ਫ਼ੀਸਾਂ ਨੂੰ ਲੈ ਕੇ ਬੱਚਿਆਂ ਦੇ ਮਾਪਿਆਂ ਅਤੇ ਸਕੂਲਾਂ/ਅਧਿਆਪਕਾਂ ਵਿਚਕਾਰ ਟਕਰਾਅ ਅਫ਼ਸੋਸਨਾਕ

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਅਜੇ ਤਕ ਵਿਵਾਦ ਭੱਖ ਰਿਹਾ ਹੈ ਕਿ ਬੱਚਿਆਂ ਦੀਆਂ ਸਕੂਲੀ ਫ਼ੀਸਾਂ ਦੀ ਭਰਾਈ ਕਿਉਂ ਤੇ ਕਿਸ ਤਰ੍ਹਾਂ ਕੀਤੀ ਜਾਵੇ।

School Fees

ਅਜੇ ਤਕ ਵਿਵਾਦ ਭੱਖ ਰਿਹਾ ਹੈ ਕਿ ਬੱਚਿਆਂ ਦੀਆਂ ਸਕੂਲੀ ਫ਼ੀਸਾਂ ਦੀ ਭਰਾਈ ਕਿਉਂ ਤੇ ਕਿਸ ਤਰ੍ਹਾਂ ਕੀਤੀ ਜਾਵੇ। ਸਕੂਲ ਤੇ ਮਾਪੇ ਦੋਵੇਂ ਆਪਸ ਵਿਚ ਲੜ ਰਹੇ ਹਨ। ਮਾਪੇ ਆਖਦੇ ਹਨ ਕਿ ਜੇ ਸਕੂਲ ਹੀ ਬੰਦ ਹਨ ਤਾਂ ਫਿਰ ਫ਼ੀਸ ਕਿਉਂ ਦਿਤੀ ਜਾਵੇ? ਪਟਿਆਲਾ ਵਿਚ ਇਕ ਮਾਂ ਸੜਕ ’ਤੇ ਆ ਗਈ ਤੇ ਉਸ ਨੇ ਅਧਿਆਪਕਾਂ ਨੂੰ ਦੁਹਾਈ ਦਿਤੀ ਕਿ ਜਦੋਂ ਮੈਂ ਸਾਰਾ ਦਿਨ ਅਪਣੇ ਬੱਚੇ ਨੂੰ ਸਾਂਭ ਰਹੀ ਹਾਂ, ਪੜ੍ਹਾ ਰਹੀ ਹਾਂ ਤਾਂ ਮੈਂ ਫ਼ੀਸ ਕਿਉਂ ਦੇਵਾਂ?

ਉਸ ਮਾਂ ਦੀ ਸੋਚ ਤੇ ਰਵਈਆ ਅਪਣੇ ਆਪ ਵਿਚ ਹੀ ਇਕ ਮਾੜੀ ਸਿਖਿਆ ਦੀ ਉਦਾਹਰਣ ਸੀ। ਪਰ ਮਾਪੇ ਜੋ ਇਸ ਤਰ੍ਹਾਂ ਦੇ ਸਵਾਲ ਪੁਛ ਰਹੇ ਹਨ, ਉਨ੍ਹਾਂ ਦਾ ਜਵਾਬ ਵੀ ਦੇਣਾ ਹੀ ਪਵੇਗਾ। ਸਿਖਿਆ ਦੀ ਹਰ ਮਹੀਨੇ ਕੀਮਤ ਨਹੀਂ ਪਾਈ ਜਾ ਸਕਦੀ। ਇਹ ਬਚਪਨ ਵਿਚ ਰੱਖੀ ਬੁਨਿਆਦ ਹੈ। ਸਾਰੀ ਉਮਰ ਇਨਸਾਨ ਨੂੰ ਚਲਦਾ ਰਖਦੀ ਹੈ। ਪਰ ਅਸੀ ਫ਼ੀਸ ਸਿਰਫ਼ ਕੁੱਝ ਸਾਲਾਂ ਵਾਸਤੇ ਹੀ ਤਾਂ ਦੇਂਦੇ ਹਾਂ। 

