‘ਪੰਜਾਬੀ ਕੇਜਰੀਵਾਲ’ ਪੈਦਾ ਕੀਤੇ ਬਿਨਾਂ ਤੇ ਪੰਜਾਬ ਦੀਆਂ ਸਮੱਸਿਆਵਾਂ ਦਾ ਜ਼ਿਕਰ ਕੀਤੇ ਬਿਨਾਂ,‘ਆਪ’....

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਕੇਜਰੀਵਾਲ ਸਰਕਾਰ ਨੇ ਕਿਸਾਨਾਂ ਨੂੰ ਦਿੱਲੀ ਦੀਆਂ ਸਰਹੱਦਾਂ ’ਤੇ ਬੈਠੇ ਵੇਖਿਆ ਤਾਂ ਉਨ੍ਹਾਂ ਨੇ ਕਿਸਾਨਾਂ ਦੀ ਕਾਫ਼ੀ ਮਦਦ ਕੀਤੀ।

Arvind Kejriwal

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿਚ ਆ ਕੇ ਕਿਸਾਨਾਂ ਦੇ ਹੱਕ ਵਿਚ ਇਕ ਮਹਾਂ ਰੈਲੀ ਕੀਤੀ ਅਤੇ ਪੰਜਾਬ ਦੇ ਚੋਣ ਦੰਗਲ ਵਿਚ ਅਪਣਾ ਪਾਸਾ ਸੁਟ ਦਿਤਾ। ਰੈਲੀ ਵਿਚ ਅਪਣੇ ਸੰਬੋਧਨ ਵਿਚ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਵਲੋਂ ਕਿਸਾਨਾਂ ਦੀ ਪੂਰੀ ਮਦਦ ਕੀਤੀ ਗਈ ਹੈ ਅਤੇ ਉਹ ਕੇਂਦਰ ਸਰਕਾਰ ਵਿਰੁਧ ਕਿਸਾਨਾਂ ਦੀ ਢਾਲ ਬਣੇ ਰਹੇ। ਉਨ੍ਹਾਂ ਪੰਜਾਬ ਦੇ ਕਿਸਾਨਾਂ ਨੂੰ ਸ਼ਾਬਾਸ਼ ਵੀ ਦਿਤੀ ਕਿਉਂਕਿ ਪੰਜਾਬ ਦੇ ਕਿਸਾਨਾਂ ਨੇ ਹੀ ਦੇਸ਼ ਨੂੰ ਖੇਤੀ ਕਾਨੂੰਨ ਪ੍ਰਤੀ ਜਾਗਰੂਕ ਕੀਤਾ ਹੈ।

ਇਥੇ ਇਹ ਤੱਥ ਵੀ ਯਾਦ ਰਖਣਾ ਜ਼ਰੂਰੀ ਹੈ ਕਿ ਜੇ ਕਿਸਾਨਾਂ ਦੇ ਹੱਕ ਵਿਚ ਦੇਸ਼ ਦੇ ਮੁੱਖ ਮੰਤਰੀਆਂ ਦੇ ਸਮਰਥਨ ਦੀ ਗੱਲ ਕਰੀਏ ਤਾਂ ਪੰਜਾਬ ਦੇ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਲਈ ਪੰਜਾਬ ਦੀ ਧਰਤੀ ਉਤੇ ਪੰਜਾਬ ਸਰਕਾਰ ਨੇ ਪੂਰੀ ਆਜ਼ਾਦੀ ਦਿਤੀ ਹੋਈ ਸੀ ਜਦਕਿ ਅਰਵਿੰਦ ਕੇਜਰੀਵਾਲ ਨੂੰ ਕਿਸਾਨਾਂ ਦੇ ਹੱਕ ਵਿਚ ਨਿਤਰਨ ਵਿਚ ਕਾਫ਼ੀ ਦੇਰ ਲੱਗੀ ਸੀ। ਜਦ ਕਿਸਾਨ ਆਗੂ ਪਹਿਲਾਂ ਦਿੱਲੀ ਜਾਂਦੇ ਸਨ ਤਾਂ ਉਨ੍ਹਾਂ ਨੂੰ ਦਿੱਲੀ ਦੀ ਕੇਜਰੀਵਾਲ ਸਰਕਾਰ ਦਾ ਸਹਿਯੋਗ ਨਹੀਂ ਸੀ ਮਿਲਦਾ। ਹਾਂ, ਪਰ ਜਦੋਂ ਕੇਜਰੀਵਾਲ ਸਰਕਾਰ ਨੇ ਕਿਸਾਨਾਂ ਨੂੰ ਦਿੱਲੀ ਦੀਆਂ ਸਰਹੱਦਾਂ ’ਤੇ ਬੈਠੇ ਵੇਖਿਆ ਤਾਂ ਉਨ੍ਹਾਂ ਨੇ ਕਿਸਾਨਾਂ ਦੀ ਕਾਫ਼ੀ ਮਦਦ ਕੀਤੀ।

