ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ 'ਸੱਚ ਕੀ ਬੇਲਾ' ਸੱਚ ਕਿਉਂ ਨਹੀਂ ਸੁਣਾਉਂਦੇ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਪਰ ਜਿੰਨੀ ਦੇਰ ਉਹ ਸ਼੍ਰੋਮਣੀ ਕਮੇਟੀ ਤੋਂ ਮੋਟੀਆਂ ਤਨਖ਼ਾਹਾਂ ਦੇ ਗੱਫੇ ਲੈਂਦੇ ਹਨ ਓਨੀ ਦੇਰ ਉਹ ਕੁੱਝ ਵੀ ਕਿਉਂ ਨਹੀਂ ਬੋਲਦੇ?

sgpc

ਅੱਜ ਮੇਰੀ ਬੇਨਤੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਉਨ੍ਹਾਂ ਤਨਖ਼ਾਹਦਾਰ ਮੁਲਾਜ਼ਮਾਂ (ਸੇਵਾਦਾਰਾਂ ਨਹੀਂ) ਨੂੰ ਹੈ ਜੋ ਅਪਣੇ ਕਾਰਜਕਾਲ ਦੌਰਾਨ ਅਪਣੇ ਮੂੰਹ ਨੂੰ ਤਾਲਾ ਮਾਰੀ ਰਖਦੇ ਹਨ ਪਰ ਜਿਉਂ ਹੀ ਉਹ (ਸੇਵਾ ਮੁਕਤ ਨਹੀਂ) ਰੀਟਾਇਰ ਹੁੰਦੇ ਹਨ ਤਾਂ ਉਨ੍ਹਾਂ ਦੀ ਜ਼ਮੀਰ ਇਕਦਮ ਹੀ ਜਾਗ ਪੈਂਦੀ ਹੈ। ਉਨ੍ਹਾਂ ਨੂੰ ਗ੍ਰੰਥ ਅਤੇ ਪੰਥ ਦੀ ਚਿੰਤਾ ਹੋਣ ਲੱਗ ਜਾਂਦੀ ਹੈ। ਪਰ ਜਿੰਨੀ ਦੇਰ ਉਹ ਸ਼੍ਰੋਮਣੀ ਕਮੇਟੀ ਤੋਂ ਮੋਟੀਆਂ ਤਨਖ਼ਾਹਾਂ ਦੇ ਗੱਫੇ ਲੈਂਦੇ ਹਨ ਓਨੀ ਦੇਰ ਉਹ ਕੁੱਝ ਵੀ ਕਿਉਂ ਨਹੀਂ ਬੋਲਦੇ? ਹੁਣ ਜੇ ਦੁਨੀਆਵੀ ਪੱਖ ਤੋਂ ਨਜ਼ਰ ਮਾਰੀ ਜਾਵੇ ਤਾਂ ਅਜਿਹੇ ਬੰਦਿਆਂ ਲਈ ਆਮ ਹੀ ਆਖਿਆ ਜਾਂਦਾ ਹੈ ਕਿ 'ਨੌ ਸੌ ਚੂਹੇ ਖਾ ਕੇ ਬਿੱਲੀ ਹੱਜ ਨੂੰ ਚਲੀ।' ਭਾਵ ਕਿ ਸਾਰੀ ਉਮਰ ਜਿਸ ਦਾ ਖਾਧਾ, ਉਸ ਬਾਰੇ ਕੁੱਝ ਵੀ ਨਹੀਂ ਬੋਲੇ ਤੇ ਅਖ਼ੀਰਲੀ ਉਮਰੇ ਆ ਕੇ ਜਦੋਂ ਮਤਲਬ ਨਿਕਲ ਗਿਆ ਤਾਂ ਮੂੰਹ ਤੇ ਲੱਗੇ ਤਾਲੇ ਤੋੜ ਲਏ। ਇਥੇ ਇਕ ਦੋ ਗੱਲਾਂ ਤਾਂ ਬਹੁਤ ਹੀ ਧਿਆਨ ਦੇਣ ਯੋਗ ਇਹ ਹਨ ਕਿ ਅਸੀ ਇਹ ਗੱਲ ਸਿਰਫ਼ ਦੋ-ਤਿੰਨ ਕੁ ਫ਼ੀ ਸਦੀ ਮੁਲਾਜ਼ਮਾਂ ਦੀ ਕਰ ਰਹੇ ਹਾਂ, ਬਾਕੀ ਲਾਣਾ ਤਾਂ ਮਰਦੇ ਦਮ ਤਕ ਸੁੱਤਾ ਹੀ ਰਹਿੰਦਾ ਹੈ। ਉਹ ਕਿਉਂ ਕੁੱਝ ਨਹੀਂ ਬੋਲਦ ਤੇ ਮੁਰਦਿਆਂ ਵਾਂਗ ਕਿਉਂ ਜੀਵਨ ਗੁਜ਼ਾਰਦੇ ਰਹਿੰਦੇ ਹਨ? ਕਿਉਂ ਹਮੇਸ਼ਾ ਗੁਰਮਤਿ ਦਾ ਘਾਣ ਕਰਨ ਵਾਲੇ ਫ਼ੈਸਲੇ ਹੀ ਸ਼੍ਰੋਮਣੀ ਕਮੇਟੀ ਵਲੋਂ ਲਏ ਜਾਂਦੇ ਹਨ? ਸਾਰੇ ਸਿੱਖ ਜਗਤ ਨੂੰ ਵੀ ਪਤਾ ਲੱਗ ਚੁੱਕਾ ਹੈ ਕਿ ਕਮੇਟੀ ਦੇ ਜਥੇਦਾਰ ਵੀ ਵਿਕੇ ਹੋਏ ਹਨ। ਪੈਸੇ ਦੇ ਕੇ ਜਥੇਦਾਰਾਂ ਤੋਂ ਕੋਈ ਵੀ ਹੁਕਮਨਾਮਾ ਕਿਸੇ ਵਿਰੁਧ ਜਾਰੀ ਕਰਵਾਇਆ ਜਾ ਸਕਦਾ ਹੈ। ਹੁਣ ਸ਼੍ਰੋਮਣੀ ਕਮੇਟੀ ਦੀ ਅਸਲੀਅਤ ਜੱਗ ਜ਼ਹਰ ਹੋ ਗਈ ਹੈ। 
-ਹਰਪ੍ਰੀਤ ਸਿੰਘ, ਸ਼ਬਦ ਗੁਰੂ ਵੀਚਾਰ ਮੰਚ ਸੋਸਾਇਟੀ, ਸਰਹਿੰਦ, ਸੰਪਰਕ : 98147-02271