ਬੱਚੀ ਨੇ ਜ਼ਹਿਰ ਖਾ ਲਿਆ, ਰੋ ਰੋ ਕੇ ਫ਼ੇਸਬੁੱਕ ਤੇ ਪੁਕਾਰ ਕਰਦੀ ਰਹੀ ਪਰ ਸਮਾਜ ਚੁੱਪ ਕਰ ਕੇ ਵੇਖਦਾ ਰਿਹਾ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਇਕ ਗੱਲ ਤਾਂ ਸਾਫ਼ ਹੈ ਕਿ ਸਾਡਾ ਸਮਾਜ ਬੜਾ ਕਠੋਰ ਹੈ। ਕਿਸੇ ਵੀ ਦੁਖੀਏ ਦੀ ਸੁਣਵਾਈ ਨਹੀਂ ਹੋ ਰਹੀ।

Manisha

ਫ਼ੇਸਬੁਕ ਉਤੇ ਕੰਮ ਵੇਖ ਰਹੇ ਸੀ ਤਾਂ ਇਕ ਲੜਕੀ ਦੀ ਵੀਡੀਉ ਸਾਹਮਣੇ ਆਈ। ਲੜਕੀ ਰੂਬਰੂ ਹੋ ਕੇ ਗੱਲਬਾਤ ਕਰ ਰਹੀ ਸੀ। ਪਹਿਲਾਂ ਤਾਂ ਮੈਂ ਤੇ ਮੇਰੇ ਨਾਲ ਬੈਠੀ ਮੇਰੀ ਟੀਮ ਦੇ ਸਹਾਇਕ ਨੇ ਕਿਹਾ ਕਿ ਸੋਸ਼ਲ ਮੀਡੀਆ ਨੇ ਬੜਾ ਹੀ ਮਾੜਾ ਦੌਰ ਸ਼ੁਰੂ ਕਰ ਦਿਤਾ ਹੈ ਕਿ ਬੱਚੇ ਘਰ ਦੀ ਛੋਟੀ-ਛੋਟੀ ਗੱਲ ਫ਼ੇਸਬੁਕ 'ਤੇ ਸਾਂਝੀ ਕਰਨ ਲੱਗ ਪਏ ਹਨ ਪਰ ਫਿਰ ਵੇਖਿਆ ਕਿ ਉਸ ਬੱਚੀ ਨੇ ਜ਼ਹਿਰ ਖਾ ਲਿਆ ਸੀ। ਜਾਂਦੇ ਸਮੇਂ ਉਹ ਅਪਣੇ ਸੰਘਰਸ਼ ਦੀ ਕਹਾਣੀ ਸੁਣਾ ਰਹੀ ਸੀ ਅਤੇ ਜ਼ਿੰਮੇਵਾਰ ਲੋਕਾਂ ਦੇ ਨਾਂ ਦਸ ਰਹੀ ਸੀ ਤਾਕਿ ਉਸ ਦੇ ਮਾਪਿਆਂ ਨੂੰ ਬਾਅਦ ਵਿਚ ਤੰਗ ਨਾ ਕੀਤਾ ਜਾਵੇ। ਉਸ ਦੀ ਕਿਸੇ ਕਾਰਨ ਕੁੱਝ ਲੋਕਾਂ ਨਾਲ ਲੜਾਈ ਹੋ ਗਈ ਸੀ ਅਤੇ ਉਹ ਪੰਜਾਬ ਪੁਲਿਸ ਤੋਂ ਮਦਦ ਦੀ ਉਮੀਦ ਕਰ ਰਹੀ ਸੀ ਪਰ ਉਸ ਦੀ ਕੋਈ ਸੁਣਵਾਈ ਨਹੀਂ ਸੀ ਹੋ ਰਹੀ।