ਸਕੂਲਾਂ ਵਲੋਂ ਇਕ ਹੱਦ ਤਕ ਫ਼ੀਸ ਮੰਗਣੀ ਜਾਇਜ਼ ਹੈ ਕਿਉਂਕਿ ਕਿਸੇ ਨਾ ਕਿਸੇ ਤਰੀਕੇ ਸਕੂਲ ਆਨਲਾਈਨ ਸਿਖਿਆ ਰਾਹੀਂ ਬੱਚਿਆਂ ਨੂੰ ਪੜ੍ਹਾਈ ਨਾਲ ਜੋੜੀ ਰੱਖ ਰਹੇ ਹਨ। ਅਧਿਆਪਕਾਂ ਪ੍ਰਤੀ ਕਿਸੇ ਨੇ ਹਮਦਰਦੀ ਨਹੀਂ ਵਿਖਾਈ, ਜੋ ਅਪਣੇ ਘਰ ਵਿਚ ਅਪਣੀਆਂ ਪ੍ਰਵਾਰਕ ਜ਼ਿੰਮੇਵਾਰੀਆਂ ਨੂੰ ਵੀ ਨਿਭਾਉਂਦੇ ਹਨ ਤੇ ਨਾਲ-ਨਾਲ ਬੱਚਿਆਂ ਵਾਸਤੇ ਵਿਕਾਸ ਦਾ ਰਾਹ ਵੀ ਬਣਾ ਰਹੇ ਹਨ।

ਅੱਜ ਬਹਿਸ ਫ਼ੀਸ ਨੂੰ ਲੈ ਕੇ ਨਹੀਂ ਹੋਣੀ ਚਾਹੀਦੀ ਸੀ। ਇਹ ਮਾਮਲਾ ਆਪਸ ਵਿਚ ਮਿਲ ਬੈਠ ਕੇ ਸੁਲਝਾਇਆ ਜਾ ਸਕਦਾ ਸੀ। ਲੋੜ ਇਕ ਦੂਜੇ ਦਾ ਪੱਖ ਸਮਝਣ ਦੀ ਹੋਣੀ ਚਾਹੀਦੀ ਸੀ। ਪਰ ਦੋਵੇਂ ਹੀ ਪੱਖ ਸਿਰਫ਼ ਪੈਸੇ ਬਾਰੇ ਸੋਚ ਰਹੇ ਹਨ ਜਦ ਕਿ ਸੋਚਣਾ ਬੱਚਿਆਂ ਬਾਰੇ ਚਾਹੀਦਾ ਸੀ ਅਤੇ ਇਸ ਤਾਲਾਬੰਦੀ ਦਾ ਉਨ੍ਹਾਂ ਦੇ ਵਿਕਾਸ ’ਤੇ ਪਏ ਮਾੜੇ ਅਸਰ ਬਾਰੇ। ਅੱਜ ਤੋਂ ਕੁੱਝ ਮਹੀਨੇ ਪਹਿਲਾਂ ਅਸੀ ਬੱਚਿਆਂ ਨੂੰ ਆਖਦੇ ਸੀ ਕਿ ਫ਼ੋਨ ’ਤੇ ਅਪਣਾ ਸਮਾਂ ਬਰਬਾਦ ਨਾ ਕਰੋ,

ਬਾਹਰ ਜਾ ਕੇ ਅਪਣੇ ਦੋਸਤਾਂ ਮਿੱਤਰਾਂ ਨਾਲ ਖੇਡੋ। ਪਰ ਅੱਜ ਹਰ ਬੱਚਾ ਤਕਰੀਬਨ ਦਿਨ ਦੇ 7-8 ਘੰਟੇ ਮੋਬਾਈਲ ਫ਼ੋਨ, ਟੈਲੀਵੀਜ਼ਨ ਜਾਂ ਕੰਪਿਊਟਰ ’ਤੇ ਗੇਮਾਂ ਖੇਡ ਕੇ ਬਿਤਾ ਰਿਹਾ ਹੈ। ਜਦੋਂ ਉਹ ਅਪਣੇ ਦੋਸਤਾਂ ਨੂੰ ਮਿਲਣ ਦੀ ਗੱਲ ਕਰਦੇ ਹਨ ਤਾਂ ਅਸੀ ਉਨ੍ਹਾਂ ਨੂੰ ਕਹਿੰਦੇ ਹਾਂ ਕਿ ਘਰ ਵਿਚ ਹੀ ਰਹਿਣਾ ਹੈ, ਘਰ ਵਿਚ ਰਹਿ ਕੇ ਫ਼ੋਨ ’ਤੇ ਹੀ ਖੇਡ ਲਵੋ। ਅੱਜ ਦੇ ਮਾਹੌਲ ਨੇ ਜਿਥੇ ਹਰ ਵਿਅਕਤੀ ਨੂੰ ਪ੍ਰਭਾਵਤ ਕੀਤਾ ਹੈ, ਉਥੇ ਬੱਚਿਆਂ ਦੀ ਦੁਨੀਆਂ ਵੀ ਬਦਲ ਦਿਤੀ ਹੈ।

