ਪੰਥਕ ਅਸੈਂਬਲੀ ਤੇ ਸ਼੍ਰੋਮਣੀ ਕਮੇਟੀ ਸਕੀਆਂ ਭੈਣਾਂ ਬਣ ਕੇ ਸਾਹਮਣੇ ਆਈਆਂ ਤੇ 'ਜਥੇਦਾਰ' ਕਾਬਜ਼....

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਪੰਥਕ ਅਸੈਂਬਲੀ ਤੇ ਸ਼੍ਰੋਮਣੀ ਕਮੇਟੀ ਸਕੀਆਂ ਭੈਣਾਂ ਬਣ ਕੇ ਸਾਹਮਣੇ ਆਈਆਂ ਤੇ 'ਜਥੇਦਾਰ' ਕਾਬਜ਼ ਅਕਾਲੀਆਂ ਦੇ ਸੰਕਟ ਮੋਚਕ!

Panthic Assembly

ਸਿਧਾਂਤਾਂ ਦੀ ਗੱਲ ਨਹੀਂ ਹੋਈ, ਸਿਰਫ਼ ਚਿਹਰੇ ਬਦਲਣ ਦੀ ਗੱਲ ਕੀਤੀ ਗਈ। ਪੰਥਕ ਅਸੈਂਬਲੀ ਨੂੰ ਸਿਸਟਮ ਪਹਿਲਾਂ ਵਾਲਾ ਹੀ ਪ੍ਰਵਾਨ ਹੈ ਤਾਂ ਥੋੜੀ ਇੰਤਜ਼ਾਰ ਕਰ ਲੈਂਦੇ, ਚਿਹਰੇ ਆਪੇ ਹੀ ਬਦਲ ਜਾਣੇ ਹਨ ਕਿਉਂਕਿ ਇਹ ਤਾਂ ਕੁਦਰਤ ਦਾ ਨੇਮ ਹੈ। ਜੇ ਸਿਸਟਮ ਇਹੀ ਠੀਕ ਹੈ ਤਾਂ 117 ਦੀ ਸ਼੍ਰੋਮਣੀ ਕਮੇਟੀ ਅਤੇ 117 ਦੀ ਪੰਥਕ ਅਸੈਂਬਲੀ ਸਕੀਆਂ ਭੈਣਾਂ ਹੀ ਲਗੀਆਂ। ਖ਼ਾਹਮਖ਼ਾਹ ਪੈਸਾ ਤੇ ਸਮਾਂ ਬਰਬਾਦ ਕਰਨ ਦਾ ਕੰਮ ਸਾਰੇ ਹੀ ਕਰ ਰਹੇ ਹਨ। ਕੋਈ ਨਵੀਂ ਗੱਲ ਕਰਨ ਨੂੰ ਵੀ ਹੈ ਸੀ ਪੰਥ ਦੀ ਅਸੈਂਬਲੀ ਹੋਣ ਦਾ ਦਾਅਵਾ ਕਰਨ ਵਾਲਿਆਂ ਕੋਲ?

