ਹਰਿਆਣਾ-ਪੰਜਾਬ ਨੂੰ ਆਪਸ ਵਿਚ ਲੜਾ ਕੇ ਫਿਰ ਤੋਂ ਇੰਦਰਾ ਗਾਂਧੀ ਵਾਂਗ ਧਿਆਨ ਸੱਤਾ ਹਥਿਆਉਣ ਵਲ ਹੀ ਹੈ? 

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਹਰਿਆਣਾ ਨੂੰ ਸਮਾਂ ਦਿਤਾ ਗਿਆ ਸੀ ਅਪਣੀ ਰਾਜਧਾਨੀ ਬਣਾਉਣ ਦਾ ਅਤੇ ਹਰਿਆਣਾ ਵਾਸਤੇ ਪੰਚਕੂਲਾ ਤੇ ਗੁੜਗਾਉਂ, ਚੰਡੀਗੜ੍ਹ ਤੋਂ ਕਿਤੇ ਬਿਹਤਰ ਥਾਂ ਸਾਬਤ ਹੋਵੇਗੀ

By fighting Haryana-Punjab, again like Indira Gandhi, the focus is on grabbing power?

 

ਪੰਜਾਬ ਦੇ ਹੱਕਾਂ ਉਤੇ ਇਕ ਹੋਰ ਸੱਟ ਮਾਰਨ ਦੀ ਤਿਆਰੀ ਕੀਤੀ ਜਾ ਰਹੀ ਲਗਦੀ ਹੈ। ਭਾਵੇਂ ਹਰਿਆਣਾ ਵਲੋਂ ਚੰਡੀਗੜ੍ਹ ਵਿਚ ਵਿਧਾਨ ਸਭਾ ਦੀ ਮੰਗ ਬਾਰੇ ਅਜੇ ਕੋਈ ਫ਼ੈਸਲਾ ਨਹੀਂ ਹੋਇਆ, ਇਸ ਮੰਗ ਦਾ ਉਠਣਾ ਵੀ ਪੰਜਾਬ ਨੂੰ ਇਕ ਡਾਢੀ ਸੱਟ ਮਾਰਨ ਵਜੋਂ ਹੀ ਲਿਆ ਜਾਵੇਗਾ। ਚੰਡੀਗੜ੍ਹ ਪੰਜਾਬ ਦੇ ਪਿੰਡਾਂ ਦੀ ਜ਼ਮੀਨ ’ਤੇ ਬਣਿਆ ਸੀ ਅਤੇ ਇਸ ਤੇ ਹਰਿਆਣਾ ਦਾ ਹੱਕ ਨਾ ਕਦੇ ਸੀ ਅਤੇ ਨਾ ਕਦੇ ਕਿਸੇ ਇਨਸਾਫ਼ ਪਸੰਦ ਅਦਾਲਤ ਵਿਚ ਇਹ ਦਾਅਵਾ ਸਹੀ ਸਾਬਤ ਹੋ ਸਕਦਾ ਹੈ।

ਹਰਿਆਣਾ ਨੂੰ ਸਮਾਂ ਦਿਤਾ ਗਿਆ ਸੀ ਅਪਣੀ ਰਾਜਧਾਨੀ ਬਣਾਉਣ ਦਾ ਅਤੇ ਹਰਿਆਣਾ ਵਾਸਤੇ ਪੰਚਕੂਲਾ ਤੇ ਗੁੜਗਾਉਂ, ਚੰਡੀਗੜ੍ਹ ਤੋਂ ਕਿਤੇ ਬਿਹਤਰ ਥਾਂ ਸਾਬਤ ਹੋਵੇਗੀ। ਹਰਿਆਣਾ ਵਾਲੇ ਵੀ ਜਾਣਦੇ ਹਨ ਕਿ ਇਹ ਮੰਗ ਜਾਇਜ਼ ਨਹੀਂ ਅਤੇ ਇਹ ਸਿਰਫ਼ ਪੰਜਾਬ ਦੇ ਅਮਨ ਪਸੰਦ ਲੋਕਾਂ ਨੂੰ ਪ੍ਰੇਸ਼ਾਨ ਕਰੀ ਰੱਖਣ ਦਾ ਇਕ ਰਸਤਾ ਹੀ ਹੈ।

