ਮੋਦੀ ਜੀ ਨਾ ਆਏ ਤਾਂ ਮਹਾਂਗਠਜੋੜ ਵਾਲੇ ਅਰਾਜਕਤਾ ਫੈਲਾ ਦੇਣਗੇ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਪਰ ਡਾ. ਮਨਮੋਹਨ ਸਿੰਘ ਵੇਲੇ ਤਾਂ ਅਜਿਹਾ ਨਹੀਂ ਸੀ ਹੋਇਆ...

Mayawati

ਇਕ ਪਾਸੇ ਮੋਹਨ ਪਾਰੀਕਰ ਅਤੇ ਅਰੁਣ ਜੇਤਲੀ ਦੀ ਤਬੀਅਤ ਨਾਜ਼ੁਕ ਦੌਰ 'ਚੋਂ ਲੰਘ ਰਹੀ ਹੈ ਤੇ ਸੁਸ਼ਮਾ ਸਵਰਾਜ ਵੀ ਅਪਣੀ ਖ਼ਰਾਬ ਸਿਹਤ ਕਾਰਨ 2019 ਦੀਆਂ ਚੋਣਾਂ 'ਚੋਂ ਪਿੱਛੇ ਹਟ ਗਏ ਹਨ। ਇਕ ਪਾਸੇ ਵੱਡੇ ਆਗੂਆਂ ਦੀ ਘਾਟ ਹੈ ਅਤੇ ਦੂਜੇ ਪਾਸੇ ਆਗੂਆਂ ਦਾ ਹੜ੍ਹ ਆਇਆ ਪਿਆ ਹੈ। ਹੁਣ ਜਨਤਾ ਹੀ ਦੱਸੇਗੀ ਕਿ ਉਹ ਕਿਸ ਦਾ ਪਲੜਾ ਭਾਰੀ ਕਰੇਗੀ।

ਅੱਜ ਭਾਰਤ ਵਿਚ ਇਕ ਪਾਸੇ ਮੋਦੀ ਅਤੇ ਦੂਜੇ ਪਾਸੇ ਬਾਕੀ ਸਾਰੀਆਂ ਵਿਰੋਧੀ ਪਾਰਟੀਆਂ ਦਿਸ ਰਹੀਆਂ ਹਨ। ਇਸ ਮੁਕਾਬਲੇ ਦਾ ਪ੍ਰਚਾਰ ਭਾਰਤੀ ਜਨਤਾ ਪਾਰਟੀ (ਭਾਜਪਾ) ਵਲੋਂ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ ਜੋ ਹੁਣ ਆਖਦੇ ਹਨ ਕਿ ਜੇ ਮੋਦੀ ਨਾ ਆਇਆ ਤਾਂ 'ਅਰਾਜਕਤਾ' ਫੈਲ ਜਾਵੇਗੀ। ਉਹ ਆਖਦੇ ਹਨ ਕਿ ਮਹਾਂਗਠਬੰਧਨ ਵਿਚ ਅੱਜ ਵੀ ਏਕਤਾ ਨਹੀਂ ਜਿਸ ਕਰ ਕੇ ਉਨ੍ਹਾਂ ਸਾਰਿਆਂ ਨੂੰ ਕਾਬਲੇ ਕਬੂਲ ਪ੍ਰਧਾਨ ਮੰਤਰੀ ਬਣ ਸਕਣ ਵਾਲਾ ਕੋਈ ਇਕ ਆਗੂ ਵੀ ਨਹੀਂ ਮਿਲ ਰਿਹਾ। ਵੈਸੇ ਤਾਂ ਭਾਜਪਾ ਵੀ ਗਠਜੋੜ ਯਾਨੀ ਕਿ ਐਨ.ਡੀ.ਏ. ਦੀ ਸਰਕਾਰ ਚਲਾ ਰਹੀ ਹੈ, ਜਿਸ ਦੇ ਕਈ ਭਾਈਵਾਲ ਹਨ,