ਪਰ ਸਿਆਸਤਦਾਨ ਨਾ ਤਾਂ ਅਪਣੀ ਗ਼ਲਤੀ ਮੰਨੇਗਾ ਅਤੇ ਨਾ ਹੀ ਦੂਜੇ ਸਿਆਸਤਦਾਨ ਦੀ ਤਾਰੀਫ਼ ਹੀ ਕਰੇਗਾ। ਸਾਰੀਆਂ ਪਾਰਟੀਆਂ ਸਿਰਫ਼ ਅਪਣੇ ਕੰਮਾਂ ਦਾ ਹੀ ਪ੍ਰਚਾਰ ਕਰਦੀਆਂ ਹਨ। ‘ਆਪ’ ਦੀ ਇਸ ਰੈਲੀ ਵਿਚ ਵੀ ਉਹੀ ਹੋਇਆ। ਕਿਸਾਨਾਂ ਦੇ ਨਾਂ ’ਤੇ ਕੀਤੀ ਗਈ ਇਸ ਰੈਲੀ ਵਿਚ 2022 ਦੀਆਂ ਵੋਟਾਂ ਲਈ ਚੋਣ ਪ੍ਰਚਾਰ ਹੀ ਹੋਇਆ। ਲੋਕ ਵੀ ਜਾਣਦੇ ਸਨ ਕਿ ਇਸ ਰੈਲੀ ਦਾ ਅਸਲ ਮਕਸਦ 2022 ਦੀਆਂ ਚੋਣਾਂ ਲਈ ਹਮਾਇਤ ਜੁਟਾਉਣਾ ਹੀ ਹੈ ਅਤੇ ਲੋਕ ਵੀ ਭਾਰੀ ਸੰਖਿਆ ਵਿਚ ਅਰਵਿੰਦ ਕੇਜਰੀਵਾਲ ਨੂੰ ਸੁਣਨ ਆਏ ਹੋਏ ਸਨ ਤੇ ਕੇਜਰੀਵਾਲ ਨੇ ਉਨ੍ਹਾਂ ਨੂੰ ਨਿਰਾਸ਼ ਵੀ ਨਹੀਂ ਕੀਤਾ। ਪੰਜਾਬ ਵਿਚ ਕਾਂਗਰਸ ਵਲੋਂ 2017 ਵਿਚ ਜਾਰੀ ਕੀਤੇ ਨੌਕਰੀ ਕਾਰਡ ਪੜ੍ਹ ਕੇ ਤੇ ਨੌਜਵਾਨਾਂ ਦੀ ਬੇਰੁਜ਼ਗਾਰੀ ਦਾ ਦਰਦ ਸਮਝ ਕੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਐਲਾਨ ਕਰ ਦਿਤਾ ਕਿ ਇਹ ਵਾਅਦਾ ਉਹ 2022 ਵਿਚ ਪੰਜਾਬ ਦੀਆਂ ਚੋਣਾਂ ਜਿੱਤ ਕੇ ਆਪ ਪੂਰਾ ਕਰਨਗੇ ਭਾਵੇਂ ਵਾਅਦਾ ਕਾਂਗਰਸ ਵਲੋਂ ਕੀਤਾ ਗਿਆ ਸੀ।

