ਵੋਟਿੰਗ ਮਸ਼ੀਨਾਂ ਨਾਲ ਛੇੜਛਾੜ ਹੋਈ ਸੀ ਤੇ ਅੱਗੋਂ ਵੀ ਹੋਵੇਗੀ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਲੰਦਨ ਵਿਚ ਈ.ਵੀ.ਐਮ. ਬਾਰੇ ਇਕ ਹੈਕਰ ਵਲੋਂ ਬੜੇ ਸਨਸਨੀਖ਼ੇਜ਼ ਪ੍ਰਗਟਾਵੇ ਕੀਤੇ ਗਏ ਹਨ,,,,,,,

London Press Conference For Evm Hack

ਲੰਦਨ ਵਿਚ ਈ.ਵੀ.ਐਮ. ਬਾਰੇ ਇਕ ਹੈਕਰ ਵਲੋਂ ਬੜੇ ਸਨਸਨੀਖ਼ੇਜ਼ ਪ੍ਰਗਟਾਵੇ ਕੀਤੇ ਗਏ ਹਨ। ਵੱਡੀ ਸਾਜ਼ਸ਼ ਵਲ ਇਸ਼ਾਰਾ ਕਰ ਕੇ ਭਾਰਤ ਦੇ ਲੋਕਤੰਤਰ ਦੀ ਪ੍ਰਕਿਰਿਆ ਤੇ ਵੱਡੇ ਸਵਾਲ ਖੜੇ ਕਰ ਦਿਤੇ ਗਏ ਹਨ। ਉਸ ਮੁਤਾਬਕ ਅੰਬਾਨੀ ਦੀ ਮਿਲੀਭੁਗਤ ਨਾਲ ਭਾਜਪਾ ਨੇ 2014 ਦੀਆਂ ਚੋਣਾਂ ਜਿੱਤੀਆਂ ਅਤੇ ਗੋਪੀਨਾਥ ਮੁੰਡੇ ਨੇ ਜਦੋਂ ਇਹ ਸੱਭ ਜਨਤਕ ਕਰਨ ਬਾਰੇ ਆਖਿਆ ਤਾਂ ਉਸ ਦਾ ਕਤਲ ਹੋ ਗਿਆ। ਗੌਰੀ ਲੰਕੇਸ਼ ਵੀ ਇਸ ਬਾਰੇ ਸੱਚ ਸਾਹਮਣੇ ਲਿਆਉਣ ਲੱਗੀ ਸੀ ਜਿਸ ਤੋਂ ਪਹਿਲਾਂ ਉਸ ਦਾ ਕਤਲ ਹੋ ਗਿਆ। ਪਰ ਸੱਭ ਪ੍ਰਗਟਾਵਿਆਂ ਨਾਲ ਇਕ ਵੀ ਸਬੂਤ ਪੇਸ਼ ਨਾ ਕਰ ਕੇ ਇਸ ਹੈਕਰ ਨੇ ਵੱਡੇ ਸਵਾਲ ਖੜੇ ਕਰ ਦਿਤੇ ਹਨ।

ਲੋਕਤੰਤਰ ਵਿਚ ਵੋਟਾਂ ਨਾਲ ਖਿਲਵਾੜ, ਆਜ਼ਾਦੀ ਨਾਲ ਖਿਲਵਾੜ ਹੈ ਅਤੇ ਬਿਨਾਂ ਸਬੂਤ ਵਾਲੇ ਇਨ੍ਹਾਂ ਇਲਜ਼ਾਮਾਂ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਖ਼ਾਸ ਕਰ ਕੇ ਜਦੋਂ ਆਕਸਫ਼ਾਮ ਦੀ ਰੀਪੋਰਟ ਵਿਚ ਰਾਫ਼ੇਲ ਘਪਲੇ ਵਿਚ ਮੁਨਾਫ਼ਾ ਕਮਾਉਣ ਵਾਲੀ ਧਿਰ, ਅੰਬਾਨੀ ਪ੍ਰਵਾਰ ਹੀ ਸਾਬਤ ਹੋ ਰਿਹਾ ਹੈ। ਇਨ੍ਹਾਂ ਇਲਜ਼ਾਮਾਂ ਦੀ ਜਾਂਚ ਚੋਣਾਂ ਤੋਂ ਪਹਿਲਾਂ ਨਿਰਪੱਖਤਾ ਨਾਲ ਹੋਣੀ ਜ਼ਰੂਰੀ ਹੈ ਪਰ ਅਫ਼ਸੋਸ ਅੱਜ ਸੀ.ਬੀ.ਆਈ. ਉਤੇ ਵਿਸ਼ਵਾਸ ਕਰਨਾ ਨਾਮੁਮਕਿਨ ਹੋ ਗਿਆ ਹੈ। ਕੀ ਹੁਣ ਭਾਰਤ ਦੇ ਲੋਕਤੰਤਰ ਦੀ ਰਾਖੀ ਵਾਸਤੇ ਕੌਮਾਂਤਰੀ ਸੰਸਥਾਵਾਂ ਦੀ ਮਦਦ ਲਏ ਬਗ਼ੈਰ ਸੱਚ ਸਾਹਮਣੇ ਨਹੀਂ ਆ ਸਕਦਾ?  -ਨਿਮਰਤ ਕੌਰ