ਅਕਾਲ ਤਖ਼ਤ ਦੇ ਮੁੱਖ ਸੇਵਾਦਾਰ ਗਿਆਨੀ ਗੁਰਬਚਨ ਸਿੰਘ ਦਾ ਅਕਾਲ ਤਖ਼ਤ ਤੋਂ ਅਸਤੀਫ਼ਾ ਮੰਗ ਲਏ ਜਾਣ ਨੂੰ ਕੀ ਹੁਣ ਬਰਗਾੜੀ ਮੋਰਚੇ ਦੀ ਜਿੱਤ ਮੰਨੀ ਜਾਵੇ? ਬਰਗਾੜੀ ਕਾਂਡ, 2017 ਦੇ ਚੋਣ-ਨਤੀਜਿਆਂ ਤੇ ਜਸਟਿਸ ਰਣਜੀਤ ਸਿੰਘ ਰੀਪੋਰਟ ਨੇ ਪੰਜਾਬ ਦੀ ਸੁੱਤੀ ਹੋਈ ਜਨਤਾ ਨੂੰ ਜਗਾ ਤਾਂ ਦਿਤਾ ਹੈ ਪਰ ਕੀ ਇਹ ਸਿਰਫ਼ ਜੋਸ਼ ਦਾ ਵਿਖਾਵਾ ਹੀ ਹੈ ਜਾਂ ਇਨ੍ਹਾਂ ਵਿਚ ਹੋਸ਼ ਦਾ ਵੀ ਕੋਈ ਦਖ਼ਲ ਹੈ? ਬਰਗਾੜੀ ਮੋਰਚਾ ਦੋ ਸਾਲਾਂ ਤੋਂ ਪਹਿਰੇਦਾਰੀ ਕਰ ਰਿਹਾ ਹੈ। ਮੋਰਚੇ ਦੇ ਆਗੂਆਂ ਨਾਲ ਆਮ ਸਿੱਖ ਜੁੜੇ ਹੋਏ ਹਨ ਅਤੇ ਮੌਸਮ ਕਿਹੋ ਜਿਹਾ ਵੀ ਹੋਵੇ, ਉਹ ਲੱਖਾਂ ਵਿਚ ਉਥੇ ਪਹੁੰਚ ਜਾਂਦੇ ਹਨ ਤੇ ਅਪਣੇ ਰੋਸ ਨੂੰ ਲੈ ਕੇ ਡਟੇ ਹੋਏ ਹਨ

ਕਿਉਂਕਿ ਉਨ੍ਹਾਂ ਦੇ ਮਨਾਂ ਨੂੰ ਡੂੰਘੀ ਠੇਸ ਪਹੁੰਚੀ ਹੈ। ਪਰ ਜ਼ਖ਼ਮੀ ਦਿਲਾਂ ਲਈ ਮੱਲ੍ਹਮ ਕੀ ਹੈ? ਜਥੇਦਾਰ ਗੁਰਬਚਨ ਸਿੰਘ ਸਿੱਖ ਸਮਾਜ ਅਤੇ ਸਿਆਸੀ-ਧਾਰਮਕ ਵਾਤਾਵਰਣ ਦੀਆਂ ਕਮਜ਼ੋਰੀਆਂ ਸਦਕਾ, ਇਸ ਉਚ ਅਹੁਦੇ ਤੇ ਅਪੜੇ ਸਨ ਤੇ ਪਿਛਲੇ ਸਾਰੇ ਜਥੇਦਾਰਾਂ ਵਾਂਗ, ਉਹ ਵੀ ਪੱਤ ਗੁਆ ਕੇ, ਭਾਵੇਂ ਜੇਬਾਂ ਭਰ ਕੇ ਵੀ, ਰੁਖ਼ਸਤ ਹੋਏ। ਉਨ੍ਹਾਂ ਦੇ ਨਿਕਾਲੇ ਨਾਲ ਜੋ ਬਿਮਾਰੀ ਸਿੱਖ ਧਰਮ ਨੂੰ ਘੁਣ ਵਾਂਗ ਖਾ ਰਹੀ ਹੈ, ਉਹ ਖ਼ਤਮ ਨਹੀਂ ਹੋ ਜਾਂਦੀ। ਉਨ੍ਹਾਂ ਤੋਂ ਬਾਅਦ ਜੋ ਕਾਰਜਕਾਰੀ ਮੁੱਖ ਸੇਵਾਦਾਰ ਥਾਪੇ ਗਏ ਹਨ, ਉਹ ਵੀ ਤਾਂ ਉਸੇ ਕਮਜ਼ੋਰ ਖੇਤੀ ਦੀ ਉਪਜ ਹਨ। ਉਨ੍ਹਾਂ ਵਿਚ ਅਤੇ ਗਿਆਨੀ ਗੁਰਬਚਨ ਸਿੰਘ ਵਿਚ ਕਿੰਨਾ ਕੁ ਫ਼ਰਕ ਹੈ?

