ਕੀ ਪੰਜਾਬ ਦੀ ਜਨਤਾ ਭੇਡਾਂ ਵਰਗੀ ਹੈ ਜਿਸ ਨੂੰ ਹੱਕ ਕੇ ਬਾਬੇ ਕਿਸੇ ਵੀ ਵਾੜੇ ਵਿਚ ਡੱਕ ਸਕਦੇ ਹਨ?
ਧਿਆਨ ਦੇਣ ਵਾਲੀ ਗੱਲ ਇਹ ਨਹੀਂ ਕਿ ਕਿਹੜੀ ਪਾਰਟੀ ਸੱਤਾ 'ਚ ਆਵੇਗੀ ਸਗੋਂ ਇਹ ਹੈ ਕਿ ਪੰਜਾਬ ਦੀ ਜਨਤਾ ਭੇਡਾਂ ਵਰਗੀ ਹੈ?ਜਿਸ ਨੂੰ 1-2 ਬੰਦੇ ਜਿਸ ਕੋਲ ਚਾਹੇ ਵੇਚ ਸਕਦੇ ਹਨ?
ਧਿਆਨ ਦੇਣ ਵਾਲੀ ਗੱਲ ਇਹ ਨਹੀਂ ਕਿ ਕਿਹੜੀ ਪਾਰਟੀ ਸੱਤਾ ਵਿਚ ਆਵੇਗੀ ਸਗੋਂ ਇਹ ਹੈ ਕਿ ਪੰਜਾਬ ਦੀ ਜਨਤਾ ਕੀ ਭੇਡਾਂ ਵਰਗੀ ਹੈ ਜਿਸ ਨੂੰ ਇਕ ਦੋ ਬੰਦੇ ਜਿਸ ਕੋਲ ਚਾਹੇ ਵੇਚ ਸਕਦੇ ਹਨ? ਇਹ ਸਿਆਸਤਦਾਨਾਂ ਦੀ ਗ਼ਲਤੀ ਨਹੀਂ ਕਿ ਤੁਸੀਂ ਨਸ਼ੇ ਦੇ ਆਦੀ ਹੋ ਜਾਂ ਡੇਰੇ ਜਾ ਕੇ ਅਪਣੇ ਆਪ ਨੂੰ ਸਾਧ ਜਾਂ ਬਾਬੇ ਦੇ ਗ਼ੁਲਾਮ ਬਣਾ ਦੇਂਦੇ ਹੋ। ਸਿਆਸਤਦਾਨਾਂ ਦੀ ਲੜਾਈ ਕੁਰਸੀ ਦੀ ਹੈ ਤੇ ਉਹ ਇਸ ਵਿਚ ਕਿਸੇ ਦਾ ਵੀ ਇਸਤੇਮਾਲ ਕਰਨੋਂ ਨਹੀਂ ਝਿਜਕਣਗੇ। ਜੇ ਤੁਸੀਂ ਕਮਜ਼ੋਰ ਤੇ ਵਿਕਾਊ ਹੋ ਤਾਂ ਉਸ ਦੀ ਕੀ ਗ਼ਲਤੀ ਹੈ? ਜੇ ਤੁਸੀਂ ਸਿਆਸਤਦਾਨ ਤੋਂ ਕੰਮ ਸਹੀ ਤਰੀਕੇ ਨਾਲ ਨਹੀਂ ਲੈਂਦੇ ਤਾਂ ਫਿਰ ਗ਼ਲਤੀ ਕਿਸ ਦੀ ਹੈ?
