ਰਾਜਸੀ ਪਾਰਟੀਆਂ 'ਬਾਬਿਆਂ' ਦੀ ਥਾਂ ਮਸ਼ੀਨ ਅਤੇ ਤਕਨੀਕ ਦਾ ਸਹਾਰਾ ਲੈਣ ਲਗੀਆਂ
ਸੰਨੀ ਲਿਓਨ ਤਾਂ ਨੌਜੁਆਨਾਂ ਨੂੰ ਖੂਹ ਵਿਚ ਛਾਲ ਮਾਰਨ ਨੂੰ ਆਖੇ ਤਾਂ ਉਹ ਇਹ ਵੀ ਕਰ ਦੇਣਗੇ, ਵੋਟ ਦੇਣਾ ਕਿਹੜੀ ਵੱਡੀ ਗੱਲ ਹੈ.........
ਸੰਨੀ ਲਿਓਨ ਤਾਂ ਨੌਜੁਆਨਾਂ ਨੂੰ ਖੂਹ ਵਿਚ ਛਾਲ ਮਾਰਨ ਨੂੰ ਆਖੇ ਤਾਂ ਉਹ ਇਹ ਵੀ ਕਰ ਦੇਣਗੇ, ਵੋਟ ਦੇਣਾ ਕਿਹੜੀ ਵੱਡੀ ਗੱਲ ਹੈ। ਅਜੇ ਕੋਬਰਾ ਪੋਸਟ ਨੇ ਸਿਰਫ਼ ਕੁੱਝ ਇਕ ਛੋਟੇ ਕਲਾਕਾਰਾਂ ਦੀ ਜਾਂਚ ਕੀਤੀ ਹੈ। ਸੋਚੋ ਜਿਹੜੇ ਵੱਡੇ ਕਲਾਕਾਰ ਤੇ ਬਾਬੇ ਸਿਆਸਤਦਾਨਾਂ ਨੂੰ ਵੋਟਾਂ ਦਿਵਾਉਣ ਦੀ ਗੱਲ ਕਰਦੇ ਹੋਣਗੇ, ਉਹ ਕਿੰਨਾ ਪੈਸਾ ਲੈ ਕੇ ਅਪਣੇ ਪ੍ਰਸ਼ੰਸਕਾਂ ਨੂੰ ਸਿਆਸਤਦਾਨਾਂ ਅੱਗੇ ਵੇਚਦੇ ਹੋਣਗੇ।
ਇਹ ਲੋਕ ਵੀ ਸੌਦਾ ਸਾਧ ਤੋਂ ਘੱਟ ਨਹੀਂ। ਕੁਦਰਤ ਵਲੋਂ ਜਿਹੜਾ ਦਿਮਾਗ਼ ਸਾਨੂੰ ਮਿਲਿਆ ਹੈ, ਉਸ ਦਾ ਇਸਤੇਮਾਲ ਕਰ ਕੇ ਹੁਣ ਵੋਟਰ ਅਪਣੀ ਹਕੀਕਤ ਨੂੰ ਪਰਖਣਾ ਸ਼ੁਰੂ ਕਰ ਦੇਣ ਅਤੇ ਕੋਈ ਸ਼ਖ਼ਸੀਅਤ ਭਾਵੇਂ ਉਹ ਕਿੰਨੀ ਵੀ ਸੋਹਣੀ ਕਿਉਂ ਨਾ ਹੋਵੇ ਜਾਂ ਉਹ ਕਿੰਨਾ ਵੱਡਾ ਕ੍ਰਿਕੇਟਰ ਕਿਉਂ ਨਾ ਹੋਵੇ, ਕਿੰਨਾ ਵੱਡਾ ਬਾਬਾ ਕਿਉਂ ਨਾ ਹੋਵੇ ਤੇ ਕਿੰਨਾ ਅਮੀਰ ਕਿਉਂ ਨਾ ਹੋਵੇ, ਉਸ ਦੇ ਕਹਿਣ ਤੇ ਵੋਟ ਪਾਉਣ ਤੋਂ ਬਚਣ।
