ਹਿੰਦੁਸਤਾਨ ਦਾ ਫ਼ਤਵਾ ਨਰਿੰਦਰ ਮੋਦੀ ਦੇ ਹੱਕ ਵਿਚ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

2019 ਵਿਚ ਮੋਦੀ ਲਹਿਰ ਇਕ ਲਹਿਰ ਨਹੀਂ ਬਲਕਿ ਇਕ ਮੋਦੀ ਸੁਨਾਮੀ ਸਾਬਤ ਹੋਈ ਹੈ ਜਿਸ ਦੇ ਵੇਗ ਦੀ ਮਾਰ ਹੇਠ ਨਾ ਸਿਰਫ਼ ਸਾਰੀ ਵਿਰੋਧੀ ਧਿਰ ਹੀ ਰੁੜ੍ਹ ਗਈ, ਬਲਕਿ...

Narendra Modi

2019 ਵਿਚ ਮੋਦੀ ਲਹਿਰ ਇਕ ਲਹਿਰ ਨਹੀਂ ਬਲਕਿ ਇਕ ਮੋਦੀ ਸੁਨਾਮੀ ਸਾਬਤ ਹੋਈ ਹੈ ਜਿਸ ਦੇ ਵੇਗ ਦੀ ਮਾਰ ਹੇਠ ਨਾ ਸਿਰਫ਼ ਸਾਰੀ ਵਿਰੋਧੀ ਧਿਰ ਹੀ ਰੁੜ੍ਹ ਗਈ, ਬਲਕਿ ਭਾਰਤੀ ਜਨਤਾ ਪਾਰਟੀ (ਭਾਜਪਾ), ਆਰ.ਐਸ.ਐਸ. ਸਮੇਤ ਸਾਰੇ ਹੀ ਮੋਦੀ ਦੇ ਉੱਚੇ ਹੋਏ ਕੱਦ ਪਿਛੇ ਲੁਕ ਕੇ ਰਹਿ ਗਏ ਹਨ। ਜਿਸ ਤਰ੍ਹਾਂ ਦੇਸ਼ ਵਿਚ ਬੇਰੁਜ਼ਗਾਰੀ, ਆਰਥਕ ਖੜੋਤ ਤੇ ਮਹਿੰਗਾਈ ਦਾ ਭਾਰ ਸੀ, ਇਹ ਆਖਿਆ ਜਾ ਰਿਹਾ ਸੀ ਕਿ ਜਿਹੜੀ ਵੀ ਸਰਕਾਰ ਆਵੇਗੀ, ਉਹ ਗਠਜੋੜ ਸਰਕਾਰ ਹੀ ਹੋਵੇਗੀ। ਪਰ ਨਰਿੰਦਰ ਮੋਦੀ ਨੇ ਸਾਬਤ ਕਰ ਦਿਤਾ ਹੈ ਕਿ ਉਹ ਦੇਸ਼ ਦੇ ਸੱਭ ਤੋਂ ਤਾਕਤਵਰ ਆਗੂ ਹਨ ਜਿਨ੍ਹਾਂ ਨੂੰ ਸੱਭ ਮਾਫ਼ ਹੈ। ਰਾਫ਼ੇਲ ਇਕ ਵੱਡਾ ਮੁੱਦਾ ਸੀ ਪਰ ਜਨਤਾ ਨੇ ਕਿਸੇ ਗੱਲ ਦੀ ਪ੍ਰਵਾਹ ਨਹੀਂ ਕੀਤੀ। ਇਸ ਖ਼ਬਰ ਨੇ ਕਿਸੇ ਨੂੰ ਹੈਰਾਨ ਨਹੀਂ ਕੀਤਾ ਹੋਵੇਗਾ ਕਿ ਚੋਣ ਨਤੀਜੇ ਵੇਖ ਕੇ ਰਾਹੁਲ ਗਾਂਧੀ ਨੇ ਅਸਤੀਫ਼ਾ ਦੇਣ ਦੀ ਪੇਸ਼ਕਸ਼ ਕਰ ਦਿਤੀ ਹੈ। 

