Farmers Protest: ਸ਼ੰਭੂ ਰੇਲਵੇ ਸਟੇਸ਼ਨ ਦੀ ਰੇਲ ਪਟੜੀ ਉਤੇ ਕਿਸਾਨਾਂ ਦਾ ਧਰਨਾ ਤੇ ਉਨ੍ਹਾਂ ਦੀ ਮੰਗ

ਏਜੰਸੀ

ਵਿਚਾਰ, ਸੰਪਾਦਕੀ

ਕਿਸਾਨਾਂ ਵਲੋਂ ਸ਼ੰਭੂ ਵਿਖੇ ਰੇਲਵੇ ਲਾਈਨਾਂ ਉਤੇ ਦਿਤੇ ਧਰਨੇ ਕਾਰਨ 74 ਟਰੇਨਾਂ ਰੱਦ ਹੋਈਆਂ ਅਤੇ ਕਈ ਹੋਰਨਾਂ ਦਾ ਰਸਤਾ ਬਦਲਿਆ ਗਿਆ ਤੇ ਕਈ ਦੇਰੀ ਨਾਲ ਚਲੀਆਂ।

Farmers Protest

Farmers Protest: ਕਿਸਾਨਾਂ ਵਲੋਂ ਸ਼ੰਭੂ ਵਿਖੇ ਰੇਲਵੇ ਲਾਈਨਾਂ ਉਤੇ ਦਿਤੇ ਧਰਨੇ ਕਾਰਨ 74 ਟਰੇਨਾਂ ਰੱਦ ਹੋਈਆਂ ਅਤੇ ਕਈ ਹੋਰਨਾਂ ਦਾ ਰਸਤਾ ਬਦਲਿਆ ਗਿਆ ਤੇ ਕਈ ਦੇਰੀ ਨਾਲ ਚਲੀਆਂ। ਲੱਖਾਂ ਦੀਆਂ ਟਿਕਟਾਂ ਦਾ ਪੈਸਾ ਇਨ੍ਹਾਂ ਪੰਜ ਦਿਨਾਂ ਵਿਚ ਹੀ ਮੋੜਿਆ ਗਿਆ ਹੈ ਤੇ ਅੱਗੇ ਵੀ ਮੋੜਨਾ ਪਵੇਗਾ ਪਰ ਨੁਕਸਾਨ ਇਸ ਤੋਂ ਕਿਤੇ ਵੱਧ ਹੋ ਰਿਹਾ ਹੈ। ਪਹਿਲਾਂ ਹੀ ਹਾਈਵੇ ਤੇ ਆਵਾਜਾਈ ਘਟੀ ਹੋਈ ਹੈ ਤੇ ਯਾਤਰੀਆਂ ਵਾਸਤੇ ਸਫ਼ਰ ਕਰਨ ਦੇ ਰਸਤੇ ਬੰਦ ਹੋਈ ਜਾ ਰਹੇ ਹਨ।

ਇਸ ਦਾ ਸੱਭ ਤੋਂ ਵੱਧ ਖ਼ਮਿਆਜ਼ਾ ਪੰਜਾਬ ਨੂੰ ਹੀ ਭੁਗਤਣਾ ਪੈ ਰਿਹਾ ਹੈ। ਪਰ ਫਿਰ ਵੀ ਅੱਜ ਇਕ ਵੀ ਆਵਾਜ਼ ਕਿਸਾਨਾਂ ਵਿਰੁਧ ਨਹੀਂ ਉਠ ਰਹੀ। ਇਸ ਦਾ ਮਤਲਬ ਇਹ ਵੀ ਨਹੀਂ ਕਿ ਕਿਸਾਨਾਂ ਤੋਂ ਲੋਕ ਡਰਦੇ ਹਨ ਸਗੋਂ ਸੱਚ ਇਹ ਹੈ ਕਿ ਪੰਜਾਬ ਦੇ ਹਰ ਨਾਗਰਿਕ ਦੀ ਅਪਣੇ ਕਿਸਾਨਾਂ ਨਾਲ ਸਾਂਝ ਬੜੀ ਡੂੰਘੀ ਹੈ। ਇਸ ਸਾਂਝ ਦੀਆਂ ਜੜ੍ਹਾਂ ਹਰਿਆਣਾ ਵਿਚ ਵੀ ਪੱਕੀਆਂ ਹੀ ਹਨ ਜਿਸ ਕਾਰਨ ਅਪਣੇ ਸਫ਼ਰ ਵਿਚ ਔਕੜਾਂ ਦੀ ਪ੍ਰਵਾਹ ਕਿਸੇ ਨੂੰ ਨਹੀਂ ਤੇ ਇਸ ਬਾਰੇ ਇਕ ਵੀ ਆਵਾਜ਼ ਉਠਦੀ ਨਹੀਂ ਸੁਣੀ ਭਾਵੇਂ ਸਰਕਾਰ ਨੇ ਇੰਡਸਟਰੀ ਨੂੰ ਹੋ ਰਹੇ ਕਰੋੜਾਂ ਦੇ ਨੁਕਸਾਨ ਬਾਰੇ ਜਾਣਕਾਰੀ ਦੇਣ ਵਾਲੇ ਬਿਆਨ ਜ਼ਰੂਰ ਜਾਰੀ ਕੀਤੇ ਹਨ। 

