ਆਰਟੀਫ਼ਿਸ਼ਲ ਇੰਟੈਲੀਜੈਂਸ ਰਾਹੀਂ ਲੁੱਟਣ ਤੇ ਬਦਨਾਮ ਕਰਨ ਦਾ ਨਵਾਂ ਢੰਗ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਸੋਸ਼ਲ ਮੀਡੀਆ ਵਿਚ ਲੋਕਾਂ ਨੇ ਇਸ ਜੋੜੀ ਦੀ ਨਕਲੀ ਵੀਡੀਉ ਨੂੰ ਅਸਲ ਕਹਿ ਕੇ ਵਿਚਾਰਿਆਂ ਦੀ ਉਹ ਬਦਨਾਮੀ ਕੀਤੀ ਕਿ ਉਸ ਨਾਲ ਉਹ ਦੋਵੇਂ ਬੁਰੀ ਤਰ੍ਹਾਂ ਟੁਟ ਗਏ।

photo

 

ਪੰਜਾਬ ਦੀ ਇਕ ਕਿਰਤੀ ਨੌਜੁਆਨ ਜੋੜੀ ਜੋ ਕਿ ਕੁੱਲੜ ਪੀਜ਼ਾ ਜੋੜੀ ਦੇ ਨਾਮ ਨਾਲ ਮਸ਼ਹੂਰ ਹੈ, ਨਾਲ ਆਰਟੀਫ਼ੀਸ਼ਲ ਇੰਟੈਲੀਜੈਂਸ ਰਾਹੀਂ ਅਜਿਹਾ ਮਾੜਾ ਵਰਤਾਰਾ ਕੀਤਾ ਗਿਆ ਹੈ ਜੋ ਦਰਸਾਉਂਦਾ ਹੈ ਕਿ ਇਨਸਾਨ ਅੰਦਰ ਕਿਸ ਤਰ੍ਹਾਂ ਦੀ ਗੰਦਗੀ ਵਾਸ ਕਰਦੀ ਹੈ। ਹੁਣ ਜਦ ਆਰਟੀਫ਼ੀਸ਼ਲ  ਇੰਟੈਲੀਜੈਂਸ ਦੀ ਵਰਤੋਂ ਇਨ੍ਹਾਂ ਗੰਦੇ ਦਿਮਾਗ਼ਾਂ ਦੇ ਹੱਥ ਆਸਾਨੀ ਨਾਲ ਆ ਰਹੀ ਹੈ ਤਾਂ ਉਹ ਚੰਗਿਆਈ ਨੂੰ ਤੋੜ ਭੰਨ ਕੇ ਰੱਖ ਰਹੀ ਹੈ। ਇਕ ਮਰਦ-ਔਰਤ ਦੇ ਨਿਜੀ ਪਲਾਂ ਦੇ ਵੀਡੀਉ ਨੂੰ ਆਰਟੀਫ਼ੀਸ਼ਲ ਇੰਟੈਲੀਜੈਂਸ ਰਾਹੀਂ ਦੋ ਲੋਕਾਂ ਦੀਆਂ ਸ਼ਕਲਾਂ ਬਦਲ ਕੇ ਇਸ ਕੁੱਲੜ ਪੀਜ਼ਾ ਜੋੜੀ ਦੀਆਂ ਸ਼ਕਲਾਂ ਨਾਲ ਬਦਲ ਦਿਤਾ ਗਿਆ। ਪਹਿਲਾਂ ਜੋੜੀ ਤੋਂ ਪੈਸੇ ਮੰਗਣ ਅਤੇ ਬਲੈਕਮੇਲ ਕਰਨ ਦਾ ਯਤਨ ਕੀਤਾ ਗਿਆ ਤੇ ਜਦ ਸਫ਼ਲ ਨਾ ਹੋਏ ਤਾਂ ਵੀਡੀਉ ਨੂੰ ਅੱਗ ਵਾਂਗ ਫੈਲਾਅ ਦਿਤਾ ਗਿਆ। ਜੋੜੀ ਪੁਲਿਸ ਕੋਲ ਮਦਦ ਵਾਸਤੇ ਗਈ ਪਰ ਉਹ ਅਸਫ਼ਲ ਰਹੀ ਕਿਉਂਕਿ ਸਾਈਬਰ ਕ੍ਰਾਈਮ ਵਿਚ ਪੁਲਿਸ ਨਾਲੋਂ ਜ਼ਿਆਦਾ ਮਹਾਰਤ ਚੋਰਾਂ ਦੇ ਹੱਥ ਆ ਗਈ ਹੈ।