ਦਫ਼ਤਰ 'ਚ ਬੈਠੇ ਸਾਰੇ ਜਣੇ ਲੱਭਣ ਦੀ ਕੋਸ਼ਿਸ਼ ਕਰ ਰਹੇ ਸਨ, ਐਸ.ਐਸ.ਪੀ. ਬਟਾਲਾ ਤੋਂ ਲੈ ਕੇ ਸਾਈਬਰ ਕਰਾਈਮ ਵਾਲਿਆਂ ਨੂੰ। ਬਟਾਲਾ ਵਿਚ ਪ੍ਰਵਾਰ ਨੂੰ ਜਾਣਕਾਰੀ ਦਿਤੀ ਗਈ ਕਿ ਕੁੜੀ ਮਰਨ ਲੱਗੀ ਹੈ, ਕੋਈ ਉਸ ਨੂੰ ਬਚਾਉਣ ਲਈ ਦੌੜੇ। ਸਪੋਕਸਮੈਨ ਟੀ.ਵੀ. ਚੈਨਲ ਰਾਹੀਂ ਖ਼ਬਰ ਵੀ ਫ਼ਲੈਸ਼ ਕੀਤੀ ਗਈ ਕਿ ਉਸ ਨੂੰ ਪਛਾਣ ਕੇ ਕੋਈ ਉਸ ਦੇ ਘਰ ਚਲਾ ਜਾਵੇ। ਅਖ਼ੀਰ ਕਿਸੇ ਪਾਸਿਉਂ ਖ਼ਬਰ ਮਿਲੀ ਕਿ ਬੱਚੀ ਦੀ ਜਾਨ ਬਚ ਗਈ ਹੈ ਤੇ ਉਹ ਹੁਣ ਹਸਪਤਾਲ ਵਿਚ ਇਲਾਜ ਕਰਵਾ ਰਹੀ ਹੈ ਪਰ ਗੱਲਬਾਤ ਕਰਨ ਲਗਿਆਂ, ਸਿਰਫ਼ ਏਨਾ ਹੀ ਜਾਣਨਾ ਚਾਹੁੰਦੀ ਹੈ ਕਿ ਪੁਲਿਸ ਨੇ ਉਸ ਦੀ ਸ਼ਿਕਾਇਤ ਦਾ ਕੀ ਕੀਤਾ ਹੈ?

ਇਕ ਗੱਲ ਤਾਂ ਸਾਫ਼ ਹੈ ਕਿ ਸਾਡਾ ਸਮਾਜ ਬੜਾ ਕਠੋਰ ਹੈ। ਕਿਸੇ ਵੀ ਦੁਖੀਏ ਦੀ ਸੁਣਵਾਈ ਨਹੀਂ ਹੋ ਰਹੀ। ਇਸ ਬੱਚੀ ਨੂੰ ਜਦੋਂ ਜ਼ਹਿਰ ਖਾਣ ਤੋਂ ਬਾਅਦ ਰੋਂਦਿਆਂ ਵੇਖਿਆ ਤਾਂ ਬੜੇ ਦਰਵਾਜ਼ੇ ਖਟਖਟਾਏ ਅਤੇ ਇਕ ਚੀਜ਼ ਸਾਹਮਣੇ ਆਈ ਕਿ ਸਾਡੇ ਸਿਸਟਮ ਵਿਚ ਇਕ ਜਾਨ ਦੀ ਕੋਈ ਕੀਮਤ ਨਹੀਂ। ਬਹੁਤੇ ਇਹ ਕਹਿ ਕੇ ਪੱਲਾ ਛੁਡਾ ਜਾਂਦੇ ਕਿ ਕੇਸ ਮੇਰੇ ਅਧਿਕਾਰ ਖੇਤਰ ਵਿਚ ਨਹੀਂ ਆਉਂਦਾ, ਕਿਸੇ ਦੂਜੇ ਨੂੰ ਫ਼ੋਨ ਲਾਉ। ਕੁੱਝ ਸੱਜਣ ਕੁਮੈਂਟਾਂ ਰਾਹੀਂ ਮਦਦ ਦੇਣ ਵਾਲਿਆਂ 'ਤੇ ਹੀ ਸਵਾਲ ਚੁੱਕਣ ਲੱਗ ਪਏ ਅਤੇ ਕੁੱਝ ਚੁਪਚਾਪ ਬੈਠੇ ਤਮਾਸ਼ਾ ਵੇਖ ਰਹੇ ਸਨ।

