Editorial: ਸਿੱਖ ਰੈਜਮੈਂਟ ਵਿਚ ਭਰਤੀ ਦੀ ਘਾਟ : ਕਸੂਰਵਾਰ ਕੌਣ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਸਿੱਖ ਰੈਜਮੈਂਟ ਭਾਰਤੀ ਥਲ ਸੈਨਾ ਦੀਆਂ ਸਭ ਤੋਂ ਪੁਰਾਣੀਆਂ ਰੈਜਮੈਂਟਾਂ ਵਿਚੋਂ ਇਕ ਹੈ।

Recruitment shortage in the Sikh Regiment

ਭਾਰਤੀ ਥਲ ਸੈਨਾ ਦੀ ਸਿੱਖ ਰੈਜਮੈਂਟ ਵਿਚ ਭਰਤੀ ਹੋਣ ਵਾਲਿਆਂ ਦੀ ਘਾਟ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਹੋਰ ਸਿੱਖ ਸੰਸਥਾਵਾਂ ਦਾ ਉਚੇਚਾ ਧਿਆਨ ਮੰਗਦੀ ਹੈ। ਥਲ ਸੈਨਾ ਨੇ ਮੰਗਲਵਾਰ ਨੂੰ ਇਕ ਅਪੀਲ ਜਾਰੀ ਕਰ ਕੇ ਪੰਜਾਬ ਦੀ ਨੌਜਵਾਨੀ ਨੂੰ ਇਸ ਰੈਜਮੈਂਟ ਵਿਚ ਭਰਤੀ ਹੋਣ ਦਾ ਸੱਦਾ ਦਿਤਾ ਅਤੇ ਨਾਲ ਹੀ ਸਿੱਖ ਸੰਸਥਾਵਾਂ ਨੂੰ ਵੀ ਇਸ ਕਾਰਜ ਵਿਚ ਯੋਗਦਾਨ ਪਾਉਣ ਲਈ ਕਿਹਾ। ਪਿਛਲੇ ਇਕ ਦਹਾਕੇ ਦੌਰਾਨ ਇਹ ਛੇਵੀਂ ਵਾਰ ਹੈ ਜਦੋਂ ਥਲ ਸੈਨਾ ਨੇ ਸਿੱਖ ਰੈਜਮੈਂਟ ਵਿਚ ਨਫ਼ਰੀ ਦੀ ਘਾਟ ਦਾ ਜ਼ਿਕਰ ਕਰਦਿਆਂ ਪੰਜਾਬ-ਹਰਿਆਣਾ ਦੇ ਸਿੱਖ ਨੌਜਵਾਨਾਂ ਨੂੰ ਇਸ ਰੈਜਮੈਂਟ ਦੀ ਵਿਲੱਖਣਤਾ ਤੇ ਵੀਰਤਾ ਬਰਕਰਾਰ ਰੱਖਣ ਵਿਚ ਹਿੱਸਾ ਪਾਉਣ ਦਾ ਸੱਦਾ ਦਿਤਾ ਹੈ।

ਸਿੱਖ ਰੈਜਮੈਂਟ ਭਾਰਤੀ ਥਲ ਸੈਨਾ ਦੀਆਂ ਸਭ ਤੋਂ ਪੁਰਾਣੀਆਂ ਰੈਜਮੈਂਟਾਂ ਵਿਚੋਂ ਇਕ ਹੈ। ਇਹ 1850ਵਿਆਂ ਦੇ ਆਸ-ਪਾਸ ਸਥਾਪਤ ਕੀਤੀ ਗਈ। ਦੂਜੀ ਐਂਗਲੋ-ਸਿੱਖ ਜੰਗ ਤੋਂ ਬਾਅਦ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੀ ਹਕੂਮਤ ਨੇ ਖ਼ਾਲਸਾ ਰਾਜ ਦੀ ਸਮਾਪਤੀ ਕਰਦਿਆਂ ਇਸ ਦੀ ਫ਼ੌਜ ਭੰਗ ਕਰ ਦਿਤੀ। ਪਰ ਪੰਜਾਬ ਦੇ ਤੱਤਕਾਲੀ ਲੈਫ਼ਟੀਨੈਂਟ ਗਵਰਨਰ, ਸਰ ਜੌਹਨ ਲਾਰੈਂਸ ਨੇ ਇਸ ਫ਼ੈਸਲੇ ਤੋਂ ਪਿੰਡਾਂ-ਸ਼ਹਿਰਾਂ ਵਿਚ ਉਪਜੇ ਅਸੰਤੋਸ਼ ਨੂੰ ਮਹਿਸੂਸ ਕਰਦਿਆਂ ਸਾਰੇ ਸਿਖ਼ਲਾਈਯਾਫ਼ਤਾ ਸਿੱਖ ਫ਼ੌਜੀਆਂ ਨੂੰ ਉਨ੍ਹਾਂ ਦੇ ਰਿਕਾਰਡ ਮੁਤਾਬਿਕ ਨਵੇਂ ਸਿਰਿਉਂ ਨੌਕਰੀ ਦਿਤੀ ਅਤੇ ਸਿੱਖ ਰੈਜਮੈਂਟ ਦਾ ਗਠਨ ਕੀਤਾ।

ਇਹ ਰੈਜਮੈਂਟ ਭਾਰਤੀ ਥਲ ਸੈਨਾ ਦੀ ਸਭ ਤੋਂ ਵੱਧ ਸਨਮਾਨਿਤ ਰੈਜਮੈਂਟ ਹੈ ਅਤੇ ਹਰ ਜੰਗੀ ਮੁਹਾਜ਼ ’ਤੇ ਸੂਰਬੀਰਤਾ ਦੇ ਝੰਡੇ ਗੱਡਣ ਲਈ ਮਸ਼ਹੂਰ ਹੈ। ਚੰਦ ਵਰ੍ਹੇ ਪਹਿਲਾਂ ਨਿਰਮਿਤ ਹਿੰਦੀ ਫ਼ਿਲਮ ‘ਕੇਸਰੀ’ ਇਸੇ ਰੈਜਮੈਂਟ ਦੀ ਇਕ ਵੀਰਤਾ-ਗਾਥਾ (ਸਾਰਾਗੜ੍ਹੀ ਦੀ ਲੜਾਈ) ਉੱਤੇ ਆਧਾਰਿਤ ਸੀ। ਇਸ ਗਾਥਾ ਨੂੰ ਭਾਰਤੀ ਫ਼ੌਜ ਤੋਂ ਇਲਾਵਾ ਬ੍ਰਿਟਿਸ਼ ਤੇ ਫਰਾਂਸੀਸੀ ਜੰਗੀ ਇਤਿਹਾਸ ਵਿਚ ਵੀ ਵਿਲੱਖਣ ਮਿਸਾਲ ਵਜੋਂ ਸ਼ੁਮਾਰ ਕੀਤਾ ਗਿਆ ਹੈ।