ਉਸ ਤੋਂ ਬਾਅਦ ਆਧੁਨਿਕ ਦੁਨੀਆਂ ਦੇ ਸੋਸ਼ਲ ਮੀਡੀਆ ਵਿਚ ਲੋਕਾਂ ਨੇ ਇਸ ਜੋੜੀ ਦੀ ਨਕਲੀ ਵੀਡੀਉ ਨੂੰ ਅਸਲ ਕਹਿ ਕੇ ਵਿਚਾਰਿਆਂ ਦੀ ਉਹ ਬਦਨਾਮੀ ਕੀਤੀ ਕਿ ਉਸ ਨਾਲ ਉਹ ਦੋਵੇਂ ਬੁਰੀ ਤਰ੍ਹਾਂ ਟੁਟ ਗਏ। ਉਨ੍ਹਾਂ ਦੇ ਘਰ ਇਸ ਸਮੇਂ ਇਕ ਬੱਚੀ ਨੇ ਜਨਮ ਲਿਆ ਹੈ ਪਰ ਜੋੜੀ ਸਦਮੇ ਵਿਚ ਹੈ ਤੇ ਅਪਣੇ ਬੱਚੇ ਦੇ ਆਉਣ ਦੀ ਖ਼ੁਸ਼ੀ ਵੀ ਨਹੀਂ ਮਨਾ ਪਾ ਰਹੀ। ਇਸ ਪੀਜ਼ਾ ਦੁਕਾਨ ਦਾ ਮਾਲਕ ਸਹਿਜ, ਰੋਂਦੇ ਹੋਏ ਸੋਸ਼ਲ ਮੀਡੀਆ ਤੇ ਬੇਨਤੀ ਕਰਦਾ ਨਜ਼ਰ ਆਇਆ ਕਿ ਵੀਡੀਉ ਨੂੰ ਅੱਗੇ ਨਾ ਚਲਾਉ। ਪਹਿਲਾਂ ਤਾਂ ਵੀਡੀਉ ਇਨ੍ਹਾਂ ਦੀ ਹੈ ਨਹੀਂ, ਪਰ ਜੇ ਹੁੰਦੀ ਵੀ ਤਾਂ ਗ਼ਲਤੀ ਕੀ ਸੀ? ਇਕ ਵਿਆਹੁਤਾ ਜੋੜੀ ਵਿਚ ਜਿਸਮਾਨੀ ਰਿਸ਼ਤੇ ਤਾਂ ਸਮਾਜ ਦੀ ਰੀਤ ਹੈ। ਤੇ ਜਿਸਮਾਨੀ ਰਿਸ਼ਤੇ ਸਮਾਜ ਦੇ ਅੱਗੇ ਵਧਣ ਦਾ ਰਸਤਾ ਵੀ ਹਨ। ਜੇ ਇਹ ਵੀਡੀਉ ਉਨ੍ਹਾਂ ਦਾ ਹੁੰਦਾ ਵੀ ਤਾਂ ਸ਼ਰਮ ਵੇਖਣ ਵਾਲਿਆਂ ਨੂੰ ਆਉਣੀ ਚਾਹੀਦੀ ਹੈ ਕਿ ਉਹ ਅਪਣੀ ਜ਼ਿੰਦਗੀ ਵਿਚ ਇਸ ਕਦਰ ਹਨੇਰਾ ਕਰੀ ਬੈਠੇ ਹਨ ਕਿ ਕਿਸੇ ਹੋਰ ਜੋੜੀ ਨੂੰ ਵੇਖ ਕੇ ਮਜ਼ੇ ਲੈ ਰਹੇ ਹਨ। ਵੇਖਣ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿਉਂਕਿ ਉਹ ਕਿਸੇ ਨਾਲ ਹੋਏ ਅਨਿਆਂ ਨੂੰ ਗੰਦੀ ਨਜ਼ਰ ਨਾਲ ਵੇਖ ਰਹੇ ਹਨ ਤੇ ਵੇਖਣ ਵਾਲੇ ਹੀ ਇਸ ਜੋੜੀ ਤੇ ਟਿਪਣੀਆਂ ਕਰ ਰਹੇ ਹਨ।

