਕਿਸਾਨ ਨਹੀਂ ਪਸੀਜਣੇ

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਬੀਜੇਪੀ ਆਈ ਟੀ ਸੈੱਲ ਦੀ ਜਿਸ ਚੁਸਤੀ ਨੇ ਪੂਰੇ ਦੇਸ਼ ਦੀ ਸਿਆਸਤ ਨੂੰ ਮਾਤ ਦੇ ਦਿਤੀ ਸੀ, ਉਹ ਅੱਜ ਕਿਸਾਨਾਂ ਸਾਹਮਣੇ ਭਿੱਜੀ ਬਿੱਲੀ ਬਣਿਆ ਹੋਇਆ ਹੈ।

File Photo

ਈ.ਡੀ. ਦੇ ਛਾਪੇ, ਆਈ.ਟੀ. ਸੈੱਲ ਵਲੋਂ ਪ੍ਰਚਾਰ ਦਾ ਹੜ੍ਹ, ਪ੍ਰਧਾਨ ਮੰਤਰੀ ਵਲੋਂ ਮੰਚ ਤੇ ਖੜੇ ਹੋ ਕੇ ਦੇਸ਼ ਨੂੰ ਕਿਸਾਨਾਂ ਦੇ ਹੱਕ ਵਿਚ ਲਿਆਂਦੇ ਕਾਨੂੰਨਾਂ ਦਾ ਵੇਰਵਾ ਦੇਣ, ਗੁਰੂਘਰ ਵਿਚ ਮੱਥਾ ਟੇਕਣ ਤੇ ਬਾਬਾ ਨਾਨਕ ਦੀ ਬਾਣੀ ਦਾ ਇਸਤੇਮਾਲ ਕਰਨ ਤਕ ਹਰ ਰਵਾਇਤੀ ਪੈਂਤੜਾ ਅਪਣਾਇਆ ਜਾ ਰਿਹਾ ਹੈ। ਪਰ ਜਿੰਨਾ ਸਰਕਾਰ ‘‘ਆਈ ਬਲਾ ਨੂੰ ਟਾਲਣ’’ ਯਾਨੀ ਕਿਸਾਨਾਂ ਦੇ ਹੱਕ ਉਨ੍ਹਾਂ ਨੂੰ ਦੇਣ ਤੋਂ ਸੌ ਵੱਲ ਪਾ ਕੇ ਬਚਣ ਦੀ ਕੋਸ਼ਿਸ਼ ਕਰਦੀ ਹੈ

ਉਨਾ ਹੀ ਕਿਸਾਨ ਮੋਰਚਾ ਹੋਰ ਤਾਕਤਵਰ ਹੋ ਜਾਂਦਾ ਹੈ। ਕਿਸਾਨਾਂ ਨੂੰ ਅਨਪੜ੍ਹ ਆਖਣ ਵਾਲਿਆਂ ਦੇ ਮੂੰਹ ’ਤੇ ਚਪੇੜ ਦਾ ਕੰਮ ਉਸ ਕਿਸਾਨ ਨੇ ਕੀਤਾ ਜਿਸ ਨੇ ਪ੍ਰਧਾਨ ਮੰਤਰੀ ਦੀ ਇਕ ਇਕ ਗੱਲ ਦਾ ਜਵਾਬ ਦਿਤਾ ਤੇ ਤੱਥਾਂ ਨਾਲ ਲੈਸ ਹੋ ਕੇ ਦਿਤਾ। ਭਾਜਪਾ ਦਾ ਆਈ.ਟੀ. ਸੈੱਲ ਮਾਹਰਾਂ ਦਾ ਗੜ੍ਹ ਮੰਨਿਆ ਜਾਂਦਾ ਹੈ ਪਰ ਉਨ੍ਹਾਂ ਨੂੰ ਵੀ ਕਿਸਾਨਾਂ ਨਾਲ ਖੜੇ ਨੌਜਵਾਨਾਂ ਨੇ ਮਾਤ ਦੇ ਦਿਤੀ। ਕਿਸਾਨਾਂ ਦਾ ਆਈ.ਟੀ. ਸੈੱਲ ਪੂਰੀ ਦੁਨੀਆਂ ਤੋਂ ਚਲਾਇਆ ਜਾ ਰਿਹਾ ਹੈ ਜਿਥੇ ਹਰ ਕਿਸਾਨ ਦੀ ਗੱਲ ਨਾਲ ਸਹਿਮਤ ਹੋਣ ਵਾਲਾ ਇਨਸਾਨ ਅਪਣੇ ਆਪ ਹੀ ਉਸ ਨਾਲ ਜੁੜਦਾ ਜਾ ਰਿਹਾ ਹੈ।

ਬੀਜੇਪੀ ਆਈ ਟੀ ਸੈੱਲ ਦੀ ਜਿਸ ਚੁਸਤੀ ਨੇ ਪੂਰੇ ਦੇਸ਼ ਦੀ ਸਿਆਸਤ ਨੂੰ ਮਾਤ ਦੇ ਦਿਤੀ ਸੀ, ਉਹ ਅੱਜ ਕਿਸਾਨਾਂ ਸਾਹਮਣੇ ਭਿੱਜੀ ਬਿੱਲੀ ਬਣਿਆ ਹੋਇਆ ਹੈ। ਅਸਲ ਵਿਚ ਇਸ ਅੰਦੋਲਨ ਦੇ ਦੋਵੇਂ ਪੱਖ ਆਮ ਸਮਝ ਤੋਂ ਬਾਹਰ ਹਨ। ਇਕ ਪਾਸੇ ਭੋਲੇ ਭਾਲੇ ਕਿਸਾਨ ਤੇ ਦੂਜੇ ਪਾਸੇ ਸਰਬ ਸ਼ਕਤੀਮਾਨ, ਭਾਜਪਾ ਸਰਕਾਰ। ਭਾਜਪਾ ਸਾਹਮਣੇ 2014 ਤੋਂ ਬਾਅਦ ਕੋਈ ਟਿਕ ਹੀ ਨਹੀਂ ਸਕਿਆ। ਤਾਜ਼ਾ ਕਮਾਲ ਅਸੀ ਵੈਸਟ ਬੰਗਾਲ ਵਿਚ ਵੇਖ ਰਹੇ ਹਾਂ। ਜਿਸ ਨੂੰ ਬੰਗਾਲ ਦੀ ਸ਼ੇਰਨੀ ਆਖਿਆ ਜਾਂਦਾ ਸੀ, ਅੱਜ ਉਸ ਦੇ ਸਾਥੀ ਉਸ ਨੂੰ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਰਹੇ ਹਨ।

ਕਾਂਗਰਸ ਦੇ ਕੁੱਝ ਐਮ.ਪੀਜ਼. ਅਤੇ ਐਮ.ਐਲ.ਏਜ਼. ਵਲੋਂ ਜੰਤਰ ਮੰਤਰ ਤੇ ਧਰਨਾ ਲਾਇਆ ਗਿਆ ਹੈ ਤੇ ਉਨ੍ਹਾਂ ਨਾਲ ਕਾਂਗਰਸ ਦੇ ਅਪਣੇ ਐਮ.ਪੀ. ਜਾਂ ਐਮ.ਐਲ.ਏ. ਵੀ ਆ ਕੇ ਨਾਲ ਨਹੀਂ ਬੈਠੇ ਪਰ ਕਿਸਾਨ ਕਿਸੇ ਨੂੰ ਬੁਲਾਂਦੇ ਵੀ ਨਹੀਂ, ਲੋਕ ਆਪ ਹੀ ਨਾਲ ਆ ਬੈਠਦੇ ਹਨ। ਪੰਜਾਬ ਭਾਜਪਾ ਦੇ ਕਾਰਜਕਰਤਾ ਤੇ ਐਨ.ਡੀ.ਏ. ਦੇ ਸਾਥੀਆਂ ਨੇ ਵੀ ਕਿਸਾਨਾਂ ਖ਼ਾਤਰ ਭਾਜਪਾ ਛਡਣੀ ਸ਼ੁਰੂ ਕਰ ਦਿਤੀ ਹੈ। 

