29 ਸਤੰਬਰ 2016 ਨੂੰ ਮਦਰ ਟਰੇਸਾ ਨੂੰ ਸਮਰਪਿਤ ਪੰਜਾਬ ਪੱਧਰੀ ਸਮਾਗਮ ਕਰਾਇਆ ਗਿਆ। .... ਸਾਨੂੰ ਖ਼ੁਸ਼ੀ ਹੈ। ਮਦਰ ਟਰੇਸਾ ਨੂੰ ਸਾਰੀ ਦੁਨੀਆਂ ਯਾਦ ਕਰਦੀ ਹੈ... ਸਾਨੂੰ ਖ਼ੁਸ਼ੀ ਹੈ। ਭਗਤ ਪੂਰਨ ਸਿੰਘ ਨੂੰ ਸਾਰੀ ਦੁਨੀਆਂ ਤਾਂ ਕੀ ਸਾਰਾ ਭਾਰਤ ਵੀ ਨਹੀਂ ਯਾਦ ਕਰਦਾ ਭਾਵੇਂ ਭਗਤ ਪੂਰਨ ਸਿੰਘ ਦੀ ਘਾਲਣਾ ਮਦਰ ਟਰੇਸਾ ਨਾਲੋਂ ਕਿਸੇ ਪਾਸਿਉਂ ਵੀ ਘੱਟ ਨਹੀਂ। ਸਾਨੂੰ ਖ਼ੁਸ਼ੀ ਨਹੀਂ, ਅਫ਼ਸੋਸ ਤੇ ਸਬਰ ਹੈ।
ਪਰ ਭਗਤ ਪੂਰਨ ਸਿੰਘ ਦੇ ਘਰ (ਅੰਮ੍ਰਿਤਸਰ) ਅੰਦਰ ਆ ਕੇ ਮਦਰ ਟਰੇਸਾ ਦਾ ਬੁੱਤ ਸਥਾਪਤ ਕਰਨਾ ਅਤੇ ਅੰਮ੍ਰਿਤਸਰ ਤੋਂ ਰਾਜਾਸਾਂਸੀ ਹਵਾਈ ਅੱਡਾ ਸੜਕ ਦਾ ਨਾਂ ਭਗਤ ਪੂਰਨ ਸਿੰਘ ਨੂੰ ਪਾਸੇ ਕਰ ਕੇ ਮਦਰ ਟਰੇਸਾ ਦੇ ਨਾਂ ਉਤੇ ਰਖਣਾ, ਭਗਤ ਪੂਰਨ ਸਿੰਘ ਦੀ ਰੂਹ ਨਾਲ ਘੋਰ ਬੇਇਨਸਾਫ਼ੀ ਹੈ। ਅਕਾਲੀ ਉੱਪ ਮੁੱਖ ਮੰਤਰੀ ਸਾਹਬ ਕਿਸ ਤੋਂ ਸ਼ਾਬਾਸ਼ ਲੈਣਾ ਚਾਹੁੰਦੇ ਸਨ? ਕੀ ਭਗਤ ਪੂਰਨ ਸਿੰਘ ਦੇ ਘਰ ਉਤੇ ਮਦਰ ਟਰੇਸਾ ਦਾ ਕਬਜ਼ਾ ਕਰਾਉਣਾ ਜਾਇਜ਼ ਹੈ?
ਮਦਰ ਟਰੇਸਾ ਦੀਆਂ ਯਾਦਗਾਰਾਂ ਬਣਾਉਣ ਵਾਸਤੇ ਸਾਰੀ ਦੁਨੀਆਂ ਦੀ ਵਿਸ਼ਾਲ ਧਰਤੀ ਪਈ ਹੈ। ਕੀ ਇਹ ਕਾਰਾ ਭਗਤ ਪੂਰਨ ਸਿੰਘ ਦੀ ਰੂਹ ਨੂੰ ਚਿੜ੍ਹਾਉਣ ਵਾਸਤੇ ਤਾਂ ਨਹੀਂ ਕੀਤਾ ਗਿਆ? ਕੀ ਇਹ ਭਗਤ ਪੂਰਨ ਸਿੰਘ ਨੂੰ ਇਤਿਹਾਸ ਵਿਚੋਂ ਮਨਫ਼ੀ ਕਰਨ ਦੀਆਂ ਸੂਖਮ ਚਾਲਾਂ ਤਾਂ ਨਹੀਂ? ਸਾਡੇ ਮਨਾਂ ਅੰਦਰ ਅਜਿਹੇ ਕਈ ਸਵਾਲ ਉਠਦੇ ਹਨ ਜਿਨ੍ਹਾਂ ਬਾਰੇ ਹਰ ਪੰਜਾਬੀ ਨੂੰ ਸੋਚਣਾ ਬਣਦਾ ਹੈ।
-ਬਲਦੇਵ ਸਿੰਘ ਫ਼ੌਜੀ, ਭਗਤ ਭਾਈਕਾ, ਸੰਪਰਕ : 94781-10423