ਭਾਵੇਂ ਸਰਕਾਰ ਵਿਰੁਧ ਅੰਦੋਲਨ ਚਲਾ ਰਹੇ ਕਿਸਾਨ, ਗ਼ੈਰ-ਸਿਆਸੀ ਵਿਚਾਰਧਾਰਾ ਨੂੰ ਮੰਨਣ ਵਾਲੇ ਲੋਕ ਹਨ, ਉਨ੍ਹਾਂ ਨੇ ਸਿਆਸਤਦਾਨਾਂ ਦੀ ਲੋੜ ਨੂੰ ਅਪਣਾ ਹਥਿਆਰ ਬਣਾਉਣ ਦੀ ਸਿਆਣਪ ਵੀ ਵਿਖਾਈ ਪਰ ਸਿਆਸੀ ਲੋਕ ਬਦਲੇ ਵਿਚ ਜੋ ਕੁੱਝ ਕਰ ਰਹੇ ਹਨ, ਉਹ ਇਸ ਖੇਡ ਨੂੰ ਲੋਕਤੰਤਰ ਦੇ ਅਸੂਲਾਂ ਦੀ ਉਲੰਘਣਾ ਕਰਨ ਦੀਆਂ ਹੱਦਾਂ ਪਾਰ ਕਰਨ ਵਾਲੀ ਦਾਸਤਾਨ ਹੈ।

ਪਹਿਲਾਂ ਦਿੱਲੀ ਜਾਣ ਤੋਂ ਰੋਕਣ ਵਾਸਤੇ ਕਿਸਾਨਾਂ ਨੂੰ ਸਰਹੱਦ ਤੇ ਦੁਸ਼ਮਣਾਂ ਵਾਂਗ ਰੋਕਣ ਦਾ ਯਤਨ ਕੀਤਾ ਗਿਆ। ਸਰਕਾਰ ਤੇ ਜਨਤਾ ਵਿਚਕਾਰ ਹੋਏ ਖ਼ੂਨੀ ਟਕਰਾਅ ਵਿਚ ਮਾਰੇ ਗਏ ਸ਼ੁੱਭਕਰਨ ਨੂੰ ਗੋਲੀ ਮਾਰਨ ਵਾਲੇ ਦੀ ਕੋਈ ਖ਼ਬਰ ਜਾਂ ਉਘ ਸੁਘ ਨਹੀਂ ਲੱਗੀ ਪਰ ਸੀਆਈਏ ਵਲੋਂ ਲੋਕ ਪ੍ਰਿਯ ਯੁਵਾ ਕਿਸਾਨ ਆਗੂ ਨਵਦੀਪ ਤੇ ਉਸ ਦੇ ਸਾਥੀ ਗੁਰਕੀਰਤ ਉਤੇ ਇਰਾਦਾ ਕਤਲ ਦਾ ਪਰਚਾ ਦਰਜ ਕਰ ਕੇ ਉਨ੍ਹਾਂ ਨੂੰ ਜੇਲ ਵਿਚ ਸੁੱਟ ਦਿਤਾ ਗਿਆ ਹੈ। 