ਇਸ ਵਾਰ ਦੀਆਂ ਚੋਣਾਂ ਵਿਚ ਸੱਭ ਤੋਂ ਮੁਸ਼ਕਲ ਕੰਮ ਹੈ ਇਸ ਗੱਲ ਦਾ ਅਨੁਮਾਨ ਲਗਾਉਣਾ ਕਿ ਇਸ ਵਾਰ ਜਿੱਤ ਕੌਣ ਰਿਹਾ ਹੈ? ਸੱਭ ਅਪਣੀ ਅਪਣੀ ਜਿੱਤ ਬਾਰੇ ਨਿਸ਼ਚਿੰਤ ਜਾਪਦੇ ਹਨ ਪਰ 72 ਫ਼ੀ ਸਦੀ ਵੋਟ ਭੁਗਤਣੀ ਕਿਸੇ ਬਦਲਾਅ ਦਾ ਸੰਕੇਤ ਤਾਂ ਨਹੀਂ। ਜਿਸ ਤਰ੍ਹਾਂ ਆਗੂਆਂ ਦੀਆਂ ਰੈਲੀਆਂ ਵਿਚ ਜਨ ਸਮੂਹ ਦਾ ਹੜ੍ਹ ਨਜ਼ਰ ਆ ਰਿਹਾ ਸੀ, ਉਸ ਨਾਲ ਤਾਂ ਲਗਦਾ ਸੀ ਕਿ ਇਸ ਵਾਰ ਤਾਂ 90 ਫ਼ੀ ਸਦੀ ਵੋਟਾਂ ਪੈਣਗੀਆਂ।
ਉਹ ਜਨ-ਸੈਲਾਬ ਕਿਥੇ ਗ਼ਾਇਬ ਹੋ ਗਿਆ? ਮਤਲਬ ਉਹ ਰੀਪੋਰਟ ਸਹੀ ਸੀ ਕਿ 1700 ਦਿਹਾੜੀਦਾਰ ਮਜ਼ਦੂਰ ਰੈਲੀਆਂ ਵਾਸਤੇ ਢੋਏ ਜਾ ਰਹੇ ਸਨ। ਜੇ ਲੋਕ ਅਪਣੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਕਰਨ ਲਈ ਵੋਟ ਕਰਨ ਆਉਂਦੇ ਤਾਂ ਅੱਜ ਸਥਿਤੀ ਏਨੀ ਗੁੰਝਲਦਾਰ ਨਾ ਬਣੀ ਹੁੰਦੀ। ਸਥਿਤੀ ਅਸਪਸ਼ਟ ਹੋਣ ਦਾ ਕਾਰਨ ਚੋਣ ਕਮਿਸ਼ਨ ਦੀਆਂ ਰੀਪੋਰਟਾਂ ਤੇ ਪ੍ਰਧਾਨ ਮੰਤਰੀ ਦੇ ਕੰਮਾਂ ਤੋਂ ਵੀ ਸਾਫ਼ ਹੋ ਜਾਂਦਾ ਹੈ।
ਪਹਿਲਾਂ ਚੋਣ ਕਮਿਸ਼ਨ ਦੀ ਰੀਪੋਰਟ ਵੇਖੀਏ ਤਾਂ ਇਸ ਵਾਰ ਪੰਜਾਬ ਵਿਚ ਚੋਣ ਕਮਿਸ਼ਨ ਦੀ ਆਮਦਨ ਤਕਰੀਬਨ 500 ਕਰੋੜ ਰਹੀ। 32 ਕਰੋੜ ਦੀ ਸ਼ਰਾਬ, 31.16 ਕਰੋੜ ਨਕਦ ਤੇ ਬਾਕੀ ਵੱਖ-ਵੱਖ ਤਰ੍ਹਾਂ ਦੇ ਨਸ਼ੇ ਆਦਿ ਫੜੇ ਗਏ।
