15 ਅਪ੍ਰੈਲ ਨੂੰ ਕੋਧਰੇ ਦੀ ਰੋਟੀ ਛੱਕ ਕੇ ਜੋ ਸਵਾਦ ਆਇਆ ਤੇ ਹੋਰ ਜੋ ਅੱਖੀਂ ਵੇਖਿਆ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਮੈਂ 61 ਸਾਲ ਦੀ ਉਮਰ ਤਕ ਕੋਧਰੇ ਦੀ ਰੋਟੀ ਦੀ ਮਹਿਮਾ ਵਡਿਆਈ ਤਾਂ ਬਹੁਤ ਸੁਣਦਾ-ਪੜ੍ਹਦਾ ਰਿਹਾ ਪਰ ਸੁਆਦ 15 ਅਪ੍ਰੈਲ 2018 ਨੂੰ ਹੀ ਚਖਣ ਨੂੰ ਮਿਲਿਆ

rozana spokesman

'ਉੱਚਾ ਦਰ ਬਾਬੇ ਨਾਨਕ ਦਾ' ਬਪਰੌਰ ਜੀ.ਟੀ. ਰੋਡ, ਨੇੜੇ ਸ਼ੰਭੂ ਬਾਰਡਰ 15 ਅਪ੍ਰੈਲ 2018  ਐਤਵਾਰ ਨੂੰ ਬਾਬੇ ਨਾਨਕ ਦਾ ਜਨਮ ਪੁਰਬ, ਸੰਗਤ ਨੂੰ ਕੋਧਰੇ ਦੀ ਰੋਟੀ ਤੇ ਸਾਗ ਦਾ ਪ੍ਰਸ਼ਾਦ ਛਕਾ ਕੇ, ਰੋਜ਼ਾਨਾ ਸਪੋਕਸਮੈਨ ਨੇ ਮਾਣਮੱਤਾ ਇਤਿਹਾਸ ਸਿਰਜ ਦਿਤਾ। ਮੈਂ 61 ਸਾਲ ਦੀ ਉਮਰ ਤਕ ਕੋਧਰੇ ਦੀ ਰੋਟੀ ਦੀ ਮਹਿਮਾ ਵਡਿਆਈ ਤਾਂ ਬਹੁਤ ਸੁਣਦਾ-ਪੜ੍ਹਦਾ ਰਿਹਾ ਪਰ ਸੁਆਦ 15 ਅਪ੍ਰੈਲ 2018 ਨੂੰ ਹੀ ਚਖਣ ਨੂੰ ਮਿਲਿਆ। ਸਦਕੇ ਜਾਵਾਂ ਸਪੋਕਸਮੈਨ ਦੇ ਜਿਸ ਨੇ ਬਾਬੇ ਨਾਨਕ ਵਲੋਂ ਸੁਆਦ ਲੈ ਕੇ ਛਕੀ ਕੋਧਰੇ ਦੀ ਰੋਟੀ ਦਾ ਸੁਆਦ ਅਪਣੇ ਪਾਠਕਾਂ ਨੂੰ ਵੀ ਮਾਣਨ ਦਾ ਮੌਕਾ ਦਿਤਾ। ਸੱਚਮੁਚ ਹੀ ਬਾਬਾ ਨਾਨਕ ਜੀ ਭਾਈ ਲਾਲੋ ਦੇ ਘਰ ਸੱਚੀ-ਸੁੱਚੀ ਕਿਰਤ ਦਾ ਭੋਜਨ ਛਕਦੇ ਪ੍ਰਤੀਤ ਹੋਏ। ਵਾਹ! ਸਪੋਕਸਮੈਨ ਐਸੀਆਂ ਵਡਿਆਈਆਂ ਬਾਬੇ ਨਾਨਕ ਨੇ ਸਿਰਫ਼ ਤੇਰੇ ਹਿੱਸੇ ਹੀ ਪਾਈਆਂ ਹਨ। ਕਰੋੜਾਂ ਅਰਬਾਂ ਰੁਪਏ ਲੰਗਰਾਂ ਵਿਚ ਪਨੀਰ, ਦਾਲ ਮੱਖਣੀ, ਖੀਰ-ਪੂੜੇ, ਮਠਿਆਈਆਂ ਉਤੇ ਖ਼ਰਚਣ ਵਾਲੇ ਅਸਲੋਂ ਹੀ ਬਾਬੇ ਦੀ ਕ੍ਰਿਪਾ ਤੋਂ ਹੁਣ ਤਕ ਦੂਰ ਰਹੇ। ਹਾਂ ਹੁਣ ਸ਼ਾਇਦ ਲੰਗਰਾਂ ਵਿਚ ਕੋਧਰੇ ਦੀ ਰੋਟੀ ਦਾ ਇਨਕਲਾਬ ਵੀ ਆ ਜਾਵੇ। 
ਮੇਰੇ ਮਨ ਅੰਦਰ ਇਕ ਵਿਚਾਰ ਆਇਆ ਕਿ ਯਕੀਨਨ ਸਪੋਕਸਮੈਨ ਵਲੋਂ ਪਾਠਕਾਂ ਨਾਲ ਮਿਲ ਕੇ ਉਸਾਰਿਆ ਜਾ ਰਿਹਾ 'ਉੱਚਾ ਦਰ ਬਾਬੇ ਨਾਨਕ ਦਾ' ਵੀ ਇਸੇ ਤਰ੍ਹਾਂ (ਕੋਧਰੇ ਦੀ ਰੋਟੀ ਦੇ ਇਤਿਹਾਸਕ ਪਰ ਨਿਵੇਕਲੇ ਪ੍ਰੈਕਟੀਕਲ ਵਾਂਗ) ਹੀ ਗੁਰੂ ਸਾਹਿਬਾਨ ਦੇ ਜੀਵਨ ਅਤੇ ਬਾਣੀ ਨੂੰ ਪੜ੍ਹਨ, ਸੁਣਨ, ਵਿਚਾਰਨ, ਸਮਝਣ ਅਤੇ ਅਮਲੀ ਜੀਵਨ ਵਿਚ ਢਾਲਣ ਸਬੰਧੀ ਇਨਕਲਾਬ ਲਿਆ ਦੇਵੇਗਾ, ਜਿਸ ਦਿਨ ਇਹ ਪੂਰਾ ਹੋ ਕੇ ਗੁਰਮਤਿ ਦੀਆਂ ਕਿਰਨਾਂ ਬਿਖੇਰਨ ਲੱਗ ਪਿਆ। ਮੈਨੂੰ ਸੌ ਫ਼ੀ ਸਦੀ ਉਮੀਦ ਹੈ ਕਿ ਬਿਲਕੁਲ ਇਸੇ ਤਰ੍ਹਾਂ ਹੋਵੇਗਾ। 
ਜਦੋਂ ਸ. ਬਲਵਿੰਦਰ ਸਿੰਘ ਮਿਸ਼ਨਰੀ ਜੀ 'ਉੱਚਾ ਦਰ ਬਾਬੇ ਨਾਨਕ ਦਾ' ਦੇ ਮਿਸ਼ਨ ਅਤੇ ਬਣਤਰ ਸਬੰਧੀ ਸੰਗਤ ਨੂੰ ਸੰਬੋਧਨ ਕਰ ਰਹੇ ਸਨ ਤਾਂ ਸਮੇਂ ਤੇ ਇਤਿਹਾਸ ਨੂੰ ਮੋੜਾ ਦੇ ਸਕਣ ਦੀ ਸਮਰੱਥਾ ਰੱਖਣ ਵਾਲੇ ਸ਼ਖ਼ਸ ਸ. ਜੋਗਿੰਦਰ ਸਿੰਘ ਜੀ ਬਿਲਕੁਲ ਇਕੱਲੇ ਸਰੋਤਿਆਂ ਵਿਚੋਂ ਅਰਾਮ ਨਾਲ ਤੁਰਦੇ ਹੋਏ ਪੰਡਾਲ ਦੇ ਪਿੱਛੇ ਵਲ ਚਲੇ ਗਏ। ਨਾ ਉਨ੍ਹਾਂ ਦੁਆਲੇ ਕੋਈ ਪਾਠਕ, ਨਾ ਕੋਈ ਪ੍ਰਬੰਧਕ ਨਾ ਕੋਈ ਸੁਰੱਖਿਆ ਗਾਰਡ, ਨਾ ਪ੍ਰਵਾਰਕ ਮੈਂਬਰ, ਨਾ ਕੋਈ ਸਾਥੀ। ਸਰਦਾਰਨੀ ਜਗਜੀਤ ਕੌਰ ਜੀ ਸਮੇਂ ਦੀਆਂ ਹਕੂਮਤਾਂ ਨਾਲ ਸਿੱਧਾ ਮੱਥਾ ਲਾ ਕੇ ਰੋਜ਼ਾਨਾ ਸਪੋਕਸਮੈਨ ਨੂੰ ਚੋਟੀ ਦਾ ਅਖ਼ਬਾਰ ਬਣਾਉਣ ਦੇ ਸਮਰੱਥ ਅਤੇ 'ਉੱਚਾ ਦਰ ਬਾਬੇ ਨਾਨਕ ਦਾ' ਨੂੰ ਪੂਰਨਤਾ ਦੇ ਨੇੜੇ ਲੈ ਜਾਣ ਵਾਲੀ ਬਾਬੇ ਨਾਨਕ ਦੀ ਬੁਲੰਦ ਹੌਸਲੇ ਵਾਲੀ ਧੀ, ਬੜੀ ਸਾਦਗੀ ਵਿਚ ਆਮ ਸੰਗਤ ਵਾਂਗ ਹੀ ਵਿਚਰਦੀ ਨਜ਼ਰ ਆਈ। ਆਪ ਹੀ ਕਿਤਾਬਾਂ ਦੇ ਸਟਾਲਾਂ ਉਤੇ ਜਾ ਕੇ ਮਿਲ ਰਹੀ ਸੀ। ਨਾਲ ਇਨ੍ਹਾਂ ਦੇ ਵੀ ਕੋਈ ਨਹੀਂ ਸੀ। ਬਾਬਾ ਨਾਨਕ ਵੀ ਤਾਂ ਆਪ ਹੀ ਲੋੜਵੰਦਾਂ ਨੂੰ ਜਾ ਜਾ ਕੇ ਮਿਲਦਾ ਸੀ। ਕਈ ਸੋਚਦੇ ਹੋਣਗੇ ਕਿ ਜੀ ਇਹ ਤਾਂ ਕਾਫ਼ੀ ਉਮਰ ਦੇ ਹੋ ਗਏ ਹਨ, ਇਸ ਲਈ ਪੁਰਾਣੀ ਪੋਚ ਵਿਚੋਂ ਹੋਣ ਕਰ ਕੇ, ਅਜਿਹੇ ਹਨ ਪਰ ਕਮਾਲ ਤਾਂ ਉਦੋਂ ਹੋ ਗਈ ਜਦ ਪਾਣੀ ਦੇ ਬੂਥ ਕੋਲ ਵੇਖਿਆ, ਹਜੂਮ ਇਕੱਠਾ ਹੋਇਆ ਸੀ। ਬੀਬਾ ਜੀ ਨਿਮਰਤ ਕੌਰ ਆਈ। ਉਥੇ ਵਰਤਾਵਾ ਵੀ ਕੋਈ ਨਹੀਂ ਸੀ। ਨਿਮਰਤ ਜੀ ਨੇ ਵੇਖਿਆ ਕਿ ਮੇਜ਼ ਉਪਰ ਗਲਾਸ ਹੀ ਕੋਈ ਨਹੀਂ ਸੀ ਪਾਣੀ ਪੀਣ ਲਈ। ਉਨ੍ਹਾਂ ਨੇ ਅਪਣੇ ਹੱਥਾਂ ਨਾਲ ਮੇਜ਼ ਦੇ ਹੇਠ ਪਈ ਪੇਟੀ ਵਿਚੋਂ ਗਲਾਸ ਕੱਢ ਕੇ ਉਪਰ ਰੱਖ ਦਿਤੇ ਅਤੇ ਸੰਗਤ ਲੈ ਲੈ ਕੇ ਪਾਣੀ ਛਕਣ ਲੱਗ ਪਈ। ਉਨ੍ਹਾਂ ਨਾਲ ਸ਼ਾਇਦ ਬੱਚੇ ਵੀ ਸਨ। ਬਾਬੇ ਨਾਨਕ ਨੇ ਵੀ ਚੂਹੜਕਾਣੇ ਭੁੱਖਿਆਂ ਨੂੰ ਅਪਣੇ ਹੱਥੀਂ ਭੋਜਨ ਛਕਾਇਆ ਸੀ। ਮੈਂ ਉਸ ਬੀਬਾ ਨਿਮਰਤ ਕੌਰ ਦੀ ਸਾਦਗੀ ਵੇਖ ਕੇ ਏਨਾ ਪ੍ਰਭਾਵਤ ਹੋਇਆ ਕਿ ਏਨੀ ਕੁ ਉਮਰ ਦੀਆਂ ਕੁੜੀਆਂ ਨੂੰ ਤਾਂ ਸਾਰਾ ਦਿਨ ਸ਼ੀਸ਼ਾ ਵੇਖਣ ਤੋਂ ਹੀ ਵਿਹਲ ਨਹੀਂ ਮਿਲਦੀ ਜਿਸ ਉਮਰ ਵਿਚ ਇਸ ਬੀਬਾ ਜੀ ਦੀਆਂ ਸੰਪਾਦਕੀਆਂ ਪੜ੍ਹ ਕੇ ਮਹਾਨ ਵਿਦਵਾਨ ਕਹਾਉਂਦੇ ਵੀ ਮੂੰਹ ਵਿਚ ਉਂਗਲਾਂ ਪਾਉਣ ਲੱਗ ਜਾਂਦੇ ਹਨ। ਬਾਬੇ ਨਾਨਕ ਦਾ ਹੀ ਹੱਥ ਹੈ ਨਾ ਸਿਰ ਤੇ ਬੀਬਾ ਜੀ ਦੇ।
ਸਪੋਕਸਮੈਨ ਦੇ ਪਾਠਕੋ ਅਤੇ ਸੱਚ ਦੀ ਚੜ੍ਹਦੀ ਕਲਾ ਲਈ ਜੂਝਦੇ ਲੋਕੋ, ਇਹੋ ਜਹੇ ਰੱਬੀ ਬੰਦੇ ਜਗਤ ਦਾ ਸਰਮਾਇਆ ਹੁੰਦੇ ਹਨ। ਸਾਨੂੰ ਹਰ ਇਕ ਨੂੰ ਇਨ੍ਹਾਂ ਦੀ ਸੰਭਾਲ ਕਰਨੀ ਚਾਹੀਦੀ ਹੈ। ਇਨ੍ਹਾਂ ਵਲੋਂ ਅਰੰਭੀ ਗਈ ਨਿਸ਼ਕਾਮ ਸੰਸਥਾ, 'ਉੱਚਾ ਦਰ ਬਾਬੇ ਨਾਨਕ ਦਾ' ਨੂੰ ਛੇਤੀ ਤੋਂ ਛੇਤੀ ਸੰਪੂਰਨ ਕਰ ਕੇ ਇਨ੍ਹਾਂ ਦੀ ਹੌਸਲਾ ਅਫ਼ਜ਼ਾਈ ਕਰਨੀ ਚਾਹੀਦੀ ਹੈ। ਮੈਂ ਜੋ ਮਹਿਸੂਸ ਕੀਤਾ ਲਿਖ ਦਿਤਾ ਹੈ, ਮੇਰੀ ਕੋਈ ਇਨ੍ਹਾਂ ਨਾਲ ਰਿਸ਼ਤੇਦਾਰੀ ਨਹੀਂ। ਨਾਨਕੀ ਵਿਚਾਰਧਾਰਾ ਦੀ ਸਾਂਝ ਪਪਰੱਕ ਹੈ ਅਤੇ ਰਹੇਗੀ। ਹੋਈਆਂ ਭੁੱਲਾਂ ਦੀ ਖਿਮਾ ਚਾਹਾਂਗਾ ਜੀ।