ਕਿਹੜਾ ਸਮਾਜ ਸਿਰਜਿਆ ਜਾ ਰਿਹਾ ਹੈ ਜਿਸ ਵਿਚ ਹਜ਼ਾਰਾਂ ਲੋਕ ਇਕ ਬੱਚੀ ਨੂੰ ਮਰਦਾ ਵੇਖ ਰਹੇ ਹਨ ਅਤੇ ਮਦਦ ਵਾਸਤੇ ਕੋਈ ਹਿਲਜੁਲ ਨਹੀਂ ਵਿਖਾ ਰਹੇ? ਹਾਂ ਕੁੱਝ ਮੁੱਠੀ ਭਰ ਲੋਕ ਬੱਚੀ ਦੀ ਮਦਦ 'ਤੇ ਆਏ ਵੀ ਅਤੇ ਬੱਚੀ ਨੂੰ ਹਸਪਤਾਲ ਵੀ ਲੈ ਗਏ। ਪਰ ਉਸ ਦੀ ਮਾਨਸਿਕ ਅਵੱਸਥਾ ਕਮਜ਼ੋਰ ਹੈ ਕਿਉਂਕਿ ਉਸ ਨੂੰ ਨਿਆਂ ਦੀ ਤਲਾਸ਼ ਹੈ ਪਰ ਸਾਡਾ ਸਮਾਜ ਨਿਆਂ ਲੈ ਕੇ ਦੇਣ ਵਿਚ ਵਿਸ਼ਵਾਸ ਨਹੀਂ ਰਖਦਾ। ਫ਼ਿਲਮਾਂ ਵਿਚ ਤਾਂ ਅਸੀਂ ਸਮਾਜ ਦੇ ਉਨ੍ਹਾਂ ਫ਼ਿਲਮੀ ਨਾਇਕਾਂ ਦੀਆਂ ਫ਼ਿਲਮੀ ਕਹਾਣੀਆਂ ਵੇਖਦੇ ਹਾਂ ਜਿਨ੍ਹਾਂ ਨੇ ਸਿਸਟਮ ਨੂੰ ਹਿਲਾ ਦਿਤਾ, ਜਿਨ੍ਹਾਂ ਨਿਆਂ ਦੀ ਲੜਾਈ ਜਿੱਤੀ ਪਰ ਸ਼ਾਇਦ ਇਕ ਸਫ਼ਲਤਾ ਦੇ ਪਿੱਛੇ ਲੱਖਾਂ ਮਾਮਲੇ, ਮੂੰਹ ਦੀ ਖਾ ਕੇ ਹਾਰ ਮੰਨ ਲੈਣ ਵਾਲੇ ਵੀ ਰਹੇ ਹੋਣਗੇ। ਬੱਚੀ ਉਮੀਦ ਕਰਦੀ ਹੈ ਕਿ ਉਸ ਦੀ ਜਾਨ ਬਚਾਉਣ ਵਾਲੇ ਆਏ ਹਨ ਤਾਂ ਹੁਣ ਨਿਆਂ ਦਿਵਾਉਣ ਵਾਲੇ ਵੀ ਆਉਣਗੇ। ਪਰ ਪੁਲਿਸ ਜਵਾਬ ਨਹੀਂ ਦੇ ਰਹੀ।

ਇਕ ਬੱਚੀ ਦੀਆਂ ਭਾਵੁਕ ਗੱਲਾਂ ਨੂੰ ਤਾਂ ਨਜ਼ਰਅੰਦਾਜ਼ ਕਰਨਾ ਸੌਖਾ ਹੈ। ਸੱਚ ਹੀ ਹੈ ਔਰਤਾਂ ਭਾਵੁਕ ਹੋ ਜਾਂਦੀਆਂ ਹਨ ਅਤੇ ਥੋੜ੍ਹੀ ਦੇਰ ਬਾਅਦ ਆਪੇ ਠੀਕ ਵੀ ਹੋ ਜਾਂਦੀਆਂ ਹਨ ਕਿਉਂਕਿ ਸਮਾਜ ਉਨ੍ਹਾਂ ਨੂੰ ਅਹਿਸਾਸ ਕਰਵਾ ਦੇਂਦਾ ਹੈ ਕਿ ਕੁੱਝ ਨਹੀਂ ਹੋਣ ਵਾਲਾ, ਐਵੇਂ ਜਾਨ ਨਾ ਗਵਾਉ। ਮਾਮਲੇ ਬਾਰੇ ਸਿਰਫ਼ ਉਸ ਦਾ ਪੱਖ ਹੀ ਸਾਡੇ ਸਾਹਮਣੇ ਹੈ, ਦੂਜੇ ਪਾਸੇ ਦੀ ਗੱਲ ਦਾ ਪਤਾ ਨਹੀਂ। ਪਰ ਜੇ ਉਹ ਗ਼ਲਤ ਵੀ ਹੋਵੇ, ਕੀ ਉਸ ਦੀ ਭਾਵੁਕ ਗੱਲ ਸੁਣਨ ਦਾ ਸਮਾਂ ਵੀ ਸਾਡੇ ਕੋਲ ਹੈ ਨਹੀਂ? ਕੀ ਪਤਾ ਉਹ ਸਹੀ ਹੀ ਹੋਵੇ। ਉਸ ਦੀ ਮੰਗ ਦੀ ਜਾਂਚ ਤਾਂ ਹੋਣੀ ਹੀ ਚਾਹੀਦੀ ਹੈ। ਉਸ ਨੂੰ ਏਨਾ ਗਹਿਰਾ ਸਦਮਾ ਲੱਗਾ ਕਿ ਉਹ ਅਪਣੀ ਜਾਨ ਦੇਣ ਲਈ ਵੀ ਮਜਬੂਰ ਹੋ ਗਈ ਸੀ। ਇਕ ਜਾਨ ਦੀ ਭਾਰਤ ਵਿਚ ਕੀਮਤ ਹੀ ਕੀ ਹੈ? ਅਰਬਾਂ ਦੀ ਆਬਾਦੀ 'ਚੋਂ ਇਕ ਘੱਟ ਵੀ ਗਈ ਤਾਂ ਸਮਾਜ ਨੂੰ ਕੀ ਫ਼ਰਕ ਪਵੇਗਾ?  -ਨਿਮਰਤ ਕੌਰ