ਹੁਣ ਈ.ਵੀ.ਐਮ. ਹੇਰਾਫੇਰੀ ਬਾਰੇ ਆਵਾਜ਼ਾਂ ਉੱਚੀਆਂ ਹੋਣਗੀਆਂ ਪਰ ਸੁਪਰੀਮ ਕੋਰਟ ਦਾ ਫ਼ੈਸਲਾ ਆ ਚੁੱਕਾ ਹੈ ਅਤੇ ਹੁਣ ਇਹ ਨਤੀਜੇ ਹੀ ਹਰਫ਼ੇ ਅਮਰ ਬਣ ਜਾਣਗੇ ਅਤੇ ਇਹ ਸਾਫ਼ ਹੋ ਗਿਆ ਹੈ ਕਿ ਭਾਰਤ ਦੀ ਜਨਤਾ ਦੇ ਮਨ ਵਿਚ ਨਰਿੰਦਰ ਮੋਦੀ ਦੇ ਮੁਕਾਬਲੇ ਦਾ ਕੋਈ ਆਗੂ ਨਹੀਂ। ਇਹ ਆਖਿਆ ਜਾ ਸਕਦਾ ਹੈ ਕਿ ਕਾਂਗਰਸ ਨਾਲ ਮਹਾਂਗਠਜੋੜ ਨਾ ਬਣਾਉਣ ਕਾਰਨ ਇਹ ਨੁਕਸਾਨ ਹੋਇਆ ਹੈ ਪਰ ਬਿਹਾਰ ਵਿਚ ਕਾਂਗਰਸ ਨਾਲ ਗਠਜੋੜ ਦਾ ਫ਼ਾਇਦਾ ਨਹੀਂ ਹੋਇਆ ਜਦਕਿ ਜਨਤਾ ਦਲ (ਯੂ) ਨੂੰ ਭਾਜਪਾ ਨਾਲ ਰਲ ਕੇ ਬਹੁਤ ਫ਼ਾਇਦਾ ਹੋਇਆ।

ਅਸਲ ਵਿਚ ਮਹਾਂਗਠਜੋੜ ਵਿਚ ਪ੍ਰਧਾਨ ਮੰਤਰੀ ਦੀ ਕੁਰਸੀ ਦੇ ਚਾਹਵਾਨਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ। ਜਿਸ ਤਰ੍ਹਾਂ ਪੰਜਾਬ ਵਿਚ ਆਮ ਆਦਮੀ ਪਾਰਟੀ (ਆਪ) ਵਿਚ 2017 'ਚ ਮੁੱਖ ਮੰਤਰੀ ਦੀ ਕੁਰਸੀ ਦੇ ਚਾਹਵਾਨ ਅਨੇਕਾਂ ਆਗੂ ਸਨ ਅਤੇ ਜਦੋਂ ਪਾਰਟੀ 'ਚ ਇਸ ਤਰ੍ਹਾਂ ਦੀ ਲੜਾਈ ਹੋਵੇ ਤਾਂ ਲੋਕ ਮੂੰਹ ਫੇਰ ਹੀ ਲੈਂਦੇ ਹਨ। ਇਹੀ ਇਨ੍ਹਾਂ ਸਾਰੀਆਂ ਪਾਰਟੀਆਂ ਨਾਲ ਹੋਇਆ। ਸੂਬਾ ਛੱਡ ਪ੍ਰਧਾਨ ਮੰਤਰੀ ਦੀ ਕੁਰਸੀ ਉਤੇ ਨਜ਼ਰ ਟਿਕਾਈ, ਮਮਤਾ ਬੈਨਰਜੀ ਅਤੇ ਮਾਇਆਵਤੀ ਕੋਲ ਹੁਣ ਅਪਣੇ ਅਪਣੇ ਸੂਬੇ ਵਿਚ ਵੀ ਸਿਰ ਛੁਪਾਉਣ ਲਈ ਥਾਂ ਨਹੀਂ ਬਚੀ। ਭਾਜਪਾ ਨੇ ਪਹਿਲੀ ਵਾਰੀ ਪਛਮੀ ਬੰਗਾਲ ਵਿਚ ਏਨਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। 