ਸੂਬੇ ਦੇ ਤਕਰੀਬਨ ਸਾਰੇ ਲਾਇਸੈਂਸੀ ਹਥਿਆਰ ਜਮ੍ਹਾਂ ਕਰਵਾ ਲਏ ਗਏ ਸਨ ਤੇ ਸਿਰਫ਼ 33 ਹਥਿਆਰ ਫੜੇ ਗਏ। ਸੋ ਸੁਰੱਖਿਆ ਲਈ ਖ਼ਤਰਾ ਬਣਨ ਵਾਲਾ ਸਮਾਨ ਤਾਂ ਨਹੀਂ ਫੜਿਆ ਗਿਆ ਪਰ ਨਸ਼ਾ ਤੇ ਸ਼ਰਾਬ ਫੜੀ ਗਈ ਜਿਸ ਤੇ ਪੰਜਾਬ ਦੇ ਲੋਕਾਂ ਨੂੰ ਨਿਰਭਰ ਬਣਾ ਦਿਤਾ ਗਿਆ ਹੈ। ਸੋ ਵੋਟ ਪਾਉਣ ਦਾ ਸੱਭ ਤੋਂ ਵੱਡਾ ਕਾਰਨ ਸ਼ਰਾਬ ਤੇ ਨਸ਼ਾ ਰਿਹਾ ਹੋਵੇਗਾ ਕਿਉਂਕਿ ਜੇ 500 ਕਰੋੜ ਦਾ ਸਮਾਨ ਫੜਿਆ ਗਿਆ ਹੈ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਉਸ ਵਿਚੋਂ ਕਿੰਨਾ ਹੀ ਸਮਾਨ ਹੈ ਜੋ ਪੁਲਿਸ ਦੀ ਪਕੜ ਵਿਚ ਨਹੀਂ ਆਇਆ ਹੋਵੇਗਾ।
ਅਪਣੇ ਆਪ ਨੂੰ ਰਵਾਇਤੀ ਆਖੋ ਜਾਂ ਵਖਰੀ ਸੋਚ ਵਾਲੇ, ਇਸ ਜ਼ਹਿਰ ਦੀ ਵਰਤੋਂ ਹਰ ਪਾਰਟੀ ਨੇ ਕੀਤੀ ਹੈ। ‘ਆਪ’ ਪਾਰਟੀ ਕਹਿੰਦੀ ਸੀ ਕਿ ਅਸੀ ਬਾਕੀ ਪਾਰਟੀਆਂ ਵਰਗੇ ਨਹੀਂ ਬਣਾਂਗੇ ਪਰ 40 ਫ਼ੀ ਸਦੀ ਉਮੀਦਵਾਰ ਬਾਕੀ ਪਾਰਟੀਆਂ ਵਿਚੋਂ ਹੀ ਤਾਂ ਇਸ ਨੇ ਅਪਣੇ ਉਮੀਦਵਾਰ ਬਣਾ ਲਏ ਸਨ। ਉਹ ਅਪਣੀਆਂ ਰੀਤਾਂ ਰਵਾਇਤਾਂ ਨਾਲ ਲੈ ਕੇ ਗਏ ਸਨ।
ਸੋ ਇਸ ਵਾਰ ਜਿੱਤ ਦਾ ਮੂੰਹ ਵੇਖਣ ਲਈ ਇਸ ਜ਼ਹਿਰ ਦੀ ਵਰਤੋਂ ਸੱਭ ਨੇ ਕੀਤੀ ਹੋਵੇਗੀ। ਲੋਕ ਤਾਂ ਇਨ੍ਹਾਂ ਪਾਰਟੀਆਂ ਤੋਂ ਆਸ ਰੱਖ ਰਹੇ ਹਨ ਕਿ ਇਹ ਪਾਰਟੀਆਂ ਪੰਜਾਬ ਵਿਚੋਂ ਨਸ਼ੇ ਦੀ ਬੀਮਾਰੀ ਖ਼ਤਮ ਕਰਨਗੀਆਂ ਜਦਕਿ ਉਨ੍ਹਾਂ ਨੇ ਤਾਂ ਆਪ ਹੀ ਵੋਟਾਂ ਪ੍ਰਾਪਤ ਕਰਨ ਲਈ ਨਸ਼ੇ ਦੇ ਲੰਗਰ ਲਗਾ ਦਿਤੇ। ਕੋਈ ਅਪਣੇ ਪੈਰ ਤੇ ਆਪ ਵੀ ਕੁਹਾੜੀ ਮਾਰੇਗਾ ਭਲਾ?
