ਸਾਨੂੰ ਵਾਰ-ਵਾਰ ਥਾਣੇ ਬੁਲਾ ਕੇ ਪ੍ਰੇਸ਼ਾਨ ਕਰਨ ਦਾ ਕਾਰਨ ਕੀ ਹੈ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਕਾਫ਼ੀ ਦਿਨ ਪਹਿਲਾਂ ਅਸੀ ਅਪਣੇ ਗੁਆਂਢੀ ਬਲਵਿੰਦਰ ਸਿੰਘ ਤੋਂ ਸਾਢੇ ਚਾਰ ਮਰਲਿਆਂ ਦਾ ਪਲਾਟ ਡੇਢ ਲੱਖ ਵਿਚ ਖ਼ਰੀਦ ਲਿਆ।

police station

ਕਾਫ਼ੀ ਦਿਨ ਪਹਿਲਾਂ ਅਸੀ ਅਪਣੇ ਗੁਆਂਢੀ ਬਲਵਿੰਦਰ ਸਿੰਘ ਤੋਂ ਸਾਢੇ ਚਾਰ ਮਰਲਿਆਂ ਦਾ ਪਲਾਟ ਡੇਢ ਲੱਖ ਵਿਚ ਖ਼ਰੀਦ ਲਿਆ। ਇਹ ਪਲਾਟ ਬਲਵਿੰਦਰ ਸਿੰਘ ਨੇ ਵੀ ਅੱਗੋਂ ਕਿਸੇ ਤੋਂ ਖ਼ਰੀਦਿਆ ਸੀ ਤੇ ਇਸ ਦਾ ਗਵਾਹ ਗੁਆਂਢੀ ਗੁਰਨੈਬ ਸਿੰਘ ਸੀ। ਜਦੋਂ ਇਹ ਪਲਾਟ ਅਸੀ ਬਲਵਿੰਦਰ ਸਿੰਘ ਤੋਂ ਖ਼ਰੀਦ ਕੇ ਚਾਰਦੀਵਾਰੀ ਕਰਨ ਲੱਗੇ ਤਾਂ ਸਾਡੇ ਵਿਰੁਧ ਗਵਾਹ ਗੁਰਨੈਬ ਸਿੰਘ ਥਾਣੇ ਵਿਚ ਇਹ ਰੀਪੋਰਟ ਕਰ ਆਇਆ ਕਿ ਇਹ ਬਲਵਿੰਦਰ ਸਿੰਘ ਦੀ ਥਾਂ ਉਤੇ ਕਬਜ਼ਾ ਕਰ ਰਹੇ ਹਨ। ਸਬੰਧਤ ਥਾਣਾ ਜੋੜਕੀਆਂ ਦੇ ਮੁਲਾਜ਼ਮਾਂ ਨੇ ਸਾਡੀ ਕੰਧ ਰੋਕ ਕੇ ਥਾਣੇ ਆਉਣ ਲਈ ਕਿਹਾ। ਉਸੇ ਵੇਲੇ ਜਦੋਂ ਅਸੀ ਪਲਾਟ ਖ਼ਰੀਦਣ ਵਾਲੇ ਵਿਅਕਤੀ ਬਲਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਹ ਹੈਰਾਨ ਹੋ ਗਿਆ ਕਿ ਮੈਂ ਤਾਂ ਤੁਹਾਡੇ ਵਿਰੁਧ ਕੋਈ ਰੀਪੋਰਟ ਨਹੀਂ ਕੀਤੀ ਤੇ ਪੈਸੇ ਲੈ ਕੇ ਤੁਹਾਨੂੰ ਇਹ ਪਲਾਟ ਦਿਤਾ ਹੈ। ਅਸੀ ਬਲਵਿੰਦਰ ਸਿੰਘ ਨੂੰ ਲੈ ਕੇ ਥਾਣੇ ਜੋੜਕੀਆਂ ਪਹੁੰਚ ਗਏ। ਕਾਫ਼ੀ ਘੰਟੇ ਥਾਣੇ ਵਿਚ ਬੈਠੇ ਰਹੇ ਪਰ ਸਾਡੇ ਵਿਰੁਧ ਝੂਠੀ ਦਰਖ਼ਾਸਤ ਦੇਣ ਵਾਲਾ ਵਿਅਕਤੀ ਥਾਣੇ ਨਾ ਆਇਆ ਤੇ ਜਦੋਂ ਅਸੀ ਸਬੰਧਤ ਮੁਲਾਜ਼ਮ ਨਾਲ ਗੱਲ ਕੀਤੀ ਕਿ ਅਸੀ ਸਵੇਰ ਦੇ ਬੈਠੇ ਹਾਂ, ਉਸ ਵਿਅਕਤੀ ਨੂੰ ਤੁਸੀ ਕਿਉਂ ਨਹੀਂ ਬੁਲਾਉਂਦੇ ਤਾਂ ਮੁਲਾਜ਼ਮ ਦਾ ਜਵਾਬ ਸੀ ਕਿ ਅਸੀ ਹੁਣ ਤਾਂ ਮਾਨਸਾ ਜਾ ਰਹੇ ਹਾਂ, ਕਲ ਨੂੰ ਨੌਂ ਵਜੇ ਆ ਜਾਇਉ। ਦੂਜੇ ਦਿਨ ਅਸੀ ਫਿਰ ਸਾਰੇ ਨੌਂ ਵਜੇ ਥਾਣੇ ਪਹੁੰਚ ਗਏ ਅਤੇ ਕਈ ਘੰਟੇ ਉਸ ਵਿਅਕਤੀ ਦੀ ਉਡੀਕ ਕਰਦੇ ਰਹੇ ਪਰ ਉਹ ਨਾ ਆਇਆ। ਜਦੋਂ ਅਸੀ ਸਬੰਧਤ ਤਫ਼ਤੀਸ਼ ਅਫ਼ਸਰ ਅਜੈਬ ਸਿੰਘ ਨੂੰ ਕਿਹਾ ਕਿ ਅਸੀ ਤਾਂ ਜੀ ਬੈਠੇ ਥੱਕ ਗਏ ਹਾਂ, ਤੁਸੀ ਉਸ ਨੂੰ ਕਿਉਂ ਨਹੀਂ ਬੁਲਾਉਂਦੇ ਤਾਂ ਮੁਲਾਜ਼ਮ ਅਜੈਬ ਸਿੰਘ ਦਾ ਜਵਾਬ ਸੀ ਕਿ ਉਹ ਭਾਈ ਮੇਰਾ ਫ਼ੋਨ ਨਹੀਂ ਚੁਕਦਾ, ਮੈਂ ਕੀ ਕਰਾਂ? ਜਦੋਂ ਉਸ ਨੂੰ ਕਿਹਾ ਕਿ ਤੁਸੀ ਉਸ ਨੂੰ ਘਰੋਂ ਲੈ ਕੇ ਆਉ, ਅਸੀ ਉਸ ਇਕੱਲੇ ਖ਼ਾਤਰ ਦਸ ਜਣੇ ਥਾਣੇ ਬੈਠੇ ਹਾਂ ਤਾਂ ਮੁਲਾਜ਼ਮ ਨੇ ਕਿਹਾ 'ਵੇਖਦੇ ਹਾਂ।' ਅਸੀ ਫਿਰ ਬੈਠੇ ਰਹੇ। ਸਾਨੂੰ ਸ਼ਾਮ ਪੈ ਗਈ ਤਾਂ ਮੁਲਾਜ਼ਮ ਅਜੈਬ ਸਿੰਘ ਕਹਿੰਦਾ ਤੁਸੀ ਘਰ ਜਾਉ, ਉਸ ਨੇ ਤਾਂ ਹੁਣ ਫ਼ੋਨ ਵੀ ਬੰਦ ਕਰ ਲਿਐ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਝੂਠੀ ਦਰਖ਼ਾਸਤ ਦੇਣ ਵਾਲੇ ਵਿਅਕਤੀ ਨੂੰ ਥਾਣਾ ਜੋੜਕੀਆਂ ਦੇ ਮੁਲਾਜ਼ਮ ਥਾਣੇ ਬੁਲਾਉਣ ਤੋਂ ਬੇਵੱਸ ਹਨ। ਅੱਜ ਕਾਫ਼ੀ ਦਿਨ ਬੀਤ ਗਏ ਹਨ, ਜੋੜਕੀਆਂ ਦੇ ਮੁਲਾਜ਼ਮ ਨੇ ਉਸ  ਵਿਅਕਤੀ ਨੂੰ ਥਾਣੇ ਨਹੀਂ ਬੁਲਾਇਆ ਤੇ ਸਾਨੂੰ ਥਾਣੇ ਵਿਚ ਬੁਲਾ-ਬੁਲਾ ਕੇ ਮੋੜਦੇ ਰਹੇ। ਇਥੇ ਇਹ ਵੀ ਦੱਸ ਦੇਵਾਂ ਕਿ ਸਾਡੇ ਪਲਾਟ ਵਿਚ ਥਾਣੇ ਦੇ ਕਰਮਚਾਰੀਆਂ ਦੀ ਟੀਮ ਦੋ ਵਾਰ ਆ ਗਈ ਤੇ ਇਕ ਵਾਰ ਫੋਟੋਆਂ ਵੀ ਖਿੱਚਣ ਲਈ ਆਈ ਤੇ ਇਕ ਵਾਰ ਕੰਧ ਰੋਕਣ ਲਈ ਪਰ ਸਾਡੇ ਵਿਰੁਧ ਝੂਠੀ ਦਰਖ਼ਾਸਤ ਦੇਣ ਵਾਲੇ ਵਿਅਕਤੀ ਨੂੰ ਇਕ ਵਾਰ ਵੀ ਸਾਡੇ ਸਾਹਮਣੇ ਨਹੀਂ ਕੀਤਾ ਗਿਆ। ਮੇਰੀ ਸਪੋਕਸਮੈਨ ਰਾਹੀਂ ਪੰਜਾਬ ਦੇ ਪੁਲਿਸ ਮੁਖੀ ਤੇ ਮਾਨਸਾ ਦੇ ਐਸ.ਐਸ.ਪੀ. ਨੂੰ ਬੇਨਤੀ ਹੈ ਕਿ ਸਾਨੂੰ ਇਨਸਾਫ਼ ਦਿਵਾਇਆ ਜਾਵੇ। ਸਾਨੂੰ ਬਿਨਾਂ ਵਜ੍ਹਾ ਜ਼ਲੀਲ ਕੀਤਾ ਜਾ ਰਿਹੈ ਤੇ ਝੂਠੀ ਦਰਖ਼ਾਸਤ ਦੇਣ ਵਾਲੇ ਵਿਅਕਤੀ ਵਿਰੁਧ ਬਣਦੀ ਧਾਰਾ ਜ਼ਰੂਰ ਲਗਣੀ ਚਾਹੀਦੀ ਹੈ ਤਾਕਿ ਝੂਠੀਆਂ ਦਰਖ਼ਾਸਤਾਂ ਦੇਣ ਵਾਲੇ ਲੋਕਾਂ ਦਾ ਹੌਂਸਲਾ ਨਾ ਵਧੇ। 
-ਸੁਖਦੇਵ ਸਿੰਘ ਸਿੱਧੂ, ਸੰਪਰਕ : 94650-33331