ਪਰ ਸਾਰੀ ਕਮਜ਼ੋਰੀ ਸੂਬਾ ਪੱਧਰੀ ਆਗੂਆਂ ਦੀ ਨਹੀਂ, ਕਾਂਗਰਸ ਦੀ ਵੀ ਹੈ ਜਿਸ ਸਦਕਾ ਅੱਜ ਉਹ ਆਪ ਵੀ ਡਾਵਾਂਡੋਲ ਹੋ ਚੁੱਕੀ ਹੈ ਤੇ ਖੇਤਰੀ ਪਾਰਟੀਆਂ ਦੀ ਹੋਂਦ ਵੀ ਉਸ ਨੇ ਖ਼ਤਰੇ ਵਿਚ ਪਾ ਦਿਤੀ ਹੈ। ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਦੀ ਇਹ ਇਕ ਵੱਡੀ ਹਾਰ ਹੈ ਜਿਸ ਨੂੰ ਇਕ ਜਿੱਤ ਵਿਚ ਨਹੀਂ ਤਾਂ ਇੱਜ਼ਤਦਾਰ ਹਾਰ ਵਿਚ ਤਾਂ ਬਦਲਿਆ ਜਾ ਸਕਦਾ ਸੀ ਜੇ ਉਨ੍ਹਾਂ ਨੇ ਉੱਤਰ ਪ੍ਰਦੇਸ਼, ਪਛਮੀ ਬੰਗਾਲ ਤੇ ਦਿੱਲੀ ਵਿਚ ਗਠਜੋੜ ਬਣਾਇਆ ਹੁੰਦਾ। ਬਿਹਾਰ ਵਿਚ ਗਠਜੋੜ ਸੀ ਪਰ ਭਾਜਪਾ ਦੇ ਗਠਜੋੜ ਮੁਕਾਬਲੇ ਉਹ ਫਿੱਕਾ ਪੈ ਗਿਆ। ਕਰਨਾਟਕ ਸੱਭ ਤੋਂ ਵਧੀਆ ਉਦਾਹਰਣ ਹੈ ਜੋ ਸਿੱਧ ਕਰਦਾ ਹੈ ਕਿ ਕਾਂਗਰਸ ਅਪਣੇ ਭਾਈਵਾਲਾਂ ਨਾਲ ਠੀਕ ਸਲੂਕ ਨਹੀਂ ਕਰਦੀ। ਇਸ ਪਾਰਟੀ ਨੂੰ ਅਪਣੇ ਇਤਿਹਾਸ ਉਤੇ ਮਾਣ ਹੈ ਪਰ ਅਫ਼ਸੋਸ ਕਿ ਅੱਜ ਦੀ ਕਾਂਗਰਸ ਅਪਣੇ ਪੁਰਾਣੇ ਰੁਤਬੇ ਨੂੰ ਕਾਇਮ ਨਹੀਂ ਰੱਖ ਸਕੀ। 

ਕਮਜ਼ੋਰੀ ਰਾਹੁਲ ਗਾਂਧੀ ਦੀ ਹੈ ਜੋ ਲੋਕਾਂ ਦਾ ਵਿਸ਼ਵਾਸ ਨਹੀਂ ਜਿੱਤ ਸਕੇ। ਜੇ ਉਹ ਅਪਣੀ ਹਉਮੈ ਨੂੰ ਨੀਵਾਂ ਕਰ ਕੇ ਮਹਾਂਗਠਜੋੜ ਬਣਾਉਣ ਵਿਚ ਕਾਮਯਾਬ ਹੋ ਜਾਂਦੇ ਤਾਂ ਸਾਬਤ ਕਰ ਪਾਉਂਦੇ ਕਿ ਭਾਰਤੀ ਸਿਆਸਤ ਵਿਚ ਉਹ ਕਿਸੇ ਵੱਡੀ ਸਿਆਸੀ ਲੜਾਈ ਦੀ ਕਮਾਨ ਸੰਭਾਲ ਸਕਦੇ ਹਨ। ਪਰ ਰਾਹੁਲ ਗਾਂਧੀ ਨੇ ਸਾਬਤ ਕਰ ਦਿਤਾ ਕਿ ਉਹ ਭਾਰਤੀ ਜਨਤਾ ਦੀ ਨਬਜ਼ ਨਹੀਂ ਪਛਾਣ ਸਕਦੇ। ਉਨ੍ਹਾਂ ਅੱਜ ਭਾਰਤ ਦੀਆਂ ਸਾਰੀਆਂ ਖੇਤਰੀ ਪਾਰਟੀਆਂ ਦੀ ਹੋਂਦ ਖ਼ਤਰੇ ਵਿਚ ਪਾ ਦਿਤੀ ਹੈ ਅਤੇ ਕਾਂਗਰਸ ਵੀ ਹੁਣ ਖ਼ਤਰੇ ਵਿਚ ਘਿਰ ਗਈ ਹੈ।