ਦੂਜੀ ਕਮਜ਼ੋਰੀ ਦਾ ਇਸਤੇਮਾਲ ਪ੍ਰਧਾਨ ਮੰਤਰੀ ਨੇ ਕੀਤਾ ਤੇ ਉਨ੍ਹਾਂ ਦੀ ਪਕੜ ਦੀ ਦਾਦ ਦੇਣੀ ਪਵੇਗੀ। ਸੌਦਾ ਸਾਧ ਦੇ ਚੇਲਿਆਂ ਦਾ ਇਸਤੇਮਾਲ ਤਾਂ ਕੀਤਾ ਹੀ ਪਰ ਨਾਲ ਨਾਲ ਉਨ੍ਹਾਂ ਨੇ ਕੁੱਝ ਸਿੱਖੀ ਦੇ ਪ੍ਰਚਾਰਕਾਂ ਵਜੋਂ ਜਾਣੇ ਜਾਂਦੇ ਸਿੱਖਾਂ ਨੂੰ ਅਪਣੇ ਘਰ ਸੱਦ ਕੇ ਅਖ਼ੀਰ ਵਿਚ ਆ ਕੇ ਇਕ ਵੱਡਾ ਤਬਕਾ ਅਪਣੇ ਨਾਲ ਜੋੜ ਲਿਆ। ਭਾਈ ਰਣਜੀਤ ਸਿੰਘ ਢਡਰੀਆਂ ਨੇ ਖੁਲ੍ਹ ਕੇ ਅਪੀਲ ਕੀਤੀ ਕਿ ਅਪਣੇ ਅਪਣੇ ਬਾਬੇ ਦੇ ਪੈਰ ਧੋ ਲਿਉ ਪਰ ਉਨ੍ਹਾਂ ਦੇ ਆਖੇ ਤੇ ਵੋਟ ਨਾ ਪਾਉਣਾ ਕਿਉਂਕਿ ਉਹ ਤੁਹਾਨੂੰ ਭੇਡਾਂ ਬਣਾ ਕੇ ਅਪਣਾ ਫ਼ਾਇਦਾ ਲੈ ਜਾਣਗੇ।
ਹੁਣ ਅੰਦਾਜ਼ੇ ਹੀ ਲਗਾਏ ਜਾ ਰਹੇ ਹਨ ਕਿ ਇਹ ਵੋਟ ਕਿੰਨੀ ਸੀ। ਜੇ ਮੋਦੀ ਦੇ ਗੁਪਤ ਭਾਈਵਾਲ ਅਕਾਲੀ ਦਲ ਤੇ ਭਾਜਪਾ ਦੋਹਾਂ ਨੂੰ ਮਿਲੀ ‘ਬਾਬਾ ਵੋਟ’ ਜੋੜ ਲਈ ਜਾਵੇ ਤਾਂ ਕੀ ਉਹ ਅਪਣੀ ਸਰਕਾਰ ਬਣਾ ਸਕਣਗੇ? ਪਰ ਧਿਆਨ ਦੇਣ ਵਾਲੀ ਗੱਲ ਇਹ ਨਹੀਂ ਕਿ ਕਿਹੜੀ ਪਾਰਟੀ ਸੱਤਾ ਵਿਚ ਆਵੇਗੀ ਸਗੋਂ ਇਹ ਹੈ ਕਿ ਪੰਜਾਬ ਦੀ ਜਨਤਾ ਕੀ ਭੇਡਾਂ ਵਰਗੀ ਹੈ ਜਿਸ ਨੂੰ ਇਕ ਦੋ ਬੰਦੇ ਜਿਸ ਕੋਲ ਚਾਹੇ ਵੇਚ ਸਕਦੇ ਹਨ?
