ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ‘ਪ੍ਰਧਾਨ’ ਗੁਰਬਾਣੀ ਤੇ ਪੰਜਾਬੀ ਪੜ੍ਹਨੋਂ ਲਿਖਣੋਂ ਵੀ ਆਤੁਰ!

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਜੇ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੁਖੀ ਰਹਿ ਚੁੱਕੇ ਮਨਜਿੰਦਰ ਸਿੰਘ ਸਿਰਸਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਸ਼ੁਧ ਨਹੀਂ ਪੜ੍ਹ ਸਕਦੇ ਤਾਂ ਵਿਚਾਰ ਕਰਨਾ ਬਣਦਾ ਹੀ ਹੈ।

Manjinder Singh Sirsa

ਅੱਜ ਦੀ ਖ਼ਬਰ ਹੈ ਕਿ ਕੈਨੇਡਾ ਵਿਚ 16 ਪੰਜਾਬੀ ਚਿਹਰੇ, ਕੈਨੇਡੀਅਨ ਪਾਰਲੀਮੈਂਟ ਲਈ ਚੁਣੇ ਜਾ ਕੇ, ਕੈਨੇਡਾ ਦੀ ਸਰਗਰਮ ਸਿਆਸਤ ਦਾ ਹਿੱਸਾ ਬਣ ਗਏ। ਇਨ੍ਹਾਂ ਵਿਚ ਜਿਥੇ 14 ਦੂਜੀ ਵਾਰ ਜਾਂ ਵੱਧ ਵਾਰ ਲੋਕਾਂ ਦਾ ਵਿਸ਼ਵਾਸ ਹਾਸਲ ਕਰਨ ਵਾਲੇ ਬਣੇ, ਉਥੇ ਦਿੱਲੀ ਸਿੱਖ ਗੁੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦਿੱਲੀ ਕਮੇਟੀ ਦੀ ਚੋਣ ਹਾਰਨ ਤੋਂ ਬਾਅਦ ਗੁਰਮੁਖੀ ਦਾ ਇਮਤਿਹਾਨ ਵੀ ਪਾਸ ਨਾ ਕਰ ਸਕੇ। ਬਚਪਨ ਵਿਚ ਸੁਣੀ ਸਾਖੀ ਯਾਦ ਆਉਂਦੀ ਹੈ ਕਿ ਬਾਬਾ ਨਾਨਕ ਇਕ ਅਜਿਹੇ ਪਿੰਡ ਗਏ ਜਿਥੋਂ ਦੇ ਲੋਕ ਚੰਗੇ ਨਹੀਂ ਸਨ, ਤਾਂ ਉਨ੍ਹਾਂ ਨੇ ਜਾਂਦੇ ਹੋਏ ਬਚਨ ਕੀਤੇ ਕਿ ‘ਸਦਾ ਇਕ ਥਾਂ ਟਿਕੇੇ ਰਹੋ’।

