Ram Mandhir: ਰਾਮ ਰਾਜ ਸ਼ੁਰੂ ਹੋਣ ਦੇ ਐਲਾਨ ਮਗਰੋਂ ਖ਼ੁਸ਼ੀਆਂ ਵੀ ਤੇ ਕੁੱਝ ਡਰ ਵੀ!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਅੱਜ ਦੇ ਦਿਨ ਇਕ ਬੜੀ ਲੰਮੀ ਲੜਾਈ ਦਾ ਅੰਤ ਵੇਖ ਰਹੇ ਹਾਂ ਜਿਸ ਵਿਚ 500 ਸਾਲ ਪਹਿਲਾਂ ਮੰਦਰ ਢਾਹਿਆ ਗਿਆ ਸੀ ਤੇ ਫਿਰ ਸੰਨ 92 ਵਿਚ ਉਹੀ ਮਸਜਿਦ ਢਾਹ ਦਿਤੀ ਗਈ ਸੀ।

File Photo

22 ਜਨਵਰੀ ਨੂੰ ਭਾਰਤ ’ਚ ਦੂਜੀ ਦੀਵਾਲੀ ਮਨਾਈ ਜਾ ਰਹੀ ਹੈ ਭਾਵੇਂ ਕਿ ਇਹ ਦੂਜੀ ਦੀਵਾਲੀ, ਪਹਿਲੀ ਦੀਵਾਲੀ ਨਾਲੋਂ ਵੀ ਵੱਧ ਉਤਸ਼ਾਹ ਵਾਲੀ ਆਖੀ ਜਾ ਸਕਦੀ ਹੈ। ਅੱਜ ਦੇ ਦਿਨ ਹਿੰਦੂ ਮੰਨ ਰਹੇ ਹਨ ਕਿ ਉਹ ਸ੍ਰੀ ਰਾਮ ਦੀ ਅਯੋਧਿਆ ਵਿਚ 14 ਸਾਲ ਦੀ ਵਾਪਸੀ ਹੀ ਨਹੀਂ ਬਲਕਿ ਹੁਣ ਸ੍ਰੀ ਰਾਮ ਵੀ 500 ਸਾਲਾਂ ਬਾਅਦ ਮੁੜ ਘਰ ਵਾਪਸੀ ਦੀ ਖ਼ੁਸ਼ੀ ਮਨਾ ਰਹੇ ਹਨ।

ਅੱਜ ਦੇ ਦਿਨ ਇਕ ਬੜੀ ਲੰਮੀ ਲੜਾਈ ਦਾ ਅੰਤ ਵੇਖ ਰਹੇ ਹਾਂ ਜਿਸ ਵਿਚ 500 ਸਾਲ ਪਹਿਲਾਂ ਮੰਦਰ ਢਾਹਿਆ ਗਿਆ ਸੀ ਤੇ ਫਿਰ ਸੰਨ 92 ਵਿਚ ਉਹੀ ਮਸਜਿਦ ਢਾਹ ਦਿਤੀ ਗਈ ਸੀ। ਪਰ ਜਿੰਨਾ ਅਸੀ ਅੱਜ ਅਯੋਧਿਆ ਵਿਚ ਮੁਸਲਮਾਨਾਂ ਅੰਦਰ ਡਰ ਦਾ ਮਾਹੌਲ ਵੇਖ ਰਹੇ ਹਾਂ, ਉਹ ਡਰ ਸਵਾਲ ਖੜੇ ਕਰਦਾ ਹੈ ਕਿ ਅੱਜ ਜਦੋਂ ਰਾਮ ਰਾਜ ਦੀ ਸ਼ੁਰੂਆਤ ਹੋਣ ਦਾ ਐਲਾਨ ਹੋ ਰਿਹਾ ਹੈ, ਉਸ ਵਿਚ ਘੱਟ ਗਿਣਤੀਆਂ ਦਾ ਕੀ ਹਾਲ ਹੋਵੇਗਾ? ਜੇ ਅੱਜ ‘ਰਾਮ ਰਾਜ’ ਨੂੰ ਘੱਟੋ ਘੱਟ ਇਕ ਘੱਟ-ਗਿਣਤੀ ਕੌਮ ਲਈ ਕਲਯੁਗ ਦੀ ਸ਼ੁਰੂਆਤ ਵੀ ਆਖਿਆ ਜਾ ਰਿਹਾ ਹੈ, ਫਿਰ ਤਾਂ ਸੱਭ ਤੋਂ ਪਹਿਲਾਂ ਹਿੰਦੂਆਂ ਨੂੰ ਰਾਮ ਰਾਜ ਦਾ ਅਸਲ ਅਰਥ ਵੀ ਸਮਝਣਾ ਪਵੇਗਾ।

ਇਕ ਵਰਗ ਇਹ ਵੀ ਆਖੇਗਾ ਕਿ ਇਹ ਰਾਮ ਰਾਜ ਨਹੀਂ ਆਇਆ ਸਗੋਂ ਇਕ ਸਿਆਸੀ ਸੋਚ ਦੀ ਜਿੱਤ ਹੈ ਤੇ ਇਹ ਸਾਰਾ ਜਸ਼ਨ ਸਿਰਫ਼ ਵੋਟਾਂ ਦੀ ਫ਼ਸਲ ਘਰ ਚੁਕ ਲਿਆਉਣ ਨੂੰ ਮੱਦੇਨਜ਼ਰ ਰੱਖ ਕੇ ਕੀਤਾ ਜਾ ਰਿਹਾ ਹੈ। ਹਿੰਦੂ ਧਰਮ ਦੇ ਪ੍ਰਮੁੱਖ ਸ਼ੰਕਰਾਚਾਰੀਆ ਦੀ ਇਸ ਉਤਸਵ ਸਮੇਂ ਗ਼ੈਰ-ਹਾਜ਼ਰੀ ਵੀ ਇਹੀ ਸਵਾਲ ਖੜੇ ਕਰਦੀ ਹੈ। ਇਹ ਸੋਚ ਹੋਰ ਉਜਾਗਰ ਉਦੋਂ ਹੁੰਦੀ ਹੈ ਜਦ ਰਾਹੁਲ ਗਾਂਧੀ ਦੀ ਨਿਆਂ ਯਾਤਰਾ ਉਤੇ ਭਾਜਪਾ ਵਰਕਰਾਂ ਵਲੋਂ ਹਮਲਾ ਹੁੰਦਾ ਹੈ ਤੇ ਅਸਾਮ ਦੇ ਕਾਂਗਰਸੀ ਮੁਖੀ ਦੇ ਸਿਰ ’ਤੇ ਡੰਡਾ ਵੀ ਮਾਰਿਆ ਜਾਂਦਾ ਹੈ। ਜਦ ਇਸ ਤਰ੍ਹਾਂ ਦੇ ਹਾਦਸੇ ਹੁੰਦੇ ਹਨ ਤਾਂ ਫਿਰ ਇਸ ਦਿਨ ਦੀ ਆਸਥਾ ਤੇ ਸ਼ਰਧਾਲੂ ਆਪ ਦਾਗ਼ ਲਗਾ ਜਾਂਦੇ ਹਨ। 

ਸ੍ਰੀ ਰਾਮ ਨੂੰ ਇਕ ਅਜਿਹਾ ਰਾਜਾ ਮੰਨਿਆ ਜਾਂਦਾ ਸੀ ਜਿਸ ਨੇ ਅਪਣੀਆਂ ਨਿਜੀ ਇੱਛਾਵਾਂ ਨੂੰ ਕੁਰਬਾਨ ਕੀਤਾ ਜਿਵੇਂ ਬਨਵਾਸ ਜਾਂ ਸੀਤਾ ਦਾ ਤਿਆਗ ਤੇ ਹਮੇਸ਼ਾ ਅਪਣੇ ਰਾਜ ਨੂੰ ਪ੍ਰਮੁੱਖ ਰਖਿਆ। ਉਨ੍ਹਾਂ ਦਾ ਰਾਜ 1,500 ਸਾਲ ਦਾ ਆਖਿਆ ਇਸ ਲਈ ਜਾਂਦਾ ਸੀ ਕਿਉਂਕਿ ਉਸ ਵਿਚ ਹਰ ਦਿਨ ’ਚ ਇਸ ਕਦਰ ਖ਼ੁਸ਼ੀ ਤੇ ਸ਼ਾਂਤੀ ਸੀ ਕਿ ਹਰ ਦਿਨ 100 ਸਾਲ ਬਰਾਬਰ ਜਾਪਦਾ ਸੀ। ਸੋ ਅਸਲ ਵਿਚ ਅੰਦਾਜ਼ਨ 30 ਸਾਲਾਂ ਦਾ ਰਾਜ 1500 ਸਾਲ ਦਾ ਜਾਪਦਾ ਸੀ। 

ਅੱਜ ਦੇ ਦਿਨ ਇਕ ਸੰਦੇਸ਼ ਬੜਾ ਸਾਫ਼ ਹੈ ਕਿ ਭਾਜਪਾ ਨੇ ਅਪਣੇ ਆਪ ਨੂੰ ਸ੍ਰੀ ਰਾਮ ਦਾ ਉਤਰਾਧਿਕਾਰੀ ਐਲਾਨ ਦਿਤਾ ਹੈ। ਸੋ ਕੀ ਹੁਣ ਉਹ ‘ਰਾਮ ਰਾਜ’ ਸਾਰਿਆਂ ਵਾਸਤੇ ਆਵੇਗਾ ਜਾਂ ਸਿਰਫ਼ ਭਾਜਪਾ ਜਾਂ ਆਰ.ਐਸ.ਐਸ. ਜਾਂ ਵੀਐਚਪੀ ਦੇ ਕਾਰਜਕਰਤਾਵਾਂ ਲਈ ਹੀ ਆਵੇਗਾ? ਅੱਜ ਜੇ ਕਾਂਗਰਸੀ ਹਿੰਦੂ, ਟੀਐਮਸੀ ਹਿੰਦੂ ਜਾਂ ਘੱਟ ਗਿਣਤੀਆਂ ਵਾਲੇ ਅਪਣੇ ਆਪ ਨੂੰ ਇਸ ਰਾਮ ਰਾਜ ਵਿਚ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ ਤਾਂ ਫਿਰ ਕੀ ਇਸ ਨੂੰ ਰਾਮ ਰਾਜ ਆਖਿਆ ਜਾ ਸਕਦਾ ਹੈ?

