ਗੁਰਬਾਣੀ ਦਾ ਪ੍ਰਸਾਰਣ ਸਾਰੇ ਚੈਨਲਾਂ ਤੋਂ ਕੀਤੇ ਜਾਣ ਦੀ ਵੀ ਵਿਰੋਧਤਾ? ਮਾਇਆ ਕਿੰਨੀ ਭਾਰੂ ਹੋ ਗਈ ਹੈ ਸਾਡੇ ਲੀਡਰਾਂ ਦੀ ਸੋਚ ’ਤੇ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਜੇ ਅਸੀ ਅਪਣੇ ਆਸ ਪਾਸ ਵੇਖੀਏ ਤਾਂ ਹਰ ਧਰਮ ਅਪਣੇ ਧਰਮ ਪ੍ਰਚਾਰ ਲਈ ਵਧੀਆ ਤਰੀਕੇ ਅਪਣਾ ਰਿਹਾ ਹੈ ਤਾਕਿ ਉਨ੍ਹਾਂ ਦੇ ਧਰਮ ਦੀ ਚੰਗੀ ਸਿਫ਼ਤ ਸਲਾਹ ਹੋਵੇ

photo

 

ਮੁੱਖ ਮੰਤਰੀ ਪੰਜਾਬ ਵਲੋਂ ਇਕ ਬਿਆਨ ਜਾਰੀ ਕੀਤਾ ਗਿਆ ਹੈ ਕਿ ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਦਾ ਹੱਕ ਸਿਰਫ਼ ਇਕ ਹੀ ਚੈਨਲ ਕੋਲ ਨਹੀਂ ਸਗੋਂ ਇਹ ਹੱਕ ਹਰ  ਪੰਜਾਬੀ, ਵਿਦੇਸ਼ੀ ਜਾਂ ਰਾਸ਼ਟਰੀ ਚੈਨਲ ਕੋਲ ਹੋਣਾ ਚਾਹੀਦਾ ਹੈ। ਇਸ ਬਿਆਨ ’ਤੇ ਨਾਰਾਜ਼ਗੀ ਪ੍ਰਗਟ ਕਰਦਿਆਂ ਸ਼੍ਰੋ.ਗੁ.ਪ੍ਰ. ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਲੋਂ ਮੋੜਵਾਂ ਜਵਾਬ ਆਇਆ ਕਿ ਉਹ ਗੁਰੂ ਘਰਾਂ ਦੇ ਮਸਲੇ ਆਪੇ ਸਾਂਭ ਲੈਣਗੇ। ਬੜੀ ਨਿਮਰਤਾ ਸਹਿਤ ਅੱਜ ਧਾਮੀ ਸਾਹਿਬ ਨੂੰ ਪੁਛਣਾ ਚਾਹੁੰਦੀ ਹਾਂ ਕਿ ਕੀ ਉਹ ਅਪਣੇ ਆਸ ਪਾਸ ਦੀ ਹਕੀਕਤ ਤੋਂ ਵਾਕਫ਼ ਹਨ? ਕੀ ਉਹ ਨਾਨਕ ਨਾਮ ਲੇਵਾ ਸੰਗਤ ਦੇ ਦਿਲ ਦੀ ਗੱਲ ਸਮਝ ਵੀ ਰਹੇ ਹਨ? ਅੱਜ ਹਰ ਆਮ ਸਿੱਖ, ਭਾਵੇਂ ਸਬਦ ਦੇ ਪੁਜਾਰੀਵਾਦੀ  ਅਰਥਾਂ ਅਨੁਸਾਰ ਉਹ ਪੂਰਨ ਗੁਰਸਿੱਖ ਨਾ ਵੀ ਹੋਵੇ ਪਰ ਸਿੱਖੀ ਨਾਲ ਜੁੜਿਆ ਹੋਇਆ ਹੋਵੇ, ਉਹ ਆਮ ਸਿੱਖ ਅਪਣੇ ਮਨ ਵਿਚ ਸਿੱਖ ਆਗੂਆਂ ਪ੍ਰਤੀ ਭਾਰੀ ਨਿਰਾਸ਼ਾ ਰਖਦਾ ਹੈ।