ਫਿਰ ਇਕ ਚੰਗੇ ਪਿੰਡ ਗਏ ਤਾਂ ਬਾਅਦ ਵਿਚ ਬਚਨ ਕੀਤੇ ਕਿ ‘ਟਿਕ ਕੇ ਕਿਸੇ ਥਾਂ ਕਦੇ ਨਾ ਬੈਠੋ’। ਜਦ ਹੈਰਾਨ ਹੋਏ ਭਾਈ ਮਰਦਾਨਾ ਨੇ ਸਵਾਲ ਕੀਤਾ ਤਾਂ ਉਨ੍ਹਾਂ ਨੂੰ ਦਸਿਆ ਗਿਆ ਕਿ ਮਾੜੇ ਬੰਦੇ ਇਕ ਥਾਂ ਟਿਕੇ ਹੋਏ ਹੀ ਭਲੇ ਤੇ ਚੰਗੇ ਮਨੁੱਖ, ਚੰਗਿਆਈ ਫੈਲਾਉਣ ਲਈ ਬਾਹਰ ਨਸਦੇ ਭਜਦੇ ਹੀ ਭਲੇ। ਅੱਜ ਵੇਖ ਕੇ ਲਗਦਾ ਹੈ ਕਿ ਸਾਡੇ ਵਿਚੋਂ ਜਿਹੜੇ ਵਿਦੇਸ਼ਾਂ ਵਿਚ ਚਲੇ ਗਏ, ਉਨ੍ਹਾਂ ਅੰਦਰਲੀ ਸਿੱਖੀ ਪੰਜਾਬ ਵਿਚ ਰਹਿੰਦੇ ਲੋਕਾਂ ਨਾਲ ਜ਼ਿਆਦਾ ਪੱਕੀ ਹੈ। ਵਿਦੇਸ਼ਾਂ ਵਿਚ ਰਹਿੰਦੇ ਪੰਜਾਬੀਆਂ ਦੀ ਦੂਜੀ ਤੀਜੀ ਪੀੜ੍ਹੀ ਸ਼ਾਇਦ ਧਰਮ ਵਿਚ ਇਸ ਕਦਰ ਪੱਕੀ ਨਾ ਹੋਵੇ ਪਰ ਉਹ ਇਨਸਾਨ ਤਾਂ ਚੰਗੇ ਹੋਣਗੇ। ਜਿਸ ਤਰ੍ਹਾਂ ਵਿਦੇਸ਼ਾਂ ਵਿਚ ਜਾ ਕੇ ਹਰ ਦੇਸ਼ ਵਿਚ ਪੰਜਾਬੀ ਅਤੇ ਸਿੱਖ ਨਾਮਣਾ ਖੱਟ ਰਹੇ ਹਨ, ਉਸ ਉਤੇ ਫ਼ਖ਼ਰ ਤਾਂ ਹੋਣ ਲਗਦਾ ਹੈ ਪਰ ਨਾਲ ਨਾਲ ਹੀ ਇਹ ਵੀ ਸੋਚਣਾ ਪੈਂਦਾ ਹੈ ਕਿ ਇਥੇ ਰਹਿੰਦੇ ਪੰਜਬੀਆਂ ਵਿਚ ਕੀ ਕਮੀ ਸੀ ਜੋ ਇਹ ਏਨੇ ਪਛੜ ਗਏ ਹਨ?

ਜੇ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੁਖੀ ਰਹਿ ਚੁੱਕੇ ਮਨਜਿੰਦਰ ਸਿੰਘ ਸਿਰਸਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਸ਼ੁਧ ਨਹੀਂ ਪੜ੍ਹ ਸਕਦੇ ਤਾਂ ਵਿਚਾਰ ਕਰਨਾ ਬਣਦਾ ਹੀ ਹੈ। ਮਨਜਿੰਦਰ ਸਿੰਘ ਸਿਰਸਾ ਗੁਰੂ ਤੇਗ਼ ਬਹਾਦਰ ਕਾਲਜ ਤੋਂ ਬੀ.ਏ. ਪੰਜਾਬੀ ਕਰ ਚੁੱਕੇ ਹਨ। ਇਸ ਤੋਂ ਤਾਂ ਕਾਲਜਾਂ ਦੀਆਂ ਡਿਗਰੀਆਂ ਬਾਰੇ ਹੀ ਸ਼ੰਕੇ ਉਠ ਖੜੇ ਹੁੰਦੇ ਹਨ ਕਿਉਂਕਿ ਪੰਜਾਬੀ ਦੇ ਵਿਦਿਆਰਥੀ ਦੀ ਪੜ੍ਹਾਈ ਐਮ.ਏ. ਪੱਧਰ ਦੀ ਹੁੰਦੀ ਹੈ। ਗੁਰਮੁਖੀ ਅਜਿਹਾ ਵਿਸ਼ਾ ਨਹੀਂ ਕਿ ਤੁਸੀਂ ਪੜ੍ਹਨਾ ਭੁਲ ਜਾਉ। ਜਿਹੜਾ ਵੀ ਕੋਈ, ਕਿਸੇ ਗੁਰਦਵਾਰਾ ਕਮੇਟੀ ਦੀ ਸੰਭਾਲ ਦਾ ਜ਼ਿੰਮੇਵਾਰ ਹੋਵੇ, ਉਸ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਦਿਤੀ ਵਿਚਾਰਧਾਰਾ ਤਾਂ ਹੀ ਸਮਝ ਵਿਚ ਆਏਗੀ (ਤੇ ਆਉਣੀ ਚਾਹੀਦੀ ਵੀ ਹੈ) ਜੇ ਉਹ ਹਰ ਰੋਜ਼ ਗੁਰਬਾਣੀ ਅਰਥਾਂ ਸਮੇਤ ਪੜ੍ਹੇ ਤੇ ਵਿਚਾਰ ਕਰੇ। ਪਰ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਇਹ ਹੈ ਕਿ ਤੁਸੀਂ ਝੂਠ ਨਾ ਬੋਲੋ ਤੇ ਸਰਟੀਫ਼ੀਕੇਟਾਂ ਦੇ ਓਹਲੇ ਸਚਾਈ ਲੁਕਾਉਣ ਦੀ ਕੋਸ਼ਿਸ਼ ਨਾ ਕਰੋ। ਇਸ ਪੂਰੇ ਮਾਮਲੇ ਵਿਚ ਜੋ ਕਿਰਕਰੀ ਹੋਈ, ਉਹ ਸਿਰਫ਼ ਕੈਨੇਡਾ ਵਲ ਵੇਖ ਕੇ ਹੀ ਕੁਝ ਸ਼ਾਂਤ ਹੁੰਦੀ ਹੈ।