ਸਿੱਖ ਰੈਜਮੈਂਟ ਦੀਆਂ ਇਸ ਵੇਲੇ 20 ਨਿਯਮਿਤ ਬਟਾਲੀਅਨਾਂ ਹਨ। ਇਨ੍ਹਾਂ ਤੋਂ ਇਲਾਵਾ ਟੈਰੀਟੋਰੀਅਲ ਆਰਮੀ ਦੀਆਂ ਤਿੰਨ ਅਤੇ ਰਾਸ਼ਟਰੀਆ ਰਾਈਫ਼ਲਜ਼ ਦੀ ਇਕ ਬਟਾਲੀਅਨ ਇਸ ਰੈਜਮੈਂਟ ਨਾਲ ਜੁੜੀਆਂ ਹੋਈਆਂ ਹਨ। ਇਸ ਰੈਜਮੈਂਟ ਨੂੰ ਅਕਸਰ ਭਾਰਤੀ ਥਲ ਸੈਨਾ ਦੇ ਅਕਸ ਵਜੋਂ ਪੇਸ਼ ਕੀਤਾ ਜਾਂਦਾ ਹੈ ਜੋ ਕਿ ਸਿੱਖ ਭਾਈਚਾਰੇ ਲਈ ਫ਼ਖ਼ਰ ਵਾਲੀ ਗੱਲ ਹੈ। ਥਲ ਸੈਨਾ ਵਿਚ ਸਿੱਖਾਂ ਦੀ ਨਫ਼ਰੀ ਦਾ ਅਨੁਪਾਤ ਭਾਵੇਂ ਘੱਟਦਾ ਜਾ ਰਿਹਾ ਹੈ, ਫਿਰ ਵੀ ਭਾਰਤ ਦੀ ਕੁਲ ਵਸੋਂ ਦਾ 1.86 ਫ਼ੀਸਦੀ ਹਿੱਸਾ ਹੋਣ ਦੇ ਬਾਵਜੂਦ ਥਲ ਸੈਨਾ ਵਿਚ ਸਿੱਖਾਂ ਦੀ ਸ਼ਮੂਲੀਅਤ ਦੀ ਫ਼ੀਸਦ 8 ਦੇ ਆਸ-ਪਾਸ ਮੰਨੀ ਜਾਂਦੀ ਹੈ। ਇਸੇ ਤਰ੍ਹਾਂ 90 ਤਿੰਨ ਸਿਤਾਰਾ ਜਨਰਲਾਂ (ਲੈਫ਼ਟੀਨੈਂਟ ਜਨਰਲਾਂ) ਵਿਚੋਂ 9 ਦੇ ਕਰੀਬ ਸਿੱਖ ਹੋਣਾ ਵੀ ਇਸ ਭਾਈਚਾਰੇ ਦੀ ਫ਼ੌਜੀ ਅਹਿਮੀਅਤ ਦਾ ਸਿੱਧਾ-ਸਪੱਸ਼ਟ ਪ੍ਰਤੀਕ ਹੈ।

ਸਿੱਖ ਰੈਜਮੈਂਟ ਤੋਂ ਇਲਾਵਾ ਸਿੱਖ ਲਾਈਟ ਇਨਫੈਂਟਰੀ ਦੀਆਂ ਵੀ 23 ਦੇ ਕਰੀਬ ਬਟਾਲੀਅਨਾਂ ਹਨ। ਇਵੇਂ ਹੀ ਪੰਜਾਬ ਰੈਜਮੈਂਟ ਵਿਚ ਵੀ ਸਿੱਖ ਭਾਈਚਾਰੇ ਨੂੰ ਢੁਕਵੀਂ ਅਹਿਮੀਅਤ ਦਿਤੀ ਜਾਂਦੀ ਹੈ। ਕੁੱਝ ਫ਼ੌਜੀ ਮਾਹਿਰ ਤਾਂ ਭਾਰਤੀ ਥਲ ਸੈਨਾ ਵਿਚ ਸਿੱਖਾਂ ਦੀ ਸ਼ਮੂਲੀਅਤ 16 ਫ਼ੀਸਦੀ ਦੇ ਆਸ-ਪਾਸ ਵੀ ਦਸਦੇ ਹਨ। ਇਹ ਮੰਨਿਆ ਜਾਂਦਾ ਹੈ ਕਿ ਰੱਖਿਆ ਮੰਤਰਾਲੇ ਦੀ ਅਣਲਿਖਤ ਹਦਾਇਤ ਹੈ ਕਿ ਫ਼ੌਜ ਦੀ ਹਰ ਤਸਵੀਰ, ਹਰ ਵੀਡੀਓ, ਹਰ ਫ਼ਿਲਮ ਤੇ ਹਰ ਸ਼ੋਅ ਵਿਚ ਸਿੱਖ ਫ਼ੌਜੀਆਂ ਦੀ ਮੌਜੂਦਗੀ ਅਵੱਸ਼ ਦਰਸਾਈ ਜਾਵੇ। ਇਸੇ ਲਈ ਰਾਸ਼ਟਰਪਤੀ ਰਖ਼ਸ਼ਕ ਦਲ (ਪ੍ਰੈਜ਼ੀਡੈਂਸ਼ੀਅਲ ਗਾਰਡਜ਼ ਜਾਂ ਪੀ.ਬੀ.ਜੀ.) ਵਿਚ ਵੀ ਸਿੱਖ ਸਵਾਰ ਲਾਜ਼ਮੀ ਤੌਰ ’ਤੇ ਸ਼ਾਮਲ ਕੀਤੇ ਜਾਂਦੇ ਹਨ। ਅਜਿਹੇ ਆਲਮ ਵਿਚ ਸਿੱਖ ਰੈਜਮੈਂਟ ਵਿਚ ਭਰਤੀ ਪ੍ਰਤੀ ਉਤਸ਼ਾਹ ਦੀ ਘਾਟ ਤੋਂ ਸਿੱਖ ਸਮਾਜਿਕ ਤੇ ਭਾਈਚਾਰਕ ਆਗੂਆਂ ਨੂੰ ਚਿੰਤਾ ਹੋਣੀ ਚਾਹੀਦੀ ਹੈ। 