ਜੇ ਅਸੀ ਅਪਣੇ ਆਸ ਪਾਸ ਵੇਖੀਏ ਤਾਂ ਹਰ ਧਰਮ ਅਪਣੇ ਧਰਮ ਪ੍ਰਚਾਰ ਲਈ ਵਧੀਆ ਤਰੀਕੇ ਅਪਣਾ ਰਿਹਾ ਹੈ ਤਾਕਿ ਉਨ੍ਹਾਂ ਦੇ ਧਰਮ ਦੀ ਚੰਗੀ ਸਿਫ਼ਤ ਸਲਾਹ ਹੋਵੇ। ਈਸਾਈ ਬਾਈਬਲ ਨੂੰ ਹਰ ਹੋਟਲ ਵਿਚ ਵਖਰੀਆਂ ਭਾਸ਼ਾਵਾਂ ਵਿਚ ਰਖਦੇ ਹਨ ਤਾਕਿ ਦੁਨੀਆਂ ਦੇ ਵੱਖ-ਵੱਖ ਥਾਵਾਂ ਤੋਂ ਆਏ ਯਾਤਰੀ ਬਾਈਬਲ ਪੜ੍ਹ ਕੇ ਉਸ ਨਾਲ ਜੁੜ ਸਕਣ। ਪਰ ਸ਼੍ਰੋ.ਗੁ.ਪ੍ਰ. ਕਮੇਟੀ ਦਾ ਕਹਿਣਾ ਹੈ ਕਿ ਜੇ ਤੁਸੀ ਗੁਰਬਾਣੀ ਦਾ ਪ੍ਰਸਾਰਣ ਵੇਖਣਾ ਹੈ ਤਾਂ ਬਾਦਲ ਪ੍ਰਵਾਰ ਦਾ ਚੈਨਲ ਹੀ ਲਗਾਉ। ਇਸ ਨਾਲ ਟੀ.ਆਰ.ਪੀ. (ਭਾਵ ਵੇਖਣ ਵਾਲਿਆਂ ਦੀ ਗਿਣਤੀ) ਵਧਦੀ ਹੈ ਤੇ ਚੈਨਲ ਨੂੰ ਇਸ਼ਤਿਹਾਰ ਜ਼ਿਆਦਾ ਮਿਲਣ ਲਗਦੇ ਹਨ ਤੇ ਮਾਲਕਾਂ ਦੀ ਤਜੌਰੀ ਧਰਮ ਦੀ ਵਰਤੋਂ ਸਦਕਾ ਭਾਰੀ ਤੋਂ ਭਾਰੀ ਹੁੰਦੀ ਜਾਂਦੀ ਹੈ ।

ਧਾਮੀ ਸਾਹਿਬ, ਗੁਸਤਾਖ਼ੀ ਮੁਆਫ਼ ਪਰ ਜਿਸ ਤਰ੍ਹਾਂ ਸ਼੍ਰੋ.ਗੁ.ਪ੍ਰ. ਕਮੇਟੀ ਸਿਰਫ਼ ਬਾਦਲ ਪ੍ਰਵਾਰ ਬਾਰੇ ਸੋਚਣ ਉਤੇ ਅਪਣੀ ਸਾਰੀ ਤਾਕਤ ਖ਼ਰਚ ਕਰਨ ਵਿਚ ਲੱਗੀ ਰਹਿੰਦੀ ਹੈ, ਲੋਕਾਂ ਨੇ ਕਿਸੇ ਦਿਨ ਖੁੱਲ੍ਹੇ ਸਵਾਲ ਪੁਛਣੇ ਹਨ ਕਿ ਇਕ ਪ੍ਰਵਾਰ ਦੀ ਅਥਾਹ ਅਮੀਰੀ ਯਕੀਨੀ ਬਣਾਉਣ ਲਈ ਲੜਦੇ ਰਹਿਣ ਵਾਲੇ ‘ਧਾਰਮਕ ਆਗੂ’ ਕਿਤੇ ਇਸ ਸੌਦੇਬਾਜ਼ੀ ਵਿਚ ਹਿੱਸੇਦਾਰ ਤਾਂ ਨਹੀਂ ਸਨ? ਕੀ ਇਹ ਵੀ ਪੈਸੇ ਖ਼ਾਤਰ ਗੁਰੂ ਦੀ ਬਾਣੀ ਪ੍ਰਤੀ ਅਪਣੇ ਫ਼ਰਜ਼ਾਂ ਨੂੰ ਭੁੱਲ ਗਏ?