ਅਰਵਿੰਦ ਕੇਜਰੀਵਾਲ ਬੜੇ ਦੂਰ-ਦਰਸ਼ੀ ਸਿਆਸਤਦਾਨ ਹਨ ਜਿਨ੍ਹਾਂ ਨੇ ਤਿੰਨ ਵਾਰ ਦਿੱਲੀ ਵਿਚ ਨਰਿੰਦਰ ਮੋਦੀ ਨੂੰ ਹਰਾਇਆ ਹੈ। ਆਮ ਆਦਮੀ ਪਾਰਟੀ ਨੇ ਪੰਜਾਬ ਵਿਚ 2017 ਦੀਆਂ ਚੋਣਾਂ ਦੌਰਾਨ ਅਪਣੀ ਸਾਖ ਬਣਾਈ ਅਤੇ ਅਗਲੀ ਸਰਕਾਰ ਵੀ ਬਣਾ ਸਕਦੀ ਸੀ ਜੇਕਰ ਉਹ ਦਿੱਲੀ ਦੇ ਅਪਣੇ ਸ਼ਾਸਨ ਵਿਚ, ਪੰਜਾਬ ਦੇ ਹਿਤਾਂ ਨੂੰ ਸਾਹਮਣੇ ਰੱਖ ਕੇ ਰਾਜ ਕਰਦੀ ਤੇ ਅਪਣੀ ਪਾਰਟੀ ਦੇ ਕਿਸੇ ਪੰਜਾਬੀ ਆਗੂ ਨੂੰ ‘ਪੰਜਾਬ ਦਾ ਕੇਜਰੀਵਾਲ’ ਬਣਨ ਦੇਂਦੀ। ਪਰ ਹੋਇਆ ਇਸ ਦੇ ਐਨ ਉਲਟ। ਪੰਜਾਬ ਵਿਚੋਂ ਜਿਹੜਾ ਵੀ ਕੋਈ, ਆਗੂ ਦਾ ਰੋਲ ਨਿਭਾ ਸਕਦਾ ਸੀ, ਉਸ ਨੂੰ ਧੱਕਾ ਮਾਰ ਕੇ ਥੱਲੇ ਸੁਟ ਦਿਤਾ ਗਿਆ ਤੇ ਅਗਵਾਈ ਅਜਿਹੇ ਹੱਥਾਂ ਵਿਚ ਫੜਾ ਦਿਤੀ ਜਿਨ੍ਹਾਂ ਦਾ ਅਪਣੇ ਹਲਕੇ ਤੋਂ ਬਾਹਰ ਪ੍ਰਭਾਵ ਹੀ ਕੋਈ ਨਹੀਂ ਦਿਸਦਾ। ਅੱਜ ਵੀ ‘ਆਪ’ ਉਸੇ ਮੋੜ ’ਤੇ ਖੜੀ ਹੈ। ਪੰਜਾਬ ਦੇ ਅਸਲ ਮੁੱਦਿਆਂ ਦਾ ਜ਼ਿਕਰ ਵੀ ਨਾ ਕਰ ਕੇ, ਵੋਟ ਇਹ ਕਹਿ ਕੇ ਮੰਗ ਰਹੀ ਹੈ ਕਿ ‘ਵੇਖੋ ਅਸੀ ਦਿੱਲੀ ਦੇ ਲੋਕਾਂ ਲਈ ਕਿੰਨੇ ਚੰਗੇ ਕੰਮ ਕੀਤੇ।’ ਉਨ੍ਹਾਂ ਨੂੰ ਪੰਜਾਬ ਦੇ ਮਸਲਿਆਂ ਦਾ ਜ਼ਿਕਰ ਕਰਨਾ ਵੀ ਯਾਦ ਨਹੀਂ ਰਹਿੰਦਾ।