ਕੈਨੇਡਾ ਦੇ ਸਿੱਖ ਤੇ ਪੰਜਾਬੀ ਚਿਹਰੇ ਅਪਣੇ ਸਰੂਪ ਕਰ ਕੇ ਨਹੀਂ ਜਿੱਤੇ ਤੇ ਨਾ ਹੀ ਪੰਜਾਬੀ ਵੋਟਾਂ ਕਰ ਕੇ ਬਲਕਿ ਉਹ ਅਪਣੀ ਵਖਰੀ ਪਹਿਚਾਣ ਦੇ ਬਾਵਜੂਦ ਅਪਣੇ ਕਿਰਦਾਰ ਕਾਰਨ ਗੋਰਿਆਂ ਦਾ ਵਿਸ਼ਵਾਸ ਵਾਰ ਵਾਰ ਜਿੱਤਣ ਵਿਚ ਸਫ਼ਲ ਹੋਏ ਹਨ। ਹਰਜੀਤ ਸਿੰਘ ਸੱਜਣ ਵਰਗੇ ਗੁਰਸਿੱਖ ਨੂੰ ਕੈਨੇਡਾ ਦੇਸ਼ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੌਂਪ ਦਿਤੀ ਜਾਣੀ ਨਾ ਸਿਰਫ਼ ਕੈਨੇਡਾ ਵਿਚ ਸੱਭ ਨੂੰ ਬਰਾਬਰ ਮੰਨਣ ਦੀ ਸੋਚ ਵਿਖਾਉਂਦੀ ਹੈ ਸਗੋਂ ਸੱਜਣ ਦੀ ਸੋਚ ਦੀ ਜਿੱਤ ਵੀ ਹੈ ਜੋ ਵਖਰਾ ਦਿਸਣ ਦੇ ਬਾਵਜੂਦ ਵੀ ਵੱਡੇ ਫ਼ਰਕ ਨਾਲ ਜਿੱਤ ਜਾਂਦੇ ਹਨ। ਜਗਮੀਤ ਸਿੰਘ ਕੈਨੇਡਾ ਦੀ ਸਿਆਸਤ ਦਾ ਇਕ ਵੱਡਾ ਚਿਹਰਾ ਹਨ ਜੋ ਜਸਟਿਨ ਟਰੂਡੋ ਨਾਲ ਮਿਲ ਕੇ ਦੂਜੀ ਵਾਰ ਸਰਕਾਰ ਬਣਾਉਣ ਜਾ ਰਹੇ ਹਨ।