ਉਤਸ਼ਾਹ ਦੀ ਇਸ ਘਾਟ ਜਾਂ ਢੁਕਵੀਂ ਗਿਣਤੀ ਵਿਚ ਸਿੱਖ ਨੌਜਵਾਨਾਂ ਦੀ ਅਣਹੋਂਦ ਦੀ ਮੁੱਖ ਵਜ੍ਹਾ ਹੈ ਸਾਬਤ ਸੂਰਤ ਹੋਣ ਦੀ ਸ਼ਰਤਨੁਮਾ ਰਵਾਇਤ। ਸਿੱਖ ਰੈਜਮੈਂਟ ਮੁੱਖ ਤੌਰ ’ਤੇ ਜੱਟ ਸਿੱਖਾਂ ਵਾਸਤੇ ਸਥਾਪਿਤ ਕੀਤੀ ਗਈ ਸੀ। ਸਮੇਂ ਦੇ ਨਾਲ ਇਸ ਦੇ ਵਿਸਥਾਰ ਅਤੇ ਸਾਬਤ-ਸੂਰਤ ਜੱਟ ਸਿੱਖਾਂ ਦੀ ਕਮੀ ਦੇ ਮੱਦੇਨਜ਼ਰ ਹੋਰਨਾਂ ਸਿੱਖ ਜ਼ਾਤਾਂ ਨੂੰ ਵੀ ਇਸ ਵਿਚ ਦਾਖ਼ਲਾ ਮਿਲਣਾ ਸ਼ੁਰੂ ਹੋ ਗਿਆ, ਪਰ ਸਾਬਤ-ਸੂਰਤ ਵਾਲੀ ਰਵਾਇਤ ਵਿਚ ਢਿੱਲ ਨਹੀਂ ਦਿਤੀ ਗਈ। ਪੰਜਾਬ ਤੋਂ ਸਾਬਤ ਸੂਰਤ ਸਿੱਖ ਮੁਨਾਸਿਬ ਗਿਣਤੀ ਵਿਚ ਨਾ ਮਿਲਣ ਕਰ ਕੇ ਹੀ ਜੰਮੂ ਖਿੱਤੇ, ਖ਼ਾਸ ਕਰ ਕੇ ਰਾਜੌਰੀ-ਪੁਣਛ ਪੱਟੀ ਦੇ ਸਿੱਖ ਨੌਜਵਾਨਾਂ ਨੂੰ ਇਸ ਰੈਜਮੈਂਟ ਵਿਚ ਥਾਂ ਮਿਲਦੀ ਰਹੀ, ਪਰ ਹੁਣ ਉੱਥੇ ਵੀ ਪੰਜਾਬ ਵਾਲੀ ਸਮੱਸਿਆ ਪੈਦਾ ਹੋ ਗਈ ਹੈ।