ਅਲਬਰਟ ਆਈਨਸਟਾਈਨ ਦੁਨੀਆਂ ਦੇ ਸੱਭ ਤੋਂ ਤੇਜ਼ ਦਿਮਾਗ਼ ਦਾ ਮਾਲਕ ਸੀ ਅਤੇ ਉਹ ਉਸ ਦਿਨ ਦੀ ਚੇਤਾਵਨੀ ਦੇ ਕੇ ਗਿਆ ਸੀ ਜਿਸ ਦਿਨ ਇਨਸਾਨ ਮਸ਼ੀਨ ਅਤੇ ਤਕਨੀਕ ਦਾ ਗ਼ੁਲਾਮ ਬਣ ਜਾਵੇਗਾ। ਅੱਜ ਉਹ ਦਿਨ ਨੇੜੇ ਆ ਗਿਆ ਲਗਦਾ ਹੈ। ਸਾਰਿਆਂ ਦੀਆਂ ਅਪਣੇ ਫ਼ੋਨਾਂ ਉਤੇ ਝੁਕੀਆਂ ਗਰਦਨਾਂ ਅਤੇ ਗੁਆਚੀ ਸੋਚ ਆਈਸਟਾਈਨ ਦੀ ਭਵਿੱਖਬਾਣੀ ਨੂੰ ਸੱਚ ਸਾਬਤ ਕਰਦੀਆਂ ਹਨ। ਇਸ ਨਵੀਂ ਗ਼ੁਲਾਮੀ ਦਾ ਫ਼ਾਇਦਾ ਲੈਣ ਲਈ ਸ਼ਾਤਿਰ ਦਿਮਾਗ਼ ਮੌਕੇ ਦੀ ਤਾਕ ਵਿਚ ਰਹਿੰਦੇ ਹਨ। ਅਮਰੀਕਾ ਦੀਆਂ ਚੋਣਾਂ ਚ ਤੁਸੀ ਵੇਖਿਆ ਹੈ ਕਿ ਕਿਵੇਂ ਬਨਾਉਟੀ ਬੁੱਧੀ (ਆਰਟੀਫ਼ੀਸ਼ਲ ਇੰਟੈਲੀਜੈਂਸ) ਦਾ ਪ੍ਰਯੋਗ ਕਰ ਕੇ ਵੋਟਰਾਂ ਦੀ ਸੋਚ ਨੂੰ ਪ੍ਰਭਾਵਤ ਕੀਤਾ ਗਿਆ।
ਉਹ ਤਰੀਕਾ ਫੜਿਆ ਗਿਆ ਪਰ ਹਾਰ ਮੰਨਣ ਵਾਲਾ ਕੋਈ ਨਹੀਂ ਅਤੇ ਵੋਟਰਾਂ ਦੀ ਸੋਚ ਨੂੰ ਪ੍ਰਭਾਵਤ ਕਰਨ ਲਈ ਨਵਾਂ ਤਰੀਕਾ ਕੱਢ ਲਿਆ ਗਿਆ। ਇਸ ਤਰੀਕੇ ਨੂੰ ਇਕ ਪ੍ਰਭਾਵਸ਼ਾਲੀ ਮਨੁੱਖੀ ਕਿਰਦਾਰ ਰਾਹੀਂ ਵੇਚਿਆ ਜਾਵੇਗਾ। ਪਹਿਲਾਂ ਤਾਂ ਇਸ਼ਤਿਹਾਰਾਂ ਵਿਚ ਵੱਡੀਆਂ ਕੰਪਨੀਆਂ ਕੁੱਝ ਵੀ ਵੇਚ ਕੇ ਵਿਕਰੀ ਵਧਾਉਣ ਦਾ ਕੰਮ ਕਰ ਲੈਂਦੀਆਂ ਸਨ। ਸ਼ਾਹਰੁਖ਼ ਖ਼ਾਨ ਨੇ 'ਲਕਸ' ਸਾਬਣ ਵੇਚਣ ਦਾ ਕੰਮ ਵੀ ਕੀਤਾ ਹੈ। ਪਰ ਹੁਣ ਜਨਤਾ ਸਮਝ ਗਈ ਹੈ ਜਿਸ ਕਾਰਨ ਇਸ ਤਰੀਕੇ ਨੂੰ ਬਦਲ ਦਿਤਾ ਗਿਆ ਹੈ। ਜਿਵੇਂ ਹਾਲ ਵਿਚ ਹੀ ਸਚਿਨ ਤੇਂਦੁਲਕਰ ਨੇ ਅਪਣੇ ਬੇਟੇ ਨਾਲ ਅਪਣੀ ਤਸਵੀਰ ਸਾਂਝੀ ਕੀਤੀ।