ਨਵਦੀਪ ਵਿਚ ਪੰਜਾਬ ਤੇ ਹਰਿਆਣਾ ਦੇ ਸਾਰੇ ਲੋਕ ਅਪਣੇ ਘਰ ਦੇ ਬੱਚੇ ਹੀ ਵੇਖਦੇ ਹਨ, ਉਹ ਮੁੰਡੇ ਜੋ ਦੇਸ਼ ਨੂੰ ਛੱਡ ਕੇ ਭੱਜੇ ਨਹੀਂ, ਜੋ ਨਸ਼ਾ ਨਹੀਂ ਕਰਦੇ ਪਰ ਉਹ ਜੋ ਮਿਹਨਤ ਤੇ ਕਿਰਤ ਦੀ ਕਮਾਈ ਕਰਨਾ ਚਾਹੁੰਦੇ ਹਨ ਤੇ ਕਿਸਾਨਾਂ ਨਾਲ ਜੁੜੇ ਹੋਏ ਹਨ। ਮਿੱਟੀ ਨਾਲ ਜੁੜੇ ਨੌਜੁਆਨਾਂ ਤੇ ਕਤਲ ਦਾ ਪਰਚਾ ਪਾਉਣ ਨਾਲ ਸੱਟ ਸਿਰਫ਼ ਇਨ੍ਹਾਂ ਦੇ ਪ੍ਰਵਾਰਾਂ ਨੂੰ ਜਾਂ ਕਿਸਾਨ ਆਗੂਆਂ ਜਾਂ ਕਿਸਾਨਾਂ ਨੂੰ ਨਹੀਂ ਲੱਗੀ ਬਲਕਿ ਹਰ ਕਿਸੇ ਨੂੰ ਲੱਗੀ ਹੈ।

ਇਸ ਦਾ ਸੇਕ ਪੰਜਾਬ ਤੇ ਹਰਿਆਣਾ ਵਿਚ ਟਰੇਨਾਂ ਨੂੰ ਹੀ ਨਹੀਂ ਬਲਕਿ ਉਮੀਦਵਾਰਾਂ ਨੂੰ ਵੀ ਭੁਗਤਣਾ ਪੈ ਰਿਹਾ ਹੈ। ਪੰਜਾਬ ਵਿਚ ਸੇਕ ਜ਼ਿਆਦਾ ਹੈ ਕਿਉਂਕਿ ਸਰਕਾਰ ਵਲੋਂ ਖੁਲ੍ਹ ਹੈ ਪਰ ਆਉਣ ਵਾਲਾ ਸਮਾਂ ਹੀ ਇਹ ਦੱਸੇਗਾ ਕਿ ਇਹ ਸੇਕ ਬਾਕੀ ਦੇਸ਼ ਦੇ ਕਿਸਾਨਾਂ ਦੀ ਸੋਚ ਤੇ ਵੀ ਅਸਰ ਕਰ ਰਿਹਾ ਹੈ ਜਾਂ ਨਹੀਂ। ਕਿਸਾਨ ਇਸ ਵਿਚਾਰ ਵਟਾਂਦਰੇ ਵਿਚ ਤਾਂ ਉਲਝ ਸਕਦਾ ਹੈ ਕਿ ਕਿਹੜੀ ਵਿਚਾਰਧਾਰਾ ਕਿਸਾਨੀ ਵਾਸਤੇ ਬਿਹਤਰ ਹੈ ਤੇ ਕਿਸਾਨੀ ਨੂੰ ਖ਼ੁਸ਼ਹਾਲ ਬਣਾਉਣ ਦੀ ਨੀਤੀ ਕਿਸ ਕੋਲ ਹੈ

ਪਰ ਕਿਸਾਨ ਅਪਣੇ ਬੱਚਿਆਂ ਦੀ ਕੁਰਬਾਨੀ ਨਹੀਂ ਦੇ ਸਕਦਾ। ਪਹਿਲਾਂ ਹੀ ਸ਼ੁੱਭਕਰਨ ਦੀ ਮੌਤ ਤੋਂ ਕਿਸਾਨਾਂ ਦੇ ਦਿਲ ’ਤੇ ਸੱਟ ਲੱਗੀ ਹੋਈ ਸੀ ਪਰ ਹੁਣ ਉਸ ਸੱਟ ਤੇ ਹੋਰ ਸੱਟ ਮਾਰੀ ਜਾ ਰਹੀ ਹੈ। ਸਿਆਸਤਦਾਨ ਅਪਣੇ ਕਿਸਾਨਾਂ ਦਾ ਦਰਦ ਸਮਝ ਸਕਣ ਤਾਂ ਹੀ ਮਸਲੇ ਦੇ ਹੱਲ ਵਲ ਅੱਗੇ ਵਧਿਆ ਜਾ ਸਕਦਾ ਹੈ। 
- ਨਿਮਰਤ ਕੌਰ