2017 ਤੇ 2022 ਵਿਚ ਉਨ੍ਹਾਂ ਕੋਲ ਦਿੱਲੀ ਦਾ ਰੀਪੋਰਟ ਕਾਰਡ ਹੈ ਜੋ ਦਸਦਾ ਹੈ ਕਿ ਉਹ ਅਪਣੇ ਵਾਅਦਿਆਂ ਨੂੰ ਜੁਮਲਾ ਬਣਾਉਣ ਵਾਲੀ ਪਾਰਟੀ ਨਹੀਂ। ਉਹ ਮੰਚ ਤੇ ਖੜੇ ਹੋ ਕੇ ਅਪਣੇ ਵਿਰੋਧੀਆਂ ਬਾਰੇ ਕੁੱਝ ਜ਼ਿਆਦਾ ਹੀ ਬੋਲ ਜਾਂਦੇ ਹਨ ਪਰ ਉਨ੍ਹਾਂ ਦੇ ਚੋਣ ਮੈਨੀਫ਼ੈਸਟੋ ਵਿਚ ਜੁਮਲੇ ਨਹੀਂ ਹਨ, ਜਿਸ ਦੀ ਗਵਾਹੀ ਦਿੱਲੀ ਦੇ ਵੋਟਰਾਂ ਵਲੋਂ ਉਨ੍ਹਾਂ ਨੂੰ ਲਗਾਤਾਰ ਤਿੰਨ ਵਾਰ ਜਿਤਾ ਕੇ ਦਿਤੀ ਗਈ ਹੈ। ਪਰ ਪਿਛਲੇ ਚਾਰ ਸਾਲਾਂ ਦੌਰਾਨ ਪੰਜਾਬ ਵਿਚ ‘ਆਪ’ ਦੀ ਤਾਕਤ ਵਧੀ ਵੀ ਹੈ ਅਤੇ ਕਮਜ਼ੋਰ ਵੀ ਹੋਈ ਹੈ। ਲੋਕ ਦਿੱਲੀ ਵਲ ਵੇਖ ਕੇ ਸੋਚਦੇ ਹਨ ਕਿ ਆਪ ਦੇ ਆਉਣ ਨਾਲ ਸ਼ਾਇਦ ਕੁੱਝ ਵਖਰਾ ਵੀ ਹੋ ਸਕਦਾ ਹੈ। ਪੰਜਾਬ ਦੇ ਲੋਕ ਰਵਾਇਤੀ ਪਾਰਟੀਆਂ ਤੋਂ ਹਟ ਕੇ ਨਵੀਂ ਸਿਆਸੀ ਪਾਰਟੀ ਦੀ ਕਾਰਗੁਜ਼ਾਰੀ ਵੀ ਵੇਖਣਾ ਚਾਹੁੰਦੇ ਹਨ। ਪਰ ਉਹ ਵੋਟ ਕਿਸ ਆਗੂ ਦਾ ਚਿਹਰਾ ਵੇਖ ਕੇ ਪਾਉਣਗੇ?

ਇਸ ਮਾਮਲੇ ਵਿਚ ‘ਆਪ’ ਪੰਜਾਬ ਵਿਚ ਬਹੁਤ ਕਮਜ਼ੋਰ ਹਾਲਤ ਵਿਚ ਹੈ। ਸਾਰੇ ਵੱਡੇ ਚਿਹਰੇ ‘ਆਪ’ ਦੀ ਹਾਈ ਕਮਾਂਡ ਤੋਂ ਨਾਰਾਜ਼ ਚਲ ਰਹੇ ਹਨ ਅਤੇ ਕਈ ਇਸ ਨੂੰ ਛੱਡ ਵੀ ਚੁੱਕੇ ਹਨ। ਹਾਰਨ ਵਾਲੇ ਤਾਂ ਪਿਛੇ ਹਟੇ ਹੀ ਹਨ ਬਲਕਿ ਜਿੱਤੇ ਹੋਏ ਉਮੀਦਵਾਰ ਵੀ ਨਾਲ ਨਹੀਂ ਰਹਿ ਸਕੇ। ਸੁਖਪਾਲ ਸਿੰਘ ਖਹਿਰਾ, ਡਾ. ਧਰਮਵੀਰ ਗਾਂਧੀ, ਗੁਰਪ੍ਰੀਤ ਘੁੱਗੀ, ਕੰਵਰ ਸੰਧੂ ਵਰਗੇ ਲੋਕਾਂ ਦੇ ਹਰਮਨਪਿਆਰੇ ਆਗੂ ਪਾਰਟੀ ਨਾਲ ਨਹੀਂ ਚਲ ਰਹੇ। ਜੇ 2022 ਲਈ ‘ਆਪ’ ਚੋਣਾਂ ਦੇ ਦੰਗਲ ਵਿਚ ਲੜਨ ਲਈ ਤਿਆਰ ਹੈ ਤਾਂ ਉਨ੍ਹਾਂ ਦੇ ਆਗੂ ਕਿਥੇ ਹਨ ਜਿਹੜੇ ‘ਆਪ’ ਕੋਲੋਂ ਪੰਜਾਬ ਵਿਚ ਅਪਣੇ ਵਾਅਦੇ ਪੂਰੇ ਕਰਵਾ ਸਕਣਗੇ?