ਅੱਜ ਦੇ ਮਾਹੌਲ ਵਿਚ ਭਾਵੇਂ ਹਰ ਪਾਸੇ ਸਿਰਫ਼ ਜਸ਼ਨ ਵੇਖਿਆ ਜਾ ਸਕਦਾ ਹੈ, ਉਥੇ ਇਕ ਡਰ ਜਾਂ ਇਕ ਹਾਰ ਵੀ ਪਸਰੀ ਹੋਈ ਵੇਖੀ ਜਾ ਸਕਦੀ ਹੈ ਤੇ ਵੇਖੀ ਜਾਣੀ ਚਾਹੀਦੀ ਹੈ। ਇਸ ਸਿਆਸੀ ਲੀਰਡਾਂ ਦੇ ਰਾਮ ਰਾਜ ਵਿਚ ਉਹ ਖ਼ੁਸ਼ੀ ਦੇ ਦਿਨ ਕਿਸ ਤਰ੍ਹਾਂ ਆਉਣਗੇ ਕਿ ਹਰ ਇਕ ਨੂੰ ਐਸਾ ਸਕੂਨ ਮਿਲੇ ਕਿ ਹਰ ਪਲ ਵਿਚ ਉਹ ਸਦੀਆਂ ਦਾ ਸੁਖ ਮਾਣ ਸਕੇ?

ਭਾਜਪਾ ਨੇ ਰਾਮ ਰਾਜ ਦੀ ਜ਼ਿੰਮੇਵਾਰੀ ਅਪਣੇ ਸਿਰ ਲਈ ਹੈ ਪਰ ਉਸ ਰਾਮ ਰਾਜ ਵਿਚ ਇਕ ਸਿਆਸੀ ਪਾਰਟੀ ਨੂੰ ਰਾਮ ਵਾਂਗ ਅਪਣੇ ਹਰ ਭਰਾ ਨੂੰ ਬਰਾਬਰੀ ਤੇ ਰੱਖ ਕੇ, ਸਾਰੇ ਫ਼ੈਸਲੇ ਸਾਂਝੀ ਸੋਚ ਨਾਲ ਕਰਨ ਦੀ ਪ੍ਰਥਾ ਵੀ ਸ਼ੁਰੂ ਕਰਨੀ ਪਵੇਗੀ। ਉਨ੍ਹਾਂ ਨੂੰ ਅਪਣੇ ਕਾਰਜਕਰਤਾਵਾਂ ਨੂੰ ਨਫ਼ਰਤ ਤੋਂ ਗੁਰੇਜ਼ ਕਰਨ ਵਾਸਤੇ ਆਖਣਾ ਪਵੇਗਾ। ਘੱਟ-ਗਿਣਤੀਆਂ ਨੂੰ ਅਪਣਾ ਅੰਗ ਨਾ ਮੰਨਣ ਦੀ ਜ਼ਿੱਦ ਛੱਡ ਕੇ, ਅਪਣੇ ਰਾਜ ਵਿਚ ਵਿਸ਼ਵਾਸ ਸਦਕਾ ਅਪਣੇ ਦਿਲ ਨੂੰ ਸ੍ਰੀ ਰਾਮ ਵਾਂਗ ਵਿਸ਼ਾਲ ਕਰਨਾ ਪਵੇਗਾ। ਬਾਕੀਆਂ ਨੂੰ ਵੀ ਐਸੇ ਹਿੰਦੂਆਂ ਦੀ ਆਸਥਾ ਵਿਚ ਸ਼ਾਮਲ ਹੋ ਕੇ, ਕੁੱਝ ਖ਼ੂਨੀ ਯਾਦਾਂ ਨੂੰ ਸਦੀਆਂ ਪੁਰਾਣੀ ਲੜਾਈ ਮੰਨ ਕੇ ਕੁਦਰਤ ਦੇ ਦਸਤੂਰ ਸਾਹਮਣੇ ਹੁਣ ਭੁਲਾ ਦੇਣਾ ਪਵੇਗਾ।     - ਨਿਮਰਤ ਕੌਰ