ਗਿ. ਗੁਰਬਚਨ ਸਿੰਘ ਵੀ ਲਿਫ਼ਾਫ਼ੇ 'ਚੋਂ ਨਿਕਲੇ ਸਨ ਤੇ ਨਵੇਂ ਜਥੇਦਾਰ ਵੀ ਲਿਫ਼ਾਫ਼ੇ 'ਚੋਂ ਹੀ ਨਿਕਲੇ ਹਨ ਕਿਉਂਕਿ ਜਿਵੇਂ ਉਨ੍ਹਾਂ ਨੇ ਅਕਾਲੀ ਆਗੂ ਭੂੰਦੜ ਦੀ 'ਰਖਿਆ' ਕੀਤੀ ਸੀ, ਉਸ ਮਗਰੋਂ ਉਨ੍ਹਾਂ ਦੀ ਚੋਣ ਇਕ ਸਿਆਸੀ ਚੋਣ ਹੀ ਬਣ ਗਈ ਹੈ ਤੇ ਆਮ ਕਿਹਾ ਜਾ ਰਿਹਾ ਹੈ ਕਿ ਵੱਡੇ ਅਕਾਲੀ ਆਗੂਆਂ ਨੂੰ ਸ. ਭੂੰਦੜ ਵਾਂਗ ਹੀ ਦੋਸ਼ਮੁਕਤ ਕਰਵਾਉਣ ਲਈ ਨਵੇਂ ਜਥੇਦਾਰ ਦੀ ਚੋਣ ਕੀਤੀ ਗਈ ਹੈ। ਪੰਜਾਬ ਵਿਚ ਪੰਥਕ ਅਸੈਂਬਲੀ ਵੀ ਸਜਾਈ ਗਈ। ਉਸ ਵਿਚੋਂ ਕੀ ਨਿਕਲਿਆ? ਬਾਦਲ ਪ੍ਰਵਾਰ ਦਾ ਬਾਈਕਾਟ? ਬਾਦਲ ਪ੍ਰਵਾਰ ਵੀ ਅੱਜ ਦੇ ਸਿੱਖ ਸਮਾਜ  ਦੀਆਂ ਕਮਜ਼ੋਰੀਆਂ ਦੀ ਉਪਜ ਹੈ, ਉਸ ਨੂੰ ਇਕੋ ਇਕ ਬਿਮਾਰੀ ਨਾ ਮੰਨੇ।

ਇਕ ਸਫ਼ੇਦ ਪੇਪਰ ਜਾਂ ਇਕ ਹੋਰ ਸਫ਼ੇਦ ਹਾਥੀ ਖੜਾ ਕਰਨ ਲਈ ਹੀ ਪੰਥਕ ਅਸੈਂਬਲੀ ਰਚੀ ਗਈ ਸੀ? ਇਹ ਤਾਂ ਪੰਜਾਬ ਵਿਧਾਨ ਸਭਾ ਅਤੇ ਐਸ.ਆਈ.ਟੀ. ਦੀ ਰੱਦ ਕੀਤੀ ਜਾ ਚੁੱਕੀ ਤਕਨੀਕ ਨੂੰ ਅਪਨਾਉਣ ਵਾਲੀ ਗੱਲ ਹੀ ਹੋਈ। ਇਨ੍ਹਾਂ ਵਿਚ ਆਪਸੀ ਝੜਪਾਂ ਵੀ ਹੋਣੋਂ ਨਾ ਰਹਿ ਸਕੀਆਂ। ਕਿਸ ਨੂੰ ਘੱਟ ਸਮਾਂ ਮਿਲਿਆ, ਕਿਸ ਦਾ ਕਿਰਦਾਰ ਪੰਥਕ ਹੈ, ਕੌਣ ਮੀਟ-ਮਾਸ ਖਾਂਦਾ ਹੈ ਅਤੇ ਹੋਰ ਬੜੀਆਂ ਗੱਲਾਂ। ਇਨ੍ਹਾਂ 'ਚੋਂ ਕਈਆਂ ਉਤੇ ਸਿਆਸੀ ਮਨਸੂਬੇ ਪਾਲਣ ਦੇ ਇਲਜ਼ਾਮ ਵੀ ਲਗਣੇ ਸ਼ੁਰੂ ਹੋ ਗਏ। ਚਲੋ ਮੰਨ ਲੈਂਦੇ ਹਾਂ ਕਿ ਇਹ ਸਾਰੀਆਂ ਦੂਸ਼ਣਬਾਜ਼ੀਆਂ ਗ਼ਲਤ ਸਨ ਜਾਂ ਇਕ-ਦੂਜੇ ਨੂੰ ਨੀਵਾਂ ਵਿਖਾਉਣ ਦੀ ਪੁਰਾਣੀ ਪ੍ਰਥਾ ਵਿਚੋਂ ਨਿਕਲ ਕੇ ਹੀ ਆ ਰਹੀਆਂ ਸਨ।