ਭਾਰਤ ਵਿਚ ਮਹਿਬੂਬਾ ਮੁਫ਼ਤੀ ਨੇ ਆਖਿਆ ਹੈ ਕਿ ਸਿੱਖ ਖ਼ਾਲਿਸਤਾਨੀ ਮੰਨੇ ਜਾਂਦੇ ਹਨ। ਸਾਡੇ ਕਿਸਾਨ ਵੀ ਇਸੇ ਨਾਹਰੇ ਨੂੰ ਲੈ ਕੇ ਦਬਾਏ ਜਾਣ ਤੇ ਬਦਨਾਮ ਕੀਤੇ ਜਾਣ ਦਾ ਦੁਖ ਸਹਿੰਦੇ ਆ ਰਹੇ ਹਨ। ਜਿਥੇ ਭਾਰਤ ਵਿਚ ਧਰਮ ਦੇ ਨਾਂ ਤੇ ਪਾਖੰਡ ਦਾ ਮਾਹੌਲ ਪ੍ਰਧਾਨ ਹੈ,ਉਥੇ ਹੁਣ ਪੰਜਾਬ ਸਮੇਤ ਗੁਰਦਵਾਰਿਆਂ ਵਿਚ ਵੀ ਇਹ ਬੁਰਾਈ ਘਰ ਕਰ ਚੁੱਕੀ ਹੈ। ਇਹ ਉਹ ਬੁਰਾਈ ਹੈ ਜੋ ਧਰਮ ਨੂੰ ਕਮਜ਼ੋਰ ਬਣਾ ਰਹੀ ਹੈ। ਗੁਰਦਵਾਰਿਆਂ ਦੇ ਪ੍ਰਬੰਧਕ, ਚੋਣਾਂ ਰਾਹੀਂ, ਉਹ ਲੋਕ ਬਣ ਗਏ ਹਨ ਜਿਨ੍ਹਾਂ ਨੂੰ ਨਾ ਸਿੱਖੀ ਦਾ ਕੁੱਝ ਆਉਂਦਾ ਹੈ, ਨਾ ਪੰਜਾਬੀ ਲਿਖਣੀ ਪੜ੍ਹਨੀ। ਗੁਰਬਾਣੀ ਪੜ੍ਹਨੀ ਤੇ ਸਮਝਣੀ ਵੀ ਉਨ੍ਹਾਂ ਲਈ ਹਿਮਾਲੀਆ ਤੇ ਚੜ੍ਹਨ ਵਰਗੀ ਗੱਲ ਹੈ। ਫਿਰ ਵੀ ਉਹ ਗੁਰਦਵਾਰਾ ਸਟੇਜਾਂ ਤੋਂ ਉਪਦੇਸ਼ ਦੇਂਦੇ ਹਨ, ਤਨਖ਼ਾਹਦਾਰ ਪੁਜਾਰੀਆਂ ਕੋਲੋਂ ਭਲੇ ਲੋਕਾਂ ਵਿਰੁਧ ਹੁਕਮਨਾਮੇ ਜਾਰੀ ਕਰਵਾ ਕੇ ਉਨ੍ਹਾਂ ਨੂੰ ਅਪਮਾਨਤ ਕਰਦੇ ਹਨ ਤੇ ਸਿੱਖੀ ਦੀ ਨਈਆ ਡੁਬੋਣ ਦਾ ਯਤਨ, ਦਿੱਲੀ ਦੇ ਹਾਕਮਾਂ ਨਾਲ ਮਿਲ ਕੇ ਕਰਦੇ ਰਹਿੰਦੇ ਹਨ। ਮਨਜਿੰਦਰ ਸਿੰਘ ਸਿਰਸਾ ਤਾਂ ਐਲਾਨੀਆਂ, ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਨਾਲ ਨਾਲ ਬੀਜੇਪੀ ਦੇ ਐਮ.ਐਲ.ਏ. ਵੀ ਰਹੇ ਹਨ। ਕੌਣ ਬਚਾਏਗਾ ਸਿੱਖੀ ਨੂੰ ?                    -ਨਿਮਰਤ ਕੌਰ