ਜਿਨ੍ਹਾਂ ਦੇ ਸਿਰ ਤੇ ਉਹ ਰਾਜ ਕਰ ਰਹੀ ਹੈ। ਉਨ੍ਹਾਂ ਦਾ ਕਹਿਣਾ ਉਂਜ ਹੈ ਤਾਂ ਸਹੀ ਹੀ। ਆਖ਼ਰ ਅੱਜ ਸਮਾਜਵਾਦੀ ਪਾਰਟੀ ਅਤੇ ਬਸਪਾ ਉੱਤਰ ਪ੍ਰਦੇਸ਼ ਵਿਚ ਕਾਂਗਰਸ ਵਿਰੁਧ ਲੜਨਗੇ। ਜਦੋਂ ਇਹ ਸਾਰੇ ਇਕ ਮੰਚ ਤੇ ਇਕੱਠੇ ਹੁੰਦੇ ਹਨ ਤਾਂ ਕਾਂਗਰਸ ਦੇ ਪ੍ਰਧਾਨ ਰਾਹੁਲ ਹਾਜ਼ਰ ਨਹੀਂ ਹੁੰਦੇ। ਮਮਤਾ ਬੈਨਰਜੀ ਅਤੇ ਮਾਇਆਵਤੀ, ਰਾਹੁਲ ਨੂੰ ਅਪਣਾ ਆਗੂ ਮੰਨਣ ਵਾਸਤੇ ਤਿਆਰ ਨਹੀਂ। ਸ਼ਾਇਦ ਉਨ੍ਹਾਂ ਦੇ ਮਨ ਵਿਚ ਦੇਸ਼ ਦਾ ਤਾਜ ਅਪਣੇ ਸਿਰ ਤੇ ਰੱਖਣ ਦਾ ਜਨੂਨ ਸਵਾਰ ਹੈ। ਸੋ ਕੀ ਭਾਜਪਾ ਤੋਂ ਬਗ਼ੈਰ ਤਬਾਹੀ ਮੱਚ ਜਾਵੇਗੀ? 

ਯੂ.ਪੀ.ਏ.-1 ਵਿਚ ਵੀ ਗਠਜੋੜ ਹੀ ਅੱਗੇ ਆਇਆ ਸੀ ਅਤੇ ਜਿੱਤ ਤੋਂ ਬਾਅਦ ਡਾ. ਮਨਮੋਹਨ ਸਿੰਘ ਪ੍ਰਧਾਨ ਮੰਤਰੀ ਚੁਣੇ ਗਏ ਸਨ। ਉਨ੍ਹਾਂ ਨੂੰ ਯੂ.ਪੀ.ਏ. ਦਾ ਚਿਹਰਾ ਬਣਾਉਣ ਲਈ ਇਕ ਨਵਾਂ ਪੈਸਾ ਨਹੀਂ ਖ਼ਰਚਿਆ ਗਿਆ ਸੀ ਅਤੇ ਉਨ੍ਹਾਂ ਦਾ ਪ੍ਰਧਾਨ ਮੰਤਰੀ ਬਣਨਾ ਭਾਰਤ ਦੇ ਵਿਕਾਸ ਲਈ ਸੱਭ ਤੋਂ ਸੁਨਹਿਰੀ ਦੌਰ ਸਾਬਤ ਹੋਇਆ। ਸੋ ਜੇ ਮਹਾਂਗਠਜੋੜ ਜਿੱਤਦਾ ਹੈ ਤਾਂ ਇਸ ਵਾਰ ਵੀ, ਉਹ ਮਿਲ ਬੈਠ ਕੇ ਅਪਣਾ ਆਗੂ ਤੇ ਹੋਰ ਜ਼ਿੰਮੇਵਾਰੀਆਂ ਚੁਣ ਸਕਦੇ ਹਨ। ਮਹਾਂਗਠਜੋੜ ਦਾ ਜੋ ਏਜੰਡਾ ਹੈ, ਉਸ ਬਾਰੇ ਸਵਾਲ ਚੁੱਕੇ ਜਾ ਰਹੇ ਹਨ। ਸਿਰਫ਼ ਮੋਦੀ ਵਿਰੁਧ ਇਕਜੁਟ ਹੋਣਾ ਹੀ ਏਜੰਡਾ ਨਹੀਂ ਬਣ ਸਕਦਾ।