ਪੰਜਾਬ ਦੇ ਪਾਣੀਆਂ ਦਾ ਮਸਲਾ ਅਜੇ ਤਕ ਹੱਲ ਨਹੀਂ ਹੋਇਆ ਤੇ ਉਸ ਨੂੰ ਤੋੜ ਮਰੋੜ ਕੇ ਸਿਰਫ਼ ਐਸ.ਵਾਈ.ਐਲ ਦਾ ਮੁੱਦਾ ਬਣਾਇਆ ਜਾ ਰਿਹਾ ਹੈ ਜਦਕਿ ਮੁੱਦਾ ਇਹ ਹੈ ਕਿ ਪੰਜਾਬ ਜੇ ਚਾਹੇ ਤਾਂ ਉਹ ਅਪਣਾ ਪਾਣੀ ਵੇਚ ਸਕਦਾ ਹੈ ਤੇ ਹਰਿਆਣਾ, ਦਿੱਲੀ ਤੇ ਰਾਜਸਥਾਨ ਲੋੜਵੰਦ ਹਨ ਤਾਂ ਉਹ ਪਾਣੀ ਦੀ ਕੀਮਤ ਦੇ ਕੇ ਪਾਣੀ ਲੈ ਸਕਦੇ ਹਨ ਜਦਕਿ ਅੱਜ ਉਨ੍ਹਾਂ ਨੂੰ ਮੁਫ਼ਤ ਪਾਣੀ ਲੁਟਾਇਆ ਜਾ ਰਿਹਾ ਹੈ। ਰਾਜਸਥਾਨ, ਪੰਜਾਬ ਦਾ ਪਾਣੀ ਬਰਬਾਦ ਕਰਦਾ ਹੈ। ਹਰਿਆਣਾ ਅਤੇ ਦਿੱਲੀ, ਯਮੁਨਾ ਗੰਗਾ ਦਾ ਪਾਣੀ ਅਪਣੇ ਉਦਯੋਗਪਤੀਆਂ ਤੇ ਵਪਾਰੀਆਂ ਨੂੰ ਗੰਦਾ ਕਰਨ ਦੇਂਦੇ ਹਨ।

ਜੇ ਇਨ੍ਹਾਂ ਸੱਭ ਨੂੰ ਪੰਜਾਬ ਦੇ ਪਾਣੀ ਦੀ ਬਣਦੀ ਕੀਮਤ ਚੁਕਾਉਣੀ ਪੈ ਜਾਵੇ ਤਾਂ ਫਿਰ ਇਨ੍ਹਾਂ ਵਲੋਂ ਪਾਣੀ ਦੀ ਦੁਰਵਰਤੋਂ ਬੰਦ ਹੋ ਜਾਵੇਗੀ ਜਿਸ ਦਾ ਫ਼ਾਇਦਾ ਕੁਦਰਤ ਨੂੰ ਵੀ ਮਿਲੇਗਾ। ਖ਼ੈਰ, ਨੀਤੀ ਘਾੜਿਆਂ ਨੂੰ ਸਿਰਫ਼ ਪੰਜਾਬ ਦੇ ਹੱਕਾਂ ਨੂੰ ਦਬਾਉਣ ਦੀ ਗੱਲ ਹੀ ਸੁਝਦੀ ਹੈ ਤੇ ਉਨ੍ਹਾਂ ਨੂੰ ਇਹ ਤਾਂ ਮੰਜ਼ੂਰ ਹੈ ਕਿ ਪੰਜਾਬ ਦੇ ਹੱਕ ਦਾ ਬਣਦਾ ਪਾਣੀ ਪਾਕਿਸਤਾਨ ਵਿਚ ਭਾਵੇਂ ਚਲਾ ਜਾਵੇ ਪਰ ਪੰਜਾਬ ਨੂੰ ਫ਼ਾਇਦਾ ਕਿਸੇ ਹਾਲਤ ਵਿਚ ਨਾ ਹੋਵੇ।

ਜਦ ਨੀਤੀਆਂ ਇਸ ਕਦਰ ਗ਼ਲਤ ਹੋਣ ਤਾਂ ਫਿਰ ਗੁੱਸਾ ਮਨਾਂ ਵਿਚ ਸੁਲਗਦਾ ਰਹਿੰਦਾ ਹੈ ਤੇ ਸੁਲਗਦੇ ਜ਼ਖ਼ਮਾਂ ਨੂੰ ਥੋੜ੍ਹਾ ਜਿਹਾ ਮੱਲ੍ਹਮ ਲਗਾ ਕੇ ਕਿਸੇ ਵੀ ਰਾਹ ਪਾਇਆ ਜਾ ਸਕਦਾ ਹੈ। ਇਕ ਮੱਲ੍ਹਮ ਅੰਮ੍ਰਿਤਪਾਲ ਸਿੰਘ ਵਰਗਿਆਂ ਵਲੋਂ ਖ਼ਾਲਿਸਤਾਨ ਜਾਂ ਸਿੱਖ ਰਾਜ ਵਲ ਲਿਜਾਣ ਲਈ ਵਰਤੀ ਜਾ ਰਹੀ ਹੈ ਅਤੇ ਉਹ ਦਾਅਵੇ ਕਰਦੇ ਹਨ ਕਿ ਜੋ ਕੰਮ ਸੰਤ ਨਹੀਂ ਸਨ ਕਰ ਸਕੇ, ਉਹ ਹੁਣ ਅਸੀ ਕਰ ਵਿਖਾਵਾਂਗੇ। ਇਸ ਨਵੀਂ ਲਹਿਰ ਪਿਛੇ ਪੰਜਾਬ ਦੇ ਨੌਜਵਾਨ ਚਲ ਤਾਂ ਪਏ ਹਨ ਪਰ ਇਨਸਾਫ਼ ਦਾ ਰਾਹ ਖੋਲ੍ਹ ਕੇ ਹਾਲਾਤ ਨੂੰ ਬਚਾ ਲੈਣ ਦੀ ਫ਼ਿਕਰ ਕੋਈ ਨਹੀਂ ਕਰ ਰਿਹਾ।