ਸਰਕਾਰ ਕੋਲ ਇਕ ਸ਼ਸਤਰ ਹੈ ਜਿਸ ਨੂੰ ਉਹ ਸੋਸ਼ਲ ਮੀਡੀਆ ਤੇ ਇਸਤੇਮਾਲ ਕਰਦੀ ਹੈ। ਦੇਖਣ ਨੂੰ ਸੋਹਣਾ ਪਰ ਅੰਦਰੋਂ ਕਾਲਾ ਸਿਆਹ! ਇਸ ਸ਼ੇ੍ਰਣੀ ਵਿਚ ਕੰਗਨਾ ਰਣੌਤ, ਪਾਇਲ ਰੋਹਤਾਗੀ ਵਰਗੇ ਲੋਕ ਆਉਂਦੇ ਹਨ ਜਿਨ੍ਹਾਂ ਨੇ ਰਾਹੁਲ ਗਾਂਧੀ ਨੂੰ ਪੱਪੂ, ਸੁਸ਼ਾਂਤ ਰਾਜਪੂਤ ਨੂੰ ਆਤਮ ਹਤਿਆ ਲਈ ਮਜਬੂਰ, ਰੀਆ ਚੱਕਰਵਰਤੀ ਨੂੰ ਖਲਨਾਇਕ ਆਦਿ ਬਣਾਉਣ ਵਿਚ ਮੁਹਾਰਤ ਹਾਸਲ ਕੀਤੀ। ਪਰ ਉਹ ਵੀ ਕਿਸਾਨਾਂ ਸਾਹਮਣੇ ਹਾਰ ਗਏ ਹਨ। ਜਿਸ ਤਰ੍ਹਾਂ ਕੰਗਨਾ ਰਣੌਤ ਨੂੰ ਹਸਦੇ ਹਸਦੇ ਦਲਜੀਤ ਦੁਸਾਂਝ ਨੇ ਜਵਾਬ ਦਿਤਾ, ਉਸ ਲਈ ਦਲਜੀਤ ਦੁਸਾਂਝ ਨੂੰ ਪਦਮਸ੍ਰੀ ਮਿਲਣਾ ਚਾਹੀਦੈ। 

ਪ੍ਰਧਾਨ ਮੰਤਰੀ ਐਤਵਾਰ ਨੂੰ ਮੱਥਾ ਟੇਕਣ ਗੁਰਦਵਾਰੇ ਚਲੇ ਗਏ। ਉਨ੍ਹਾਂ ਦੀ ਇਹ ਇਕ ਵੱਡੀ ਚਾਲ ਸੀ, ਭਾਵੁਕ ਕਰਨ ਵਾਲੀ। ਪਰ ਉਸ ਦਾ ਜਵਾਬ ਤਾਂ ਗੁਰੂ ਗ੍ਰੰਥ ਸਾਹਿਬ ਵਿਚੋਂ ਆਪ ਹੀ ਮਿਲ ਗਿਆ। ਗ੍ਰੰਥੀ ਵਲੋਂ ਕੀਤੀ ਜਾ ਰਹੀ ਵਿਆਖਿਆ ਹੀ ਜਵਾਬ ਸੀ ਜੋ ਸ਼ਾਇਦ ਸਰਕਾਰ ਅਜੇ ਵੀ ਸਮਝ ਨਹੀਂ ਸਕੀ। ਉਹ ਇਸ ਅੰਦੋਲਨ ਨੂੰ ਇਕ ਆਮ ਸਿਆਸੀ ਅੰਦੋਲਨ ਸਮਝਣ ਦੀ ਗ਼ਲਤੀ ਕਰ ਰਹੀ ਹੈ। ਜਿਹੜੇ ਕਹਿੰਦੇ ਹਨ ਕਿ ਇਹ ਕਾਂਗਰਸ ਦੀ ਚਲਾਈ ਹੋਈ ਮੁਹਿੰਮ ਹੈ, ਉਹ ਅਪਣੇ ਆਪ ਨੂੰ ਵੀ ਤੇ ਕਾਂਗਰਸ ਨੂੰ ਵੀ ਭੁਲੇਖੇ ਦਾ ਸ਼ਿਕਾਰ ਬਣਾ ਰਹੇ ਹਨ। ਬੀਬੀ ਜਗੀਰ ਕੌਰ ਵਰਗੇ ਆਪ ਹੀ ਅਪਣੇ ਆਪ ਨੂੰ ਵੀ ਗੁਮਰਾਹ ਕਰ ਰਹੇ ਹਨ।

ਕਿਸਾਨ ਅੰਦੋਲਨ ਹਰ ਤਰ੍ਹਾਂ ਦੀ ਸਿਆਸਤ ਤੋਂ ਪਰੇ ਹੈ, ਇਸੇ ਕਰ ਕੇ ਉਹ ਵਾਧੇ ਵਲ ਜਾ ਰਿਹਾ ਹੈ ਅਤੇ ਇਸੇ ਕਰ ਕੇ ਉਸ ਨੂੰ ਡੱਕਾ ਲਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਮੂੰਹ ਦੇ ਭਾਰ ਡਿਗੀਆਂ ਹਨ। ਇਸ ਅੰਦੋਲਨ ਨੂੰ ਸਮਝਣ ਵਾਸਤੇ ਸਰਕਾਰ ਨੂੰ ਉਨ੍ਹਾਂ ਤਰਕੀਬਾਂ ਨੂੰ ਭੁਲਾ ਦੇਣਾ ਪਵੇਗਾ ਜਿਨ੍ਹਾਂ ਦੇ ਸਹਾਰੇ ਉਹ ਤਾਕਤ ਵਿਚ ਆਈ ਸੀ। ਸਰਕਾਰ ਨੂੰ ਇਸ ਅੰਦੋਲਨ ਵਿਚ ਹੁਣ ਤਕ ਮਾਰੇ ਗਏ 32 ਕਿਸਾਨਾਂ ਦਾ ਇਤਿਹਾਸ ਸਮਝ ਲੈਣਾ ਚਾਹੀਦਾ ਹੈ।