ਅੱਜ ਸਿੱਖ ਧਰਮ ਲਈ ਬੜੀ ਔਖੀ ਘੜੀ ਹੈ। ਨੌਜੁਆਨ ਗੁਮਰਾਹ ਹੋ ਰਹੇ ਹਨ ਤੇ ਧਾਰਮਕ ਆਗੂਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਨ੍ਹਾਂ ਨੂੰ ਸਹੀ ਦਿਸ਼ਾ ਦਿਖਾਉਣ। ਗੁਰੂ ਘਰਾਂ ਵਿਚ ਹੋ ਰਹੀ ਮਰਿਆਦਾ ਦੀ ਉਲੰਘਣਾ ਬਾਰੇ ਚਿੰਤਨ ਕਰ ਕੇ ਸਮਝਣਾ ਪਵੇਗਾ ਕਿ ਇਹ ਕੋਈ ਵੱਡੀ ਸਾਜ਼ਸ਼ ਤਾਂ ਨਹੀਂ? ਮਰਿਆਦਾ ਨੂੰ ਸਹੀ ਤਰੀਕੇ ਨਾਲ ਪ੍ਰਚਾਰਨ ਦੀ ਲੋੜ ਹੈ ਤੇ ਸਾਰੇ ਅਖ਼ਬਾਰ ਤੇ ਚੈਨਲ ਹੱਥ ਵਟਾਉਣ ਵਾਸਤੇ ਤਿਆਰ ਹੋਣਗੇ ਪਰ ਧਿਆਨ ਸਿੱਖੀ ਪ੍ਰਚਾਰ ਵਲ ਨਹੀਂ ਬਲਕਿ ਏਕਾਧਿਕਾਰ ਕਾਇਮ ਕਰਨ ਵਲ ਹੀ ਚਲ ਰਿਹਾ  ਹੈ।

ਹਾਲ ਹੀ ਵਿਚ ਜਥੇਦਾਰ ਸਾਹਿਬ ਦੇ ਇਕ ‘ਆਪ’ ਆਗੂ ਦੀ ਮੰਗਣੀ ’ਤੇ ਜਾਣ ਤੇ ਹਰ ਛੋਟੇ ਵੱਡੇ ਅਕਾਲੀ ਲੀਡਰ ਨੇ ਉਸ ਕੁਰਸੀ ਦਾ ਹੀ ਮੌਜੂ ਉਡਾਣਾ ਸ਼ੁਰੂ ਕਰ ਦਿਤਾ ਜਿਸ ਬਾਰੇ ਉਹ ਵਿਰੋਧੀਆਂ ਨੂੰ ਕਹਿੰਦੇ ਆ ਰਹੇ ਸਨ ਕਿ ਇਸ ਦੇ ਕਿਸੇ ਵੀ ਹੁਕਮ ਦੀ ਅਦੂਲੀ ਕਰਨ ਵਾਲੇ ਨੂੰ ਸਿੱਖ ਹੋਣ ਦਾ ਹੀ ਕੋਈ ਹੱਕ ਨਹੀਂ। ਉਨ੍ਹਾਂ ਅੰਦਰ ਇਹ ਸਾਹਸ ਇਸ ਲਈ ਪਸਰ ਸਕਿਆ ਕਿਉਂਕਿ ਇਹ ਕੁਰਸੀ ਅਕਾਲੀ ਦਲ ਦੇ ਪ੍ਰਧਾਨ ਅਪਣੇ ਮਤਲਬ ਲਈ ਅਪਣੇ ਲਿਫ਼ਾਫ਼ੇ ਵਿਚੋਂ ਕਢਦੇ ਹਨ। ਜਥੇਦਾਰ ਵਲੋਂ ਅਪਣੇ ਅਹੁਦੇ ਦਾ ਦੁਰਉਪਯੋਗ ਤਾਂ ਨਹੀਂ ਕੀਤਾ ਗਿਆ ਸਗੋਂ ਅਪਣੇ ਲਿਫ਼ਾਫ਼ੇ ਵਿਚੋਂ ਕੱਢੇ ਗਏ ਜਥੇਦਾਰ ਦਾ ਨਿਰਾਦਰ ਅਕਾਲੀ ਲੀਡਰਾਂ ਵਲੋਂ ਜ਼ਰੂਰ ਕੀਤਾ ਗਿਆ ਹੈ। ਇਹ ਅਪਣੇ ਆਪ ਵਿਚ ਹੀ ਇਕ ਸ਼ਰਮਨਾਕ ਵਿਵਾਦ ਬਣਿਆ ਹੋਇਆ ਹੈ ਪਰ ਅਕਾਲੀ ਕੈਂਪ ਦੀ ਚਿੰਤਾ ਸਿਰਫ਼ ਇਹ ਹੈ ਕਿ ਰਾਘਵ ਚੱਢਾ ਦੀ ਮੰਗਣੀ ’ਤੇ ਜਾਣ ਨਾਲ ਅਕਾਲੀ ਦਲ ਦੇ ਵੋਟ ਬੈਂਕ ਨੂੰ ਕੀ ਨੁਕਸਾਨ ਹੋ ਸਕਦਾ ਹੈ।