ਪਰ ਕੀ ਅੱਜ ਦੇ ਦਿਨ ਕਿਸੇ ਵੱਡੇ ਮਿਸ਼ਨ ਨੂੰ ਲੈ ਕੇ ਜਾਂ ਪੰਥ ਦੀ ਬੇੜੀ ਨੂੰ ਮੰਝਧਾਰ 'ਚੋਂ ਕੱਢਣ ਦੇ ਇਰਾਦੇ ਨਾਲ ਵੀ ਕੁੱਝ ਜਥੇਬੰਦੀਆਂ ਅੱਗੇ ਆਈਆਂ ਹਨ? ਜਿਹੜੇ ਆਗੂ ਅੱਗੇ ਆ ਰਹੇ ਹਨ, ਉਨ੍ਹਾਂ ਦੇ ਜੋਸ਼ ਵਿਚ ਹੋਸ਼ (ਦੂਰ ਦ੍ਰਿਸ਼ਟੀ ਵਾਲੀ ਸੂਝ) ਵੀ ਕਿਸੇ ਨੂੰ ਨਜ਼ਰ ਆਈ ਹੈ? ਕੀ ਦੂਰ ਦੀ ਸੋਚ ਵੀ ਉਨ੍ਹਾਂ ਦੇ ਪੱਲੇ ਹੈ? ਉਨ੍ਹਾਂ ਨੂੰ ਪਤਾ ਵੀ ਹੈ ਕਿ ਪੰਥ ਨੂੰ ਕਿਹੜੀਆਂ ਬੀਮਾਰੀਆਂ ਚੰਬੜੀਆਂ ਹੋਈਆਂ ਹਨ¸ਸਿਵਾਏ ਕੁੱਝ ਚਿਰ ਬਾਅਦ ਆਪੇ ਹੀ ਖ਼ਤਮ ਹੋਣੀ ਨਿਸ਼ਚਿਤ ਮੌਸਮੀ ਬੀਮਾਰੀ ਬਾਦਲ, ਬਾਦਲ ਤੇ ਬਾਦਲ ਦੇ? ਅੱਜ ਸਿੱਖ ਪੰਥ ਦੀ ਸੱਭ ਤੋਂ ਵੱਡੀ ਕਮਜ਼ੋਰੀ ਬਾਦਲ ਪ੍ਰਵਾਰ ਨਹੀਂ ਹੈ, ਸਿੱਖ ਕੌਮ ਖ਼ੁਦ ਹੈ।