ਇਸ ਦੌਰ ਦੀ ਸੱਭ ਤੋਂ ਵੱਡੀ ਕੀਮਤ ਬੱਚੇ ਹੀ ਅਦਾ ਕਰ ਰਹੇ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਆਨਲਾਈਨ ਪੜ੍ਹਾਈ ਅਸਲ ਪੜ੍ਹਾਈ ਦੀ ਥਾਂ ਨਹੀਂ ਲੈ ਸਕਦੀ। ਸਾਡੇ ਦੇਸ਼ ਵਿਚ ਕਿੰਨੇ ਬੱਚੇ ਹਨ ਜਿਨ੍ਹਾਂ ਕੋਲ ਅਪਣਾ ਕੰਪਿਊਟਰ ਅਤੇ ਮੋਬਾਈਲ ਫ਼ੋਨ ਨਹੀਂ ਹੈ ਅਤੇ ਜਿਨ੍ਹਾਂ ਕੋਲ ਇਹ ਚੀਜ਼ਾਂ ਹਨ  ਵੀ ਤਾਂ ਉਹ ਇੰਟਰਨੈੱਟ ਪੈਕ ਨਹੀਂ ਖ਼ਰੀਦ ਸਕਦੇ ਜੋ ਮਹਿੰਗਾ ਪੈਂਦਾ ਹੈ। ਇਸ ਆਨਲਾਈਨ ਪੜ੍ਹਾਈ ਨਾਲ ਅੱਜ ਇਕ ਕਲਾਸ ਦੇ 5 ਤੋਂ 10 ਫ਼ੀ ਸਦੀ ਬੱਚੇ ਹੀ ਸਿਖਿਆ ਹਾਸਲ ਕਰ ਰਹੇ ਹਨ। ਪਰ ਇਨ੍ਹਾਂ ਦੀ ਪੜ੍ਹਾਈ ਦਾ ਹੋਰ ਰਸਤਾ ਕਿਹੜਾ ਹੋ ਸਕਦਾ ਹੈ?

ਸਾਲ 2020 ਸਿਖਿਆ ਪੱਖੋਂ ਕੋਰਾ ਸਾਬਤ ਹੋ ਰਿਹਾ ਹੈ ਪਰ ਕੀ ਅਸੀ ਇਸ ਨੂੰ ਪੂਰੀ ਤਰ੍ਹਾਂ ਜ਼ੀਰੋ ਐਲਾਨਣਾ ਚਹੁੰਦੇ ਹਾਂ? ਨਹੀਂ, ਅਸੀ ਚਾਹੁੰਦੇ ਹਾਂ ਕਿ ਕਿਸੇ ਤਰ੍ਹਾਂ ਇਸ ਸਾਲ ਨੂੰ ਟਪਾ ਲਈਏ ਕਿਉਂਕਿ 2021 ਵਿਚ ਸਕੂਲ ਸ਼ੁਰੂ ਹੋ ਜਾਣਗੇ। ਅਸੀ 2021 ਤਕ ਅਧਿਆਪਕਾਂ ਨੂੰ ਐਕਟਿਵ ਰਖਣਾ ਚਾਹੁੰਦੇ ਹਾਂ ਤਾਕਿ ਤੁਹਾਡਾ ਬੱਚਾ 2021 ਵਿਚ ਸਕੂਲ ਜਾ ਸਕੇ, ਸਿਖਿਆ ਨਾਲ ਜੁੜਿਆ ਰਹੇ,

ਅਧਿਆਪਕ ਅਤੇ ਸਕੂਲ ਦਾ ਮਾਣ ਸਤਿਕਾਰ ਕਰਦਾ ਰਹੇ। ਅੱਜ ਜ਼ਰੂਰੀ ਹੈ ਕਿ ਮਾਪੇ ਅਤੇ ਅਧਿਆਪਕ ਇਕ ਸਾਂਝਾ ਹਲ ਲੱਭਣ ਜਿਹੜਾ ਸਿਰਫ਼ 2020 ਦੀ ਜ਼ੀਰੋ ਵਲ ਨਾ ਵੇਖੇ ਬਲਕਿ ਜ਼ਿੰਦਗੀ ਭਰ ਦੀ ਸਿਖਿਆ ਦੀ ਬੁਨਿਆਦ ਵਲ ਵੇਖੇ। ਅਧਿਆਪਕਾਂ ਅਤੇ ਸਕੂਲਾਂ ਨੂੰ ਮੰਦਾ ਬੋਲਣ ਦੀ ਬਜਾਏ ਕੋਈ ਸਾਰਥਕ ਹਲ ਕੱਢ ਕੇ ਹੀ ਬੱਚਿਆਂ ਦਾ ਭਲਾ ਯਕੀਨੀ ਬਣਾਇਆ ਜਾ ਸਕਦਾ ਹੈ। -ਨਿਮਰਤ ਕੌਰ