ਅੱਜ ਰਾਜਸਥਾਨ, ਛੱਤੀਸਗੜ੍ਹ, ਮੱਧ ਪ੍ਰਦੇਸ਼, ਕਰਨਾਟਕ ਵਿਚ ਖੇਤਰੀ ਆਗੂਆਂ ਦਾ ਸਮਰਥਨ ਕਾਂਗਰਸ ਨੂੰ ਪ੍ਰਾਪਤ ਹੈ ਪਰ ਉਹ ਸਮਰਥਨ ਰਾਹੁਲ ਗਾਂਧੀ ਨੂੰ ਨਹੀਂ ਅਤੇ ਨਾ ਹੀ ਉਨ੍ਹਾਂ ਖੇਤਰੀ ਕਾਂਗਰਸੀ ਆਗੂਆਂ ਵਿਚ ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਵਰਗਾ ਹੀ ਕੋਈ ਆਗੂ ਹੈ ਜਿਸ ਨੂੰ ਲੋਕਾਂ ਦਾ ਅਥਾਹ ਵਿਸ਼ਵਾਸ ਪ੍ਰਾਪਤ ਹੋਵੇ ਜਿਸ ਨੂੰ ਉਹ ਰਾਹੁਲ ਗਾਂਧੀ ਦੇ ਹੱਕ ਵਿਚ ਤਬਦੀਲ ਕਰ ਸਕਣ। ਰਾਹੁਲ ਗਾਂਧੀ ਨੇ ਅਪਣੀ ਸੀਟ ਨੂੰ ਕੇਰਲ ਵਿਚ ਜਾ ਕੇ ਬਚਾ ਲਿਆ ਨਹੀਂ ਤਾਂ ਅਮੇਠੀ ਨੇ ਵੀ ਰਾਹੁਲ ਨੂੰ ਨਕਾਰ ਦਿਤਾ ਹੈ। ਕਾਂਗਰਸ ਰਾਹੁਲ ਗਾਂਧੀ ਨੂੰ ਹੋਰ ਕਿੰਨਾ ਸਮਾਂ ਦੇਣ ਵਾਸਤੇ ਤਿਆਰ ਹੈ, ਇਹ ਤਾਂ ਪਾਰਟੀ ਹੀ ਦਸ ਸਕਦੀ ਹੈ ਪਰ ਸਵਾਲ ਇਹ ਵੀ ਹੈ ਕਿ ਕੀ ਰਾਹੁਲ ਗਾਂਧੀ ਇਕ ਸਿਆਸਤਦਾਨ ਬਣਨ ਲਈ ਤਿਆਰ ਵੀ ਹੋ ਸਕਣਗੇ?

ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਦੀ ਨਬਜ਼ ਪਛਾਣ ਕੇ ਉਨ੍ਹਾਂ ਨੂੰ ਹਿੰਦੂ ਰਾਸ਼ਟਰ ਦੇ ਨਾਂ ਤੇ ਬੰਨ੍ਹ ਲਿਆ ਹੈ ਪਰ ਹੁਣ ਪ੍ਰਧਾਨ ਮੰਤਰੀ ਨੇ ਭਾਰਤ ਨੂੰ ਪੰਜ ਸਾਲਾਂ ਵਾਸਤੇ ਅਗਵਾਈ ਦੇਣੀ ਹੈ। ਬੇਰੁਜ਼ਗਾਰੀ ਤੇ ਮਹਿੰਗਾਈ ਨੂੰ ਖ਼ਤਮ ਕਰਨਾ ਪਵੇਗਾ ਅਤੇ ਪੂਰੇ ਦੇਸ਼ ਦਾ ਪ੍ਰਧਾਨ ਮੰਤਰੀ ਬਣਨਾ ਪਵੇਗ। ਪਰ ਸ਼ਾਇਦ ਇਸ ਨਤੀਜੇ ਦਾ ਸੱਭ ਤੋਂ ਕੌੜਾ ਪੱਖ ਇਹ ਹੈ ਕਿ ਭਾਰਤ ਦੇ ਆਜ਼ਾਦ ਜੀਵਨ ਵਿਚ ਪਹਿਲੀ ਵਾਰੀ ਸੰਸਦ 'ਚ ਅਤਿਵਾਦ ਦੀ ਇਕ ਮੁਲਜ਼ਮ ਪ੍ਰਗਿਆ ਠਾਕੁਰ ਬੈਠੇਗੀ ਜੋ ਕਿ ਗਾਂਧੀ ਦੇ ਕਾਤਲ ਗੋਡਸੇ ਨੂੰ ਪੂਜਦੀ ਹੈ। ਨਵਾਂ ਦੌਰ?   - ਨਿਮਰਤ ਕੌਰ