ਜੇ ਸਿਆਸਤਦਾਨਾਂ ਨੇ ਐਸ.ਜੀ.ਪੀ.ਸੀ. ਚੋਣਾਂ ਵਿਚ ਸ਼ਰਾਬ ਪਿਆਈ ਤਾਂ ਸਿੱਖ ਵੋਟਰਾਂ ਨੇ ਹੱਸ ਕੇ ਤੇ ਰੱਜ ਕੇ ਪੀਤੀ। ਜੇ ਪੰਜਾਬ ਵਿਚ ਨਸ਼ਾ ਵੇਚਿਆ ਗਿਆ ਤਾਂ ਸਿੱਖਾਂ ਨੇ ਢੇਰਾਂ ਵਿਚ ਖ਼ਰੀਦਿਆ। ਜੇ ਬਾਬਿਆਂ ਨੇ ਕਾਰਸੇਵਾ ਦੇ ਨਾਂ ਤੇ ਟੋਕਰੇ ਅੱਗੇ ਕੀਤੇ ਤਾਂ ਸਿੱਖਾਂ ਨੇ ਮਾਇਆ ਨਾਲ ਟੋਕਰੇ ਭਰ ਦਿਤੇ, ਇਹ ਵੇਖੇ ਬਿਨਾਂ ਕਿ ਮਾਇਆ ਲੱਗੀ ਕਿੱਥੇ ਤੇ ਕਿੰਨੀ ਲੱਗੀ ਹੈ। ਜੇ ਕਾਰਸੇਵਾ ਦੇ ਨਾਂ ਤੇ, ਸਿੱਖਾਂ ਦਾ ਸ਼ਾਨਦਾਰ ਵਿਰਸਾ ਤਬਾਹ ਹੋਇਆ ਤਾਂ ਚੰਦਾ ਸਿੱਖ ਜਨਤਾ ਨੇ ਹੀ ਦਿਤਾ। ਜੇ ਡੇਰਾਵਾਦ ਫੈਲਿਆ ਤਾਂ ਆਮ ਨਾਲੋਂ ਮਾੜੇ ਇਨਸਾਨਾਂ ਅੱਗੇ ਸੀਸ ਤਾਂ ਸਿੱਖਾਂ ਨੇ ਹੀ ਝੁਕਾਏ।

ਕੁਰਸੀਆਂ ਤੇ ਤਨਖ਼ਾਹਾਂ ਦੇ ਲਾਲਚ ਵਿਚ, ਸ਼੍ਰੋਮਣੀ ਕਮੇਟੀ ਦੇ ਗ਼ਲਤ ਕੰਮਾਂ ਅਤੇ ਫ਼ੈਸਲਿਆਂ ਦੀ ਢਾਲ ਤਾਂ ਸਿੱਖ ਵਿਦਵਾਨ ਹੀ ਬਣੇ। ਜੋ ਚੁਪ ਰਹੇ, ਉਹ ਵੀ ਗੁਨਾਹਗਾਰ ਹਨ। ਨਾਨਕਸ਼ਾਹੀ ਕੈਲੰਡਰ ਇਕ ਵਾਰ ਅਕਾਲ ਤਖ਼ਤ ਤੋਂ ਲਾਗੂ ਕਰ ਕੇ, ਸਾਧਾਂ ਦੇ ਆਖੇ ਸਿਆਸਤਦਾਨਾਂ ਨੇ ਚੋਰੀ ਚੋਰੀ ਰੱਦ ਕਰ ਦਿਤਾ ਤਾਂ ਮਸਿਆ ਸੰਗਰਾਂਦ ਵੀ ਸਿੱਖਾਂ ਨੇ ਹੀ ਤਾਂ ਮਨਾਈ। ਅੱਜ ਦੀ ਸਮੱਸਿਆ ਸਿਰਫ਼ ਬਾਦਲ ਪ੍ਰਵਾਰ ਨਹੀਂ ਬਲਕਿ ਤਕਰੀਬਨ ਸਾਰੀ ਸਿੱਖ ਕੌਮ ਹੀ ਇਕ ਸਮੱਸਿਆ ਬਣ ਗਈ ਹੈ। ਪੰਥਕ ਅਸੈਂਬਲੀ ਵਾਲਿਆਂ ਨੇ ਬਾਦਲਾਂ ਤੇ ਉਨ੍ਹਾਂ ਦੇ ਹੱਥ-ਬੰਨ੍ਹ ਪੁਜਾਰੀਆਂ ਵਲੋਂ ਜਿਨ੍ਹਾਂ ਮੰਨੇ ਪ੍ਰਮੰਨੇ ਸਿੱਖਾਂ ਨਾਲ ਧੱਕਾ ਕੀਤਾ,