ਉਹ ਆਮ ਕਿਸਾਨ ਸਨ ਜਿਨ੍ਹਾਂ ਜਿੱਤ ਦੇ ਬਾਅਦ ਕੋਈ ਕੁਰਸੀ ਨਹੀਂ ਸੀ ਮੰਗਣੀ, ਨਾ ਅਪਣੀ ਮਿਹਨਤ ਦੀ ਵਸੂਲੀ ਕਰਨੀ ਸੀ। ਉਨ੍ਹਾਂ ਨੂੰ ਅਪਣੇ ਆਉਣ ਵਾਲੇ ਕਲ ਨੂੰ ਸੁਰੱਖਿਅਤ ਕਰਨ ਦੀ ਚਿੰਤਾ ਹੈ ਬਸ ਤੇ ਇਸ ਤੋਂ ਅੱਗੇ ਉਨ੍ਹਾਂ ਦਾ ਕੋਈ ਮਨਸੂਬਾ ਨਹੀਂ। ਐਤਵਾਰ ਨੂੰ ਇਕ ਕਿਸਾਨ ਦੀ ਮੌਤ ਹੋਈ। ਉਹ ਕਿਸਾਨ ਗ਼ਰੀਬ ਕਿਸਾਨ ਸੀ ਜਿਸ ਦੇ ਘਰ ਵਿਚ ਉਸ ਦੇ ਅੰਤਮ ਸਸਕਾਰ ਜੋਗੇ ਪੈਸੇ ਵੀ ਨਹੀਂ ਸਨ।

ਕਿਸਾਨ ਦੇ ਪ੍ਰਵਾਰ ਨੇ 60 ਹਜ਼ਾਰ ਰੁਪਏ ਦਾ ਕਰਜ਼ਾ ਚੁਕਿਆ ਤੇ ਸਾਰੇ ਕਾਰਜ ਪੂਰੇ ਕੀਤੇ। ਉਸ ਨੇ ਸੋਸ਼ਲ ਮੀਡੀਆ ਤੇ ਦਸਿਆ ਕਿ ਉਸ ਨੇ ਨਾ ਸਰਕਾਰ ਅੱਗੇ ਦੁਹਾਈ ਪਾਈ ਤੇ ਨਾ ਹੀ ਕਿਸਾਨ ਜਥੇਬੰਦੀਆਂ ਅੱਗੇ ਹੱਥ ਅੱਡੇ। ਉਹ ਅਪਣੀ ਹੋਂਦ ਦੇ ਬਚਾਅ ਵਾਸਤੇ ਅੰਦੋਲਨ ਵਿਚ ਯੋਗਦਾਨ ਪਾਉਣ ਗਿਆ ਸੀ ਤੇ ਚੁੱਪ ਚਾਪ ਅਪਣੇ ਗ਼ਮ ਨੂੰ ਸਹਾਰ ਗਿਆ।

ਅਜਿਹੇ ਕਿਸਾਨ ਨਾਲ ਸਰਕਾਰ ਕਿਸ ਤਰ੍ਹਾਂ ਲੜ ਕੇ ਜਿੱਤ ਸਕੇਗੀ? ਈ.ਡੀ. ਦੇ ਛਾਪਿਆਂ, ਕੰਗਨਾ ਦੀ ਬਦ-ਕਲਾਮੀ, ਪ੍ਰਧਾਨ ਮੰਤਰੀ ਦੇ ਭਾਵੁਕ ਭਾਸ਼ਣਾਂ ਨਾਲ ਕਿਸਾਨਾਂ ਨੂੰ ਫ਼ਰਕ ਨਹੀਂ ਪੈਣ ਵਾਲਾ। ਸਰਕਾਰ ਨੂੰ ਰਣਨੀਤੀਆਂ ਬਣਾਉਣ ਦੀ ਆਦਤ ਹੈ ਪਰ ਕੀ ਇਨ੍ਹਾਂ ਕੋਲ ਕੋਈ ਕਿਸਾਨਾਂ ਨੂੰ ਸਮਝ ਸਕਣ ਦੇ ਕਾਬਲ ਵੀ ਹੈ ਜਾਂ ਨਹੀਂ?  - ਨਿਮਰਤ ਕੌਰ