ਅੱਜ ਨੌਜੁਆਨਾਂ ਨੂੰ ਕਿਰਤ ਦੀ ਕਮਾਈ ਵਲ ਲਿਜਾਣਾ ਹੈ, ਧਰਮ ਤੇ ਧਾਰਮਕ ਸਥਾਨਾਂ ਦੇ ਸਤਿਕਾਰ ਦਾ ਪਾਠ ਸਿਖਾਉਣਾ ਹੈ ਪਰ ਸਾਡੇ ਧਾਰਮਕ ਆਗੂਆਂ ਨੂੰ ਸਮਝ ਹੀ ਨਹੀਂ ਆ ਰਿਹਾ ਕਿ ਉਹ ਨੌਜੁਆਨਾਂ ਵਾਸਤੇ ਕੀ ਉਦਾਹਰਣ ਪੇਸ਼ ਕਰ ਰਹੇ ਹਨ। ਜਥੇਦਾਰ ਸਾਹਿਬ, ਰਾਘਵ ਚੱਢਾ ਦੀ ਮੰਗਣੀ ’ਤੇ ਇਕ ਬੜੀ ਹੀ ਮਹਿੰਗੀ ਗੱਡੀ ਵਿਚ ਗਏ ਸਨ। ਕੀ ਬਾਬਾ ਨਾਨਕ ਦੇ ਸਿੱਖ ਗੁਰੂ ਦੀ ਗੋਲਕ ਵਿਚ ਆਇਆ ਪੈਸਾ ਅਪਣੇ ਉਤੇ ਖ਼ਰਚ ਕਰ ਕੇ, ਨੌਜੁਆਨਾਂ ਨੂੰ ਬੜੀ ਚੰਗੀ ਅਗਵਾਈ ਦੇ ਰਹੇ ਹਨ? ਧਰਮ ਦੇ ਨਾਮ ’ਤੇ ਠੱਗੀ, ਜਦ ਵੱਡੇ ਆਗੂ ਹੀ ਕਰਨਗੇ ਤਾਂ ਫਿਰ ਹਰ ਕੋਈ ਬਾਣਾ ਪਾ ਕੇ ਵੱਡੀਆਂ ਗੱਡੀਆਂ ਗੋਲਕਾਂ ਦੇ ਧਨ ਨਾਲ ਲੈਣ ਬਾਰੇ ਹੀ ਸੋਚੇਗਾ। 

ਸਾਦਗੀ, ਸਹਿਣਸ਼ੀਲਤਾ, ਪਿਆਰ, ਕਿਰਤ, ਦਸਵੰਧ ਦਾ ਜੀਵਨ ਜੀਅ ਕੇ ਸ਼੍ਰੋ.ਗੁ.ਪ੍ਰ. ਕਮੇਟੀ ਤੇ ਜਥੇਦਾਰ ਨੌਜੁਆਨਾਂ ਵਾਸਤੇ ਮਾਰਗ ਦਰਸ਼ਕ ਹੋਣੇ ਚਾਹੀਦੇ ਹਨ। ਪਰ ਅਫ਼ਸੋਸ ਕਿ ਉਨ੍ਹਾਂ ਦੀ ਦੇਖ ਰੇਖ ਹੇਠ ਹੀ ਅਕਾਲੀ ਦਲ ਨੇ ਅਪਣੇ ਏਕਾਧਿਕਾਰ ਨਾ ਸਿਰਫ਼ ਚੈਨਲ ਵਿਚ ਬਲਕਿ ਮੀਡੀਆ, ਟਰਾਂਸਪੋਰਟ, ਹੋਟਲ ਆਦਿ ਵਿਚ ਬਣਾਉਣ ਵਾਸਤੇ ਧਾਰਮਕ ਆਗੂਆਂ ਦੀ ਵਰਤੋਂ ਕੀਤੀ। ਕੁਦਰਤ ਇਨਸਾਨ ਨੂੰ ਤਾਂ ਉਸ ਦੀਆਂ ਗ਼ਲਤੀਆਂ ਦੀ ਸਜ਼ਾ ਸੁਣਾ ਦੇਂਦੀ ਹੈ ਪਰ ਜੋ ਨੁਕਸਾਨ ਗੁਰੂਆਂ ਦੇ ਫ਼ਲਸਫ਼ੇ ਨੂੰ ਅੱਜ ਸਿੱਖ ਆਗੂਆਂ ਵਲੋਂ ਪਹੁੰਚਾਇਆ ਜਾ ਰਿਹਾ ਹੈ, ਜਾਪਦਾ ਨਹੀਂ ਕਿ ਧਾਮੀ ਜੀ ਨੂੰ ਅਜੇ ਇਸ ਬਾਰੇ ਕੋਈ ਚਿੰਤਾ ਵੀ ਹੈ?                                                             - ਨਿਮਰਤ ਕੌਰ