 ਟਿਪਣੀਆਂ ਕਰਨ ਵਾਲਿਆਂ ਦੇ ਸਾਹਸ ਤੇ ਹੈਰਾਨੀ ਹੈ ਕਿ ਉਹ ਆਪ ਗ਼ਲਤੀ ਕਰ ਕੇ, ਦੁਨੀਆਂ ਨੂੰ ਦੱਸਣ ਦਾ ਸਾਹਸ ਕਰ ਰਹੇ ਹਨ ਕਿ ਉਨ੍ਹਾਂ ਨੇ ਕਿਸੇ ਹੋਰ ਦੇ ਨਿਜੀ ਪਲਾਂ ’ਤੇ ਝਾਤ ਮਾਰਨ ਦੀ ਕੋਸ਼ਿਸ਼ ਕੀਤੀ। ਵੀਡੀਉ ਨੂੰ ਅੱਗੇ ਵਧਾਉਣ ਵਾਲੇ ਕਸੂਰਵਾਰ ਹਨ, ਵੇਖਣ ਵਾਲੇ ਕਸੂਰਵਾਰ ਹਨ, ਟਿਪਣੀ ਕਰਨ ਵਾਲੇ ਵੀ ਕਸੂਰਵਾਰ ਹਨ, ਓਨੇ ਹੀ ਜਿੰਨਾ ਧੋਖਾਧੜੀ ਕਰਨ ਵਾਲੇ ਲੋਕ। ਇਸ ਮਾਮਲੇ ਵਿਚ ਅਪਰਾਧੀ ਫੜੇ ਤਾਂ ਜਾਣਗੇ ਪਰ ਇਸ ਤਰ੍ਹਾਂ ਦੇ ਹੋਰ ਬਲੈਕਮੇਲਰ ਹੋਰ ਤਾਕਤਵਰ ਬਣ ਕੇ ਨਿਤਰਨਗੇ ਕਿਉਂਕਿ ਇਸ ਵਾਰਦਾਤ ਨਾਲ ਲੋਕ ਡਰਨਗੇ ਕਿਉਂਕਿ ਸਾਰੀ ਸ਼ਰਮ ਸਮਾਜ ਦੇ ਲੋਕਾਂ ਨੇ ਕੁੱਲੜ ਜੋੜੀ ’ਤੇ ਪਾ ਦਿਤੀ ਹੈ ਤੇ ਤੁਹਾਡੇ ’ਚੋਂ ਹੀ ਹੁਣ ਕੋਈ ਹੋਰ ਬਦਨਾਮ ਹੋਵੇਗਾ।

ਜੋੜੀ ਨੂੰ ਤਾਂ ਬੇਨਤੀ ਹੈ ਕਿ ਤੁਸੀ ਹਿੰਮਤ ਨਾ ਹਾਰੋ। ਜੋ ਲੋਕ ਤੁਹਾਡਾ ਮਜ਼ਾਕ ਉਡਾ ਰਹੇ ਹਨ ਜਾਂ ਕੁੱਝ ਮਾੜਾ ਆਖ ਰਹੇ ਹਨ, ਅਸਲ ਗੰਦਗੀ ਉਨ੍ਹਾਂ ਦੇ ਦਿਲ ਵਿਚ ਹੈ। ਪੰਜਾਬ ਨੂੰ ਤਾਂ ਇਸ ਜੋੜੀ ਵਰਗੇ ਮਿਹਨਤੀ ਨੌਜੁਆਨਾਂ ਦੀ ਲੋੜ ਹੈ ਜੋ ਕਿਰਤ ਕਮਾਈ ਕਰਦੇ ਹਨ। ਤੁਹਾਡੇ ਘਰ ਰੱਬ ਨੇ ਇਕ ਨਵੀਂ ਜਾਨ ਭੇਜੀ ਹੈ, ਤੁਸੀ ਰੱਬ ਦੇ ਚਹੇਤਿਆਂ ’ਚੋਂ ਹੋ ਤੇ ਤੁਸੀ ਤਾਕਤਵਰ ਬਣ ਕੇ ਅਪਣਾ ਕੰਮ ਕਰੋ। ਤੁਹਾਡੀ ਮਿਹਨਤ, ਕਿਰਤ, ਸੋਚ ਤੇ ਸਾਰੇ ਸੱਚੇ ਪੰਜਾਬੀ ਮਾਣ ਕਰਦੇ ਹਨ ਤੇ ਤੁਹਾਡੇ ਨਾਲ ਹਨ।                         - ਨਿਮਰਤ ਕੌਰ