ਛੋਟੇ ਕੱਦ ਦਾ ਸਚਿਨ, ਤਕਨੀਕ ਦੀ ਵਰਤੋਂ ਕਰ ਕੇ, ਉੱਚਾ ਅਤੇ ਲੰਮਾ ਵਿਖਾ ਕੇ ਲਿਖ ਦਿਤਾ ਗਿਆ ਕਿ ਇਹ ਹੈ 'ਕਾਂਪਲੈਨ ਦਾ ਕਮਾਲ'। ਹੁਣ ਸੋਚੋ ਕਿ ਕ੍ਰਿਕਟ ਦਾ ਹੀਰੋ ਮੰਨੇ ਜਾਣ ਵਾਲੇ ਸਚਿਨ ਨੇ ਕਿੰਨੀਆਂ ਮਾਵਾਂ ਨੂੰ ਇਸ 'ਪੌਸ਼ਟਿਕ' ਪਾਊਡਰ ਨੂੰ ਖ਼ਰਦੀਣ ਲਈ ਦੌੜਾਇਆ ਹੋਵਗਾ? ਬੇਸ਼ੱਕ ਲੱਖ ਡਾਕਟਰ ਕਰੋੜਾਂ ਵਾਰੀ ਆਖ ਚੁਕੇ ਹੋਣਗੇ ਕਿ ਦੁੱਧ ਦੀ ਕੋਈ ਮਹੱਤਤਾ ਨਹੀਂ ਹੁੰਦੀ, ਇਹ ਹੈ ਇਕ ਮਸ਼ਹੂਰ ਖਿਡਾਰੀ ਦੀ ਤਾਕਤ। ਇਸੇ ਕਰ ਕੇ ਤਾਂ ਮਹਿੰਗੇ ਕਪੜੇ 'ਪਰਸ' ਦੇ ਬਰਾਂਡ ਨਾਂ ਵਾਲੇ, ਸਾਰੇ ਫ਼ਿਲਮੀ ਅਦਾਕਾਰਾਵਾਂ ਨੂੰ ਪਹਿਨਾਉਂਦੇ ਹਨ ਤਾਕਿ ਜਨਤਾ ਉਨ੍ਹਾਂ ਨੂੰ ਵੇਖ ਕੇ ਬਰਾਂਡਿਡ ਕਪੜੇ ਪਾਉਣ ਲੱਗ ਪਵੇ, ਲੱਗਣ ਭਾਵੇਂ ਉਹ ਜੋਕਰ ਹੀ।
ਕਪੜਿਆਂ, ਬੈਗਾਂ, ਜੁੱਤੀਆਂ ਤਕ ਗੱਲ ਹੋਰ ਹੈ। ਇਹ ਵਸਤਾਂ ਕਿਸੇ ਦੇ ਮਨੁੱਖੀ ਅਧਿਕਾਰਾਂ ਨੂੰ ਨਹੀਂ ਪ੍ਰਭਾਵਤ ਕਰਦੀਆਂ। ਦਿਲ ਅਤੇ ਹਉਮੈ ਦੀਆਂ ਕੁੱਝ ਮਨੁੱਖੀ ਕਮਜ਼ੋਰੀਆਂ ਹੁੰਦੀਆਂ ਹਨ ਜੋ ਹਰ ਇਨਸਾਨ ਨੂੰ ਜ਼ਿੰਦਗੀ ਦੇ ਸਫ਼ਰ ਵਿਚ ਜਿਤਣੀਆਂ ਚਾਹੀਦੀਆਂ ਹਨ। ਪਰ ਜਦੋਂ ਇਹ ਤਰੀਕੇ ਲੋਕਤੰਤਰ ਵਿਚ ਵੋਟਾਂ ਲੁੱਟਣ ਲਈ ਇਸਤੇਮਾਲ ਕੀਤੇ ਜਾਣ ਤਾਂ ਖ਼ਤਰਾ ਬਹੁਤ ਵੱਡਾ ਬਣ ਜਾਂਦਾ ਹੈ। ਅੱਜ ਦੀ ਸ਼ਾਤਰ ਸਿਆਸਤ ਸਮਝਦੀ ਹੈ ਕਿ ਭਾਰਤੀ ਜਨਤਾ ਦਾ ਵੱਡਾ ਹਿੱਸਾ ਸੋਸ਼ਲ ਮੀਡੀਆ ਦੇ ਖੱਡੇ ਵਿਚ ਖੁੱਭ ਚੁੱਕਾ ਵਿਚ ਹੈ ਅਤੇ ਇਹ ਦੇਸ਼ ਸ਼ਖ਼ਸੀ ਪੂਜਾ ਦੀ ਬੀਮਾਰੀ ਦਾ ਮਾਰਿਆ ਹੋਇਆ ਬਿਮਾਰ ਹੈ।
ਇਸ ਕਰ ਕੇ ਹੁਣ ਇਹ ਲੋਕ ਨਵੇਂ ਯੁਗ ਦੇ ਬਾਬਿਆਂ, ਮਹਾਂਰਿਸ਼ੀਆਂ ਅਤੇ ਕਲਾਕਾਰਾਂ ਨੂੰ ਅਪਣੇ ਵਲ ਖਿੱਚਣ ਲਈ ਇਸਤੇਮਾਲ ਕਰਨਗੇ। ਸੋ ਜੇ ਕੋਈ ਫ਼ਿਲਮੀ ਕਲਾਕਾਰ ਜਾਂ ਬਾਬਾ ਕੁੱਝ ਆਖਦਾ ਹੈ ਤਾਂ ਕਿਸੇ ਨੂੰ ਪਤਾ ਵੀ ਨਹੀਂ ਲੱਗੇਗਾ ਅਤੇ ਲੋਕ ਉਸ ਦੀ ਗੱਲ ਉਤੇ ਯਕੀਨ ਵੀ ਕਰਨ ਲੱਗ ਪੈਣਗੇ। ਕੋਬਰਾ ਪੋਸਟ ਨੇ ਇਕ ਖ਼ੁਫ਼ੀਆ ਜਾਂਚ ਰਾਹੀਂ ਇਹ ਸੱਚ ਪੇਸ਼ ਕੀਤਾ ਹੈ ਕਿ ਵਿਵੇਕ ਉਬਰਾਏ, ਜੈਕੀ ਸ਼ਰਾਫ਼, ਮਹਿਮਾ ਚੌਧਰੀ, ਸੰਨੀ ਲਿਓਨ ਵਰਗੀਆਂ ਸ਼ਖ਼ਸੀਅਤਾਂ ਪੈਸੇ ਲੈ ਕੇ ਕੁੱਝ ਵੀ ਕਹਿਣ ਨੂੰ ਤਿਆਰ ਹਨ। ਮਹਿਮਾ ਚੌਧਰੀ ਨੇ ਤਾਂ ਆਖਿਆ ਹੈ ਕਿ ਭਾਜਪਾ ਕੋਲ ਪੈਸੇ ਹਨ, ਉਨ੍ਹਾਂ ਤੋਂ 1 ਕਰੋੜ ਪ੍ਰਤੀ ਮਹੀਨਾ ਲਵਾਂਗੀ।
ਅਮੀਸ਼ਾ ਪਟੇਲ ਆਖਦੀ ਹੈ ਕਿ ਉਹ ਵੀ ਇਹ ਕਰਨਾ ਜਾਣਦੀ ਹੈ। ਵਿਵੇਕ ਉਬਰਾਏ ਕਹਿੰਦੇ ਹਨ ਕਿ ਉਹ ਕਹੀ ਜਾਣ ਵਾਲੀ ਗੱਲ ਅਪਣੇ ਲਫ਼ਜ਼ਾਂ ਵਿਚ ਕਹਿਣਗੇ ਤਾਕਿ ਉਨ੍ਹਾਂ ਦੀ ਗੱਲ ਸੱਚੀ ਲਗੇ। ਸੰਨੀ ਲਿਓਨ ਤਾਂ ਨੌਜੁਆਨਾਂ ਨੂੰ ਖੂਹ ਵਿਚ ਛਾਲ ਮਾਰਨ ਨੂੰ ਆਖੇ ਤਾਂ ਉਹ ਇਹ ਵੀ ਕਰ ਦੇਣਗੇ, ਵੋਟ ਦੇਣਾ ਕਿਹੜੀ ਵੱਡੀ ਗੱਲ ਹੈ। ਅਜੇ ਕੋਬਰਾ ਪੋਸਟ ਨੇ ਸਿਰਫ਼ ਕੁੱਝ ਇਕ ਛੋਟੇ ਕਲਾਕਾਰਾਂ ਦੀ ਜਾਂਚ ਕੀਤੀ ਹੈ। ਸੋਚੋ ਜਿਹੜੇ ਵੱਡੇ ਕਲਾਕਾਰ ਤੇ ਬਾਬੇ ਸਿਆਸਤਦਾਨਾਂ ਨੂੰ ਵੋਟਾਂ ਦਿਵਾਉਣ ਦੀ ਗੱਲ ਕਰਦੇ ਹੋਣਗੇ, ਉਹ ਕਿੰਨਾ ਪੈਸਾ ਲੈ ਕੇ ਅਪਣੇ ਪ੍ਰਸ਼ੰਸਕਾਂ ਨੂੰ ਸਿਆਸਤਦਾਨਾਂ ਅੱਗੇ ਵੇਚਦੇ ਹੋਣਗੇ।
ਇਹ ਲੋਕ ਵੀ ਸੌਦਾ ਸਾਧ ਤੋਂ ਘੱਟ ਨਹੀਂ। ਕੁੱਝ ਚੰਗੇ ਕਿਰਦਾਰ ਦੇ ਮਾਲਕ ਵੀ ਸਾਬਤ ਹੋਏ ਹਨ ਜਿਵੇਂ ਵਿਦਿਆ ਬਾਲਨ, ਅਰਸ਼ਦ ਵਾਰਸੀ। ਵੋਟਾਂ ਪੈਣ ਵਾਲੀਆਂ ਹਨ ਅਤੇ ਜਿਸ ਤਰ੍ਹਾਂ ਦਾ ਸਿਆਸੀ ਮਾਹੌਲ ਬਣ ਰਿਹਾ ਹੈ, ਜਨਤਾ ਨੂੰ ਵੀ ਅਪਣੇ ਆਪ ਨੂੰ ਤਿਆਰ ਕਰਨਾ ਪਵੇਗਾ। ਕੁਦਰਤ ਵਲੋਂ ਜਿਹੜਾ ਦਿਮਾਗ਼ ਸਾਨੂੰ ਮਿਲਿਆ ਹੈ, ਉਸ ਦਾ ਇਸਤੇਮਾਲ ਕਰ ਕੇ ਹੁਣ ਵੋਟਰ ਅਪਣੀ ਹਕੀਕਤ ਨੂੰ ਪਰਖਣਾ ਸ਼ੁਰੂ ਕਰ ਦੇਣ ਅਤੇ ਕੋਈ ਸ਼ਖ਼ਸੀਅਤ ਭਾਵੇਂ ਉਹ ਕਿੰਨੀ ਵੀ ਸੋਹਣੀ ਕਿਉਂ ਨਾ ਹੋਵੇ ਜਾਂ ਉਹ ਕਿੰਨਾ ਵੱਡਾ ਕ੍ਰਿਕੇਟਰ ਕਿਉਂ ਨਾ ਹੋਵੇ, ਕਿੰਨਾ ਵੱਡਾ ਬਾਬਾ ਕਿਉਂ ਨਾ ਹੋਵੇ ਤੇ ਕਿੰਨਾ ਅਮੀਰ ਕਿਉਂ ਨਾ ਹੋਵੇ, ਉਸ ਦੇ ਕਹਿਣ ਤੇ ਵੋਟ ਪਾਉਣ ਤੋਂ ਬਚਣ। -ਨਿਮਰਤ ਕੌਰ