ਸਾਬਤ-ਸੂਰਤ ਵਾਲੀ ਰਵਾਇਤ ਨਾ ਬਦਲਣ ਦੀ ਇਕ ਵਜ੍ਹਾ ਇਹ ਰਹੀ ਕਿ ਅਜਿਹਾ ਕੋਈ ਵੀ ਫ਼ੈਸਲਾ ਸਿੱਖ ਭਾਈਚਾਰੇ ਦੇ ਸਰਬਰਾਹਾਂ ਦੀ ਸਹਿਮਤੀ ਤੋਂ ਬਿਨਾਂ ਨਹੀਂ ਲਿਆ ਜਾ ਸਕਦਾ। ਸਿੱਖ ਲਾਈਟ ਇਨਫੈਂਟਰੀ ਵਿਚ ਅਜਿਹੀ ਕੋਈ ਸ਼ਰਤ ਲਾਗੂ ਨਹੀਂ। ਦਰਅਸਲ, ਇਸ ਦੀ ਸਥਾਪਨਾ ਹੀ ਅਨੁਸੂਚਿਤ ਜਾਤੀਆਂ ਅਤੇ ਪਛੜੇ ਵਰਗਾਂ ਦੇ ਸਿੱਖਾਂ ਨੂੰ ਢੁਕਵੀਂ ਨੁਮਾਇੰਦਗੀ ਦੇਣ ਵਾਸਤੇ ਹੀ ਕੀਤੀ ਗਈ ਸੀ। ਭਾਰਤੀ ਥਲ ਸੈਨਾ ਦੇ ਇਕ ਪਿਛਲੇ ਸਿੱਖ ਮੁਖੀ, ਜਨਰਲ ਬਿਕਰਮ ਸਿੰਘ ਰਾਮਗੜ੍ਹੀਆ ਸਨ। ਉਹ ਸਿੱਖ ਲਾਈਟ ਇਨਫੈਂਟਰੀ ਨਾਲ ਸਬੰਧਿਤ ਸਨ।

ਹੁਣ ਜੋ ਸਮੱਸਿਆ ਹੈ, ਉਹ ਸਿੱਖ ਭਾਈਚਾਰੇ ਦੇ ਧਾਰਮਿਕ-ਸਮਾਜਿਕ ਆਗੂਆਂ ਦੀ ਪਹਿਲਕਦਮੀ ਤੋਂ ਬਿਨਾਂ ਹੱਲ ਨਹੀਂ ਹੋ ਸਕਦੀ। ਇਹ ਵੀ ਇਕ ਅਜਬ ਵਿਰੋਧਭਾਸ ਹੈ ਕਿ ਸ਼੍ਰੋਮਣੀ ਕਮੇਟੀ ਅਤੇ ਹੋਰ ਸਿੱਖ ਸੰਸਥਾਵਾਂ ਦੇ ਆਗੂ, ਫ਼ੌਜ ਵਿਚ ਸਿੱਖਾਂ ਦੀ ਸ਼ਮੂਲੀਅਤ ਵਿਚ ਕਮੀ ਦੇ ਦੋਸ਼ ਕੇਂਦਰ ਸਰਕਾਰ ਉੱਤੇ ਮੜ੍ਹਦੇ ਆਏ ਹਨ, ਪਰ ਇਸ ਕਮੀ ਨੂੰ ਮਿਟਾਉਣ ਵਿਚ ਅਪਣੀ ਤਰਫ਼ੋਂ ਉਚਿਤ ਭੂਮਿਕਾ ਨਿਭਾਉਣ ਵਿਚ ਅਸਮਰਥ ਰਹੇ ਹਨ। ਉਨ੍ਹਾਂ ਨੂੰ ਅਜਿਹਾ ਦੋਗ਼ਲਾਪਣ ਤਿਆਗਣਾ ਚਾਹੀਦਾ ਹੈ।