ਅਸਲ ਵਿਚ ਜੇ ਮਹਾਂਗਠਜੋੜ ਦੀ ਗੱਲ ਸਮਝੀ ਜਾਵੇ ਤਾਂ ਉਹ ਮੋਦੀ ਦਾ ਵਿਰੋਧ ਕਰਨ ਲਈ ਹੋਂਦ ਵਿਚ ਨਹੀਂ ਆਇਆ। ਉਹ ਉਸ ਸੋਚ ਵਿਰੁਧ ਹਨ ਜਿਸ ਦੇ ਆਗੂ ਪ੍ਰਧਾਨ ਮੰਤਰੀ ਮੋਦੀ ਹਨ ਅਤੇ ਮਹਾਂਗਠਜੋੜ ਭਾਰਤ ਦੇ ਸੰਵਿਧਾਨ ਨੂੰ ਸੱਭ ਤੋਂ ਉਪਰ ਮੰਨਦਾ ਹੈ, ਕਿਸੇ ਹੋਰ ਫ਼ਲਸਫ਼ੇ ਜਾਂ ਵਿਅਕਤੀ ਨੂੰ ਨਹੀਂ। ਇਸ ਏਜੰਡੇ ਵਿਚ ਕੋਈ ਖ਼ਰਾਬੀ ਨਹੀਂ। ਪਰ ਇਨ੍ਹਾਂ ਦੋਹਾਂ ਧਿਰਾਂ ਦੀਆਂ ਅਪਣੀਆਂ ਕਮਜ਼ੋਰੀਆਂ ਵੀ ਹਨ।

ਜਿੱਥੇ ਮਹਾਂਗਠਜੋੜ ਵਿਚ ਕਈ ਆਗੂ ਹਨ ਉਥੇ ਭਾਜਪਾ ਵਿਚ ਅਜੇ ਵੀ ਆਗੂਆਂ ਦੇ ਕੰਮ ਵੰਡੇ ਜਾ ਰਹੇ ਹਨ। ਇਕ ਪਾਸੇ ਮੋਹਨ ਪਾਰੀਕਰ ਅਤੇ ਅਰੁਣ ਜੇਤਲੀ ਦੀ ਤਬੀਅਤ ਨਾਜ਼ੁਕ ਦੌਰ 'ਚੋਂ ਲੰਘ ਰਹੀ ਹੈ ਤੇ ਸੁਸ਼ਮਾ ਸਵਰਾਜ ਵੀ ਅਪਣੀ ਖ਼ਰਾਬ ਸਿਹਤ ਕਾਰਨ 2019 ਦੀਆਂ ਚੋਣਾਂ 'ਚੋਂ ਪਿੱਛੇ ਹਟ ਗਏ ਹਨ। ਇਕ ਪਾਸੇ ਵੱਡੇ ਆਗੂਆਂ ਦੀ ਕਮੀ ਹੈ ਅਤੇ ਦੂਜੇ ਪਾਸੇ ਆਗੂਆਂ ਦਾ ਹੜ੍ਹ ਹੈ। ਹੁਣ ਜਨਤਾ ਹੀ ਦੱਸੇਗੀ ਕਿ ਉਹ ਕਿਸ ਦਾ ਪਲੜਾ ਭਾਰੀ ਕਰੇਗੀ। -ਨਿਮਰਤ ਕੌਰ