ਉਨ੍ਹਾਂ ਦੇ ਹੱਕ ਵਿਚ ਆਵਾਜ਼ ਚੁੱਕਣ ਦੀ ਦਲੇਰੀ ਤਾਂ ਕੀ ਵਿਖਾਣੀ ਸੀ, ਉਨ੍ਹਾਂ ਨੂੰ ਬੁਲਾ ਕੇ ਅਪਣੇ ਨਾਲ ਬਿਠਾਣ ਦੀ ਜੁਰਅਤ ਵੀ ਨਾ ਵਿਖਾਈ ਤੇ ਬਾਦਲਾਂ ਵਾਲੀ 'ਅਛੂਤ' ਨੀਤੀ ਹੀ ਉਨ੍ਹਾਂ ਬਾਰੇ ਅਪਣਾਈ। ਫਿਰ ਜੇ ਬਾਦਲਾਂ ਦੇ ਗ਼ਲਤ ਕੰਮਾਂ ਦੀ ਹਮਾਇਤ ਹੀ ਕਰਨੀ ਸੀ ਤਾਂ ਖ਼ਾਹਮਖ਼ਾਹ ਬਾਦਲ-ਵਿਰੋਧ ਦਾ ਧੂੰਆਂ ਖੜਾ ਕਰਨ ਦੀ ਕੀ ਲੋੜ ਸੀ? ਗ਼ਲਤ ਬੰਦਿਆਂ ਦੇ ਗ਼ਲਤ ਫ਼ੈਸਲਿਆਂ ਨੂੰ ਮਾਨਤਾ ਹੀ ਦੇਣੀ ਹੈ ਤਾਂ ਫਿਰ ਚਿਹਰੇ ਬਦਲਣ ਨਾਲ ਬਦਲਾਅ ਨਹੀਂ ਆਉਣ ਵਾਲਾ। ਸਿਧਾਂਤਾਂ ਦੀ ਗੱਲ  ਨਹੀਂ ਹੋਈ, ਸਿਰਫ਼ ਚਿਹਰੇ ਬਦਲਣ ਦੀ ਗੱਲ ਕੀਤੀ ਗਈ।

ਪੰਥਕ ਅਸੈਂਬਲੀ ਨੂੰ ਸਿਸਟਮ ਪਹਿਲਾਂ ਵਾਲਾ ਹੀ ਪ੍ਰਵਾਨ ਹੈ ਤਾਂ ਥੋੜੀ ਇੰਤਜ਼ਾਰ ਕਰ ਲੈਂਦੇ, ਚਿਹਰੇ ਆਪੇ ਹੀ ਬਦਲ ਜਾਣੇ ਹਨ ਕਿਉਂਕਿ ਇਹ ਤਾਂ ਕੁਦਰਤ ਦਾ ਨੇਮ ਹੈ। ਜੇ ਸਿਸਟਮ ਇਹੀ ਠੀਕ ਹੈ ਤਾਂ 117 ਦੀ ਸ਼੍ਰੋਮਣੀ ਕਮੇਟੀ ਅਤੇ 117 ਦੀ ਪੰਥਕ ਅਸੈਂਬਲੀ ਸਕੀਆਂ ਭੈਣਾਂ ਹੀ ਲਗੀਆਂ। ਖ਼ਾਹਮਖ਼ਾਹ ਪੈਸਾ ਤੇ ਸਮਾਂ ਬਰਬਾਦ ਕਰਨ ਦਾ ਕੰਮ ਸਾਰੇ ਹੀ ਕਰ ਰਹੇ ਹਨ। ਕੋਈ ਨਵੀਂ ਗੱਲ ਕਰਨ ਨੂੰ ਵੀ ਹੈ ਸੀ, ਪੰਥ ਦੀ ਅਸੈਂਬਲੀ ਹੋਣ ਦਾ ਦਾਅਵਾ ਕਰਨ ਵਾਲਿਆਂ ਕੋਲ?   -ਨਿਮਰਤ ਕੌਰ