ਦਿੱਲੀ ਸਰਕਾਰ ਦੀ ਖ਼ਾਸੀਅਤ ਸੀ ਕਿ ਉਸ ਦੇ ਵਿਧਾਇਕ ਦਿੱਲੀ ਵਿਚੋਂ ਉਠ ਕੇ ਆਏ ਸੀ ਅਤੇ ਉਹ ਦਿੱਲੀ ਨੂੰ ਸਮਝਦੇ ਸਨ। ਪਰ ਹੁਣ ਪੰਜਾਬ ਵਿਚ ਦੁਬਾਰਾ ਕੌਣ ‘ਆਪ’ ਨਾਲ ਜੁੜੇਗਾ ਤੇ ‘ਆਪ’ ਕਿਸ ਤਰ੍ਹਾਂ ਵਿਸ਼ਵਾਸ ਦਿਵਾਏਗੀ ਕਿ ਉਹ ਇਨ੍ਹਾਂ ਆਗੂਆਂ ਤੋਂ ਪੰਜਾਬ ਦੇ ਹਿਤਾਂ ਲਈ ਕੰਮ ਕਰਵਾ ਸਕੇਗੀ? ਪੰਜਾਬ ਵਿਚ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੀ ਪਛਾਣ ਅਰਵਿੰਦਰ ਕੇਜਰੀਵਾਲ ਨਾਲ ਹੈ ਉਸ ਤਰ੍ਹਾਂ ਦੀ ਪਛਾਣ ਪੰਜਾਬ ਦੇ ਕਿਸੇ ਵੀ ਸੂਬਾ ਪੱਧਰੀ ਆਗੂ ਦੀ ਨਹੀਂ ਬਣ ਸਕੀ।  ਭਗਵੰਤ ਮਾਨ ਦੀ ਆਵਾਜ਼ ਸੰਸਦ ਵਿਚ ਦੇਸ਼ ਦਾ ਧਿਆਨ ਪੰਜਾਬ ਦੇ ਦੁਖੜਿਆਂ ਵਲ ਖਿਚਦੀ ਹੈ ਪਰ ਕੀ ਹੁਣ ਉਹ ਪੰਜਾਬ ਨੂੰ ਸੰਭਾਲਣ ਲਈ ਅਪਣਾ ਮੈਂਬਰ ਪਾਰਲੀਮੈਂਟ ਦਾ ਅਹੁਦਾ ਛੱਡ ਦੇਣਗੇ? ਕੀ ‘ਆਪ’ ਉਨ੍ਹਾਂ ਦੇ ਮੋਢਿਆਂ ਉਤੇ ਕੋਈ ਹੋਰ ਭਾਰ ਪਾ ਕੇ ਜਿੱਤ ਜਾਣ ਦੀ ਉਮੀਦ ਕਰ ਰਹੀ ਹੈ?

ਪੰਜਾਬ ਨੇ ਆਮ ਆਦਮੀ ਪਾਰਟੀ ਨੂੰ ਇਕ ਮੌਕਾ ਦਿਤਾ ਹੈ ਪਰ ਦੂਜੀ ਪਾਰੀ ਲਈ ਖੇਡਣ ਦੇਣ ਤੋਂ ਪਹਿਲਾਂ ਪੰਜਾਬ ਇਨ੍ਹਾਂ ਤੋਂ ਕੁੱਝ ਸਵਾਲ ਜ਼ਰੂਰ ਪੁਛੇਗਾ ਕਿ ‘ਆਪ’ ਅਸਲ ਵਿਚ ਪੰਜਾਬ ਦੇ ਹਿਤਾਂ ਲਈ ਕੰਮ ਕਰਨ ਨੂੰ ਤਿਆਰ ਹੋ ਵੀ ਜਾਂ ‘ਅਸੀ ਦਿੱਲੀ ਵਿਚ ਇਹ ਕੀਤਾ ਔਹ ਕੀਤਾ’ ਦਾ ਜ਼ਿਕਰ ਹੀ ਕਰਦੇ ਰਹੋਗੇ? ਅਜੇ ਤਾਂ ਸਟੇਜ ਤੇ ਦਿੱਲੀ ਦੇ ਮੁੱਖ ਮੰਤਰੀ ਹੀ ਛਾ ਰਹੇ ਸਨ ਪਰ ਕੀ ਉਹ ਪੰਜਾਬ ਦੇ ਆਗੂਆਂ ਨੂੰ ਵੀ ਪੰਜਾਬ ਦੇ ਲੋਕਾਂ ਦੇ ਦਿਲਾਂ ਉਤੇ ਛਾ ਜਾਣ ਦਾ ਮੌਕਾ ਵੀ ਦੇਣਗੇ?            -ਨਿਮਰਤ ਕੌਰ