ਇਹ ਸਿਆਸਤਦਾਨਾਂ ਦੀ ਗ਼ਲਤੀ ਨਹੀਂ ਕਿ ਤੁਸੀਂ ਨਸ਼ੇ ਦੇ ਆਦੀ ਹੋ ਜਾਂ ਡੇਰੇ ਜਾ ਕੇ ਅਪਣੇ ਆਪ ਨੂੰ ਸਾਧ ਜਾਂ ਬਾਬੇ ਦੇ ਗ਼ੁਲਾਮ ਬਣਾ ਦੇਂਦੇ ਹੋ। ਸਿਆਸਤਦਾਨਾਂ ਦੀ ਲੜਾਈ ਕੁਰਸੀ ਦੀ ਹੈ ਤੇ ਉਹ ਇਸ ਵਿਚ ਕਿਸੇ ਦਾ ਵੀ ਇਸਤੇਮਾਲ ਕਰਨੋਂ ਨਹੀਂ ਝਿਜਕਣਗੇ। ਜੇ ਤੁਸੀਂ ਕਮਜ਼ੋਰ ਤੇ ਵਿਕਾਊ ਹੋ ਤਾਂ ਉਸ ਦੀ ਕੀ ਗ਼ਲਤੀ ਹੈ? ਜੇ ਤੁਸੀਂ ਸਿਆਸਤਦਾਨ ਤੋਂ ਕੰਮ ਸਹੀ ਤਰੀਕੇ ਨਾਲ ਨਹੀਂ ਲੈਂਦੇ ਤਾਂ ਫਿਰ ਗ਼ਲਤੀ ਕਿਸ ਦੀ ਹੈ?
ਕਿਉਂ ਕਮਜ਼ੋਰ ਹਾਂ ਅਸੀ? ਇਕ ਸਿਆਸਤਦਾਨ ਦਾ ਕਹਿਣਾ ਸੀ ਕਿ ਉਸ ਨੇ ਪੰਜਾਬ ਤੋਂ ਬਾਹਰ ਏਨਾ ਵਿਕਾਊ ਮੀਡੀਆ ਕਿਸੇ ਹੋਰ ਸੂਬੇ ਵਿਚ ਨਹੀਂ ਵੇਖਿਆ। ਪੰਜਾਬ ਨੇ ਏਨੇ ਵਿਕਾਊ ਸਿਆਸਤਦਾਨ ਵੀ ਪਹਿਲਾਂ ਕਦੇ ਨਹੀਂ ਸਨ ਵੇਖੇ। ਪੰਜਾਬ ਦਾ ਵੋਟਰ ਵੀ ਜੇ ਬਾਬਿਆਂ ਦੇ ਕਹਿਣ ਤੇ ਜਾਂ ਸ਼ਰਾਬ ਤੇ ਨਸ਼ਾ ਲੈ ਕੇ, ਵੋਟ ਜਿਥੇ ਉਹ ਕਹਿਣ, ਉਥੇ ਦੇ ਦੇਂਦਾ ਹੈ ਤਾਂ ਲੋਕ-ਰਾਜ ਤਾਂ ਐਵੇਂ ਨਾਂ ਦਾ ਹੀ ਰਹਿ ਗਿਆ ਸਮਝੋ। ਪਾਰਟੀਆਂ ਦੇ ਲੇਬਲ ਅਤੇ ਭਾਸ਼ਨ ਵੱਖ ਵੱਖ ਹਨ ਪਰ ਅੰਦਰੋਂ ਤਾਂ ਸਾਰੇ ਕੇਂਦਰ ਸਰਕਾਰ ਨਾਲ ਮਿਲ ਕੇ ਚਲਦੇ ਹੀ ਵੇਖੇ ਹਨ। (ਚਲਦਾ)
-ਨਿਮਰਤ ਕੌਰ