ਕਈ ਲੋਕ ਚਿੰਤਾ ਕਰਦੇ ਹਨ ਕਿ ਅੰਮ੍ਰਿਤਪਾਲ ਸਿੰਘ ਨੂੰ ਕਿਸੇ ਸਾਜ਼ਸ਼ ਤਹਿਤ ਪੰਜਾਬ ਵਿਚ ਹਾਲਾਤ ਨੂੰ ਵਿਗਾੜਨ ਦੀ ਸੋਚ ਅਧੀਨ ਭੇਜਿਆ ਗਿਆ ਹੈ। ਜਿਹੜੇ ਸਿੱਖ ਰਾਜ ਨੂੰ ਬਹਾਲ ਕਰਨ ਦੀ ਗੱਲ ਅੰਮ੍ਰਿਤਪਾਲ ਕਰਦੇ ਹਨ, ਉਹ ਕੀ ਅਫ਼ਗ਼ਾਨਿਸਤਾਨ ਵਲੋਂ ਸ਼ੁਰੂ ਹੋਵੇਗਾ ਜਾਂ ਹਿਮਾਚਲ ਵਲੋਂ ਜਾਂ ਹਰਿਆਣਾ ਵਲੋਂ ਜਾਂ ਸਿਰਫ਼ ਪੰਜਾਬ ਵਿਚ ਹੀ ਤਰਥੱਲੀ ਮਚਾ ਕੇ ਮਾਮਲਾ ਠੱਪ ਕਰ ਦਿਤਾ ਜਾਏਗਾ? ਇਕ ਵਾਰ ਅਸ਼ਾਂਤੀ ਪੈਦਾ ਕਰ ਕੇ, ਇੰਦਰਾ ਗਾਂਧੀ ਨੇ ਕਾਂਗਰਸ ਦਾ ਰਾਜ ਬਚਾ ਲਿਆ ਸੀ ਤੇ ਹੁਣ ਕੀ ਭਾਜਪਾ ਉਸੇ ਰਾਹ ਚਲ ਕੇ, ਪੰਜਾਬ ਵਿਚ ਅਪਣਾ ਰਾਜ ਕਾਇਮ ਕਰ ਲਵੇਗੀ? 

ਜੇ ਇਹ ਸਾਜ਼ਸ਼ ਨਾ ਵੀ ਹੋਵੇ ਤਾਂ ਕੀ ਇਸ ਰਾਹ ’ਤੇ ਚਲਦਿਆਂ ਪੰਜਾਬ ਦੇ ਪਾਣੀਆਂ ਦਾ ਹੱਲ ਨਿਕਲ ਆਵੇਗਾ? ਕੀ ਪੰਜਾਬ ਨੂੰ ਉਸ ਦੀ ਰਾਜਧਾਨੀ ਮਿਲ ਜਾਵੇਗੀ? ਕੀ ਇਸ ਨਾਲ ਜਵਾਨੀ ਦੀ ਇਕ ਹੋਰ ਪੀੜ੍ਹੀ ਤਾਂ ਖ਼ਤਮ ਨਹੀਂ ਹੋ ਜਾਵੇਗੀ? ਪੰਜਾਬ ਦਾ ਵਜੂਦ ਬਚਾਉਣ ਲਈ ਅਗਲੇ ਕਦਮ ਸੋਚ ਵਿਚਾਰ ਕੇ ਰੱਖਣ ਦੀ ਜ਼ਰੂਰਤ ਹੈ। ਅੱਜ ਸਿੱਖਾਂ ਤੇ ਗ਼ੈਰ ਸਿੱਖਾਂ ਨੂੰ ਕਿਸੇ ਨਾ ਕਿਸੇ ਬਹਾਨੇ ਆਪਸ ਵਿਚ ਲੜਾਉਣ ਦੀ ਚਾਲ ਚੱਲੀ ਜਾ ਰਹੀ ਹੈ। ਪੰਜਾਬ ਵਿਚ ਡਰ ਦਾ ਮਾਹੌਲ ਬਣਾਇਆ ਜਾ ਰਿਹਾ ਹੈ ਕਿ ਪੰਜਾਬ ਦੇ ਹੱਕ ਖੋਹ ਲਏ ਜਾਣਗੇ। ਸੁਚੇਤ, ਸ਼ਾਂਤ ਤੇ ਸਾਵਧਾਨ ਹੋ ਕੇ ਚਲਣ ਦੀ ਲੋੜ ਹੈ।                                - ਨਿਮਰਤ ਕੌਰ